ਹੁਣ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਮਾਣਹਾਨੀ ਦਾ ਕਾਨੂੰਨੀ ਨੋਟਿਸ, ਦਿੱਤੀ ਇਹ ਚਿਤਾਵਨੀ
Legal Notice 'ਚ ਕਿਹਾ ਗਿਆ ਹੈ ਕਿ ਅਨਿਲ ਜੋਸ਼ੀ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਹਨ ਜੋ 2007-2012 ਅਤੇ 2012-2017 ਤਕ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ 2012-2017 ਤਕ ਕੈਬਨਿਟ ਮੰਤਰੀ ਰਹੇ। ਉਨ੍ਹਾਂ ਕਦੇ ਵੀ ਸਿਆਸੀ ਅਹੁਦੇ ਜਾਂ ਪਾਰਟੀ ਮੈਂਬਰਸ਼ਿਪ ਲਈ ਪੈਸੇ ਨਹੀਂ ਦਿੱਤੇ, ਨਾ ਹੀ ਕਾਂਗਰਸ 'ਚ ਸ਼ਾਮਲ ਹੋਣ ਜਾਂ ਸ਼੍ਰੋਮਣੀ ਅਕਾਲੀ ਦਲ 'ਚ ਜਾਣ ਲਈ ਕੋਈ ਭੁਗਤਾਨ ਕੀਤਾ।
Publish Date: Wed, 10 Dec 2025 04:19 PM (IST)
Updated Date: Wed, 10 Dec 2025 04:24 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ 9 ਦਸੰਬਰ 2025 ਨੂੰ ਉਨ੍ਹਾਂ ਦੇ ਮੀਡੀਆ ਇੰਟਰਵਿਊ 'ਚ ਅਨਿਲ ਜੋਸ਼ੀ ਖਿਲਾਫ ਕਥਿਤ ਝੂਠੇ ਤੇ ਅਪਮਾਨਜਨਕ ਬਿਆਨਾਂ ਲਈ ਭੇਜਿਆ ਗਿਆ ਹੈ। ਨੋਟਿਸ ਨਿਊ ਚੰਡੀਗੜ੍ਹ ਦੇ ਵਕੀਲ ਸੌਮਨ ਸਿੰਘ ਗਿੱਲ ਅਤੇ ਰਿਤੀਸ਼ ਵਾਟਸ ਨੇ ਜਾਰੀ ਕੀਤਾ ਹੈ।
ਨੋਟਿਸ 'ਚ ਕਿਹਾ ਗਿਆ ਹੈ ਕਿ ਅਨਿਲ ਜੋਸ਼ੀ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਹਨ ਜੋ 2007-2012 ਅਤੇ 2012-2017 ਤਕ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ 2012-2017 ਤਕ ਕੈਬਨਿਟ ਮੰਤਰੀ ਰਹੇ। ਉਨ੍ਹਾਂ ਕਦੇ ਵੀ ਸਿਆਸੀ ਅਹੁਦੇ ਜਾਂ ਪਾਰਟੀ ਮੈਂਬਰਸ਼ਿਪ ਲਈ ਪੈਸੇ ਨਹੀਂ ਦਿੱਤੇ, ਨਾ ਹੀ ਕਾਂਗਰਸ 'ਚ ਸ਼ਾਮਲ ਹੋਣ ਜਾਂ ਸ਼੍ਰੋਮਣੀ ਅਕਾਲੀ ਦਲ 'ਚ ਜਾਣ ਲਈ ਕੋਈ ਭੁਗਤਾਨ ਕੀਤਾ। ਨਵਜੋਤ ਕੌਰ ਸਿੱਧੂ ਨੇ ਮੀਡੀਆ, ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਜੋਸ਼ੀ ਨੇ ਕਾਂਗਰਸ ਜੁਆਇਨ ਕਰਨ ਲਈ ਪੈਸੇ ਦਿੱਤੇ ਅਤੇ ਹੁਣ ਪਾਰਟੀ ਤੋਂ ਨਾਰਾਜ਼ ਹੋ ਕੇ ਅਕਾਲੀ ਦਲ ਵਿੱਚ ਜਾ ਰਹੇ ਹਨ, ਜੋ ਪੂਰੀ ਤਰ੍ਹਾਂ ਝੂਠਾ ਹੈ।
7 ਦਿਨਾਂ ਵਿੱਚ ਜਵਾਬ ਦੇਣ ਦੀ ਚਿਤਾਵਨੀ
ਨੋਟਿਸ 'ਚ ਮੰਗ ਕੀਤੀ ਗਈ ਹੈ ਕਿ ਸਿੱਧੂ ਤੁਰੰਤ ਅਜਿਹੇ ਬਿਆਨਾਂ ਨੂੰ ਬੰਦ ਕਰਨ, ਜਨਤਕ ਤੌਰ 'ਤੇ ਬਿਨਾਂ ਸ਼ਰਤ ਮਾਫ਼ੀ ਮੰਗਣ ਤੇ ਉਨ੍ਹਾਂ ਮੀਡੀਆ ਪਲੇਟਫਾਰਮਾਂ 'ਤੇ ਸਪੱਸ਼ਟ ਰੂਪ 'ਚ ਖੰਡਨ ਕਰਨ ਜਿੱਥੇ ਬਿਆਨ ਦਿੱਤੇ ਗਏ। ਮਾਫ਼ੀ ਪ੍ਰਮੁੱਖ ਨਿਊਜ਼ ਚੈਨਲਾਂ, ਅਖਬਾਰਾਂ ਤੇ ਸੋਸ਼ਲ ਮੀਡੀਆ 'ਤੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਵੇ। 7 ਦਿਨਾਂ ਦੇ ਅੰਦਰ ਪਾਲਣਾ ਨਾ ਕਰਨ 'ਤੇ ਅਪਰਾਧਕ ਮਾਣਹਾਨੀ ਮੁਕੱਦਮਾ ਤੇ ਹਰਜਾਨੇ ਦੇ ਸਿਵਲ ਉਪਾਅ ਕੀਤੇ ਜਾਣਗੇ। ਨੋਟਿਸ ਰਜਿਸਟਰਡ ਡਾਕ ਰਾਹੀਂ ਹੋਲੀ ਸਿਟੀ, ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਭੇਜਿਆ ਗਿਆ ਹੈ।