MP ਔਜਲਾ ਨੇ ਕਿਹਾ ਕਿ ਖਰਾਬ ਇਨਫਰਾਸਟ੍ਰਕਚਰ, ਸਟਾਫ ਦੀ ਕਮੀ ਅਤੇ ਫਾਈਬਰ ਕਨੈਕਟਿਵਟੀ ਨਾ ਹੋਣ ਕਾਰਨ BSNL ਆਪਣੀ ਪੁਰਾਣੀ ਭਰੋਸੇਯੋਗ ਛਵੀ ਨੂੰ ਖੋ ਰਿਹਾ ਹੈ, ਜਦੋਂ ਕਿ ਪ੍ਰਾਈਵੇਟ ਕੰਪਨੀਆਂ ਅਜੇ ਵੀ ਕਈ ਸੰਵੇਦਨਸ਼ੀਲ ਪਿੰਡਾਂ ਤੱਕ ਨਹੀਂ ਪਹੁੰਚ ਸਕਦੀਆਂ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (MP Gurjit Singh Aujla) ਨੇ ਲੋਕ ਸਭਾ 'ਚ ਪੰਜਾਬ ਦੇ ਸਰਹੱਦੀ ਇਲਾਕਿਆਂ, ਖ਼ਾਸ ਕਰਕੇ ਅੰਮ੍ਰਿਤਸਰ ਬਾਰਡਰ ਬੈਲਟ ਵਿੱਚ BSNL ਦੀਆਂ ਕਮਜ਼ੋਰ ਹੋ ਰਹੀਆਂ ਸੇਵਾਵਾਂ ਦਾ ਮਾਮਲਾ ਉਠਾਇਆ। ਉਨ੍ਹਾਂ ਨੇ ਕਿਹਾ ਕਿ ਖਰਾਬ ਇਨਫਰਾਸਟ੍ਰਕਚਰ, ਸਟਾਫ ਦੀ ਕਮੀ ਅਤੇ ਫਾਈਬਰ ਕੁਨੈਕਟਿਵਿਟੀ ਨਾ ਹੋਣ ਕਾਰਨ BSNL ਆਪਣੇ ਪੁਰਾਣੇ ਭਰੋਸੇਯੋਗ ਅਕਸ ਨੂੰ ਖੋ ਰਿਹਾ ਹੈ, ਜਦੋਂ ਕਿ ਪ੍ਰਾਈਵੇਟ ਕੰਪਨੀਆਂ ਅਜੇ ਵੀ ਕਈ ਸੰਵੇਦਨਸ਼ੀਲ ਪਿੰਡਾਂ ਤੱਕ ਨਹੀਂ ਪਹੁੰਚ ਸਕਦੀਆਂ। ਔਜਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ BSNL ਨੂੰ ਮੁੜ ਮਜ਼ਬੂਤ ਕੀਤਾ ਜਾਵੇ ਤਾਂ ਜੋ ਬਾਰਡਰ ਇਲਾਕਿਆਂ ਦੇ ਲੋਕਾਂ ਨੂੰ ਭਰੋਸੇਯੋਗ ਟੈਲੀਕਾਮ ਸੇਵਾਵਾਂ ਪ੍ਰਾਪਤ ਹੋ ਸਕਣ ਅਤੇ ਇਸ ਨਾਲ ਸੁਰੱਖਿਆ ਪੱਖੋਂ ਵੀ ਇਲਾਕਾ ਮਜ਼ਬੂਤ ਰਹੇ।
ਸਰਕਾਰ ਵਲੋਂ ਜਵਾਬ ਵਿੱਚ ਕਿਹਾ ਗਿਆ ਕਿ BSNL ਦੇਸ਼–ਭਰ ਵਿੱਚ ਵੱਡੇ ਪੱਧਰ ‘ਤੇ 4G ਨੈਟਵਰਕ ਦਾ ਵਿਸਥਾਰ ਕਰ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਢਾਂਚਾ ਤੇਜ਼ੀ ਨਾਲ ਅੱਪਗ੍ਰੇਡ ਹੋ ਰਿਹਾ ਹੈ। ਅੰਮ੍ਰਿਤਸਰ ਸਮੇਤ ਬਾਰਡਰ ਜ਼ਿਲ੍ਹਿਆਂ ਵਿੱਚ ਨਵੇਂ ਟਾਵਰ ਲਗਾਏ ਗਏ ਹਨ ਅਤੇ ਭਾਰਤ ਨੈਟ ਪ੍ਰੋਜੈਕਟ ਅਧੀਨ ਪੰਜਾਬ ਦੇ ਹਜ਼ਾਰਾਂ ਪਿੰਡਾਂ ਨੂੰ ਓਪਟੀਕਲ ਫਾਈਬਰ ਨਾਲ ਜੋੜਿਆ ਜਾ ਚੁੱਕਾ ਹੈ। ਕੇਂਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੰਸ਼ੋਧਿਤ ਭਾਰਤਨੈਟ ਯੋਜਨਾ ਅਧੀਨ ਹਰ ਪਿੰਡ ਤੱਕ ਬਿਹਤਰ ਨੈਟਵਰਕ ਪਹੁੰਚਾਉਣ ਲਈ ਕੰਮ ਜਾਰੀ ਹੈ।
ਔਜਲਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ BSNL ਹੀ ਇੱਕਮਾਤਰ ਐਸੀ ਸੇਵਾ ਹੈ ਜੋ ਮਾੜੇ ਮੌਸਮ, ਸੁਰੱਖਿਆ ਚੁਣੌਤੀਆਂ ਅਤੇ ਔਖੀਆਂ ਭੂਗੋਲਕ ਸਥਿਤੀਆਂ ਵਿੱਚ ਵੀ ਲਗਾਤਾਰ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਕਾਰਗਰ ਨਹੀਂ ਹੁੰਦੀਆਂ, ਇਸ ਲਈ ਬਾਰਡਰ ਬੈਲਟ ਦੇ ਲੋਕ ਅੱਜ ਵੀ ਮੁੱਖ ਤੌਰ ‘ਤੇ BSNL ‘ਤੇ ਨਿਰਭਰ ਹਨ।
ਔਜਲਾ ਨੇ ਸਰਕਾਰ ਤੋਂ ਅਪੀਲ ਕੀਤੀ ਕਿ BSNL ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਕਰਨ ਦੇ ਨਾਲ–ਨਾਲ ਸਟਾਫ ਦੀ ਕਮੀ ਨੂੰ ਦੂਰ ਕੀਤਾ ਜਾਵੇ, ਫਾਈਬਰ ਕਨੈਕਟਿਵਟੀ ਨੂੰ ਵਧਾਇਆ ਜਾਵੇ ਅਤੇ ਬਾਰਡਰ ਪਿੰਡਾਂ ਵਿੱਚ ਨੈਟਵਰਕ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ, ਕਿਉਂਕਿ ਇੱਥੇ ਸੰਚਾਰ ਸਿਰਫ ਸਹੂਲਤ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਮੁੱਢਲੀ ਲੋੜ ਹੈ।
ਔਜਲਾ ਨੇ ਜ਼ੋਰ ਦਿੱਤਾ ਕਿ ਬਾਰਡਰ ਇਲਾਕਿਆਂ ਵਿੱਚ BSNL ਹੀ ਇੱਕੋ-ਇੱਕ ਭਰੋਸੇਯੋਗ ਓਪਰੇਟਰ ਹੈ, ਇਸ ਲਈ ਇਸਨੂੰ ਮੁੜ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ।