ਅੰਮ੍ਰਿਤਸਰ 'ਚ ਕੁੱਤਾ ਬਣਿਆ ਪਰਸ ਚੋਰ ! ਦੰਦਾਂ 'ਚ ਪਰਸ ਅੜਾ ਕੇ ਦੱਬੇ ਪੈਰੀਂ ਭੱਜਦਾ ਹੋਇਆ ਆਇਆ ਨਜ਼ਰ ; ਘਟਨਾ CCTV ਕੈਮਰਿਆਂ 'ਚ ਕੈਦ
ਚਾਹ ਦੀਆਂ ਚੁਸਕੀਆਂ ਤੋਂ ਬਾਅਦ ਅਤੇ ਆਪਣੇ ਮੋਬਾਈਲ ਦੀ ਸਕਰੀਨ ਨੂੰ ਛੱਡ ਕੇ ਅੰਕੁਸ਼ ਪੈਸੇ ਦੇਣ ਲਈ ਉੱਠੇ। ਜਦੋਂ ਉਨ੍ਹਾਂ ਨੇ ਪੈਸੇ ਦੇਣ ਲਈ ਜੇਬ ਵਿੱਚ ਹੱਥ ਪਾਇਆ ਤਾਂ ਉਨ੍ਹਾਂ ਦਾ ਪਰਸ ਗਾਇਬ ਸੀ। ਉਹ ਹੈਰਾਨ ਸਨ। ਪਰਸ ਵਿੱਚ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ਾਂ ਤੋਂ ਇਲਾਵਾ, ਕ੍ਰੈਡਿਟ ਅਤੇ ਡੈਬਿਟ ਕਾਰਡ ਅਤੇ ਲਗਭਗ 5 ਹਜ਼ਾਰ ਰੁਪਏ ਵੀ ਸਨ।
Publish Date: Fri, 05 Dec 2025 05:15 PM (IST)
Updated Date: Fri, 05 Dec 2025 06:44 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਚਾਹ ਦੀ ਦੁਕਾਨ 'ਤੇ ਇਕ ਕੁੱਤੇ ਨੇ ਪਰਸ 'ਤੇ ਹੱਥ ਸਾਫ਼ ਕਰ ਦਿੱਤਾ। ਕੁੱਤੇ ਨੇ ਇੰਨੀ ਚੌਕਸੀ ਨਾਲ ਪਰਸ ਚੋਰੀ ਕੀਤਾ ਕਿ ਕਿਸੇ ਨੂੰ ਭਿਣਕ ਵੀ ਨਹੀਂ ਲੱਗੀ। ਅੰਤ ਵਿਚ ਜਦੋਂ ਪਰਸ ਮਾਲਕ ਆਪਣੇ ਮੋਬਾਈਲ ਦੀ ਸਕ੍ਰੀਨ ਛੱਡ ਕੇ ਜਾਣ ਲੱਗਾ ਤਾਂ ਉਸ ਨੂੰ ਆਪਣੇ ਪਰਸ ਦੇ ਗਾਇਬ ਹੋਣ ਬਾਰੇ ਪਤਾ ਲੱਗਿਆ। ਹਾਲਾਂਕਿ ਹੁਣ ਉਸ ਨੂੰ ਆਪਣਾ ਪਰਸ ਮਿਲ ਗਿਆ ਹੈ, ਪਰ ਇਹ ਹਰਕਤ ਹੁਣ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਪੀੜਤ ਅੰਕੁਸ਼ ਮਹਾਜਨ ਸਵੇਰੇ ਆਪਣੇ ਦੋਸਤਾਂ ਨਾਲ ਚਾਹ ਪੀਣ ਲਈ ਲਾਰੈਂਸ ਰੋਡ ਪਹੁੰਚਿਆ ਸੀ। ਉਹ ਆਪਣੇ ਦੋਸਤਾਂ ਨਾਲ ਚਾਹ ਦੀਆਂ ਚੁਸਕੀਆਂ ਲੈ ਹੀ ਰਹੇ ਸਨ ਕਿ ਉਸ ਦਾ ਪਰਸ ਜੇਬ 'ਚੋਂ ਹੇਠਾਂ ਡਿੱਗ ਗਿਆ। ਚਾਹ ਦੇ ਨਾਲ ਆਪਣੇ ਮੋਬਾਈਲ 'ਚ ਇੰਨਾ ਗੁਆਚਿਆ ਹੋਇਆ ਸੀ ਕਿ ਉਸਨੂੰ ਆਪਣਾ ਪਰਸ ਦੇ ਡਿੱਗਣ ਦਾ ਪਤਾ ਵੀ ਨਹੀਂ ਲੱਗਾ।
ਇਸੇ ਦੌਰਾਨ ਇਕ ਕੁੱਤਾ ਉੱਥੇ ਪਹੁੰਚਿਆ। ਉਸ ਨੇ ਪਰਸ ਨੂੰ ਸੁੰਘਿਆ ਤੇ ਮੂੰਹ 'ਚ ਦਬਾ ਕੇ ਉੱਥੋਂ ਚੱਲਦਾ ਬਣਿਆ। ਉਹ ਦੱਬੇ ਪੈਰੀਂ ਉੱਥੋਂ ਭੱਜਿਆ ਕਿ ਕਿਸੇ ਨੂੰ ਇਸ ਦੀ ਭਿਣਕ ਤਕ ਨਾ ਹੋਈ।
ਪੈਸੇ ਦੇਣ ਵੇਲੇ ਆਇਆ ਧਿਆਨ
ਚਾਹ ਦੀਆਂ ਚੁਸਕੀਆਂ ਤੋਂ ਬਾਅਦ ਅਤੇ ਆਪਣੇ ਮੋਬਾਈਲ ਦੀ ਸਕਰੀਨ ਨੂੰ ਛੱਡ ਕੇ ਅੰਕੁਸ਼ ਪੈਸੇ ਦੇਣ ਲਈ ਉੱਠਿਆ। ਜਦੋਂ ਉਸ ਨੇ ਪੈਸੇ ਦੇਣ ਲਈ ਜੇਬ "ਚ ਹੱਥ ਪਾਇਆ ਤਾਂ ਪਰਸ ਗਾਇਬ ਸੀ। ਉਹ ਹੈਰਾਨ ਸੀ। ਪਰਸ 'ਚ ਜ਼ਰੂਰੀ ਦਸਤਾਵੇਜ਼ਾਂ ਤੋਂ ਇਲਾਵਾ, ਕ੍ਰੈਡਿਟ ਤੇ ਡੈਬਿਟ ਕਾਰਡ ਅਤੇ ਲਗਪਗ 5 ਹਜ਼ਾਰ ਰੁਪਏ ਵੀ ਸਨ। ਉਸ ਨੂੰ ਖਿਆਲ ਆਇਆ ਕਿ ਲਾਰੈਂਸ ਰੋਡ ਆਉਣ ਵੇਲੇ ਉਸ ਨੇ ਪਰਸ ਚੈੱਕ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਉੱਥੇ ਲੱਗੇ ਸੀਸੀਟੀਵੀ ਖੰਗਾਲਣੇ ਸ਼ੁਰੂ ਕੀਤੇ।
ਸੀਸੀਟੀਵੀ ਵਿੱਚ ਸਾਫ਼ ਹੋਈ ਤਸਵੀਰ
ਸੀਸੀਟੀਵੀ 'ਚ ਸਾਫ਼ ਹੋਇਆ ਕਿ ਇਕ ਕੁੱਤਾ ਉਸ ਦਾ ਪਰਸ ਚੁੱਕ ਕੇ ਲੈ ਗਿਆ ਹੈ। ਉਹ ਕੁੱਤਾ ਪਹਿਲਾਂ ਮੁੱਖ ਸੜਕ 'ਤੇ ਗਿਆ ਤੇ ਉਸ ਤੋਂ ਬਾਅਦ ਘੁੰਮ-ਘੁਮਾ ਕੇ ਨਹਿਰੂ ਸ਼ੌਪਿੰਗ ਕੰਪਲੈਕਸ ਅੰਦਰ ਚਲਾ ਗਿਆ। ਲੋਕਾਂ ਨੇ ਪਰਸ ਲੱਭਣਾ ਸ਼ੁਰੂ ਕੀਤਾ। ਦੋ ਘੰਟੇ ਦੀ ਭਾਲ ਤੋਂ ਬਾਅਦ ਇਕ ਵਿਅਕਤੀ ਉਸਦਾ ਪਰਸ ਲੈ ਕੇ ਉੱਥੇ ਪਹੁੰਚ ਗਿਆ। ਅੰਕੁਸ਼ ਮਹਾਜਨ ਨੇ ਸੁੱਖ ਦਾ ਸਾਹ ਲਿਆ ਅਤੇ ਉਸ ਵਿਅਕਤੀ ਨੂੰ ਮਦਦ ਲਈ ₹1100 ਵੀ ਦਿੱਤੇ।