ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਿਆਂ ਨੂੰ ਫੜਣਾ ਬਣਿਆ ਚੁਣੌਤੀ, -ਪੰਜਾਬ ਪੁਲਿਸ ਦਾ ਸਾਈਬਰ ਸੈੱਲ ਕਰ ਰਿਹੈ ਜਾਂਚ
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਭਰੀ ਈਮੇਲ ਡਾਰਕ ਵੈੱਬ ਨੈੱਟਵਰਕ ਰਾਹੀਂ ਭੇਜੀ ਗਈ ਸੀ, ਜਿਸ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਚਾਰ ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਸਬੰਧੀ 23 ਈਮੇਲ ਮਿਲੇ ਸਨ ਪਰ ਪੁਲਿਸ ਅੱਜ ਤੱਕ ਮੁਲਜ਼ਮਾਂ ਦਾ ਪਤਾ ਨਹੀਂ ਲਗਾ ਸਕੀ ਹੈ।
Publish Date: Mon, 15 Dec 2025 08:27 AM (IST)
Updated Date: Mon, 15 Dec 2025 08:30 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ਹਿਰ ਦੇ ਕੁਝ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਤੀਜੇ ਦਿਨ ਵੀ ਪੁਲਿਸ ਮੁਲਜ਼ਮਾਂ ਦਾ ਪਤਾ ਨਹੀਂ ਲਗਾ ਸਕੀ ਹੈ। ਪੁਲਿਸ ਈਮੇਲ ਧਮਕੀ ਭੇਜਣ ਵਾਲੇ ਵਿਅਕਤੀ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐੱਸਐੱਸਪੀ ਸੋਹੇਲ ਮਲਿਕ ਨੇ ਕਿਹਾ ਕਿ ਸਾਈਬਰ ਸੈੱਲ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਿਹਾ ਹੈ। ਪੁਲਿਸ ਨੂੰ ਉਨ੍ਹਾਂ ਤੱਕ ਪਹੁੰਚਣ ਲਈ ਕੁਝ ਦਿਨ ਉਡੀਕ ਕਰਨੀ ਪੈ ਸਕਦੀ ਹੈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਭਰੀ ਈਮੇਲ ਡਾਰਕ ਵੈੱਬ ਨੈੱਟਵਰਕ ਰਾਹੀਂ ਭੇਜੀ ਗਈ ਸੀ, ਜਿਸ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਚਾਰ ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਸਬੰਧੀ 23 ਈਮੇਲ ਮਿਲੇ ਸਨ ਪਰ ਪੁਲਿਸ ਅੱਜ ਤੱਕ ਮੁਲਜ਼ਮਾਂ ਦਾ ਪਤਾ ਨਹੀਂ ਲਗਾ ਸਕੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਸ਼ਹਿਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਈਮੇਲ ਰਾਹੀਂ ਭੇਜੀਆਂ ਗਈਆਂ ਸਨ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ 'ਤੇ ਸ਼ਹਿਰ ਦੇ ਸਾਰੇ ਸਕੂਲ ਤੁਰੰਤ ਬੰਦ ਕਰ ਦਿੱਤੇ ਗਏ।
ਕੀ ਹੈ ਡਾਰਕ ਵੈੱਬ
ਡਾਰਕ ਵੈੱਬ ਵਿਸ਼ੇਸ਼ ਸਾਫਟਵੇਅਰ ਹੈ, ਜਿਸ ਦਾ ਆਪਣਾ ਨੈੱਟਵਰਕ ਹੈ। ਕੁਝ ਲੋਕ ਇਸ ਨੂੰ ਆਪਣੇ ਮੋਬਾਈਲ ਫੋਨ 'ਤੇ ਡਾਊਨਲੋਡ ਕਰ ਲੈਂਦੇ ਹਨ, ਇਸ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ। ਇਸ ਦੀ ਵਰਤੋਂ ਕਰਨ ਵਾਲੇ ਆਪਣੀ ਪਛਾਣ ਲੁਕਾਉਂਦੇ ਹਨ। ਇਸ ਡਾਰਕ ਵੈੱਬ ਦੀ ਵਰਤੋਂ ਜ਼ਿਆਦਾਤਰ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਸਾਈਬਰ ਅਪਰਾਧੀ ਕਰਦੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਡਾਰਕ ਵੈੱਬ ਪੁਲਿਸ ਲਈ ਚੁਣੌਤੀ ਪੈਦਾ ਕਰਨ ਜਾ ਰਿਹਾ ਹੈ।