ਪਤੰਗ ਉਡਾਉਣ ਵਾਲੇ ਇਕ ਸ਼ੌਕੀਨ ਨੇ ਦੱਸਿਆ ਕਿ ਪੁਲਿਸ ਦੀ ਸਖ਼ਤੀ ਕਾਰਨ ਪਤੰਗ ਵਪਾਰੀ ਗੁਪਤ ਤੌਰ 'ਤੇ ਡੋਰ ਦਾ ਵਪਾਰ ਕਰ ਰਹੇ ਹਨ। ਗੇਟ ਹਕੀਮਾਂ ਅਤੇ ਬੇਰੀ ਗੇਟ ਦੇ ਨੇੜੇ ਦੋ ਦੁਕਾਨਦਾਰਾਂ ਨੂੰ ਖਾਲੀ ਪੁਰਾਣੇ ਗੱੱਟੂ ਦੇ ਕੇ ਉਨ੍ਹਾਂ ’ਤੇ ਚਾਈਨਾ ਡੋਰ ਚੜ੍ਹਵਾਈ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਪ੍ਰਸ਼ਾਸਨ ਤੋਂ ਬਚਦੇ ਹੋਏ ਘਾਤਕ ਚਾਈਨਾ ਡੋਰ ਆਨਲਾਈਨ ਵੇਚੀ ਜਾ ਰਹੀ ਹੈ। ਇਸ ਡੋਰ ਦੇ ਸ਼ੌਕੀਨ ਵਟਸਐਪ ਸੁਨੇਹੇ ਭੇਜ ਕੇ ਜਾਂ ਕਾਲ ਕਰਕੇ ਘਰ ਡਿਲੀਵਰੀ ਲਈ ਵੀ ਇਨ੍ਹਾਂ ਦਾ ਆਰਡਰ ਦੇ ਰਹੇ ਹਨ। ਇਸ ਕਾਰੋਬਾਰ ਵਿਚ ਸ਼ਾਮਲ ਲੋਕ ਲੋਹੜੀ ਅਤੇ ਮਾਘੀ ਦੌਰਾਨ ਪੈਸੇ ਕਮਾ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਲੋਹੜੀ ਵਿਚ ਇਸ ਡੋਰ ਦੀ ਵਰਤੋਂ ਘੱਟ ਹੋਵੇਗੀ, ਕਿਉਂਕਿ ਜਾਗਰੂਕਤਾ ਅਤੇ ਸਖ਼ਤੀ ਨੇ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਰੋਕਿਆ ਹੈ। ਹਾਲਾਕਿ ਸੱਚਾਈ ਕੁਝ ਹੋਰ ਹੈ। ਚਾਈਨਾ ਡੋਰ ਦੇ ਇਕ ਸਪਲਾਇਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪਿਛਲੇ ਦਸ ਦਿਨਾਂ ਵਿਚ ਉਸ ਨੇ ਸ਼ਹਿਰ ਦੇ ਅੰਦੂਰਨ ਖੇਤਰ ਵਿਚ ਦਸ ਹਜ਼ਾਰ ਤੋਂ ਵੱਧ ਗੱਟੂ ਵੇਚੇ ਹਨ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਇਸ ਸਮੇਂ ਦੋ ਸੌ ਤੋਂ ਵੱਧ ਸਪਲਾਇਰ ਸ਼ਹਿਰ ਭਰ ਵਿਚ ਇਹ ਡੋਰ ਵੇਚ ਰਹੇ ਹਨ।
ਇੱਥੋਂ ਹੋ ਰਹੀ ਹੋਮ ਡਿਲੀਵਰੀ
ਚੌਕ ਪਾਸੀਆ, ਲੋਹਗੜ੍ਹ, ਬੇਰੀ ਗੇਟ, ਖਜ਼ਾਨਾ ਗੇਟ, ਹਕੀਮਾਂ ਗੇਟ, ਕਟੜਾ ਕਰਮ ਸਿੰਘ, ਦਾਲ ਮੰਡੀ, ਲਕਸ਼ਮਣਸਰ ਚੌਕ, ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਵਾਲਾ ਦੇ ਨੇੜੇ, ਤਰਨ ਤਾਰਨ ਰੋਡ, ਸੁਲਤਾਨਵਿੰਡ ਰੋਡ, ਈਸਟ ਮੋਹਨ ਨਗਰ, ਬਾਬਾ ਸਾਹਿਬ ਚੌਕ, ਰਾਮਾਨੰਦ ਬਾਗ, ਰਾਮਬਾਗ, ਕਟੜਾ ਬੱਗੀਆਂ, ਹਾਲ ਬਜ਼ਾਰ, ਪੁਤਲੀਘਰ, ਛੇਹਰਟਾ, ਨਰਾਇਣਗੜ੍ਹ, ਮਜੀਠਾ ਰੋਡ, ਵੇਰਕਾ ਅਤੇ ਵੱਲਾ ਵਰਗੇ ਇਲਾਕਿਆਂ ਵਿਚ ਆਨਲਾਈਨ ਡੋਰ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਇਹ ਡੋਰ ਵੱਡੀ ਗਿਣਤੀ ਵਿਚ ਵੇਚੀ ਜਾ ਰਹੀ ਹੈ।
ਸਕੂਲਾਂ ਦੇ ਨੇੜੇ ਵਿਕਰੀ ਜ਼ਿਆਦਾ
ਬੱਚੇ ਅਤੇ ਨੌਜਵਾਨ ਦੋਵੇਂ ਇਸ ਗੈਰ-ਕਾਨੂੰਨੀ ਡੋਰ ਦੇ ਦੀਵਾਨੇ ਹਨ। ਡੀਲਰ ਸਕੂਲਾਂ ਅਤੇ ਕਾਲਜਾਂ ਦੇ ਨੇੜੇ ਗੁਪਤ ਢੰਗ ਨਾਲ ਕੰਮ ਕਰ ਰਹੇ ਹਨ। ਗੱਟੂ ਵੇਚਦੇ ਸਮੇਂ ਉਹ ਗ੍ਰਾਹਕਾਂ ਤੋਂ ਭਰੋਸਾ ਲੈਂਦੇ ਹਨ ਕਿ ਪੁਲਿਸ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ।
ਪੁਰਾਣੇ ਖਾਲੀ ਗੱਟੂਆਂ 'ਤੇ ਵੀ ਚੜ੍ਹਾਈ ਜਾ ਰਹੀ ਖੂਨੀ ਡੋਰ
ਪਤੰਗ ਉਡਾਉਣ ਵਾਲੇ ਇਕ ਸ਼ੌਕੀਨ ਨੇ ਦੱਸਿਆ ਕਿ ਪੁਲਿਸ ਦੀ ਸਖ਼ਤੀ ਕਾਰਨ ਪਤੰਗ ਵਪਾਰੀ ਗੁਪਤ ਤੌਰ 'ਤੇ ਡੋਰ ਦਾ ਵਪਾਰ ਕਰ ਰਹੇ ਹਨ। ਗੇਟ ਹਕੀਮਾਂ ਅਤੇ ਬੇਰੀ ਗੇਟ ਦੇ ਨੇੜੇ ਦੋ ਦੁਕਾਨਦਾਰਾਂ ਨੂੰ ਖਾਲੀ ਪੁਰਾਣੇ ਗੱੱਟੂ ਦੇ ਕੇ ਉਨ੍ਹਾਂ ’ਤੇ ਚਾਈਨਾ ਡੋਰ ਚੜ੍ਹਵਾਈ ਹੈ।
ਦਿਖਾਉਣ ਲਈ ਰੱਖੀ ਰਵਾਇਤੀ ਡੋਰ
ਸ਼ਹਿਰ ਦੇ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵਿਚ ਪ੍ਰਦਰਸ਼ਿਤ ਕਰਨ ਲਈ ਰਵਾਇਤੀ ਡੋਰ ਪਿੰਨੇ ਅਤੇ ਚਰਖੀਆਂ ਪ੍ਰਦਰਸ਼ਿਤ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਗ੍ਰਾਹਕਾਂ ਵਿਚ ਸਭ ਤੋਂ ਮਸ਼ਹੂਰ ਸਮੱਗਰੀ ਹੈ ਕਿਉਂਕਿ ਇਹ ਆਸਾਨੀ ਨਾਲ ਕੱਟਦੀ ਜਾਂ ਟੁੱਟਦੀ ਨਹੀਂ ਹੈ। ਉਹ ਗ੍ਰਾਹਕਾਂ ਦੀ ਮੰਗ ਦੇ ਅਧਾਰ 'ਤੇ ਇਸ ਨੂੰ ਗੁਪਤ ਤੌਰ 'ਤੇ ਵੇਚਦੇ ਹਨ। ਜੇਕਰ ਸ਼ੱਕ ਹੋਵੇ ਤਾਂ ਉਹ ਗ੍ਰਾਹਕ ਨੂੰ ਵਾਪਸ ਭੇਜ ਦਿੰਦੇ ਹਨ।