ਪੰਜ ਸਿੰਘ ਸਾਹਿਬਾਨ ਵੱਲੋਂ ਉਪਰੋਕਤਾਂ ਨੂੰ ਤਨਖਾਹੀਆ ਕਰਾਰ ਦਿੰਦਿਆਂ ਹੋਇਆਂ ਵੱਖ-ਵੱਖ ਧਾਰਮਿਕ ਸਜ਼ਾਵਾਂ ਲਗਾਈਆਂ ਗਈਆਂ । ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਇਨ੍ਹਾਂ ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦਾ ਵੀ ਫੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਲਿਆ ਗਿਆ ਹੈ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੋਈ। ਇਸ ਇਕੱਤਰਤਾ ਵਿਚ ਪਿਛਲੇ ਸਮੇਂ ਦਰਮਿਆਨ ਚੱਲ ਰਹੇ ਵੱਖ-ਵੱਖ ਮਾਮਲਿਆਂ ਨੂੰ ਵਿਚਾਰਿਆ ਗਿਆ।
ਜਿਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਭਾਸਾ ਵਿਭਾਗ ਪੰਜਾਬ ਦੇ ਡਾਇਰੈਕਟ ਜਸਵੰਤ ਸਿੰਘ ਤੇ ਹਰਿੰਦਰ ਸਿੰਘ ਨਿਸ਼ਕਾਮ ਸੇਵਕ ਜਥਾ ਯੂਕੇ ਪੇਸ਼ ਹੋਏ ਅਤੇ ਹੋਈਆਂ ਭੁੱਲਾਂ ਦੀ ਮਾਫੀ ਮੰਗੀ l
ਪੰਜ ਸਿੰਘ ਸਾਹਿਬਾਨ ਵੱਲੋਂ ਉਪਰੋਕਤਾਂ ਨੂੰ ਤਨਖਾਹੀਆ ਕਰਾਰ ਦਿੰਦਿਆਂ ਹੋਇਆਂ ਵੱਖ-ਵੱਖ ਧਾਰਮਿਕ ਸਜ਼ਾਵਾਂ ਲਗਾਈਆਂ ਗਈਆਂ । ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਇਨ੍ਹਾਂ ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦਾ ਵੀ ਫੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਲਿਆ ਗਿਆ ਹੈ।

ਜੀ.ਐੱਨ.ਡੀ.ਯੂ. ਦੇ ਵੀ.ਸੀ. ਕਰਮਜੀਤ ਸਿੰਘ ਨੂੰ ਧਾਰਮਿਕ ਸਜ਼ਾ
ਜੀ.ਐੱਨ.ਡੀ.ਯੂ. ਦੇ ਵੀ.ਸੀ. ਕਰਮਜੀਤ ਸਿੰਘ ਨੂੰ ਵੀ ਇਸ ਦੌਰਾਨ ਧਾਰਮਿਕ ਸਜ਼ਾ ਸੁਣਾਈ ਗਈ। ਆਰ.ਐੱਸ.ਐੱਸ. ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਵਾਇਰਲ ਹੋਈ ਵੀਡੀਓ ਲਈ ਉਨ੍ਹਾਂ ਨੇ ਮਾਫ਼ੀ ਮੰਗੀ।
ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋ ਦਿਨ ਲੰਗਰ ਹਾਲ ਵਿੱਚ ਇੱਕ ਘੰਟਾ ਜੂਠੇ ਬਰਤਨ ਸਾਫ਼ ਕਰਨ ਅਤੇ 1 ਘੰਟਾ ਜੋੜਾ ਘਰ ਵਿੱਚ ਸੇਵਾ ਕਰਨ ਦਾ ਹੁਕਮ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਕਿਤਾਬ 'ਹਮ ਹਿੰਦੂ ਨਹੀਂ' ਨੂੰ ਪੜ੍ਹਨ ਅਤੇ 500 ਕਿਤਾਬਾਂ ਸੰਗਤ ਵਿੱਚ ਵੰਡਣ ਦੇ ਆਦੇਸ਼ ਦਿੱਤੇ ਗਏ ਹਨ।
ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਨੇ ਵੀ ਮੰਗੀ ਮਾਫ਼ੀ
ਬੀਤੇ ਦਿਨੀਂ ਕਸ਼ਮੀਰ ਯੂਨੀਵਰਸਿਟੀ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਰੋਹ ਦੌਰਾਨ ਨਾਚ-ਗਾਣ ਹੋਇਆ ਸੀ। ਜਿਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਨੋਟਿਸ ਵੀ ਲਿਆ ਗਿਆ ਸੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਮਾਮਲੇ ਵਿੱਚ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ ਅਤੇ ਸਜ਼ਾ ਵੀ ਪੂਰੀ ਕਰ ਚੁੱਕੇ ਹਨ। ਇਸੇ ਦੌਰਾਨ ਅੱਜ ਪ੍ਰੋਗਰਾਮ ਦੇ ਆਯੋਜਕਾਂ ਵਿੱਚੋਂ ਪੰਜਾਬ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਵੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ।
ਜਸਵੰਤ ਸਿੰਘ ਨੇ ਇਸ ਦੌਰਾਨ ਮੰਨਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਜੰਮੂ-ਕਸ਼ਮੀਰ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਨਾਚ-ਗਾਣ ਹੋਇਆ। ਇਸ ਲਈ ਉਨ੍ਹਾਂ ਨੇ ਮਾਫ਼ੀ ਵੀ ਮੰਗੀ।
ਵਿਰਸਾ ਸਿੰਘ ਵਲਟੋਹਾ ਅਤੇ ਪ੍ਰਚਾਰਕ 'ਤੇ ਲੱਗੀ ਪਾਬੰਦੀ ਹਟੀ
ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਹਾ 'ਤੇ ਲਗਾਈ ਗਈ ਪਾਬੰਦੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ 'ਤੇ 10 ਸਾਲਾਂ ਲਈ ਅਕਾਲੀ ਦਲ ਤੋਂ ਕੱਢੇ ਜਾਣ ਦੇ ਹੁਕਮ ਹੋਏ ਸਨ।
ਮਾਫ਼ੀ ਮੰਗੇ ਜਾਣ ਤੋਂ ਬਾਅਦ ਹੁਣ ਵਲਟੋਹਾ ਤੋਂ ਉਹ ਰੋਕ ਹਟਾ ਦਿੱਤੀ ਗਈ ਹੈ। ਹਰਿੰਦਰ ਸਿੰਘ ਪ੍ਰਚਾਰਕ ਯੂ.ਕੇ. 'ਤੇ ਵੀ ਪ੍ਰਚਾਰ ਲਈ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਇਕੱਤਰਤਾ ਵਿਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਡਾਕਟਰ ਕਰਮਜੀਤ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ, ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ ਅਹਿਮ ਸੀ।