ਇਹ ਮੁਕੱਦਮਾ ਵੀ ਇਸ ਕਰ ਕੇ ਦਾਇਰ ਕੀਤਾ ਗਿਆ ਸੀ ਕਿ 1500 ਡੈਂਟਿਸਟ, ਵੈਟਰਨਰੀ ਡਾਕਟਰ ਤੇ ਹੋਰ ਡਿਗਰੀਧਾਰਕ ਪੇਸ਼ੇਵਰਾਂ ਦਾ ਕੈਨੇਡਾ ਆਉਣ ਦਾ ਰਾਹ ਡੱਕਣ ਦੇ ਮੰਸੂਬੇ ਘੜ੍ਹੇ ਜਾ ਰਹੇ ਸਨ, ਨੂੰ ਨਾਕਾਮ ਕਰਨਾ ਸੀ। ਡਾ. ਹਾਕਮ ਭੁੱਲਰ ਦੱਸਦੇ ਹਨ ਕਿ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿੱਥੇ ਗੋਰੀ ਚਮੜੀ ਵਾਲੇ ਕੁਝ ਨਸਲਵਾਦੀ ਏਸ਼ੀਅਨ ਭਾਈਚਾਰੇ ਦੇ ਕੈਨੇਡਾ ਵਿਚ ਆਪਣਾ ਕੰਮ ਕਰਨ ਲਈ ਅੜਿੱਕੇ ਡਾਹ ਰਹੇ ਸਨ, ਉਥੇ ਆਪਣੇ ਦੇਸੀ ਭਰਾ ਵੀ ਨਾਲ ਰਲੇ ਹੋਏ ਸਨ।

ਯਾਦਵਿੰਦਰ ਵਾਹਦ, ਜਲੰਧਰ: ਆਪਣੇ ਲੋਕਾਂ ਲਈ ਲਡ਼ਾਈ ਲੜਨ ਤੇ ਜਿੱਤਣ ਦਾ ਵੱਖਰਾ ਹੀ ਸਵਾਦ ਹੁੰਦਾ ਹੈ ਪਰ ਇਹ ਜਜ਼ਬਾ ਸਿਰਫ ਓਹੀ ਲੋਕ ਸਮਝ ਸਕਦੇ ਹੁੰਦੇ ਨੇ, ਜਿਹੜੇ ਭਾਈਚਾਰੇ ਲਈ ਕੁਝ ਕਰਦੇ ਰਹੇ ਹੋਣ। ਇਹੀ-ਜਿਹੀ ਸ਼ਖ਼ਸੀਅਤ ਹਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਚੋਖੇ ਅਰਸੇ ਤੱਕ ਏਸ਼ੀਅਨ ਪੇਸ਼ਵਰਾਂ ਤੇ ਖ਼ਾਸਕਰ ਪੰਜਾਬੀ ਭਾਈਚਾਰੇ ਲਈ ਕਾਨੂੰਨੀ ਲੜਾਈ ਲਡ਼ਨ ਵਾਲੇ ਡਾ. ਹਾਕਮ ਸਿੰਘ ਭੁੱਲਰ। ਡਾ. ਭੁੱਲਰ ਜਿਹੜੇ ਕਿ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ (ਪੀ.ਏ.ਯੂ) ਨਾਲ ਲੰਮੇਂ ਸਮੇਂ ਤੋਂ ਜੁਡ਼ੇ ਰਹੇ ਹਨ, ਇਸ ਵੇਲੇ ਆਪਣੀ ਨਵੀਂ ਕਿਤਾਬ ‘ਅੰਡਰਡੌਗ’ ਦੇ ਲੋਕ ਅਰਪਣ ਲਈ ਪੰਜਾਬ ਫੇਰੀ ਉੱਤੇ ਹਨ। ਲੁਧਿਆਣਾ ਵਿਚ ਦੋ ਦਿਨ ਪਹਿਲਾਂ ਇਹ ਕਿਤਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰਸਮੀ ਤੌਰ ਉੱਤੇ ਇਹ ਕਿਤਾਬ ਰਿਲੀਜ਼ ਕੀਤੀ ਸੀ।
ਸ਼ਨੀਵਾਰ ਨੂੰ ਪੰਜਾਬੀ ਜਾਗਰਣ ਵਿਚ ਖ਼ਾਸ ਤੌਰ ਉੱਤੇ ਪੁੱਜੇ ਡਾ. ਭੁੱਲਰ ਨੇ ਜਿੱਥੇ ਮਨ ਦੀਆਂ ਗੱਲਾਂ ਕੀਤੀਆਂ, ਉੱਥੇ ਪੰਦਰਾਂ ਸਾਲਾਂ ਤੱਕ ਏਸ਼ੀਅਨ ਪੇਸ਼ੇਵਰਾਂ ਖ਼ਾਸਕਰ ਪੰਜਾਬੀ ਭਾਈਚਾਰੇ ਲਈ ਸੰਘਰਸ਼ ਕਰਨ ਦੌਰਾਨ ਪੇਸ਼ ਆਈਆਂ ਔਕੜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਭੁੱਲਰ ਦੱਸਦੇ ਹਨ ਕਿ ਉਹ ਸੰਗਰੂਰ ਨੇੜਲੇ ਪਿੰਡ ਸਾਰੋਂ ਦੇ ਜੰਮਪਲ ਨੇ ਤੇ ਪੀਏਯੂ ਤੋਂ ਵੈਟਨਰੀ ਡਾਕਟਰ ਦੀ ਡਿਗਰੀ ਹਾਸਿਲ ਕਰ ਕੇ 1991 ਵਿਚ ਕੈਨੇਡਾ ਪੁੱਜੇ ਸਨ। ਉਸ ਸਮੇਂ ਉੱਥੇ ਪਸ਼ੂਆਂ ਦੇ ਡਾਕਟਰਾਂ ਦੀ ਚੋਖੀ ਘਾਟ ਹੋਣ ਕਾਰਨ ਇਹ ਆਪਣਾ ਪਹਿਲਾ ਕਲੀਨਿਕ ਖੋਲ੍ਹ ਦਿੱਤਾ ਤੇ ਉਦੋਂ ਉਹ ਉਥੇ ਇਕੱਲੇ ਪੰਜਾਬੀ ਵੈਟਨਰੀ ਡਾਕਟਰ ਸਨ। ਉਸੇ ਦੌਰਾਨ ਮਹਿਸੂਸ ਹੋਣ ਲੱਗਾ ਕਿ ਕਾਰਖ਼ਾਨੇ ਦੇ ਕਿਰਤੀ ਤੇ ਹੋਰ ਮਿਹਨਤਕਸ਼ਾਂ ਲਈ ਸਹਿਯੋਗੀ ਵਜੋਂ ਪੇਸ਼ ਆਉਂਦੇ ‘ਗੋਰੇ’ ਦਿਲੋਂ ਓਨੇਂ ਵੀ ਸਫ਼ੇਦ ਨਹੀਂ, ਜਿਵੇਂ ਕਿ ਸਮਝੇ ਜਾਂਦੇ ਹਨ। ਖ਼ੈਰ, ਉਸ ਸਮੇਂ ਕਿਸੇ ਵੀ ਟਕਰਾਅ ਵਿਚ ਪੈਣ ਨਾਲੋਂ ਵਿੱਤੀ ਪੱਖੋਂ ਖ਼ੁਸ਼ਹਾਲ ਹੋਣ ਲਈ ਯਤਨ ਜਾਰੀ ਰੱਖੇ ਤੇ ਇਕ ਕਲੀਨਿਕ ਤੋਂ ਸ਼ੁਰੂ ਹੋ ਕੇ 25 ਕਲੀਨਿਕ ਤੱਕ ਬੀ.ਸੀ. ਸੂਬੇ ਵਿਚ ਕਾਇਮ ਕਰ ਲਏ। ਉਥੇ ਪੈਰ ਲਾਉਣ ਲਈ ਤੇ ਹੋਰਨਾਂ ਹਮਵਤਨ ਪੰਜਾਬੀਆਂ ਦੀ ਮਦਦ ਦਾ ਜਜ਼ਬਾ ਦਿਲ ਵਿਚ ਹੋਣ ਸਦਕਾ ਨਾ-ਸਿਰਫ਼ ਵੈਟਰਨਰੀ ਕਲੀਨਿਕ ਚਲਾਏ ਸਗੋਂ ਮਸ਼ਹੂਰ ਹੋ ਚੁੱਕੇ ਕਲੀਨਿਕਾਂ ਨੂੰ ਮੁਨਾਫ਼ੇ ਉੱਤੇ ਵੇਚਦੇ ਰਹੇ ਤੇ ਨਵਾਂ ਕਲੀਨਿਕ ਖੋਲ੍ਹਦੇ ਰਹੇ। ਇੰਝ ਜ਼ਿੰਦਗੀ ਰੁਟੀਨ ਵਿਚ ਚੱਲਦੀ ਰਹੀ ਤੇ ਸਾਰੀਆਂ ਧਿਰਾਂ ਦੇ ਚਿਹਰੇ ਨਕਾਬ ਨਾਲ ਢਕੇ ਰਹੇ, ਫੇਰ, ਜਦੋਂ ਕੈਨੇਡੀਅਨ ਵੈਟਰਨਰੀ ਕਾਲਜਾਂ ਦੀ ਸੰਸਥਾ ਸੀਵੀਬੀਸੀ ਉੱਤੇ ਜੱਫਾ ਮਾਰ ਕੇ ਬੈਠੇ ਲੋਕਾਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ ਤਾਂ ਜ਼ਿੰਦਗੀ ਵਿਚ ਸੰਘਰਸ਼ ਦਾ ਪਿੜ ਬੱਝ ਗਿਆ। ਹੋਇਆ ਇਹ ਕਿ ਸੀਵੀਬੀਸੀ ਉੱਤੇ ਜਿਹੜੇ ਗੋਰੇ ਤੇ ਕੁਝ ਦੇਸੀ ਭਾਈਚਾਰੇ ਦੇ ਲੋਕਾਂ ਦਾ ਕਬਜ਼ਾ ਸੀ, ਉਹ ਲਗਾਤਾਰ ਇਹ ਭੰਡੀ ਪ੍ਰਚਾਰ ਕਰ ਰਿਹਾ ਸੀ ਕਿ ਏਸ਼ੀਅਨ ਤੇ ਖ਼ਾਸਕਰ ਪੰਜਾਬੀ ਪਿਛੋਕੜ ਵਾਲੇ ਡਾਕਟਰ ਓਨੇ ਕਾਬਿਲ ਨਹੀਂ ਜਿੰਨੇ ਹੋਣੇ ਚਾਹੀਦੇ ਨੇ। ਇਸ ਲਈ ਕਦੇ ਉਨ੍ਹਾਂ ਦੀ ਡਿਗਰੀ ਨੂੰ ਘਟਾਅ ਕੇ ਦੱਸਿਆ ਜਾਂਦਾ ਤਾਂ ਕਦੇ ਪੇਸ਼ੇਵਾਰਾਨਾ ਤੌਰ ਉੱਤੇ ਘੱਟ ਲਾਇਕ ਦੱਸਿਆ ਜਾਣ ਲੱਗਾ। ਇਸ ਦੇ ਪਿੱਛੇ ਗਿਣੀ ਮਿੱਥੀ ਸਾਜ਼ਿਸ਼ ਇਹ ਸੀ ਕਿ ਵੈਟਰਨਰੀ ਡਾਕਟਰਾਂ, ਡੈਂਟਿਸਟਾਂ ਤੇ ਏਸ਼ੀਅਨ ਮੂਲ ਦੇ ਹੋਰ ਇਲਾਜ ਮਾਹਿਰਾਂ ਨੂੰ ਸਬੰਧਤ ਖੇਤਰਾਂ ਵਿੱਚੋਂ ਬਾਹਰ ਧੱਕਣਾ ਸੀ ਤੇ ਚਿੱਟੀ ਚਮਡ਼ੀ ਵਾਲੇ ਗੋਰੇ ਡਾਕਟਰਾਂ ਨੂੰ ਇਨ੍ਹਾਂ ਖੇਤਰਾਂ ਵਿਚ ਮਜ਼ਬੂਤ ਕਰਨਾ ਸੀ। ਇਸ ਲਈ ਪਹਿਲਾਂ ਕੈਨੇਡਾ ਵਿਚ ਥਾਂ-ਥਾਂ ਰੋਸ ਮੁਜ਼ਾਹਰੇ ਕੀਤੇ ਗਏ ਪਰ ਜਦੋਂ ਗੱਲ ਬਣਦੀ ਨਾ ਦਿਸੀ ਤਾਂ ਕਾਨੂੰਨੀ ਰਾਹ ਅਖ਼ਤਿਆਰ ਕੀਤਾ ਗਿਆ।
ਕਾਨੂੰਨੀ ਲਡ਼ਾਈ ਜਿਹੜੀ ਕਿ 2012 ਵਿਚ ਸ਼ੁਰੂ ਕੀਤੀ ਗਈ ਸੀ, 2017 ਵਿਚ ਤਣ-ਪੱਤਣ ਲੱਗੀ। ਭਾਵੇਂ ਕਿ 2015 ਵਿਚ ਫ਼ੈਸਲਾ ਏਸ਼ੀਅਨ ਪੇਸ਼ੇਵਰਾਂ ਦੇ ਹੱਕ ਵਿਚ ਆ ਗਿਆ ਸੀ ਪਰ ਦੋ ਸਾਲਾਂ ਬਾਅਦ ਹੀ ਲਾਗੂ ਹੋ ਸਕਿਆ। ਇਸ ਦੇ ਨਤੀਜੇ ਬਡ਼ੇ ਹਿੱਤਕਾਰੀ ਸਨ, ਇਸ ਨਾਲ ਸਾਰੇ ਏਸ਼ੀਅਨ ਪਿਛੋਕੜ ਵਾਲੇ ਪੇਸ਼ੇਵਰਾਂ ਦੇ ਬ੍ਰਿਟਿਸ਼ ਕੋਲੰਬੀਆ ਵਿਚ ਆਪਣੇ ਹਸਪਤਾਲ ਤੇ ਕਲੀਨਿਕ ਚਲਾਉਣ ਦਾ ਰਾਹ ਪਹਿਲਾਂ ਨਾਲੋਂ ਵੱਧ ਖੁੱਲ੍ਹਾ ਹੋ ਗਿਆ। ਇਹ ਮੁਕੱਦਮਾ ਵੀ ਇਸ ਕਰ ਕੇ ਦਾਇਰ ਕੀਤਾ ਗਿਆ ਸੀ ਕਿ 1500 ਡੈਂਟਿਸਟ, ਵੈਟਰਨਰੀ ਡਾਕਟਰ ਤੇ ਹੋਰ ਡਿਗਰੀਧਾਰਕ ਪੇਸ਼ੇਵਰਾਂ ਦਾ ਕੈਨੇਡਾ ਆਉਣ ਦਾ ਰਾਹ ਡੱਕਣ ਦੇ ਮੰਸੂਬੇ ਘੜ੍ਹੇ ਜਾ ਰਹੇ ਸਨ, ਨੂੰ ਨਾਕਾਮ ਕਰਨਾ ਸੀ। ਡਾ. ਹਾਕਮ ਭੁੱਲਰ ਦੱਸਦੇ ਹਨ ਕਿ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿੱਥੇ ਗੋਰੀ ਚਮੜੀ ਵਾਲੇ ਕੁਝ ਨਸਲਵਾਦੀ ਏਸ਼ੀਅਨ ਭਾਈਚਾਰੇ ਦੇ ਕੈਨੇਡਾ ਵਿਚ ਆਪਣਾ ਕੰਮ ਕਰਨ ਲਈ ਅੜਿੱਕੇ ਡਾਹ ਰਹੇ ਸਨ, ਉਥੇ ਆਪਣੇ ਦੇਸੀ ਭਰਾ ਵੀ ਨਾਲ ਰਲੇ ਹੋਏ ਸਨ। ਇਹ ਸਾਰਾ ਬਿਰਤਾਂਤ ਕਿਤਾਬ ਵਿਚ ਦਰਜ ਕੀਤਾ ਹੈ। ਜਦੋਂ ਪੁੱਛਿਆ ਕਿ ਇਹ ਅੰਡਰਡੌਗ ਕਿਹੜੇ ਸੰਕਲਪ ਵੱਲ ਸੇਧਿਤ ਹੈ ਤਾਂ ਉਨ੍ਹਾਂ ਦੱਸਿਆ ਕਿ ਇਹ ਕਿਸੇ ਸਾਹ ਸਤ ਹੀਣ ਬੰਦੇ ਦੇ ਪਹਾੜ ਚੜ੍ਹ ਜਾਣ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ, ਅੰਗਰੇਜ਼ੀ ਦਾ ਇਹ ਲਫ਼ਜ਼ ਕਿਸੇ ਹਾਰੀ-ਸਾਰੀ ਦੇ ਵੱਲੋਂ ਡਾਹਢਿਆਂ ਨਾਲ ਮੱਥਾ ਲਾਉਣ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਸ ਕਿਤਾਬ ਵਿਚ ਇਕ ਅੰਗਰੇਜ਼ ਔਰਤ ਪਾਤਰ ਸਿਸਟਰ ਹੈਦਰ ਵੀ ਹੈ, ਜਿਹੜੀ ਕਿ ਆਪਣੀ ਨਸਲ ਦੇ ਗੋਰਿਆਂ ਨਾਲ ਖੜਨ ਦੀ ਬਜਾਏ ਏਸ਼ੀਅਨ ਭਾਈਚਾਰੇ ਦਾ ਪੱਖ ਪੂਰਦੀ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਵੀ ਮੁਕੱਦਮੇ ਵਿਚ ਸਹਿਯੋਗੀ ਵਾਲਾ ਕਿਰਦਾਰ ਅਦਾ ਕੀਤਾ ਹੈ ਤੇ ਚੋਖਾ ਯੋਗਦਾਨ ਪਾਇਆ ਹੈ। ਇਹੀ ਨਹੀਂ, ਇਸ ਵਿਚ ਸਭ ਤੋਂ ਵਧੀਆ ਭੂਮਿਕਾ ਉਸ ਧਨਾਢ ਯਹੂਦੀ ਪੈਨਲ ਦੀ ਰਹੀ ਹੈ, ਜਿਸ ਵਿਚ ਮੌਜੂਦ 280 ਵਿਅਕਤੀਆਂ ਨੇ ਕਈ ਘੰਟੇ ਲਾ ਕੇ ਨਾ-ਸਿਰਫ਼ ਡਾ. ਭੁੱਲਰ ਦਾ ਮੁਕੱਦਮਾ ਸੁਣਿਆ ਸਗੋਂ ਏਸ਼ੀਅਨ ਤੇ ਪੰਜਾਬੀ ਲੋਕਾਈ ਦੇ ਹੱਕ ਵਿਚ ਫ਼ੈਸਲਾ ਦੇਣ ਦਾ ਆਧਾਰ ਵੀ ਪੁਖ਼ਤਾ ਕਰ ਦਿੱਤਾ। ਡਾ. ਭੁੱਲਰ ਦੱਸਦੇ ਹਨ ਕਿ ਹੁਣ ਵੀ ਕੁਝ ਨਸਲਵਾਦੀ ਲੋਕ ਉਨ੍ਹਾਂ ਨੂੰ ਮਿਲਣ ਵੇਲੇ ਕਬੂਲ ਕਰਦੇ ਹਨ ਕਿ ਪੰਦਰਾਂ ਸਾਲਾਂ ਤੱਕ ਕੇਸ ਲੜਨਾ ਤੇ ਅੱਖਾਂ ਵਿਚ ਅੱਖਾਂ ਪਾ ਕੇ ਆਪਣੀ ਗੱਲ ਕਰਨਾ ਹਾਂ-ਪੱਖੀ ਜਨੂੰਨੀ ਬੰਦੇ ਦੇ ਹੀ ਵੱਸ ਵਿਚ ਹੁੰਦਾ ਹੈ ਨਹੀ ਤਾਂ ਵੱਡੇ ਵੱਡੇ ਥਿੜਕ ਜਾਂਦੇ ਨੇ।
ਕਿਤਾਬ ਵਿਚ ਦਰਜ ਸਾਰੇ ਕਾਂਡ ਉਸ ਵਰਤਾਰੇ ਦੀ ਦੱਸ ਪਾਉਂਦੇ ਹਨ, ਜਿਸ ਨੇ ਬ੍ਰਿਟਿਸ਼ ਕੋਲੰਬੀਆ ਹੀ ਨਹੀਂ ਸਗੋਂ ਪੂਰੇ ਕੈਨੇਡਾ ਤੇ ਬਾਕੀ ਦੁਨੀਆ ਦੇ ਹੋਰਨਾਂ ਮੁਲਕਾਂ ਵਿਚ ਨਸਲਵਾਦ ਤੇ ਰੰਗ ਅਧਾਰਤ ਵਿਤਕਰੇ ਲਈ ਨਜ਼ੀਰ ਬਣ ਗਿਆ ਹੈ। ਇਸ ਮੁਕੱਦਮੇ ਉੱਤੇ ਪੀਐੱਚਡੀ ਥੀਸਸ ਵੀ ਤਿਆਰ ਕੀਤਾ ਜਾ ਰਿਹਾ ਹੈ। ਹਾਲੇ ਇਹ ਜੱਦੋਜਹਿਦ ਬੇਸ਼ੱਕ ਅੰਗਰੇਜ਼ੀ ਵਿਚ ਕਿਤਾਬੀ ਸ਼ਕਲ ਵਿਚ ਮੁਹੱਈਆ ਹੈ ਪਰ ਆਉਂਦੇ ਦੋ-ਿਤੰਨ ਮਹੀਨਿਆਂ ਤੱਕ ਪੰਜਾਬੀ ਤੇ ਹਿੰਦੀ ਭਾਸ਼ਾ ਵਿਚ ਵੀ ਉਪਲਬਧ ਹੋਵੇਗੀ। ਅਖ਼ੀਰ ਵਿਚ ਡਾ. ਭੁੱਲਰ ਦੱਸਦੇ ਹਨ ਕਿ ਉਨ੍ਹਾਂ ਨੇ ਪੰਦਰਾਂ ਸਾਲ ਚੱਲੇ ਮੁਕੱਦਮੇ ਦੀਆਂ ਸੁਣਵਾਈਆਂ ਦੌਰਾਨ 12 ਕਰੋਡ਼ ਰੁਪਏ ਤੋਂ ਵੱਧ ਖਰਚਾ ਆਇਆ ਹੈ ਪਰ ਜੋ ਅੰਦਰੂਨੀ ਅਨੰਦ ਇਸ ਜੱਦੋਜਹਿਦ ਨੂਂ ਲੜ ਕੇ ਅਤੇ ਅੰਤ ਨੂੰ ਜਿੱਤ ਕੇ ਮਿਲਿਆ ਹੈ, ਉਹ ਕਿਸੇ ਵੀ ਨਿੱਜੀ ਪ੍ਰਾਪਤੀ ਵੇਲੇ ਨਹੀਂ ਸੀ ਆ ਸਕਦਾ। ਹੁਣ ਵੈਨਕੂਵਰ ਕੈਨੇਡਾ ਵਿਚ ਰਹਿੰਦੇ ਹੋਏ ਉਹ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਮਸਲਿਆਂ ਲਈ ਆਪਣੇ ਸਾਥੀਆਂ ਸਮੇਤ ਡਟੇ ਹੋਏ ਹਨ।