ਦੇਰ ਰਾਤ ਕਰੀਬ 1.37 ਵਜੇ ਉਨ੍ਹਾਂ ਦੀ ਦੁਕਾਨ ਨੇੜੇ ਰਹਿੰਦੇ ਇੱਕ ਵਿਅਕਤੀ ਵੱਲੋਂ ਫ਼ੋਨ ਰਾਹੀਂ ਉਨ੍ਹਾਂ ਨੂੰ ਦੱਸਿਆ ਕਿ ਦੁਕਾਨ ਦੇ ਬਾਹਰ ਕੁੱਝ ਸ਼ੱਕੀ ਵਿਅਕਤੀ ਸ਼ਟਰ ਨਾਲ ਛੇੜਛਾੜ ਕਰਦੇ ਨਜ਼ਰ ਆ ਰਹੇ ਹਨ।
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਇੱਥੇ ਚੋਰਾਂ ਵੱਲੋਂ ਮੁਕੇਰੀਆਂ-ਤਲਵਾੜਾ ਮੁੱਖ ਮਾਰਗ ''ਤੇ ਸਥਿਤ ਇਕ ਪ੍ਰਸਿੱਧ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਰਾਤ ਦੇ ਹਨੇਰੇ ਅਤੇ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਦੁਕਾਨ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਕਰੋੜਾਂ ਰੁਪਏ ਦੇ ਸੋਨੇ-ਚਾਂਦੀ ਦੇ ਸਮਾਨ ‘ਤੇ ਹੱਥ ਸਾਫ ਕਰ ਗਏ ਜਦਕਿ ਵਾਰਦਾਤ ਦੁਕਾਨ ''ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜੋਆਏ ਜਵੈਲਰਜ਼ ਦੇ ਮਾਲਕ ਅਨੁਜ ਮਹਾਜਨ ਨੇ ਦੱਸਿਆ ਕਿ ਲੋਹੜੀ ਵਾਲੀ ਸ਼ਾਮ ਉਹ ਰੋਜ਼ਾਨਾ ਵਾਂਗ ਦੁਕਾਨ ਦੀ ਚੰਗੀ ਤਰ੍ਹਾਂ ਤਾਲਾਬੰਦੀ ਕਰ ਕੇ ਘਰ ਗਏ ਸਨ। ਦੇਰ ਰਾਤ ਕਰੀਬ 1.37 ਵਜੇ ਉਨ੍ਹਾਂ ਦੀ ਦੁਕਾਨ ਨੇੜੇ ਰਹਿੰਦੇ ਇੱਕ ਵਿਅਕਤੀ ਵੱਲੋਂ ਫ਼ੋਨ ਰਾਹੀਂ ਉਨ੍ਹਾਂ ਨੂੰ ਦੱਸਿਆ ਕਿ ਦੁਕਾਨ ਦੇ ਬਾਹਰ ਕੁੱਝ ਸ਼ੱਕੀ ਵਿਅਕਤੀ ਸ਼ਟਰ ਨਾਲ ਛੇੜਛਾੜ ਕਰਦੇ ਨਜ਼ਰ ਆ ਰਹੇ ਹਨ। ਸੂਚਨਾ ਮਿਲਦਿਆਂ ਹੀ ਤੁਰੰਤ ਉਹ ਦੁਕਾਨ ''ਤੇ ਪੁੱਜੇ ਤਾਂ ਉਨ੍ਹਾਂ ਵੇਖਿਆ ਕਿ ਸ਼ੱਕੀ ਵਿਅਕਤੀ ਉੱਥੋਂ ਗਾਇਬ ਸਨ ਜਦਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਸ਼ੋਅਕੇਸ ਵਿੱਚ ਪਏ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਗਾਇਬ ਸੀ। ਜਦੋਂ ਸੀਸੀਟੀਵੀ ਫੁਟੇਜ ਵੇਖੇ ਗਏ ਤਾਂ ਪਤਾ ਲੱਗਾ ਕਿ 13-14 ਜਨਵਰੀ ਦੀ ਦਰਮਿਆਨੀ ਰਾਤ 1.15 ਵਜੇ ਤੋਂ 1.30 ਵਜੇ ਵਿਚਕਾਰ 10 ਤੋਂ 12 ਦੀ ਗਿਣਤੀ ਵਿੱਚ ਆਏ ਚੋਰ ਬੜੀ ਪਲਾਨਿੰਗ ਨਾਲ ਦੁਕਾਨ ਦੇ ਕੈਂਚੀ ਗੇਟ, ਸ਼ਟਰ ਅਤੇ ਸ਼ੀਸ਼ੇ ਨੂੰ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਦੁਕਾਨ ਅੰਦਰ ਪਏ ਕਰੀਬ 40 ਤੋਂ 45 ਕਿੱਲੋ ਚਾਂਦੀ ਅਤੇ ਕਰੀਬ 450 ਗ੍ਰਾਮ ਸੋਨੇ ਦੇ ਗਹਿਣੇ, ਬਰਤਨ ਤੇ ਮੂਰਤੀਆਂ ਆਦਿ ਲੈ ਕੇ ਰਫੂਚੱਕਰ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਕਰੀਬ ਸਵਾ ਕਰੋੜ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਹੈ।
ਹਲਕੇ ਅੰਦਰ ਡਰ ਦਾ ਮਾਹੌਲ
ਘਟਨਾ ਤੋਂ ਬਾਅਦ ਹਲਕਾ ਵਾਸੀਆਂ ਅਤੇ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਪਸਰ ਗਿਆ ਹੈ। ਘਟਨਾ ਨੇ ਪੁਲਿਸ ਦੀ ਮੁਸਤੈਦੀ ਅਤੇ ਰਾਤ ਦੀ ਗਸ਼ਤ ‘ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇ ਪੁਲਿਸ ਵੱਲੋਂ ਇਲਾਕੇ ਵਿੱਚ ਲਗਾਤਾਰ ਪੈਟਰੋਲਿੰਗ ਹੋ ਰਹੀ ਹੁੰਦੀ ਤਾਂ ਸ਼ਾਇਦ ਇੰਨੀ ਵੱਡੀ ਵਾਰਦਾਤ ਰੋਕੀ ਜਾ ਸਕਦੀ ਸੀ।
ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ
ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਸਥਾਨਕ ਲੋਕਾਂ ਸਮੇਤ ਵਪਾਰ ਮੰਡਲ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇ ਪੁਲਿਸ ਨੇ ਹੁਣ ਵੀ ਗੰਭੀਰਤਾ ਨਾ ਦਿਖਾਈ ਤਾਂ ਅਜਿਹੀਆਂ ਵਾਰਦਾਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਪੁਲਿਸ ਅਲੱਗ-ਅਲੱਗ ਕੋਣਾਂ ਤੋਂ ਕਰ ਰਹੀ ਜਾਂਚ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਕੇਰੀਆਂ ਤੋਂ ਥਾਣਾ ਮੁੱਖੀ ਐੱਸਆਈ ਦਲਜੀਤ ਸਿੰਘ ਦੀ ਅਗਵਾਈ ਵਿੱਚ ਪੁੱਜੀ ਪੁਲਿਸ ਪਾਰਟੀ ਵੱਲੋਂ ਘਟਨਾ ਸਥਲ ਦਾ ਜਾਇਜਾ ਲਿਆ ਗਿਆ। ਪੁਲਿਸ ਨੇ ਦੁਕਾਨ ਦੇ ਮਾਲਕ ਅਨੁਜ ਮਹਾਜਨ ਦੇ ਬਿਆਨਾਂ ਦੇ ਆਧਾਰ ''ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਿੱਥੇ ਪੁਲਿਸ ਵਿਭਾਗ ਵੱਖ-ਵੱਖ ਸੀਸੀਟੀਵੀ ਫੁਟੇਜ ਖੰਘਾਲਦੇ ਹੋਏ ਘਟਨਾ ਦੀ ਅਲੱਗ-ਅਲੱਗ ਕੋਣਾਂ ਤੋਂ ਜਾਂਚ ਕਰ ਰਿਹਾ ਹੈ ਉੱਥੇ ਹੀ ਫੋਰੈਂਸਿਕ ਵਿਭਾਗ ਦੀ ਟੀਮ ਵੱਲੋਂ ਵਿਗਿਆਨਕ ਤਰੀਕਿਆਂ ਨਾਲ ਸਬੂਤ ਇਕੱਠੇ ਕੀਤੇ ਗਏ ਤਾਂ ਜੋ ਮੁਲਜ਼ਮਾਂ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ।