ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ। ਐਤਵਾਰ ਨੂੰ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੂੰ ਮਿਲੇ ਪੀੜਤ ਪਰਿਵਾਰਾਂ ਨੇ ਦੁੱਖਦਾਈ ਘਟਨਾਵਾਂ ਦਾ ਜ਼ਿਕਰ ਕੀਤਾ। ਸਭ ਤੋਂ ਭਿਆਨਕ ਘਟਨਾਵਾਂ ਵਿਚ ਵੀਰੋ ਦੇਵੀ ਦੇ ਪਰਿਵਾਰ ਦਾ ਕਤਲੇਆਮ ਸ਼ਾਮਲ ਹੈ।

ਨਿਤਿਨ ਧੀਮਾਨ, ਜਾਗਰਣ , ਅੰਮ੍ਰਿਤਸਰ: ਪੰਜਾਬ ਵਿਚ ਤਿੰਨ ਦਹਾਕੇ ਪਹਿਲਾਂ ਚੱਲੇ ਅੱਤਵਾਦ ਦੇ ਕਾਲੇ ਦੌਰ ਨੇ ਕਈ ਪਰਿਵਾਰ ਝੰਬੇ ਹਨ। ਇਹ ਜ਼ਖ਼ਮ ਸਮੇਂ ਨਾਲ ਭਰਣ ਦੀ ਬਜਾਏ ਹੋਰ ਡੂੰਘੇ ਹੋ ਗਏ ਹਨ, ਕਈ ਪੀੜਤਾਂ ਨੂੰ ਪੈਨਸ਼ਨ ਤਾਂ ਮਿਲਦੀ ਹੈ ਪਰ ਬਹੁਤ ਘੱਟ ਹੁੰਦੀ ਹੈ। ਕਈਆਂ ਨੂੰ ਹਾਲੇ ਤੱਕ ਸਰਕਾਰੀ ਨੌਕਰੀ ਵੀ ਨਹੀਂ ਮਿਲੀ।
ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ। ਐਤਵਾਰ ਨੂੰ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੂੰ ਮਿਲੇ ਪੀੜਤ ਪਰਿਵਾਰਾਂ ਨੇ ਦੁੱਖਦਾਈ ਘਟਨਾਵਾਂ ਦਾ ਜ਼ਿਕਰ ਕੀਤਾ। ਸਭ ਤੋਂ ਭਿਆਨਕ ਘਟਨਾਵਾਂ ਵਿਚ ਵੀਰੋ ਦੇਵੀ ਦੇ ਪਰਿਵਾਰ ਦਾ ਕਤਲੇਆਮ ਸ਼ਾਮਲ ਹੈ। ਭਿਖੀਵਿੰਡ ਦੇ ਚੱਕ ਬੰਬੇ ਖੇਤਰ ਵਿਚ ਉਨ੍ਹਾਂ ਦੇ ਪਰਿਵਾਰ ਦੇ 10 ਵਿਅਕਤੀਆਂ ਨੂੰ ਬੰਨ੍ਹ ਕੇ ਮਾਰ ਦਿੱਤਾ ਗਿਆ ਸੀ। ਪਰਿਵਾਰ ਦੁੱਧ ਦਾ ਕੰਮ ਕਰਦਾ ਸੀ, ਪਰਿਵਾਰ ਦੀਆਂ ਸਾਰੀਆਂ ਔਰਤਾਂ ਵਿਧਵਾ ਦਾ ਸੰਤਾਪ ਭੋਗਣ ਲਈ ਮਜਬੂਰ ਹਨ। 1988 ਵਿਚ ਪਿੰਡ ਛੱਡ ਕੇ ਸ਼ਹਿਰ ਆਉਣਾ ਵੀਰੋ ਦੇਵੀ ਦੀ ਮਜਬੂਰੀ ਬਣ ਗਈ। ਬਾਅਦ ਵਿਚ ਪ੍ਰੋ. ਲਕਸ਼ਮੀ ਕਾਂਤਾ ਦੇ ਯਤਨਾਂ ਨਾਲ ਵੀਰੋ ਦੇਵੀ ਨੂੰ ਨੌਕਰੀ ਮਿਲੀ ਪਰ ਉਹ ਕਿਰਾਏ ਦੇ ਮਕਾਨ ਵਿਚ ਆਪਣੀ ਧੀ ਅਤੇ ਦੋਹਤੀ ਨਾਲ ਰਹਿੰਦੀ ਹੈ।
ਇਹੋ-ਜਿਹੀ ਦੁੱਖ ਭਰੀ ਕਹਾਣੀ ਚਮਕੌਰ ਸਿੰਘ ਦੇ ਪਰਿਵਾਰ ਦੀ ਹੈ। ਚਮਕੌਰ ਸਿੰਘ ਦੇ ਪਿਤਾ ਨੂੰ ਅੱਤਵਾਦੀਆਂ ਨੇ ਵਲਟੋਹਾ ਵਿਚ ਗੋਲੀਆਂ ਨਾਲ ਮਾਰ ਦਿੱਤਾ ਸੀ। ਮਾਤਾ ਨੂੰ ਪੈਨਸ਼ਨ ਜ਼ਰੂਰ ਮਿਲਦੀ ਹੈ ਪਰ ਪਰਿਵਾਰ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈ। ਸਰਕਾਰ ਨੇ ਉਦੋਂ ਐਲਾਨ ਕੀਤਾ ਸੀ ਕਿ ਹਰ ਪੀੜਤ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਇਹ ਵਾਅਦਾ ਕਾਗਜ਼ਾਂ ਤੱਕ ਸੀਮਤ ਹੈ। ਤਰਨਤਾਰਨ ਦੇ ਲੱਡੂ ਪਿੰਡ ਦੇ ਇੰਦਰਜੀਤ ਸਿੰਘ ਦੀ ਕਹਾਣੀ ਵੀ ਓਨੀ ਹੀ ਦਿਲ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਦੇ ਦਾਦਾ ਪਿੰਡ ਦੇ ਨੰਬਰਦਾਰ ਸਨ। ਇਕ ਮਾਮਲੇ ਵਿਚ ਸਮਝੌਤਾ ਕਰਨ ਬਾਹਰ ਗਏ ਸਨ। ਅੱਤਵਾਦੀਆਂ ਨੇ ਉਨ੍ਹਾਂ ਨੂੰ ਚੁੱਕ ਲਿਆ ਤੇ ਗੋਲੀਆਂ ਨਾਲ ਛਲਣੀ ਕਰ ਦਿੱਤਾ। ਇੰਦਰਜੀਤ ਮੁਤਾਬਕ ਉਨ੍ਹਾਂ ਦੀ ਦਾਦੀ ਨੂੰ ਅੱਜ ਵੀ ਸਿਰਫ 6 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ, ਏਨੀ ਘੱਟ ਰਕਮ ਵਿਚ ਦਵਾਈ ਤੇ ਘਰ ਦਾ ਖਰਚ ਚਲਾਉਣਾ ਅਸੰਭਵ ਹੈ, ਪਰਿਵਾਰ ਨੂੰ ਨੌਕਰੀ ਵੀ ਨਹੀਂ ਮਿਲੀ। ਡੇਹਰੀਵਾਲ ਮਹਿਤਾ ਰੋਡ ਦੇ ਅਮਰੀਕ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਛੋਟੇ ਭਰਾ ਨੂੰ ਘਰੋਂ ਕੱਢ ਕੇ ਮਾਰ ਦਿੱਤਾ ਗਿਆ, ਪਰਿਵਾਰ ਚੌਥਾ ਤੱਕ ਨਹੀਂ ਕਰ ਸਕਿਆ ਸੀ, ਉਸ ਸਮੇਂ ਘਰ ਛੱਡਣਾ ਪਿਆ। ਹਾਲੇ ਤੱਕ ਪੈਨਸ਼ਨ ਵੀ ਨਹੀਂ ਮਿਲੀ। ਡੀਜੀਪੀ ਨੂੰ ਪੱਤਰ ਲਿਖਿਆ ਤਾਂ ਫੋਨ ਆਇਆ ਪਰ ਸੁਣਵਾਈ ਅੱਜ ਤੱਕ ਨਹੀਂ ਹੋਈ। ਭਰਾ ਦੀ ਮੌਤ ਦੇ ਸਦਮੇ ਵਿਚ ਪਿਤਾ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਵੀ ਮੌਤ ਹੋ ਗਈ। ਇੱਥੇ, ਸ਼ਕੁੰਲਤਾ ਰਾਣੀ ਦਾ ਵੱਡਾ ਦੁਖਾਂਤ ਹੈ। ਉਨ੍ਹਾਂ ਦੇ ਪਤੀ ਨੂੰ ਮਾੜੀਮੇਘਾ ਵਿਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ ਤੇ ਫਿਰ ਦਿਓਰ ਨੂੰ ਚੁੱਕ ਲਿਆ ਪਰ ਉਸ ਦਾ ਅੱਜ ਤੱਕ ਪਤਾ ਨਹੀਂ ਚੱਲਿਆ।