Constitution Day Celebrated : ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਨੂੰ ਚਲਾਉਣ ਲਈ ਇੱਕ ਮਜ਼ਬੂਤ ਅਤੇ ਸਪੱਸ਼ਟ ਪ੍ਰਣਾਲੀ ਦੀ ਜ਼ਰੂਰਤ ਸੀ, ਜਿਸਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਸੰਵਿਧਾਨ ਸਭਾ ਨੂੰ ਦਿੱਤੀ ਗਈ ਸੀ। 2 ਸਾਲ 11 ਮਹੀਨੇ ਅਤੇ 18 ਦਿਨਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਜਦੋਂ ਇਹ ਸੰਵਿਧਾਨ ਤਿਆਰ ਹੋਇਆ, ਤਾਂ ਇਹ ਦਿਨ ਇਤਿਹਾਸ ਵਿੱਚ ਅਮਰ ਹੋ ਗਿਆ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਅਸੀਂ ਜਿਸ ਆਜ਼ਾਦੀ, ਅਧਿਕਾਰਾਂ ਤੇ ਲੋਕਤੰਤਰ 'ਤੇ ਮਾਣ ਕਰਦੇ ਹਾਂ, ਉਸ ਦੀ ਨੀਂਹ ਇਕ ਅਜਿਹੇ ਇਤਿਹਾਸਕ ਦਿਨ 'ਤੇ ਰੱਖੀ ਗਈ ਸੀ ਜਿਸ ਨੇ ਭਾਰਤ ਨੂੰ ਉਸਦੀ ਅਸਲੀ ਪਛਾਣ ਦਿੱਤੀ। ਜੀ ਹਾਂ, ਹਰ ਸਾਲ 26 ਨਵੰਬਰ ਨੂੰ ਮਨਾਇਆ ਜਾਣ ਵਾਲਾ ਸੰਵਿਧਾਨ ਦਿਵਸ (Constitution Day) ਸਿਰਫ਼ ਇਕ ਤਰੀਕ ਨਹੀਂ ਬਲਕਿ ਉਸ ਲੰਬੇ ਤੇ ਔਖੇ ਸਫ਼ਰ ਦੀ ਯਾਦ ਹੈ, ਜਦੋਂ ਦੇਸ਼ ਦੇ ਮਹਾਨ ਆਗੂਆਂ ਨੇ ਮਿਲ ਕੇ ਭਾਰਤ ਦਾ ਸੰਵਿਧਾਨ ਤਿਆਰ ਕੀਤਾ - ਇਕ ਅਜਿਹਾ ਦਸਤਾਵੇਜ਼ ਜੋ ਅੱਜ ਵੀ ਕਰੋੜਾਂ ਲੋਕਾਂ ਦੇ ਜੀਵਨ ਦਾ ਮਾਰਗਦਰਸ਼ਨ ਕਰਦਾ ਹੈ।
26 ਨਵੰਬਰ 1949 ਨੂੰ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ। ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਨੂੰ ਚਲਾਉਣ ਲਈ ਇਕ ਮਜ਼ਬੂਤ ਤੇ ਸਪੱਸ਼ਟ ਪ੍ਰਣਾਲੀ ਦੀ ਜ਼ਰੂਰਤ ਸੀ, ਜਿਸ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਸੰਵਿਧਾਨ ਸਭਾ ਨੂੰ ਦਿੱਤੀ ਗਈ ਸੀ। 2 ਸਾਲ 11 ਮਹੀਨੇ ਤੇ 18 ਦਿਨਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਜਦੋਂ ਇਹ ਸੰਵਿਧਾਨ ਤਿਆਰ ਹੋਇਆ ਤਾਂ ਇਹ ਦਿਨ ਇਤਿਹਾਸ 'ਚ ਅਮਰ ਹੋ ਗਿਆ।
ਸਾਲ 2015 'ਚ ਭਾਰਤ ਸਰਕਾਰ ਨੇ ਅਧਿਕਾਰਤ ਤੌਰ 'ਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਐਲਾਨ ਕੀਤਾ (Why is Constitution Day Celebrated on November 26th) ਤਾਂ ਜੋ ਦੇਸ਼ ਵਿਚ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ। ਇਹ ਸਾਲ ਡਾ. ਭੀਮਰਾਓ ਅੰਬੇਡਕਰ ਦੀ 125ਵੀਂ ਜੈਅੰਤੀ ਦਾ ਸਾਲ ਵੀ ਸੀ। ਜੀ ਹਾਂ, ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਸੰਵਿਧਾਨ ਨਿਰਮਾਣ 'ਚ ਕੇਂਦਰੀ ਭੂਮਿਕਾ ਨਿਭਾਈ।
ਭਾਰਤ ਦੀ ਸੰਵਿਧਾਨ ਸਭਾ 1946 'ਚ ਬਣੀ ਸੀ ਤੇ ਇਸਦੇ ਪ੍ਰਧਾਨ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਸਨ। ਸੰਵਿਧਾਨ ਦਾ ਖਰੜਾ (Draft) ਤਿਆਰ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਡਾ. ਬੀ.ਆਰ. ਅੰਬੇਡਕਰ ਦੀ ਪ੍ਰਧਾਨਗੀ ਵਾਲੀ ਡਰਾਫਟਿੰਗ ਕਮੇਟੀ ਨੂੰ ਸੌਂਪੀ ਗਈ ਸੀ।
1948 ਦੀ ਸ਼ੁਰੂਆਤ 'ਚ ਡਾ. ਅੰਬੇਡਕਰ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਕੇ ਸਭਾ ਦੇ ਸਾਹਮਣੇ ਪੇਸ਼ ਕੀਤਾ। ਕਈ ਵਿਚਾਰ-ਵਟਾਂਦਰੇ, ਸੁਝਾਵਾਂ ਤੇ ਬਹਿਸ ਤੋਂ ਬਾਅਦ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਰਸਮੀ ਤੌਰ 'ਤੇ ਸਵੀਕਾਰ ਕੀਤਾ ਗਿਆ। ਇਸ ਤੋਂ ਬਾਅਦ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਤੇ ਇਸੇ ਦਿਨ ਭਾਰਤ ਇਕ ਗਣਤੰਤਰ ਰਾਸ਼ਟਰ ਬਣਿਆ, ਜਿਸ ਦਿਨ ਨੂੰ ਅਸੀਂ ਹਰ ਸਾਲ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਾਂ।
ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਮੰਨਿਆ ਜਾਂਦਾ ਹੈ ਜਿਸਦੇ ਅੰਗਰੇਜ਼ੀ ਸੰਸਕਰਨ 'ਚ ਕਰੀਬ 1,17,360 ਸ਼ਬਦ ਸ਼ਾਮਲ ਹਨ। ਇਸਦੀ ਵਿਆਪਕਤਾ ਤੇ ਵਿਸਤ੍ਰਿਤ ਵੇਰਵਾ ਇਸਨੂੰ ਦੁਨੀਆ ਦੇ ਸਭ ਤੋਂ ਅਨੋਖੇ ਅਤੇ ਸੰਤੁਲਿਤ ਸੰਵਿਧਾਨਾਂ ਵਿੱਚ ਸਥਾਨ ਦਿੰਦਾ ਹੈ।
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ (Preamble) ਦੇਸ਼ ਨੂੰ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਪੰਥ-ਨਿਰਪੱਖ ਤੇ ਲੋਕਤੰਤਰੀ ਗਣਰਾਜ ਐਲਾਨ ਕਰਦੀ ਹੈ। ਇਸਦਾ ਉਦੇਸ਼ ਹਰ ਨਾਗਰਿਕ ਨੂੰ ਨਿਆਂ, ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ ਪ੍ਰਦਾਨ ਕਰਨਾ ਹੈ ਤਾਂ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਮਜ਼ਬੂਤ ਬਣੀ ਰਹੇ।
ਸੰਵਿਧਾਨ ਦਿਵਸ ਉਨ੍ਹਾਂ 271 ਮੈਂਬਰਾਂ ਦੀ ਮਿਹਨਤ, ਦੂਰਅੰਦੇਸ਼ੀ ਤੇ ਸਮਰਪਣ ਨੂੰ ਸਨਮਾਨ ਦੇਣ ਦਾ ਮੌਕਾ ਹੈ ਜਿਨ੍ਹਾਂ ਨੇ ਮਿਲ ਕੇ ਭਾਰਤ ਦਾ ਭਵਿੱਖ ਘੜਿਆ। ਇਹ ਸੰਵਿਧਾਨ ਕੇਵਲ ਇਕ ਕਾਨੂੰਨੀ ਦਸਤਾਵੇਜ਼ ਨਹੀਂ ਹੈ ਬਲਕਿ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਮਜ਼ਬੂਤ ਘੋਸ਼ਣਾ ਹੈ ਜਿਸਨੇ ਸਦੀਆਂ ਤੋਂ ਚੱਲੇ ਆ ਰਹੇ ਪੱਖਪਾਤ ਤੇ ਅਸਮਾਨਤਾਵਾਂ ਨੂੰ ਚੁਣੌਤੀ ਦਿੱਤੀ।
ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ਦੀ ਅਸਲੀ ਤਾਕਤ ਨਾਗਰਿਕਾਂ ਦੀ ਭਾਗੀਦਾਰੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਪਾਲਣਾ ਵਿੱਚ ਹੈ। ਸੰਵਿਧਾਨ ਦਿਵਸ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਨਾ ਸਿਰਫ਼ ਆਪਣੇ ਅਧਿਕਾਰਾਂ ਨੂੰ ਸਮਝੀਏ ਬਲਕਿ ਆਪਣੇ ਕਰਤੱਵਾਂ ਪ੍ਰਤੀ ਵੀ ਸੁਚੇਤ ਰਹੀਏ।