ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ, ਸੰਗਤ ਨੇ ਕੀਤਾਂ ਭਰਵਾਂ ਸਵਾਗਤ
ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੰਗਤਾਂ ਨੂੰ ਲੰਗਰ ਪ੍ਰਸ਼ਾਦਿ ਵਰਤਾਉਣ ਦੀ ਕੋਈ ਮਨਾਹੀ ਨਹੀਂ ਹੈ, ਪਰ ਜਿਹੜੀਆਂ ਸੰਗਤਾਂ ਕੇਕ ਕੱਟਦੀਆਂ ਹਨ ਜਾਂ ਪੇਸਟੀ ਵਰਤਾਉਂਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਕੇਕ ਜਾਂ ਪੇਸਟੀ ਵਰਤਾਉਣ ਦੀ ਸਖਤ ਮਨਾਹੀ ਹੈ, ਇਸ ਦੀ ਥਾਂ ਕੋਈ ਹੋਰ ਪ੍ਰਸ਼ਾਦਿ ਵਰਤਾਇਆ ਜਾਵੇ।
Publish Date: Mon, 26 Jan 2026 12:17 PM (IST)
Updated Date: Mon, 26 Jan 2026 12:21 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਆਰੰਭ ਹੋਇਆ। ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਹੈ ਜੋ ਕਿ ਘੰਟਾ ਘਰ, ਸੁਲਤਾਨਵਿੰਡ ਗੇਟ, ਗੋਲਡਨ ਕਲਾਥ ਮਾਰਕਿਟ, ਸਵਰਨ ਹਾਊਸ, ਸੁਲਤਾਨਵਿੰਡ ਰੋਡ, ਤੇਜ ਨਗਰ, ਤਰਨ ਤਾਰਨ ਰੋਡ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸੰਪਨ ਹੋਵੇਗਾ। ਨਗਰ ਕੀਰਤਨ ਵਿਚ ਗੱਤਕਾ ਪਾਰਟੀਆਂ, ਬੈਂਡ ਪਾਰਟੀਆਂ, ਸ਼ਬਦ ਚੌਂਕੀ ਜਥੇ ਆਦਿ ਵੱਡੀ ਗਿਣਤੀ ਵਿਚ ਸ਼ਾਮਲ ਹਨ। ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਲਈ ਲੰਗਰ ਪ੍ਰਸ਼ਾਦਿ ਵਰਤਾਇਆ ਜਾ ਰਿਹਾ ਹੈ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੰਗਲਵਾਰ 27 ਜਨਵਰੀ ਨੂੰ ਜਨਮ ਦਿਹਾੜੇ ਵਾਲੇ ਦਿਨ ਪੈਣਗੇ, ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਜਤਿੰਦਰ ਪਾਲ ਸਿੰਘ, ਨਰਿੰਦਰ ਸਿੰਘ ਮਥਰੇਵਾਲ ਆਦਿ ਮੌਜੂਦ ਸਨ।
ਫੁੱਲਾਂ ਨਾਲ ਕੀਤੀ ਸਜਾਵਟ, ਕੇਟ ਕੱਟਣ ‘ਤੇ ਵਰਤਾਉਂਣ ਦੀ ਮਨਾਹੀ
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਫੁੱਲਾਂ ਦੀ ਮਨਮੋਹਕ ਸਜਾਵਟ ਕੀਤੀ ਗਈ ਹੈ। ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੰਗਤਾਂ ਨੂੰ ਲੰਗਰ ਪ੍ਰਸ਼ਾਦਿ ਵਰਤਾਉਣ ਦੀ ਕੋਈ ਮਨਾਹੀ ਨਹੀਂ ਹੈ, ਪਰ ਜਿਹੜੀਆਂ ਸੰਗਤਾਂ ਕੇਕ ਕੱਟਦੀਆਂ ਹਨ ਜਾਂ ਪੇਸਟੀ ਵਰਤਾਉਂਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਕੇਕ ਜਾਂ ਪੇਸਟੀ ਵਰਤਾਉਣ ਦੀ ਸਖਤ ਮਨਾਹੀ ਹੈ, ਇਸ ਦੀ ਥਾਂ ਕੋਈ ਹੋਰ ਪ੍ਰਸ਼ਾਦਿ ਵਰਤਾਇਆ ਜਾਵੇ।