ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਦੇ ਕਈ ਇਲਾਕਿਆਂ ਵਿਚ ਆਇਰਨ ਦੀ ਕਮੀ ਬੇਹੱਦ ਆਮ ਹੈ ਜਿਸ ਨਾਲ ਐੱਚਬੀਏ1ਸੀ ਦਾ ਪੱਧਰ ਅਸਲ ਨਾਲੋਂ ਜ਼ਿਆਦਾ ਦਿਖਾਈ ਦੇ ਸਕਦਾ ਹੈ। ਨਾਲ ਹੀ ਕੁਝ ਐਂਜ਼ਾਈਮ ਦੀ ਕਮੀ ਵਾਲੇ ਲੋਕਾਂ ਵਿਚ ਡਾਇਬਟੀਜ਼ ਦੀ ਪਛਾਣ ਕਈ ਸਾਲਾਂ ਤੱਕ ਟਲ ਸਕਦੀ ਹੈ। ਵੱਖ-ਵੱਖ ਲੈਬਾਂ ਵਿਚ ਟੈਸਟ ਦੀ ਗੁਣਵੱਤਾ ਵੀ ਇੱਕੋ ਜਿਹੀ ਨਹੀਂ ਹੁੰਦੀ ਜਿਸ ਨਾਲ ਭਰਮ ਵਧ ਸਕਦਾ ਹੈ।

ਨਵੀਂ ਦਿੱਲੀ (ਏਜੰਸੀ) : ਜੇਕਰ ਤੁਸੀਂ ਸ਼ੂਗਰ ਲਈ ਐੱਚਬੀਏ1ਸੀ ਟੈਸਟ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਭਾਰਤ ਵਰਗੇ ਦੇਸ਼ ਵਿਚ ਇਹ ਟੈਸਟ ਹਰ ਵਾਰ ਸਹੀ ਨਤੀਜਾ ਦੇਵੇਗਾ, ਇਹ ਤੈਅ ਨਹੀਂ ਹੈ। ਦਿ ਲੈਂਸੇਟ ਰੀਜਨਲ ਹੈਲਥ ਸਾਊਥਈਸਟ ਏਸ਼ੀਆ ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਰਗੇ ਦੇਸ਼ਾਂ ਵਿਚ, ਜਿੱਥੇ ਖੂਨ ਦੀ ਕਮੀ (ਅਨੀਮੀਆ) ਅਤੇ ਕੁਝ ਜਨਮਜਾਤ ਖ਼ੂਨ ਦੀਆਂ ਬਿਮਾਰੀਆਂ ਵੱਧ ਹੁੰਦੀਆਂ ਹਨ, ਉਹ ਇਸ ਟੈਸਟ ਦੀ ਰਿਪੋਰਟ ਵਿਚ ਉਤਰਾਅ-ਚੜ੍ਹਾਅ ਕਰ ਸਕਦੀਆਂ ਹਨ। ਇਸ ਕਾਰਨ ਕਈ ਵਾਰ ਸ਼ੂਗਰ ਦਾ ਪਤਾ ਲਗਾਉਣ ਵਿਚ ਚਾਰ ਸਾਲਾਂ ਤੱਕ ਦੀ ਦੇਰੀ ਹੋ ਸਕਦੀ ਹੈ। ਇਸ ਦਾ ਖਮਿਆਜ਼ਾ ਖ਼ਾਸ ਕਰ ਕੇ ਔਰਤਾਂ ਤੇ ਪਿੰਡਾਂ ਦੀ ਆਬਾਦੀ ਨੂੰ ਭੁਗਤਣਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਐੇੱਚਬੀਏ1ਸੀ ਟੈਸਟ ਤੋਂ ਪਤਾ ਲੱਗਦਾ ਹੈ ਕਿ ਪਿਛਲੇ 2–3 ਮਹੀਨਿਆਂ ਵਿਚ ਵਿਅਕਤੀ ਦਾ ਔਸਤ ਬਲੱਡ ਸ਼ੂਗਰ ਕਿੰਨਾ ਰਿਹਾ। ਆਮ ਤੌਰ ’ਤੇ 5.7 ਫ਼ੀਸਦੀ ਤੋਂ ਘੱਟ ਸਧਾਰਨ, 5.7 ਤੋਂ 6.4 ਪ੍ਰੀ-ਡਾਇਬਟੀਜ਼ ਅਤੇ 6.5 ਫ਼ੀਸਦੀ ਜਾਂ ਉਸ ਤੋਂ ਵੱਧ ਡਾਇਬਟੀਜ਼ ਮੰਨਿਆ ਜਾਂਦਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਅਨੀਮੀਆ ਜਾਂ ਖੂਨ ਨਾਲ ਜੁੜੀਆਂ ਜਨਮਜਾਤ ਬਿਮਾਰੀਆਂ ਹਨ, ਉਨ੍ਹਾਂ ਵਿਚ ਇਹ ਟੈਸਟ ਅਸਲੀ ਸ਼ੂਗਰ ਲੈਵਲ ਤੋਂ ਵੱਖਰਾ ਨਤੀਜਾ ਦੇ ਸਕਦਾ ਹੈ।
ਪ੍ਰੋਫੈਸਰ ਅਨੂਪ ਮਿਸ਼ਰਾ ਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਅਗਵਾਈ ਵਿਚ ਕੀਤੀ ਗਈ ਇਸ ਖੋਜ ਵਿਚ ਦੱਖਣੀ ਏਸ਼ੀਆ ਵਿਚ ਟਾਈਪ 2 ਡਾਇਬਟੀਜ਼ ਦੇ ਇਲਾਜ ਜਾਂ ਨਿਗਰਾਨੀ ਲਈ ਸਿਰਫ਼ ਐੱਚਬੀਏ1ਸੀ ’ਤੇ ਨਿਰਭਰਤਾ ਉੱਪਰ ਸਵਾਲ ਚੁੱਕਿਆ ਗਿਆ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਡਾਕਟਰ ਸਿਰਫ਼ ਇਸੇ ਇਕ ਟੈਸਟ ’ਤੇ ਭਰੋਸਾ ਕਰਨ ਤਾਂ ਕਈ ਮਰੀਜ਼ਾਂ ਵਿਚ ਡਾਇਬਟੀਜ਼ ਦੀ ਪਛਾਣ ਦੇਰ ਨਾਲ ਹੋ ਸਕਦੀ ਹੈ ਜਾਂ ਗ਼ਲਤ ਵੀ ਹੋ ਸਕਦੀ ਹੈ। ਲਾਲ ਲਹੂ ਕਣਾਂ ਦੀ ਉਮਰ ਤੇ ਗਿਣਤੀ ਵਿਚ ਬਦਲਾਅ ਵੀ ਰਿਪੋਰਟ ਨੂੰ ਪ੍ਰਭਾਵਿਤ ਕਰਦੇ ਹਨ।
ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਦੇ ਕਈ ਇਲਾਕਿਆਂ ਵਿਚ ਆਇਰਨ ਦੀ ਕਮੀ ਬੇਹੱਦ ਆਮ ਹੈ ਜਿਸ ਨਾਲ ਐੱਚਬੀਏ1ਸੀ ਦਾ ਪੱਧਰ ਅਸਲ ਨਾਲੋਂ ਜ਼ਿਆਦਾ ਦਿਖਾਈ ਦੇ ਸਕਦਾ ਹੈ। ਨਾਲ ਹੀ ਕੁਝ ਐਂਜ਼ਾਈਮ ਦੀ ਕਮੀ ਵਾਲੇ ਲੋਕਾਂ ਵਿਚ ਡਾਇਬਟੀਜ਼ ਦੀ ਪਛਾਣ ਕਈ ਸਾਲਾਂ ਤੱਕ ਟਲ ਸਕਦੀ ਹੈ। ਵੱਖ-ਵੱਖ ਲੈਬਾਂ ਵਿਚ ਟੈਸਟ ਦੀ ਗੁਣਵੱਤਾ ਵੀ ਇੱਕੋ ਜਿਹੀ ਨਹੀਂ ਹੁੰਦੀ ਜਿਸ ਨਾਲ ਭਰਮ ਵਧ ਸਕਦਾ ਹੈ।
ਸਿਰਫ਼ ਇੱਕੋ ਟੈਸਟ ’ਤੇ ਨਿਰਭਰ ਨਾ ਰਹੋ
ਖੋਜ ਵਿਚ ਸਲਾਹ ਦਿੱਤੀ ਗਈ ਹੈ ਕਿ ਡਾਇਬਟੀਜ਼ ਦੀ ਜਾਂਚ ਲਈ ਸਿਰਫ਼ ਇੱਕੋ ਟੈਸਟ ’ਤੇ ਨਿਰਭਰ ਨਾ ਰਹੋ। ਲੋੜ ਮੁਤਾਬਕ ਓਰਲ ਗੁਲੂਕੋਜ਼ ਟਾਲਰੈਂਸ ਟੈਸਟ, ਘਰ ’ਚ ਸ਼ੂਗਰ ਚੈੱਕ ਕਰਨਾ ਅਤੇ ਦੂਜੇ ਬਲੱਡ ਟੈਸਟ ਵੀ ਨਾਲ-ਨਾਲ ਕੀਤੇ ਜਾਣ। ਵੱਡੇ ਹਸਪਤਾਲਾਂ ਵਿਚ ਲਗਾਤਾਰ ਸ਼ੂਗਰ ਮਾਨੀਟਰ ਕਰਨ ਵਾਲੀਆਂ ਮਸ਼ੀਨਾਂ ਵਰਗੇ ਬਦਲ ਵੀ ਲਾਹੇਵੰਦ ਹੋ ਸਕਦੇ ਹਨ। ਸਿੱਟਾ ਇਹ ਹੈ ਕਿ ਜਿੱਥੇ ਅਨੀਮੀਆ ਤੇ ਖੂਨ ਨਾਲ ਜੁੜੀਆਂ ਸਮੱਸਿਆਵਾਂ ਵੱਧ ਹਨ, ਉੱਥੇ ਡਾਇਬਟੀਜ਼ ਦੀ ਸਹੀ ਪਛਾਣ ਲਈ ਕਈ ਕਿਸਮ ਦੇ ਟੈਸਟਾਂ ਨੂੰ ਮਿਲਾ ਕੇ ਦੇਖਣਾ ਜ਼ਿਆਦਾ ਸੁਰੱਖਿਅਤ ਤੇ ਭਰੋਸੇਮੰਦ ਤਰੀਕਾ ਹੈ।