ਕਾਬਿਲੇ ਜ਼ਿਕਰ ਹੈ ਕਿ ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ਵਿਚ 11 ਮਾਰਚ 1934 ਨੂੰ ਜਨਮੇ ਵਿਜੈ ਕ੍ਰਿਸ਼ਨ ਖੰਨਾ ਨੇ ਮੁੱਢਲੀ ਤੇ ਉੱਚ ਵਿੱਦਿਆ ਜੈਪੁਰ ਤੋਂ ਹਾਸਿਲ ਕਰਨ ਉਪਰੰਤ ਭਾਰਤੀ ਫੌਜ ਵਿਚ ਭਰਤੀ ਹੋ ਕੇ ਮਿਸਾਲੀ ਸੇਵਾਵਾਂ ਦਿੱਤੀਆਂ ਤੇ ਤਰੱਕੀ-ਬ-ਤਰੱਕੀ ਮੇਜਰ ਦਾ ਰੁਤਬਾ ਹਾਸਲ ਕੀਤਾ।

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਇਕ ਪਾਸੇ ਪੰਜਾਬ ਸਰਕਾਰ ਤੇ ਫੌਜ ਵੱਲੋਂ ਸੰਨ 1965-1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਜਵਾਨਾਂ ਤੇ ਅਧਿਕਾਰੀਆਂ ਦੀ ਯਾਦ ਵਿਚ ਕਰੋੜਾਂ ਰੁਪਏ ਦੀ ਰਾਸ਼ੀ ਖਰਚੇ ਜਾ ਰਹੇ ਹਨ, ਦੂਜੇ ਪਾਸੇ ਸੰਨ 1965 ਦੀ ਜੰਗ ਦੇ ਕੌਮੀ ਸ਼ਹੀਦ ਨੂੰ ਸਮੁੱਚੀਆਂ ਜ਼ਿੰਮੇਵਾਰ ਧਿਰਾਂ ਭੁੱਲ ਚੁੱਕੀਆਂ ਪ੍ਰਤੀਤ ਹੋ ਰਹੀਆਂ ਹਨ। ਅੰਮ੍ਰਿਤਸਰ-ਲਾਹੌਰ ਕੌਮਾਂਤਰੀ ਸ਼ੇਰਸ਼ਾਹ ਸੂਰੀ ਰੋਡ ’ਤੇ ਸਥਿਤ ਦਿਹਾਤੀ ਪੁਲਿਸ ਦੇ ਅਧਿਕਾਰ ਖੇਤਰ ਵਾਲੇ ਥਾਣਾ ਘਰਿੰਡਾ ਦੇ ਐਨ ਸਾਹਮਣੇ ਬਣੀ ਸ਼ਹੀਦ ਮੇਜਰ ਵਿਜੇ ਕ੍ਰਿਸ਼ਨ ਖੰਨਾ ਦੀ ਯਾਦਗਾਰ ਤਰਸਯੋਗ ਹਾਲਤ ਵਿਚ ਹੈ।
ਕਾਬਿਲੇ ਜ਼ਿਕਰ ਹੈ ਕਿ ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ਵਿਚ 11 ਮਾਰਚ 1934 ਨੂੰ ਜਨਮੇ ਵਿਜੈ ਕ੍ਰਿਸ਼ਨ ਖੰਨਾ ਨੇ ਮੁੱਢਲੀ ਤੇ ਉੱਚ ਵਿੱਦਿਆ ਜੈਪੁਰ ਤੋਂ ਹਾਸਿਲ ਕਰਨ ਉਪਰੰਤ ਭਾਰਤੀ ਫੌਜ ਵਿਚ ਭਰਤੀ ਹੋ ਕੇ ਮਿਸਾਲੀ ਸੇਵਾਵਾਂ ਦਿੱਤੀਆਂ ਤੇ ਤਰੱਕੀ-ਬ-ਤਰੱਕੀ ਮੇਜਰ ਦਾ ਰੁਤਬਾ ਹਾਸਲ ਕੀਤਾ। ਇਸ ਦੌਰਾਨ ਫੌਜ ਨੇ ਉਨ੍ਹਾਂ ਨੂੰ 3 ਗੜਵਾਲ ਰਾਈਫਲਜ਼ ਰੈਜੀਮੈਂਟ ਵਿਚ ਭੇਜਿਆ ਤੇ ਬਤੌਰ ਮੇਜਰ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੇ ਇਸ ਕਾਰਜਕਾਲ ਦੌਰਾਨ ਸੰਨ 1965 ਦੀ ਭਾਰਤ-ਪਾਕਿ ਜੰਗ ਛਿੜ ਗਈ ਸੀ। ਇਸ ਜੰਗ ਵਿਚ ਮੇਜਰ ਵਿਜੈ ਕ੍ਰਿਸ਼ਨ ਖੰਨਾ ਆਪਣੇ ਸਾਥੀ ਅਧਿਕਾਰੀਆਂ ਤੇ ਜਵਾਨਾਂ ਸਮੇਤ ਬਹਾਦਰੀ ਦਾ ਮੁਜ਼ਾਹਰਾ ਕਰਦੇ ਹੋਏ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਪੁੱਜ ਗਏ, ਜਿੱਥੇ ਉਨ੍ਹਾਂ ਨੇ ਪਾਕਿ ਫੌਜ ਦਾ ਟਾਕਰਾ ਦਲੇਰੀ ਨਾਲ ਕੀਤਾ ਅਤੇ ਉਨ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਨ ਦੇ ਨਾਲ-ਨਾਲ ਵਾਹਨਾਂ ਤੇ ਹਥਿਆਰਾਂ ਨੂੰ ਖੂਬ ਨੁਕਸਾਨ ਪਹੁੰਚਾਇਆ। ਨਿਡਰਤਾ ਦਾ ਮੁਜ਼ਾਹਰਾ ਕਰਦਿਆਂ ਮੇਜਰ ਵਿਜੈ ਕ੍ਰਿਸ਼ਨ ਖੰਨਾ ਦੁਸ਼ਮਣ ਦੇਸ਼ ਦੀ ਫੌਜੀ ਟੁੱਕੜੀ ਹੱਥੋਂ ਸੰਨ 1965 ਦੀ 22 ਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਸ਼ਹੀਦ ਹੋ ਗਏ। ਕਾਫੀ ਲੰਮੇ ਅਰਸੇ ਬਾਅਦ, ਕੁਝ ਸਾਲ ਪਹਿਲਾਂ ਮੇਜਰ ਖੰਨਾ ਦੀ ਪੁਲਿਸ ਥਾਣਾ ਘਰਿੰਡਾ ਦੇ ਐਨ ਸਾਹਮਣੇ ਤਹਿਸੀਲ ਅਜਨਾਲਾ ਦੇ ਪਿੰਡ ਪੱਧਰੀ ਦੇ ਹੱਦ ਬੰਨ੍ਹੇ ਤੇ ਯਾਦਗਾਰ ਸਥਾਪਤ ਕੀਤੀ ਗਈ। ਪਹਿਲਾਂ ਪਹਿਲ ਤਾਂ ਇਸ ਦੀ ਸਾਂਭ ਸੰਭਾਲ ਹੁੰਦੀ ਰਹੀ ਫਿਰ ਕੁਝ ਸਮਾਂ ਪਾ ਕੇ ਇਹ ਯਾਦਗਾਰ ਜ਼ਿੰਮੇਵਾਰ ਧਿਰਾਂ ਦੀ ਨਜ਼ਰਅੰਦਾਜ਼ਗੀ ਦਾ ਸ਼ਿਕਾਰ ਹੋ ਗਈ ਤੇ ਹੁਣ ਇਹ ਯਾਦਗਾਰ ਕਿਸੇ ਵੇਲੇ ਵੀ ਅਲੋਪ ਹੋ ਸਕਦੀ ਹੈ। ਸ਼ਹੀਦ ਖੰਨਾ ਦੀ ਇਸ ਯਾਦਗਾਰ ਨੂੰ ਫ਼ੌਜੀ ਜਵਾਨਾਂ ਨੇ ਕੰਡਿਆਲੀਆਂ ਤਾਰਾਂ ਲਗਾ ਕੇ ਆਪਣੇ ਅਧਿਕਾਰਤ ਖੇਤਰ ਵਿਚ ਤਾਂ ਕਰ ਲਿਆ ਹੈ ਪਰ ਇਸ ਦੀ ਸਫ਼ਾਈ ਤੇ ਸਾਂਭ ਸੰਭਾਲ ਵਾਲੇ ਪਾਸੇ ਕੋਈ ਸੰਜੀਦਗੀ ਜਾਂ ਸੁਹਿਰਦਤਾ ਨਹੀਂ ਦਿਖਾਈ। ਹੁਣ• ਵੇਖਣਾ ਇਹ ਹੈ ਕਿ ਇਸ ਪਾਸੇ ਵੱਲ ਤਵੱਜੋਂ ਦੇਣ ਲਈ ਕਿਹੜੀ ਧਿਰ ਬਹੁੜਦੀ ਹੈ। ਇਸ ਯਾਦਗਾਰ ਦੇ ਪਿਛਲੇ ਪਾਸੇ ਵਾਲਾ ਸਮੁੱਚਾ ਇਲਾਕਾ ਭਾਰਤੀ ਫੌਜ ਦੇ ਅਧਿਕਾਰ ਖੇਤਰ ਵਿਚ ਹੈ।