ਸੂਬੇ 'ਚ ਖ਼ੂਨੀ ਖੇਡ ਖੇਡਣ ਵਾਲੇ ਗੈਂਗਸਟਰਾਂ ਨੂੰ ਸਤਾਉਣ ਲੱਗਾ ਮੌਤ ਦਾ ਡਰ, ਖ਼ਰੀਦਣ ਲੱਗੇ ਬੁਲਟ ਪਰੂਫ ਜੈਕਟਾਂ
ਪੁਲਿਸ ਸੂਤਰਾਂ ਮੁਤਾਬਕ, ਗੈਂਗਸਟਰ ਤੋਂ ਬੁਲਟ ਪਰੂਫ ਜੈਕਟ ਮਿਲਣ ਮਗਰੋਂ ਪੁਲਿਸ ਵੀ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਵਿਚ ਆਪਣੀ ਰਣਨੀਤੀ ਬਦਲਣ ’ਤੇ ਵਿਚਾਰ ਕਰ ਰਹੀ ਹੈ। ਪੁਲਿਸ ਮੁਲਾਜ਼ਮ ਹੁਣ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਬੁਲਟ ਪਰੂਫ ਜੈਕਟਾਂ ਦਾ ਇਸਤੇਮਾਲ ਕਰਨਗੇ।
Publish Date: Mon, 24 Nov 2025 09:14 AM (IST)
Updated Date: Mon, 24 Nov 2025 09:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਦੇਸ਼ ’ਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ ’ਤੇ ਸੂਬੇ ਵਿਚ ਖ਼ੂਨੀ ਖੇਡ ਖੇਡਣ ਵਾਲੇ ਗੈਂਗਸਟਰਾਂ ਨੂੰ ਹੁਣ ਮੌਤ ਦਾ ਡਰ ਵੀ ਸਤਾਉਣ ਲੱਗਾ ਹੈ। ਇਸੇ ਕਾਰਨ ਉਹ ਬੁਲਟ ਪਰੂਫ ਜੈਕਟਾਂ ਦਾ ਇਸਤੇਮਾਲ ਕਰਨ ਲੱਗੇ ਹਨ। ਸ਼ਨਿਚਰਵਾਰ ਨੂੰ ਅੰਮ੍ਰਿਤਸਰ ਵਿਚ ਗ੍ਰਿਫ਼ਤਾਰ ਕੀਤੇ ਗਏ ਲੁੱਟਮਾਰ ਦੇ ਮੁਲਜ਼ਮ ਜੰਡਿਆਲਾ ਗੁਰੂ ਦੇ ਪਿੰਡ ਸ਼ੇਖੂਪੁਰਾ ਵਾਸੀ ਬਲਜੀਤ ਸਿੰਘ ਦੇ ਕਬਜ਼ੇ ’ਚੋਂ ਵੀ ਪੁਲਿਸ ਨੇ ਬੁਲਟ ਪਰੂਫ ਜੈਕਟ ਬਰਾਮਦ ਕੀਤੀ ਹੈ। ਹਾਲਾਂਕਿ ਏਸੀਪੀ ਗਗਨਦੀਪ ਸਿੰਘ ਨੇ ਕਿਹਾ ਕਿ ਉਸ ਤੋਂ ਕਈ ਪਹਿਲੂਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਜੈਕਟ ਉਸ ਨੇ ਵਿਦੇਸ਼ ’ਚ ਬੈਠੇ ਗੈਂਗਸਟਰ ਹੈਪੀ ਜੱਟ ਦੇ ਗੁਰਗਿਆਂ ਤੋਂ ਖੋਹੀ ਸੀ। ਜਾਂਚ ਚੱਲ ਰਹੀ ਹੈ। ਸ਼ੱਕ ਹੈ ਕਿ ਬਲਜੀਤ ਸਿੰਘ ਕੁਝ ਦਿਨ ਪਹਿਲਾਂ ਛੇਹਰਟਾ ਵਿਚ ਜੰਡਿਆਲਾ ਦੇ ਕੌਂਸਲਰ ਹਰਜਿੰਦਰ ਸਿੰਘ ਬਾਹਮਣ ਦੇ ਕਤਲ ਵਿਚ ਵੀ ਸ਼ਾਮਲ ਸੀ।
ਪੁਲਿਸ ਸੂਤਰਾਂ ਮੁਤਾਬਕ, ਗੈਂਗਸਟਰ ਤੋਂ ਬੁਲਟ ਪਰੂਫ ਜੈਕਟ ਮਿਲਣ ਮਗਰੋਂ ਪੁਲਿਸ ਵੀ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਵਿਚ ਆਪਣੀ ਰਣਨੀਤੀ ਬਦਲਣ ’ਤੇ ਵਿਚਾਰ ਕਰ ਰਹੀ ਹੈ। ਪੁਲਿਸ ਮੁਲਾਜ਼ਮ ਹੁਣ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਬੁਲਟ ਪਰੂਫ ਜੈਕਟਾਂ ਦਾ ਇਸਤੇਮਾਲ ਕਰਨਗੇ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੁਲਟ ਪਰੂਫ ਜੈਕਟ ਪਹਿਨਣ ਦਾ ਰੁਝਾਨ ਹੁਣ ਹਥਿਆਰ ਰੱਖਣ ਵਾਂਗ ਹੀ ਵਧਣ ਲੱਗਾ ਹੈ। ਗਹਿਣਾ ਕਾਰੋਬਾਰੀਆਂ ਸਮੇਤ ਕਈ ਵੱਡੇ ਕਾਰੋਬਾਰੀਆਂ ਨੇ ਆਨਲਾਈਨ ਬੁਲਟ ਪਰੂਫ ਜੈਕਟਾਂ ਖ਼ਰੀਦੀਆਂ ਹਨ। ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ 10 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦੀਆਂ ਬੁਲਟ ਪਰੂਫ ਜੈਕਟਾਂ ਵਿਕ ਰਹੀਆਂ ਹਨ।