ਸਿੱਖ ਨੌਜਵਾਨ ਲਈ ਕੀਤੀ '12 ਵੱਜ ਗਏ' ਜਿਹੀ ਟਿੱਪਣੀ, ਭੜਕੇ MLA ਨਿੱਜਰ ਨੇ ਕਾਂਗਰਸ 'ਤੇ ਲਾਇਆ ਐਂਟੀ-ਸਿੱਖ ਮਾਨਸਿਕਤਾ ਦਾ ਦੋਸ਼
ਵਿਧਾਇਕ ਨਿੱਜਰ ਨੇ ਕਿਹਾ ਕਿ ਭਾਰਤ ਵਰਗੇ ਬਹੁ-ਧਾਰਮਿਕ ਦੇਸ਼ ਵਿੱਚ ਭਾਈਚਾਰਾ ਅਤੇ ਸਦਭਾਵਨਾ ਸਭ ਤੋਂ ਵੱਡਾ ਮੁੱਲ ਹੈ ਅਤੇ ਅਜਿਹੇ ਬਿਆਨ ਸਮਾਜ ਨੂੰ ਵੰਡਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਹਰੀਸ਼ ਰਾਵਤ ਸਿੱਖ ਭਾਈਚਾਰੇ ਤੋਂ ਤੁਰੰਤ ਜਨਤਕ ਤੌਰ 'ਤੇ ਮਾਫ਼ੀ ਮੰਗਣ।
Publish Date: Sat, 06 Dec 2025 05:07 PM (IST)
Updated Date: Sat, 06 Dec 2025 05:19 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਅੰਮ੍ਰਿਤਸਰ ਦੱਖਣੀ ਹਲਕੇ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ (Inderbir Singh Nijjar) ਨੇ ਸ਼ਨਿਚਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਉੱਤਰਾਖੰਡ ਦੇ ਸੀਨੀਅਰ ਕਾਂਗਰਸ ਆਗੂ ਹਰੀਸ਼ ਸਿੰਘ ਰਾਵਤ (Harish Singh Rawat) ਵੱਲੋਂ ਸਿੱਖ ਭਾਈਚਾਰੇ ਦੇ ਖਿਲਾਫ ਕੀਤੀ ਗਈ ਟਿੱਪਣੀ ਦੀ ਨਿੰਦਾ ਕੀਤੀ। ਉਨ੍ਹਾਂ ਆਲੋਚਨਾ ਕਰਦੇ ਹੋਏ ਇਸ ਨੂੰ ਅਪਮਾਨਜਨਕ, ਘਟੀਆ ਤੇ ਪੂਰੀ ਤਰ੍ਹਾਂ ਨਿੰਦਣਯੋਗ ਦੱਸਿਆ ਹੈ।
ਨਿੱਜਰ ਨੇ ਦੋਸ਼ ਲਾਇਆ ਕਿ ਇਕ ਰੈਲੀ ਦੌਰਾਨ ਹਰੀਸ਼ ਰਾਵਤ ਨੇ ਇਕ ਸਿੱਖ ਨੌਜਵਾਨ ਲਈ '12 ਵੱਜ ਗਏ' ਵਰਗੀ ਟਿੱਪਣੀ ਕੀਤੀ ਜੋ ਸਿੱਖ ਭਾਈਚਾਰੇ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ, ਜਾਤੀ ਜਾਂ ਭਾਈਚਾਰੇ ਦੇ ਖਿਲਾਫ ਅਜਿਹੀ ਭਾਸ਼ਾ ਦੀ ਵਰਤੋਂ ਕਿਸੇ ਵੀ ਸਿਆਸੀ ਆਗੂ ਨੂੰ ਸ਼ੋਭਾ ਨਹੀਂ ਦਿੰਦੀ।
ਕਾਂਗਰਸ 'ਤੇ ਲਾਇਆ ਐਂਟੀ-ਸਿੱਖ ਹੋਣ ਦਾ ਦੋਸ਼
ਪ੍ਰੈੱਸ ਕਾਨਫਰੰਸ 'ਚ ਵਿਧਾਇਕ ਨਿੱਜਰ ਨੇ ਕਾਂਗਰਸ ਪਾਰਟੀ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਹਮੇਸ਼ਾ ਤੋਂ 'ਐਂਟੀ-ਸਿੱਖ' ਰਹੀ ਹੈ। ਉਨ੍ਹਾਂ ਪੰਜਾਬ ਵੰਡ, ਪਾਣੀ ਵਿਵਾਦ, 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਅਤੇ ਉਸ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਵਰਗੇ ਮੁੱਦਿਆਂ 'ਤੇ ਗੱਲਬਾਤ ਕਰ ਕੇ ਉਦਾਹਰਣਾਂ ਵੀ ਦਿੱਤੀਆਂ।
ਨਿੱਜਰ ਨੇ ਕਿਹਾ ਕਿ 1984 ਦੇ ਦੰਗਿਆਂ ਨਾਲ ਜੁੜੇ ਕਈ ਦੋਸ਼ੀਆਂ ਨੂੰ ਕਾਂਗਰਸ ਨੇ ਉੱਚੇ ਅਹੁਦਿਆਂ ਨਾਲ ਨਿਵਾਜਿਆ, ਕਿਸੇ ਨੂੰ ਵਿਧਾਇਕ, ਕਿਸੇ ਨੂੰ ਸੰਸਦ ਮੈਂਬਰ ਤੇ ਕੁਝ ਨੂੰ ਮੁੱਖ ਮੰਤਰੀ ਤਕ ਬਣਾਇਆ ਗਿਆ, ਜੋ ਪੀੜਤਾਂ ਨਾਲ ਸਰਾਸਰ ਧੋਖਾ ਹੈ।
ਸਿੱਖ ਦੇਸ਼ ਲਈ ਕੁਰਬਾਨੀ ਦੇਣ ਵਾਲੀ ਕੌਮ
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ, ਸੁਰੱਖਿਆ ਤੇ ਅਖੰਡਤਾ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਫਿਰ ਵੀ ਜਦੋਂ ਸਿੱਖ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਦੇਸ਼-ਵਿਰੋਧੀ ਕਿਹਾ ਜਾਂਦਾ ਹੈ ਜੋ ਬੇਹੱਦ ਮੰਦਭਾਗਾ ਹੈ।
ਵਿਧਾਇਕ ਨਿੱਜਰ ਨੇ ਕਿਹਾ ਕਿ ਭਾਰਤ ਵਰਗੇ ਬਹੁ-ਧਾਰਮਿਕ ਦੇਸ਼ ਵਿੱਚ ਭਾਈਚਾਰਾ ਅਤੇ ਸਦਭਾਵਨਾ ਸਭ ਤੋਂ ਵੱਡਾ ਮੁੱਲ ਹੈ ਅਤੇ ਅਜਿਹੇ ਬਿਆਨ ਸਮਾਜ ਨੂੰ ਵੰਡਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਹਰੀਸ਼ ਰਾਵਤ ਸਿੱਖ ਭਾਈਚਾਰੇ ਤੋਂ ਤੁਰੰਤ ਜਨਤਕ ਤੌਰ 'ਤੇ ਮਾਫ਼ੀ ਮੰਗਣ।