ਗਿਆਨੀ ਰਘਬੀਰ ਸਿੰਘ ਸੈਰ ਸਪਾਟੇ ਲਈ ਪਹੁੰਚੇ ਸਾਗਰੇਸ ਪੁਰਤਗਾਲ, ਕਿਹਾ- ਕੁਦਰਤ ਦਾ ਜੋ ਨਜ਼ਾਰਾ ਇਥੇ ਆ ਕੇ ਦੇਖਿਆ ਜੀਵਨ ਦੀ ਅਭੁੱਲ, ਅਮਿੱਟ ਯਾਦ ਹੈ
ਪਹਿਲਾਂ ਦੁਬਈ ਵਿਖੇ ਫੇਰੀ ਲਾਉਂਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਇਨੀਂ ਦਿਨੀਂ ਪੁਰਤਗਾਲ ਦੇ ਵੱਖ-ਵੱਖ ਸਥਾਨਾਂ ’ਤੇ ਸੈਰ ਸਪਾਟਾ ਕਰ ਰਹੇ ਹਨ। ਗਿਆਨੀ ਰਘਬੀਰ ਸਿੰਘ ਆਪਣੇ ਪੁਰਤਗਾਲ ਦੌਰੇ ਦੌਰਾਨ ਸੈਰ-ਸਪਾਟਾ ਸਥਾਨਾਂ ਦੀ ਵੀਡੀਓ ਵੀ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਚ ਸ਼ੇਅਰ ਕਰ ਕੇ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ।
Publish Date: Thu, 18 Dec 2025 01:08 PM (IST)
Updated Date: Thu, 18 Dec 2025 01:11 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਪਾਸੋਂ ਕੁਝ ਮਹੀਨਿਆਂ ਦੀ ਵਿਦੇਸ਼ ਜਾਣ ਲਈ ਛੁੱਟੀ ਲਈ ਸੀ। ਪਹਿਲਾਂ ਦੁਬਈ ਵਿਖੇ ਫੇਰੀ ਲਾਉਂਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਇਨੀਂ ਦਿਨੀਂ ਪੁਰਤਗਾਲ ਦੇ ਵੱਖ-ਵੱਖ ਸਥਾਨਾਂ ’ਤੇ ਸੈਰ ਸਪਾਟਾ ਕਰ ਰਹੇ ਹਨ। ਗਿਆਨੀ ਰਘਬੀਰ ਸਿੰਘ ਆਪਣੇ ਪੁਰਤਗਾਲ ਦੌਰੇ ਦੌਰਾਨ ਸੈਰ-ਸਪਾਟਾ ਸਥਾਨਾਂ ਦੀ ਵੀਡੀਓ ਵੀ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਚ ਸ਼ੇਅਰ ਕਰ ਕੇ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ। ਸਭ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਨੇ ਗੁਰਦੁਆਰਾ ਸਾਹਿਬ ਅਲਬੂਫੇਰ ਪੁਰਤਗਾਲ ਵਿਖੇ ਪਹੁੰਚ ਕੇ ਕਥਾ ਦੀ ਹਾਜ਼ਰੀ ਭਰੀ। ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਯੂਰਪ ਦੇ ਦੱਖਣੀ-ਪੱਛਮੀ ਸਿਰੇ 'ਤੇ ਸਥਿਤ ਪੁਰਤਗਾਲ ਦੇ ਸਾਗਰੇਸ ਸਮੁੰਦਰ ਕਿਨਾਰੇ ਖੜ੍ਹੇ ਹੋ ਕੇ ਵੀਡੀਓ ਸਾਂਝੀ ਕੀਤੀ। ਉਨ੍ਹਾਂ ਵੀਡੀਓ ਰਾਹੀਂ ਅਪਣਾ ਅਨੁਭਵ ਸਾਂਝਾ ਕਰਦਿਆ ਕਿਹਾ ਕਿ ਅੱਜ ਅਸੀਂ ਪੁਰਤਗਾਲ ਦੇ ਲਾਗੋਸ ਸ਼ਹਿਰ ਤੇ ਸਾਗਰੇਸ ਕਸਬਾ, ਜਿੱਥੇ ਕਿ ਵਿਗਿਆਨ ਦੀ ਖੋਜ ਮੁਤਾਬਕ ਇਸ ਤੋਂ ਅੱਗੇ ਜਿਵੇਂ ਧਰਤੀ ਖ਼ਤਮ ਹੋ ਜਾਂਦੀ ਹੈ, ‘ਐਂਡ ਆਫ ਦ ਅਰਥ’ ਇਸ ਜਗ੍ਹਾ ਦਾ ਦਿੱਤਾ ਗਿਆ ਨਾਮ ਹੈ। ਇਸ ਨੂੰ ਦੇਖਣ ਆਏ ਹਾਂ, ਕੁਦਰਤ ਦੀ ਰਚਨਾ ਉਸ ਕਰਤੇ ਦੀ ਰਚਨਾ ਹੈ। ਇੱਥੇ ਸੂਰਜ ਛਿਪਣ ਦਾ ਜਿਹੜਾ ਦ੍ਰਿਸ਼ ਹੈ, ਉਹ ਬਾਕਮਾਲ ਹੈ ਅਤੇ ਦੇਖਿਆ ਪਤਾ ਲੱਗਦਾ ਕਿ ਧਰਤੀ ਤੋਂ ਜਿਹੜਾ ਲੱਖਾ ਕਿਲੋਮੀਟਰ ਦੂਰ ਸੂਰਜ ਹੈ, ਧਰਤੀ ਤੋਂ ਸੂਰਜ ਕਿਵੇਂ ਸਮੁੰਦਰ ਦੇ ਪਾਣੀ ਪਿੱਛੇ ਸਮਾ ਜਾਂਦਾ ਹੈ, ਉਹ ਵੀ ਦ੍ਰਿਸ਼ ਦੇਖਣਯੋਗ ਹੈ, ਕਰਤੇ ਦੀ ਉਸ ਕੁਦਰਤ ਨੂੰ ਦੇਖਣ ਦਾ ਜੋ ਨਜ਼ਾਰਾ ਅੱਜ ਇਥੇ ਆ ਕੇ ਦੇਖਿਆ ਇਹ ਮੇਰੇ ਜੀਵਨ ਦੀ ਇਹ ਇਕ ਅਬੁੱਲ, ਅਮਿੱਟ ਯਾਦ ਹੈ। ਇਸ ਤੋਂ ਬਾਅਦ ਇਕ ਹੋਰ ਵੀਡੀਓ ’ਚ ਅਲਜੇਜ਼ੁਰ ਦੇ ਸੈਰ ਸਪਾਟੇ ਲਈ ਵੀ ਗਏ।