ਸਾਬਕਾ ਮੰਤਰੀ ਅਰੋੜਾ ਦੇ ਘਰ 62 ਘੰਟੇ ਚੱਲੀ IT ਵਿਭਾਗ ਦੀ ਰੇਡ; ਕਿਹਾ- ਭਾਜਪਾ 'ਚ ਜਾਣਾ ਬਹੁਤ ਵੱਡੀ ਗ਼ਲਤੀ ਰਹੀ
Sunder Sham Arora ਦੀ ਰਿਹਾਇਸ਼ 'ਤੇ ਤਿੰਨ ਦਿਨ ਪਹਿਲਾਂ IT Raid ਪਈ ਸੀ ਜੋ ਸ਼ੁੱਕਰਵਾਰ ਰਾਤ 62 ਘੰਟਿਆਂ ਬਾਅਦ ਰਾਤ ਸਾਢੇ ਬਾਰਾਂ ਵਜੇ ਖਤਮ ਹੋਈ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਰੇਡ ED ਅਤੇ ਆਈਟੀ ਨੇ ਸਾਂਝੇ ਤੌਰ 'ਤੇ ਕੀਤੀ ਹੈ।
Publish Date: Sat, 31 Jan 2026 01:38 PM (IST)
Updated Date: Sat, 31 Jan 2026 04:16 PM (IST)
ਜਾਗਰਣ ਸੰਵਾਦਦਾਤਾ, ਹੁਸ਼ਿਆਰਪੁਰ : ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ (Sunder Sham Arora) ਨੇ ਕਿਹਾ ਕਿ ਆਮਦਨ ਵਿਭਾਗ ਦੀ ਛਾਪੇਮਾਰੀ (IT Raid) ਮੇਰੇ 'ਤੇ ਨਹੀਂ, ਸਗੋਂ ਮੇਰੇ ਬੇਟੇ ਪ੍ਰਤੀਕ ਅਰੋੜਾ ਦੇ ਕਾਰੋਬਾਰ ਨੂੰ ਲੈ ਕੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਇਕ ਕਾਰੋਬਾਰੀ ਹੈ ਤੇ ਅੱਠ ਸਾਲ ਪਹਿਲਾਂ ਉਸ ਨੇ ਮੋਹਾਲੀ 'ਚ ਇਕ ਕਾਲੋਨੀ ਕੱਟੀ ਸੀ ਜਿਸ ਦੇ ਸਬੰਧ ਵਿੱਚ ਇਹ ਰੇਡ ਕੀਤੀ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਵੀ ਹੋਰ ਬਿਲਡਰ ਨਾਲ ਕੋਈ ਲੈਣ-ਦੇਣ ਜਾਂ ਸਬੰਧ ਨਹੀਂ ਹੈ। ਅਰੋੜਾ ਨੇ ਕਿਹਾ ਕਿ ਭਾਜਪਾ 'ਚ ਜਾਣਾ ਉਨ੍ਹਾਂ ਦੀ ਬਹੁਤ ਵੱਡੀ ਗਲਤੀ ਸੀ ਜਿਸ ਦਾ ਉਨ੍ਹਾਂ ਨੂੰ ਅੱਜ ਪਛਤਾਵਾ ਹੈ। ਇਸ ਦੇ ਲਈ ਉਹ ਪਾਰਟੀ ਦੇ ਸਾਰੇ ਆਗੂਆਂ ਤੋਂ ਮਾਫ਼ੀ ਮੰਗਦੇ ਹਨ।
ਜ਼ਿਕਰਯੋਗ ਹੈ ਕਿ ਅਰੋੜਾ ਦੀ ਰਿਹਾਇਸ਼ 'ਤੇ ਤਿੰਨ ਦਿਨ ਪਹਿਲਾਂ ਆਈਟੀ ਦੀ ਰੇਡ ਪਈ ਸੀ ਜੋ ਸ਼ੁੱਕਰਵਾਰ ਰਾਤ 62 ਘੰਟਿਆਂ ਬਾਅਦ ਰਾਤ ਸਾਢੇ ਬਾਰਾਂ ਵਜੇ ਖਤਮ ਹੋਈ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਰੇਡ ED ਅਤੇ ਆਈਟੀ ਨੇ ਸਾਂਝੇ ਤੌਰ 'ਤੇ ਕੀਤੀ ਹੈ। ਤਿੰਨ ਦਿਨਾਂ ਤਕ ਬਣੇ ਸਸਪੈਂਸ ਨੂੰ ਖਤਮ ਕਰਦਿਆਂ ਸ਼ਨੀਵਾਰ ਸਵੇਰੇ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਾਫ਼ ਕੀਤਾ ਕਿ ਇਹ ਰੇਡ ਸਿਰਫ਼ ਇਨਕਮ ਟੈਕਸ (IT) ਵਿਭਾਗ ਦੀ ਸੀ। ਜਾਂਚ ਉਨ੍ਹਾਂ ਦੇ ਬੇਟੇ ਪ੍ਰਤੀਕ ਅਰੋੜਾ ਦੇ ਕਾਰੋਬਾਰ ਨੂੰ ਲੈ ਕੇ ਸੀ। ਟੀਮ ਨੇ ਜੋ ਵੀ ਸਵਾਲ ਪੁੱਛੇ, ਉਨ੍ਹਾਂ ਦੇ ਬੇਟੇ ਨੇ ਦਸਤਾਵੇਜ਼ਾਂ ਸਮੇਤ ਜਵਾਬ ਦਿੱਤੇ। ਕਾਲੋਨੀ 'ਚ ਕੋਈ ਗੜਬੜ ਨਹੀਂ ਹੈ ਅਤੇ ਸਾਰੇ ਕਾਗਜ਼ਾਤ ਬਿਲਕੁਲ ਦਰੁਸਤ ਹਨ।