ਜਸਵਿੰਦਰ ਸਿੰਘ ਨੇ ਆਪਣੀ ਪਤਨੀ ਅਮਰਜੀਤ ਕੌਰ ਦੀ ਮੌਜੂਦਗੀ ਵਿੱਚ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਸਿਰਫ਼ ਦੋ ਕਿੱਲੇ ਜ਼ਮੀਨ ਖੇਤੀਯੋਗ ਹੈ। ਬੱਚਿਆਂ ਦੇ ਉੱਜਵਲ ਭਵਿੱਖ ਦਾ ਸੁਪਨਾ ਲੈ ਕੇ ਸਥਾਨਕ ਏਜੰਟ ਰਾਹੀਂ ਛੇ ਲੱਖ ਰੁਪਏ ਦਾ ਕਰਜ਼ਾ ਲੈ ਕੇ ਨਵੰਬਰ 2024 ਵਿੱਚ ਹਰਵਿੰਦਰ ਸਿੰਘ ਨੂੰ ਰੂਸ ਭੇਜ ਦਿੱਤਾ।

ਧਰਮਬੀਰ ਸਿੰਘ ਮਲਹਾਰ, ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਚੰਬਾ ਕਲਾਂ ਨਿਵਾਸੀ ਕਿਸਾਨ ਜਸਵਿੰਦਰ ਸਿੰਘ ਦਾ ਪਰਿਵਾਰ ਕਈ ਦਿਨਾਂ ਤੋਂ ਚਿੰਤਾ 'ਚ ਹੈ। ਜਸਵਿੰਦਰ ਸਿੰਘ ਨੇ ਇੱਕ ਸਾਲ ਪਹਿਲਾਂ ਆਪਣੇ ਲੜਕੇ ਨੂੰ ਸਟੱਡੀ ਵੀਜ਼ੇ 'ਤੇ ਰੂਸ ਭੇਜਿਆ ਸੀ। ਤਿੰਨ ਮਹੀਨੇ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਨਵਾਂ ਵੀਜ਼ਾ ਨਹੀਂ ਮਿਲਿਆ। ਉੱਥੋਂ ਦੇ ਏਜੰਟ ਨੇ ਜਸਵਿੰਦਰ ਸਿੰਘ ਦੇ ਲੜਕੇ ਹਰਵਿੰਦਰ ਸਿੰਘ ਨੂੰ ਉੱਥੋਂ ਦੀ ਫ਼ੌਜ 'ਚ ਭਰਤੀ ਕਰਵਾ ਦਿੱਤਾ, ਜਿਸ ਤੋਂ ਬਾਅਦ ਹਰਵਿੰਦਰ ਨੂੰ ਯੂਕਰੇਨ ਭੇਜ ਦਿੱਤਾ ਗਿਆ। ਤਿੰਨ ਮਹੀਨਿਆਂ ਤੋਂ ਪੁੱਤਰ ਦਾ ਫੋਨ ਬੰਦ ਆ ਰਿਹਾ ਹੈ। ਨਾ ਹੀ ਉਸ ਦਾ ਕੋਈ ਸੁਰਾਗ ਲੱਗ ਰਿਹਾ ਹੈ।
ਜਸਵਿੰਦਰ ਸਿੰਘ ਨੇ ਆਪਣੀ ਪਤਨੀ ਅਮਰਜੀਤ ਕੌਰ ਦੀ ਮੌਜੂਦਗੀ 'ਚ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਤੇ ਇਕ ਧੀ ਹਨ। ਸਿਰਫ਼ ਦੋ ਕਿੱਲੇ ਜ਼ਮੀਨ ਖੇਤੀਯੋਗ ਹੈ। ਬੱਚਿਆਂ ਦੇ ਉੱਜਵਲ ਭਵਿੱਖ ਦਾ ਸੁਪਨਾ ਲੈ ਕੇ ਸਥਾਨਕ ਏਜੰਟ ਰਾਹੀਂ ਛੇ ਲੱਖ ਰੁਪਏ ਦਾ ਕਰਜ਼ਾ ਲੈ ਕੇ ਨਵੰਬਰ 2024 'ਚ ਹਰਵਿੰਦਰ ਸਿੰਘ ਨੂੰ ਰੂਸ ਭੇਜ ਦਿੱਤਾ।
ਉਸ ਸਮੇਂ ਏਜੰਟ ਨੇ ਭਰੋਸਾ ਦਿਵਾਇਆ ਸੀ ਕਿ ਤਿੰਨ ਮਹੀਨੇ ਦਾ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਦੁਬਾਰਾ ਵੀਜ਼ਾ ਲਗਵਾ ਦੇਵੇਗਾ, ਪਰ ਅਜਿਹਾ ਨਹੀਂ ਹੋ ਸਕਿਆ। ਜਸਵਿੰਦਰ ਸਿੰਘ ਨੇ 'ਜਾਗਰਣ ਸਮੂਹ' ਨੂੰ ਦੱਸਿਆ ਕਿ ਵੀਜ਼ਾ ਨਾ ਮਿਲਣ ਕਾਰਨ ਉਨ੍ਹਾਂ ਦਾ ਬੇਟਾ ਉੱਥੇ ਲੁਕ ਕੇ ਰਹਿਣ ਲੱਗਾ।
ਕਦੇ-ਕਦੇ ਹਰਵਿੰਦਰ ਸਿੰਘ ਫੋਨ ਕਰ ਕੇ ਦੱਸਦਾ ਕਿ ਹਫ਼ਤੇ 'ਚ ਇੱਕ-ਦੋ ਦਿਨ ਕੰਮ ਮਿਲ ਜਾਂਦਾ ਹੈ। ਜੁਲਾਈ ਮਹੀਨੇ ਰੂਸ 'ਚ ਰਹਿੰਦੇ ਇਕ ਏਜੰਟ ਨੇ ਹਰਵਿੰਦਰ ਸਿੰਘ ਨੂੰ ਇਹ ਕਹਿ ਕੇ ਰੂਸ ਦੀ ਫ਼ੌਜ 'ਚ ਭਰਤੀ ਕਰਵਾ ਦਿੱਤਾ ਕਿ ਹਰ ਮਹੀਨੇ ਢਾਈ ਲੱਖ ਰੁਪਏ ਤਨਖਾਹ ਮਿਲੇਗੀ।
ਉਸ ਸਮੇਂ ਰੂਸ ਦੀ ਫ਼ੌਜ ਨੂੰ ਰਾਸ਼ਨ ਵਗੈਰਾ ਮੁਹੱਈਆ ਕਰਵਾਉਣ ਲਈ ਭਰੋਸਾ ਦਿੱਤਾ ਗਿਆ ਸੀ। ਕਰੀਬ 15 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਹਰਵਿੰਦਰ ਸਿੰਘ ਨੂੰ ਹੋਰਨਾਂ ਨੌਜਵਾਨਾਂ ਸਮੇਤ ਅਸਲਾ ਫੜਾ ਕੇ ਫ਼ੌਜ ਨੇ ਯੂਕਰੇਨ ਭੇਜ ਦਿੱਤਾ।
ਮਾਂ ਅਮਰਜੀਤ ਕੌਰ ਨੇ ਬਿਲਕਦੇ ਹੋਏ ਦੱਸਿਆ ਕਿ ਹਰਵਿੰਦਰ ਸਿੰਘ ਦੇ ਨਾਲ ਇੱਕ ਹੋਰ ਨੌਜਵਾਨ ਵੀ ਫਲੈਟ ਵਿੱਚ ਰਹਿੰਦਾ ਸੀ। ਜਿਸ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਰੂਸ ਦੀ ਫ਼ੌਜ ਨੇ ਭਰਤੀ ਕਰ ਕੇ ਯੂਕਰੇਨ ਫਰੰਟ ਲਾਈਨ 'ਤੇ ਭੇਜ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਨੂੰ ਹਰਵਿੰਦਰ ਦਾ ਕੋਈ ਵੀ ਫੋਨ ਨਹੀਂ ਆਇਆ ਅਤੇ ਨਾ ਹੀ ਉਸਦੇ ਮੋਬਾਈਲ 'ਤੇ ਸੰਪਰਕ ਹੋ ਰਿਹਾ ਹੈ।
ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੇਟੇ ਦਾ ਸੁਰਾਗ ਲਗਵਾ ਕੇ ਵਤਨ ਵਾਪਸ ਭੇਜਿਆ ਜਾਵੇ।