ਮਨਵੀਰ ਸਿੰਘ ਨੇ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫੀਨਾਮਾ ਭੇਜ ਕੇ ਬੇਨਤੀ ਕੀਤੀ ਸੀ ਕਿ ਪੜਤਾਲ ਕਰਨ ਵਾਲੇ ਸਿੰਘਾਂ ਨੇ ਇਕਤਰਫਾ ਫੈਸਲਾ ਕਰਦਿਆਂ ਉਸ ਨੂੰ ਦੋਸ਼ੀ ਠਹਿਰਾਇਆ ਤੇ ਪੱਖ ਨਹੀਂ ਸੁਣਿਆ ਹੈ। ਇਸ ਸਬੰਧੀ ਜਥੇਦਾਰ ਨੇ ਸ੍ਰੀ 12 ਦਸੰਬਰ 2025 ਨੂੰ ਮਾਮਲੇ ਦੀ ਨਵੇਂ ਸਿਰਿਓਂ ਨਿਰਪੱਖ ਜਾਂਚ ਲਈ ਪੰਜ ਮੈਂਬਰੀ ਕਮੇਟੀ ਨੂੰ ਜਿੰਮੇਵਾਰੀ ਸੌਂਪੀ ਸੀ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ , ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ’ਤੇ ਮਨਵੀਰ ਸਿੰਘ ਮੁੱਖ ਸੇਵਾਦਾਰ ਸਤਿਕਾਰ ਕਮੇਟੀ ਯੂਕੇ ’ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਪੱਤਰ ਵਿਚ ਲਿਖਿਆ ਹੈ ਕਿ ਮਨਵੀਰ ਸਿੰਘ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਸ਼ਿਕਾਇਤਾਂ ਪੁੱਜੀਆਂ ਸਨ ਕਿ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਂ 'ਤੇ ਕਈ ਮਰਿਆਦਾ ਵਿਹੂਣੇ ਕੰਮ ਕੀਤੇ ਹਨ। ਇਸ ਦੀ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ, ਉਸ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਮਨਵੀਰ ਸਿੰਘ ਦੋਸ਼ੀ ਪਾਇਆ ਗਿਆ ਸੀ ਤੇ ਉਸ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਦਸੰਬਰ 2022 ਨੂੰ ਪੰਜ ਸਿੰਘ ਸਹਿਬਾਨ ਨੇ ਕਾਰਵਾਈ ਕੀਤੀ ਸੀ। ਮਨਵੀਰ ਸਿੰਘ ਨੇ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫੀਨਾਮਾ ਭੇਜ ਕੇ ਬੇਨਤੀ ਕੀਤੀ ਸੀ ਕਿ ਪੜਤਾਲ ਕਰਨ ਵਾਲੇ ਸਿੰਘਾਂ ਨੇ ਇਕਤਰਫਾ ਫੈਸਲਾ ਕਰਦਿਆਂ ਉਸ ਨੂੰ ਦੋਸ਼ੀ ਠਹਿਰਾਇਆ ਤੇ ਪੱਖ ਨਹੀਂ ਸੁਣਿਆ ਹੈ। ਇਸ ਸਬੰਧੀ ਜਥੇਦਾਰ ਨੇ ਸ੍ਰੀ 12 ਦਸੰਬਰ 2025 ਨੂੰ ਮਾਮਲੇ ਦੀ ਨਵੇਂ ਸਿਰਿਓਂ ਨਿਰਪੱਖ ਜਾਂਚ ਲਈ ਪੰਜ ਮੈਂਬਰੀ ਕਮੇਟੀ ਨੂੰ ਜਿੰਮੇਵਾਰੀ ਸੌਂਪੀ ਸੀ। ਇਸ ਬਾਰੇ ਪੁੱਜੀ ਰਿਪੋਰਟ ਮੁਤਾਬਕ ਮਨਵੀਰ ਸਿੰਘ ’ਤੇ ਲੱਗੇ ਦੋਸ਼ ਬੇਬੁਨਿਆਦ ਹਨ ਪਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 6 ਦਸੰਬਰ 2022 ਵਿਚ ਜਾਰੀ ਹੋਏ ਆਦੇਸ਼ ਤਹਿਤ ਹੋਈ ਕਾਰਵਾਈ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਅਗਲੀ ਇਕੱਤਰਤਾ ਵਿਚ ਵਿਚਾਰ ਕੇ ਫੈਸਲਾ ਕੀਤਾ ਜਾਵੇਗਾ। ਬਗੀਚਾ ਸਿੰਘ ਨੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਜਥੇਦਾਰ ਵੱਲੋਂ ਆਦੇਸ਼ ਕੀਤਾ ਗਿਆ ਹੈ ਕਿ ਮਨਵੀਰ ਸਿੰਘ ਵੱਲੋਂ ਯੂਕੇ ਦੀ ਅਦਾਲਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਲੈ ਕੇ ਚੱਲਦੇ ਮੁਕੱਦਮੇ ਵਿਚ ਇਨ੍ਹਾਂ ਦਾ ਪੂਰਨ ਸਹਿਯੋਗ ਕੀਤਾ ਜਾਵੇ।
--------------------
2022 ਨੂੰ ਪੰਜ ਸਿੰਘ ਸਾਹਿਬਾਨ ਨੇ ਕੀਤਾ ਸੀ ਫੈਸਲਾ : 6 ਦਸੰਬਰ 2022 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਮਨਵੀਰ ਸਿੰਘ ਯੂਕੇ ਦਾ ਮਾਮਲਾ ਵਿਚਾਰਿਆ ਗਿਆ। ਇਸ ਨੇ ਸਤਿਕਾਰ ਕਮੇਟੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਂ 'ਤੇ ਕਈ ਮਰਿਆਦਾ ਵਿਹੂਣੇ ਕੰਮ ਕੀਤੇ ਅਤੇ ਇਨ੍ਹਾਂ ਕੰਮਾਂ ਲਈ ਸੰਗਤਾਂ ਨੂੰ ਗੁੰਮਰਾਹ ਕਰ ਕੇ ਮਾਇਆ ਇਕੱਤਰ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਦੇ ਕਾਰਜਾਂ ਦੀ ਪੜਤਾਲ ਕਰਨ ਲਈ ਪੰਜ ਸਿੰਘਾਂ ਦੀ ਸਬ-ਕਮੇਟੀ ਨੂੰ ਇਸ ਨੇ ਗਲਤ ਠਹਿਰਾਇਆ। ਇਸ ਵਿਅਕਤੀ ਨੂੰ ਤੇ ਇਸ ਦੀ ਟੀਮ ਨੂੰ ਲਿਖਤੀ ਸਮਾਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਪੇਸ਼ ਹੋ ਕੇ ਪੰਥ ਪਾਸੋਂ ਖਿਮਾ ਜਾਚਨਾ ਲਈ ਕਿਹਾ ਗਿਆ ਸੀ ਪਰ ਇਹ ਉਦੋਂ ਤੱਕ ਹਾਜਰ ਨਹੀਂ ਹੋਇਆ ਸੀ। ਇਸ ਲਈ ਸੰਗਤਾਂ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਇਸ ਨਾਲ ਕੋਈ ਵੀ ਸਹਿਯੋਗ ਨਾ ਕੀਤਾ ਜਾਵੇ। ਇਸ ਵੱਲੋਂ ਬਣਾਏ ਜਾ ਰਹੇ ਸਥਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਪ੍ਰਵਾਨ ਕਰ ਦਿੱਤਾ ਸੀ।