ਸੰਘਣੀ ਧੁੰਦ ਕਾਰਨ ਜਲੰਧਰ-ਪਠਾਨਕੋਟ ਹਾਈਵੇ 'ਤੇ ਹਾਦਸਾ, ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਗੰਭੀਰ ਜ਼ਖ਼ਮੀ
ਇਲਾਕੇ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਘੱਟ ਵਿਜ਼ੀਬਿਲਿਟੀ ਕਾਰਨ ਇੱਕ ਅਣਪਛਾਤੇ ਵਾਹਨ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
Publish Date: Sun, 18 Jan 2026 11:06 AM (IST)
Updated Date: Sun, 18 Jan 2026 11:10 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ: ਇਲਾਕੇ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਘੱਟ ਵਿਜ਼ੀਬਿਲਿਟੀ ਕਾਰਨ ਇੱਕ ਅਣਪਛਾਤੇ ਵਾਹਨ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏ.ਐਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਤੜਕਸਾਰ ਲਗਪਗ 5:40 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਹਾਈਵੇ 'ਤੇ ਪਤਿਆਲਾ ਗੁਰਦੁਆਰਾ ਮੋੜ ਦੇ ਨਜ਼ਦੀਕ ਹਾਦਸਾ ਵਾਪਰਿਆ ਹੈ। ਸੂਚਨਾ ਮਿਲਦੇ ਹੀ ਐਸ.ਐਸ.ਐਫ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ।
ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਬਲਵੰਤ ਸਿੰਘ ਪੁੱਤਰ ਹਜ਼ਾਰਾ ਸਿੰਘ, ਵਾਸੀ ਮੀਰਵਾਂ (ਗੁਰਦਾਸਪੁਰ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਵੰਤ ਸਿੰਘ ਜਦੋਂ ਰੋਡ ਪਾਰ ਕਰ ਰਿਹਾ ਸੀ, ਤਾਂ ਸੰਘਣੀ ਧੁੰਦ ਕਾਰਨ ਵਾਹਨ ਚਾਲਕ ਨੂੰ ਉਹ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਇਹ ਭਿਆਨਕ ਟੱਕਰ ਹੋਈ।
ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ
ਇਸ ਟੱਕਰ ਵਿੱਚ ਬਲਵੰਤ ਸਿੰਘ ਦੀ ਲੱਤ ਟੁੱਟ ਗਈ ਅਤੇ ਉਸ ਦੇ ਸਰੀਰ 'ਤੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਐਸ.ਐਸ.ਐਫ ਟੀਮ ਨੇ ਬਿਨਾਂ ਸਮਾਂ ਗਵਾਏ ਐਂਬੂਲੈਂਸ ਰਾਹੀਂ ਜ਼ਖ਼ਮੀ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ।
ਪੁਲਿਸ ਕਾਰਵਾਈ
ਸੜਕ ਸੁਰੱਖਿਆ ਫੋਰਸ ਵੱਲੋਂ ਇਸ ਹਾਦਸੇ ਅਤੇ ਫ਼ਰਾਰ ਵਾਹਨ ਸਬੰਧੀ ਸਾਰੀ ਜਾਣਕਾਰੀ ਸੰਬੰਧਿਤ ਪੁਲਿਸ ਥਾਣਾ ਭੋਗਪੁਰ ਨੂੰ ਨੋਟ ਕਰਵਾ ਦਿੱਤੀ ਗਈ ਹੈ। ਪੁਲਿਸ ਵੱਲੋਂ ਫ਼ਰਾਰ ਵਾਹਨ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।