ਉਨ੍ਹਾਂ ਦੱਸਿਆ ਕਿ ਗੌਰਮਿੰਟ ਐਲੀਮੈਂਟਰੀ ਸਕੂਲ ਬਿਸੰਬਰਪੁਰਾ ਦੇ ਅਨੇਕਾਂ ਹੀ ਵਿਦਿਆਰਥੀਆਂ ਉਨ੍ਹਾਂ ਕੋਲੋਂ ਕਲਾ ਦਾ ਗਿਆਨ ਪ੍ਰਾਪਤ ਕਰਕੇ ਕਈ ਮੁਕਾਬਲੇ ਜਿੱਤ ਚੁੱਕੇ ਹਨ। ਆਪਣੀ ਕਲਾ ਦੇ ਦਮ ’ਤੇ ਠਾਕੁਰ ਸਿੰਘ ਆਰਟ ਗੈਲਰੀ ’ਚੋਂ ਮਾਣ- ਸਨਮਾਨ ਹਾਸਲ ਕਰਨ ਵਾਲੇ ਸੁਰਿੰਦਰਪਾਲ ਸਿੰਘ ਪੰਜਾਬ ਸਾਹਿਤਕ ਅਕਾਦਮੀ ਚੰਡੀਗੜ੍ਹ ਵਲੋਂ ਚੁਣੇ ਗਏ ਅੱਖਰਕਾਰੀ ਦੇ 13 ਰਤਨਾਂ ਵਿਚ ਇਕ ਰਤਨ ਹੋਣ ਦਾ ਮਾਣ ਹਾਸਲ ਕਰ ਚੁੱਕੇ ਹਨ।

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਿਲ ’ਚ ਹਿੰਮਤ ਤੇ ਜਨੂੰਨ ਹੋਵੇ ਤਾਂ ਅੰਗਹੀਣ ਸਰਾਪ ਜਾਂ ਕੁਦਰਤੀ ਕਰੋਪੀ ਦੀ ਥਾਂ ਨਵੇਂ ਦਿਸਹੱਦੇ ਅਤੇ ਨਵੇਂ ਇਤਿਹਾਸ ਰਚਣ ਦੇ ਕਾਬਲ ਬਣਿਆ ਜਾ ਸਕਦਾ ਹੈ। ਇਸ ਕਥਨ ਨੂੰ ਸਿੱਧ ਕਰ ਕੇ ਵਿਖਾਇਆ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਅੰਗਹੀਣ ਅਧਿਆਪਕ ਸੁਰਿੰਦਰਪਾਲ ਸਿੰਘ ਨੇ। ਦੋਵਾਂ ਲੱਤਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਅਧਿਆਪਕ ਸੁਰਿੰਦਰਪਾਲ ਸਿੰਘ ਅੱਖਰਕਾਰੀ ਕਲਾ ਅਤੇ ਅੰਗਹੀਣਾਂ ਦੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਧਿਆਪਕ ਸੁਰਿੰਦਰਪਾਲ ਸਿੰਘ ਇਕ ਸਾਲ ਦੀ ਉਮਰ ਵਿਚ ਪੋਲੀਓ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਇਕ ਲੱਤ ਤੋਂ ਅਪੰਗ ਹੋਣਾ ਪੈ ਗਿਆ।
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਅਧਿਆਪਕ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਤੋਂ ਖਹਿੜਾ ਛੁਡਾਉਣ ਲਈ ਉਨ੍ਹਾਂ ਦੇ ਮਾਪਿਆਂ ਨੇ ਬੜੀ ਵਾਹ ਲਗਾਈ ਤੇ ਉਨਾਂ ਦਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਸਨਪੁਰ ’ਚ ਇਕ ਵੈਦ ਕੋਲੋਂ ਇਲਾਜ ਕਰਵਾਇਆ ਜਿੱਥੇ ਇਸ ਬਿਮਾਰੀ ਤੋਂ ਉਨ੍ਹਾਂ ਦਾ ਖਹਿੜਾ ਛੁੱਟ ਗਿਆ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਨੌਂ ਸਾਲ ਦੀ ਉਮਰ ਵਿਚ ਉਨ੍ਹਾਂ ਦਾ ਐਕਸੀਡੈਂਟ ਹੋਇਆ ਅਤੇ ਉਹ ਸਦਾ ਲਈ ਦੋਵਾਂ ਲੱਤਾਂ ਤੋਂ ਹੀ ਅਪਾਹਜ ਹੋ ਕੇ ਰਹਿ ਗਏ। ਪਿਤਾ ਗੁਰਦੇਵ ਸਿੰਘ ਤੇ ਮਾਤਾ ਨਿਰਮਲ ਕੌਰ ਦੇ ਜਾਏ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਅੰਗਹੀਣਤਾ ਨੂੰ ਸਰਾਪ ਮੰਨਣ ਦੀ ਬਜਾਏ ਜਨੂੰਨ ਨਾਲ ਸਿੱਖਿਆ ਦੇ ਖੇਤਰ ’ਚ ਐੱਮਏ ਬੀਐੱਡ ਕੀਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਸੰਨ 2006 ਵਿਚ ਉਨ੍ਹਾਂ ਦੀ ਬਤੌਰ ਈਟੀਟੀ ਅਧਿਆਪਕ ਵਜੋਂ ਚੋਣ ਹੋ ਗਈ।
ਗੌਰਮਿੰਟ ਐਲੀਮੈਂਟਰੀ ਸਕੂਲ ਬਿਸੰਬਰਪੁਰਾ ਵਿਚ ਈਟੀਟੀ ਅਧਿਆਪਕ ਵਜੋਂ ਵਿਦਿਆਰਥੀਆਂ ਨੂੰ ਸਿੱਖਿਆ ਦਾ ਗਿਆਨ ਵੰਡਣ ਵਾਲੇ ਅਧਿਆਪਕ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅੰਦਰ ਸ਼ੁਰੂ ਤੋਂ ਹੀ ਬੁਲੰਦੀਆਂ ਛੂਹਣ ਦਾ ਜਜ਼ਬਾ ਸੀ ਤੇ ਏਸੇ ਜਜ਼ਬੇ ਸਦਕਾ ਉਨ੍ਹਾਂ ਨੇ ਕੋਰੋਨਾ ਦੌਰ ਦੇ ਅੰਦਰ ਕਲਾ ਰਾਹੀਂ ਉਡਾਨ ਭਰਨ ਦਾ ਸੁਪਨਾ ਲਿਆ ਵੀ ਤੇ ਉਸ ਸੁਪਨੇ ਨੂੰ ਪੂਰਾ ਵੀ ਕੀਤਾ। ਕਲਾ ਦੇ ਖੇਤਰ ’ਚ ਪੈਰ ਧਰਦਿਆਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੁੰਦਰ ਲਿਖਾਈ ਨੂੰ ਪਹਿਲ ਦਿੱਤੀ ਅਤੇ ਸੁੰਦਰ ਲਿਖਾਈ 'ਚ ਪੁਲਾਂਘ ਪੁੱਟਦਿਆਂ ਅੱਖਰਕਾਰੀ ਕਲਾ ਨਾਲ ਮੋਹ ਪਾ ਲਿਆ। ਕੋਰੋਨਾ ਦੌਰ ਵਿਚ ਜਦੋਂ ਲੋਕ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਸਨ, ਉਸ ਸਮੇਂ ਉਨ੍ਹਾਂ ਨੇ ਸਕੈੱਚਾਂ ਤੋਂ ਕਲਮਾਂ ਤਿਆਰ ਕਰ ਕੇ ਆਪਣੀ ਅੱਖਰਕਾਰੀ ਕਲਾ ਨੂੰ ਨਵੀਂ ਉਡਾਰੀ ਤੇ ਦਿਸ਼ਾ ਦਿੱਤੀ। ਕੋਰੋਨਾ ਦੌਰ ਵਿਚ ਹੀ ਉਨ੍ਹਾਂ ਨੇ ਪੰਜਾਬ ਭਰ ਦੇ ਅੱਖਰਕਾਰਾਂ ਵਾਲੇ ਗਰੁੱਪ ਨਾਲ ਸਾਂਝ ਵਧਾਈ ਅਤੇ ਅੱਖਰਕਾਰ ਗੁਰਪ੍ਰੀਤ ਸਿੰਘ ਮੋਗਾ ਤੋਂ ਇਲਾਵਾ ਹੋਰ ਕਈ ਅੱਖਰਕਾਰਾਂ ਕੋਲੋਂ ਅੱਖਰਾਂ ਦੀ ਬਣਤਰ ਸਬੰਧੀ ਗੁਣ ਹਾਸਲ ਕਰਦਿਆਂ ਕਾਨੇ ਦੀ ਕਲਮ ਨਾਲ ਅੱਖਰਕਾਰੀ ਸ਼ੁਰੂ ਕਰ ਦਿੱਤੀ।
ਅਧਿਆਪਕ ਸੁਰਿੰਦਰਪਾਲ ਸਿੰਘ ਅਨੁਸਾਰ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਭਰ ਦੇ ਅਧਿਆਪਕਾਂ ਨੂੰ ਅੱਖਰਕਾਰੀ ਕਲਾ ਸਬੰਧੀ ਇਕ ਹਫਤੇ ਦੀ ਜਮਾਤ ਲਗਾਉਣ ਦਾ ਮੌਕਾ ਦਿੱਤਾ ਸੀ ਜਿਸ ਵਿਚ ਉਨ੍ਹਾਂ ਨੇ ਪਹਿਲਾਂ ਪੰਜਾਬੀ ਤੇ ਫਿਰ ਅੰਗਰੇਜ਼ੀ ਭਾਸ਼ਾ ਵਿਚ ਅੱਖਰਕਾਰੀ ਦੀਆਂ ਤਕਨੀਕਾਂ ਹਾਸਲ ਕੀਤੀਆਂ। ਅੱਖਰਕਾਰੀ ਕਲਾ ਵਿਚ ਸੁਰਿੰਦਰਪਾਲ ਸਿੰਘ ਇਸ ਕਦਰ ਨਿਪੁੰਨ ਹੋ ਚੁੱਕੇ ਹਨ ਕਿ ਹੁਣ ਤੱਕ ਉਹ ਲਗਪਗ 20 ਕਲਾ ਪ੍ਰਦਰਸ਼ਨੀਆਂ ਕਲਾ ਪ੍ਰੇਮੀਆਂ ਦੇ ਰੂਬਰੂ ਕਰ ਚੁੱਕੇ ਹਨ ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਭਾਸ਼ਾ ਵਿਭਾਗ ਕਪੂਰਥਲਾ, ਭਾਸ਼ਾ ਵਿਭਾਗ ਅੰਮ੍ਰਿਤਸਰ, ਭਾਸ਼ਾ ਵਿਭਾਗ ਪਠਾਨਕੋਟ, ਪੰਜਾਬੀ ਮਾਂ ਬੋਲੀ ਦੇ ਸਬੰਧ 'ਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵਨਿਊ, ਖਾਲਸਾ ਕਾਲਜ ਦੇ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ’ਚ ਲਗਾਤਾਰ ਤਿੰਨ ਵਾਰ ਅਤੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਸੰਬੰਧੀ ਲੁਧਿਆਣਾ ਦੀਆਂ ਧਾਰਮਿਕ ਸੰਸਥਾਵਾਂ ਵਲੋਂ ਵੀ ਕਈ ਵਾਰ ਅੱਖਰਕਾਰੀ ਕਲਾ ਸਬੰਧੀ ਸਫਲ ਕਲਾ ਪ੍ਰਦਰਸ਼ਨੀ ਲਗਾਈ ਜਾ ਚੁੱਕੀ ਹੈ। ਸੁੰਦਰ ਲਿਖਾਈ ਤੋਂ ਅੱਖਰਕਾਰੀ ਕਲਾ ਤੱਕ ਸ਼ਾਨਦਾਰ ਸਫ਼ਰ ਤੈਅ ਕਰ ਚੁੱਕੇ ਅਧਿਆਪਕ ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਅਧਿਆਪਕਾਂ ਨੂੰ ਸੁੰਦਰ ਲਿਖਾਈ ਕਰਨੀ ਆਉਣੀ ਚਾਹੀਦੀ ਹੈ ਫਿਰ ਹੀ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਕਰਨ ਦੇ ਕਾਬਲ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਅੱਖਰਕਾਰੀ ਸਬੰਧੀ ਅੱਖਰਾਂ ਦੀ ਸਜਾਵਟ ਕਰਨ ਲਈ ਬਾਂਸ ਤੇ ਕਾਨੇ ਦੀ ਕਲਮ ਤੋਂ ਇਲਾਵਾ ਪੈੱਨ ਤੇ ਮਾਰਕਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅੱਖਰਾਂ ਦੀ ਸਭ ਤੋਂ ਵਧੀਆ ਸਜਾਵਟ ਕਾਨੇ ਦੀ ਕਲਮ ਨਾਲ ਹੀ ਹੁੰਦੀ ਹੈ। ਸੁਰਿੰਦਰਪਾਲ ਸਿੰਘ ਦੀ ਕਲਾ ਦੀ ਕਦਰ ਇਸ ਕਦਰ ਪੈਨੀ ਹੋ ਚੁੱਕੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 26 ਜਨਵਰੀ ਤੇ 15 ਅਗਸਤ ਨੂੰ ਤਿਆਰ ਹੋਣ ਵਾਲੇ ਸਰਟੀਫਿਕੇਟ ਲਈ ਉਨ੍ਹਾਂ ਕੋਲੋਂ ਅੱਖਰਕਾਰੀ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਤਰਨਤਾਰਨ ਦੇ ਜਾਵੰਦਪੁਰ ’ਚ ਹਰ ਸਾਲ ਅੱਖਰਕਾਰੀ ਦੇ ਹੋਣ ਵਾਲੇ ਮੁਕਾਬਲਿਆਂ ਸਬੰਧੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਦੀ ਜੱਜਮੈਂਟ ਵੀ ਉਨਾਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੌਰਮਿੰਟ ਐਲੀਮੈਂਟਰੀ ਸਕੂਲ ਬਿਸੰਬਰਪੁਰਾ ਦੇ ਅਨੇਕਾਂ ਹੀ ਵਿਦਿਆਰਥੀਆਂ ਉਨ੍ਹਾਂ ਕੋਲੋਂ ਕਲਾ ਦਾ ਗਿਆਨ ਪ੍ਰਾਪਤ ਕਰਕੇ ਕਈ ਮੁਕਾਬਲੇ ਜਿੱਤ ਚੁੱਕੇ ਹਨ। ਆਪਣੀ ਕਲਾ ਦੇ ਦਮ ’ਤੇ ਠਾਕੁਰ ਸਿੰਘ ਆਰਟ ਗੈਲਰੀ ’ਚੋਂ ਮਾਣ- ਸਨਮਾਨ ਹਾਸਲ ਕਰਨ ਵਾਲੇ ਸੁਰਿੰਦਰਪਾਲ ਸਿੰਘ ਪੰਜਾਬ ਸਾਹਿਤਕ ਅਕਾਦਮੀ ਚੰਡੀਗੜ੍ਹ ਵਲੋਂ ਚੁਣੇ ਗਏ ਅੱਖਰਕਾਰੀ ਦੇ 13 ਰਤਨਾਂ ਵਿਚ ਇਕ ਰਤਨ ਹੋਣ ਦਾ ਮਾਣ ਹਾਸਲ ਕਰ ਚੁੱਕੇ ਹਨ।
ਲੱਕੜ ’ਤੇ ਅੱਖਰਕਾਰੀ ਕਰਨ ਦਾ ਜਾਗਿਆ ਉਤਸ਼ਾਹ
ਅਧਿਆਪਕ ਸੁਰਿੰਦਰਪਾਲ ਸਿੰਘ ਨੇ ਇਸ ਕਲਾ ਸਬੰਧੀ ਨਵੀਂ ਪੁਲਾਂਘ ਪੁੱਟਦਿਆਂ ਹੁਣ ਸਕਲਪਚਰ ਰਾਹੀਂ ਆਪਣੀ ਕਲਾ ਚਮਕਾਉਣੀ ਸ਼ੁਰੂ ਕਰ ਦਿੱਤੀ ਹੈ। ਪ੍ਰਸਿੱਧ ਬੁੱਤ-ਤਰਾਸ਼ ਨਰਿੰਦਰ ਸਿੰਘ ਕੋਲੋਂ ਆਰਟ ਗੈਲਰੀ ਪਹੁੰਚ ਕੇ ਲੱਕੜ ’ਤੇ ਅੱਖਰਕਾਰੀ ਕਰਨ ਦਾ ਹੁਨਰ ਸਿੱਖ ਰਹੇ ਸੁਰਿੰਦਰਪਾਲ ਸਿੰਘ ਇਸ ਕਲਾ ਨੂੰ ਵੀ ਕਲਾ ਪ੍ਰੇਮੀਆਂ ਦੇ ਰੂਬਰੂ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਾਗਜ਼ ’ਤੇ ਅੱਖਰਕਾਰੀ ਦੋ ਘੰਟਿਆਂ ਵਿਚ ਹੀ ਸੰਪੂਰਨ ਹੋ ਜਾਂਦੀ ਹੈ ਪਰ ਲੱਕੜ ’ਤੇ ਅੱਖਰਕਾਰੀ ਸੰਪੂਰਨ ਕਰਦਿਆਂ ਦੋ ਤੋਂ ਤਿੰਨ ਮਹੀਨੇ ਵੀ ਲੱਗ ਜਾਂਦੇ ਹਨ। ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਪਤਨੀ ਦਲਜੀਤ ਕੌਰ ਤੇ ਭਰਾ ਬਿਕਰਮਜੀਤ ਸਿੰਘ ਅਤੇ ਬਲਰਾਜ ਸਿੰਘ ਦਿਲੋਂ ਸਹਿਯੋਗ ਨਾ ਕਰਦੇ ਤਾਂ ਉਹ ਅੰਗਹੀਣ ਹੋਣ ਕਰਕੇ ਕਦੇ ਵੀ ਵੱਡੀਆਂ-ਵੱਡੀਆਂ ਕਲਾ ਪ੍ਰਦਰਸ਼ਨੀਆਂ ਦਾ ਹਿੱਸਾ ਨਹੀਂ ਸਨ ਬਣ ਸਕਦੇ। ਪਤਨੀ ਦਲਜੀਤ ਕੌਰ ਤੇ ਭਰਾਵਾਂ ਵੱਲੋਂ ਮਿਲ ਰਿਹਾ ਸਹਿਯੋਗ ਉਨ੍ਹਾਂ ਲਈ ਵੱਡੀ ਹੱਲਾਸ਼ੇਰੀ ਹੈ। ਕਲਾ ਦੇ ਖੇਤਰ ’ਚ ਵੱਡਾ ਨਾਂ ਕਮਾਉਣ ਵਾਲੇ ਸੁਰਿੰਦਰਪਾਲ ਸਿੰਘ ਅੰਗਹੀਣ ਹੋਣ ਦੇ ਬਾਵਜੂਦ ਪੈਰਾ ਖੇਡਾਂ ’ਚ ਸੰਨ 2024 ਵਿਚ ਭਾਗ ਲੈ ਕੇ ਪੂਰੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ -ਸਤਿਕਾਰ ਝੋਲੀ ਪਵਾ ਚੁੱਕੇ ਹਨ।