ਵਕਤ ਕਦੇ ਰੁਕਦਾ ਨਹੀਂ। ਇਹ ਆਪਣੀ ਰਫ਼ਤਾਰ ਚੱਲਦਾ ਰਹਿੰਦਾ ਹੈ। ਸਾਲ ਬੀਤ ਜਾਂਦਾ ਹੈ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਜਾਂਦਾ ਹੈ। ਇਸ ਵਿਚਲੇ ਅਨੁਭਵ ਹਮੇਸ਼ਾ ਸਾਡੇ ਚੇਤਿਆਂ ’ਚ ਉਕਰੇ ਰਹਿੰਦੇ ਹਨ। ਸਾਲ 2026 ਦੀਆਂ ਸੋਨ ਸੁਨਹਿਰੀ ਕਿਰਨਾਂ ਸਾਡੇ ਬੂਹਿਆਂ ’ਤੇ ਦਸਤਕ ਦੇ ਰਹੀਆਂ ਹਨ। ਸਾਲ 2025 ’ਚ ਬਹੁਤਿਆਂ ਨੇ ਜਿੱਥੇ ਕੁਝ ਹਾਸਿਲ ਕੀਤਾ, ਉੱਥੇ ਹੀ ਕਈਆਂ ਨੇ ਗੁਆਇਆ ਵੀ ਹੈ।

ਵਕਤ ਕਦੇ ਰੁਕਦਾ ਨਹੀਂ। ਇਹ ਆਪਣੀ ਰਫ਼ਤਾਰ ਚੱਲਦਾ ਰਹਿੰਦਾ ਹੈ। ਸਾਲ ਬੀਤ ਜਾਂਦਾ ਹੈ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਜਾਂਦਾ ਹੈ। ਇਸ ਵਿਚਲੇ ਅਨੁਭਵ ਹਮੇਸ਼ਾ ਸਾਡੇ ਚੇਤਿਆਂ ’ਚ ਉਕਰੇ ਰਹਿੰਦੇ ਹਨ। ਸਾਲ 2026 ਦੀਆਂ ਸੋਨ ਸੁਨਹਿਰੀ ਕਿਰਨਾਂ ਸਾਡੇ ਬੂਹਿਆਂ ’ਤੇ ਦਸਤਕ ਦੇ ਰਹੀਆਂ ਹਨ। ਸਾਲ 2025 ’ਚ ਬਹੁਤਿਆਂ ਨੇ ਜਿੱਥੇ ਕੁਝ ਹਾਸਿਲ ਕੀਤਾ, ਉੱਥੇ ਹੀ ਕਈਆਂ ਨੇ ਗੁਆਇਆ ਵੀ ਹੈ। ਕਈ ਨਾਮੀ ਹਸਤੀਆਂ ਸਾਡੇ ਕੋਲੋਂ ਸਦਾ ਲਈ ਰੁਖ਼ਸਤ ਹੋ ਗਈਆਂ। ਜੇ ਸਾਲ ਦਾ ਲੇਖਾ-ਜੋਖਾ ਕਰੀਏ ਤਾਂ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਵਾਪਰੀਆਂ, ਜਿਹੜੀਆਂ ਸਾਡੇ ਜ਼ਿਹਨ ’ਚ ਹਮੇਸ਼ਾ ਲਈ ਤਾਜ਼ਾ ਰਹਿੰਦੀਆਂ ਹਨ।
ਐੱਚਐੱਮਪੀਵੀ ਦੀ ਦਸਤਕ
ਕੋਰੋਨਾ ਦੇ ਕਹਿਰ ਤੋਂ ਬਾਅਦ 6 ਜਨਵਰੀ ਨੂੰ ਭਾਰਤ ’ਚ ਹਿਊਮਨ ਮੈਟਾਨਿਮੋਵਾਇਰਸ (ਐੱਚਐੱਮਪੀਵੀ) ਨੇ ਦਸਤਕ ਦਿੱਤੀ। ਦੇਸ਼ ’ਚ ਪੰਜ ਕੇਸ ਸਾਹਮਣੇ ਆਏ। ਵੈਸੇ ਦੁਨੀਆ ਭਰ ’ਚ ਇਹ ਵਾਇਰਸ ਕਾਫ਼ੀ ਪਹਿਲਾਂ ਤੋਂ ਮੌਜੂਦ ਸੀ।
ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ
ਗਣਤੰਤਰ ਦਿਵਸ ਵਾਲੇ ਦਿਨ ਅੰਮ੍ਰਿਤਸਰ ’ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਹਥੌੜਾ ਚਲਾਇਆ ਗਿਆ ਤੇ ਨਾਲ ਹੀ ਬੁੱਤ ਹੇਠਾਂ ਪੱਥਰ ਨਾਲ ਬਣੀ ਸੰਵਿਧਾਨ ਦੀ ਕਿਤਾਬ ਨੂੰ ਅੱਗ ਲਾਈ ਗਈ। ਘਟਨਾ ਵਾਲੀ ਥਾਂ ’ਤੇ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਨੇ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਆਕਾਸ਼ਦੀਪ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਇਸ ਘਟਨਾ ਨਾਲ ਅਨੁਸੂਚਿਤ ਸਮਾਜ ਦੇ ਲੋਕਾਂ ’ਚ ਰੋਸ ਫੈਲ ਗਿਆ ਤੇ ਉਨ੍ਹਾਂ ਰੋਸ ਵਜੋਂ ਕਈ ਸ਼ਹਿਰਾਂ ਅੰਮ੍ਰਿਤਸਰ ਸਣੇ ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਲੁਧਿਆਣਾ ਤੇ ਮੋਗਾ ਨੂੰ ਬੰਦ ਰੱਖਿਆ।
ਮਹਾਕੁੰਭ ’ਚ ਭਗਦੜ ਦੌਰਾਨ ਕਈ ਮੌਤਾਂ
ਸੰਗਮ ਦੀ ਪਾਵਨ ਧਰਤੀ ’ਤੇ ਮਹਾਕੁੰਭ ਦੇ ਸਭ ਤੋਂ ਵੱਡੇ ਅੰਮ੍ਰਿਤ ਇਸ਼ਨਾਨ ਪੁਰਬ ਮੌਨੀ ਮੱਸਿਆ ’ਤੇ 28 ਜਨਵਰੀ ਦੀ ਰਾਤ ਨੂੰ ਮਚੀ ਭਗਦੜ ਦੌਰਾਨ 30 ਲੋਕਾਂ ਦੀ ਮੌਤ ਹੋ ਗਈ ਤੇ 90 ਦੇ ਕਰੀਬ ਜ਼ਖ਼ਮੀ ਹੋ ਗਏ। ਉਸ ਦਿਨ ਅੱਧੀ ਰਾਤ ਦੇ ਕਰੀਬ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਸੰਗਮ ਕੰਢੇ ਬ੍ਰਹਮ ਮਹੂਰਤ ’ਚ ਪਾਵਨ ਸੰਗਮ ’ਚ ਪੁੰਨ ਦੀ ਡੁਬਕੀ ਲਾਉਣ ਦਾ ਇੰਤਜ਼ਾਰ ਕਰ ਰਹੇ ਸਨ। ਵੱਡੀ ਗਿਣਤੀ ’ਚ ਲੋਕ ਉੱਥੇ ਸੁੱਤੇ ਹੋਏ ਸਨ। ਇਸ ਵਿਚਾਲੇ ਭੀੜ ਦਾ ਵਾਧੂ ਦਬਾਅ ਬਣ ਗਿਆ, ਜਿਸ ਨਾਲ ਅੰਮ੍ਰਿਤ ਇਸ਼ਨਾਨ ਲਈ ਬਣਾਏ ਗਏ ਮਾਰਗ ਦੀ ਬੈਰੀਕੇਡਿੰਗ ਨੂੰ ਭੀੜ ਵੱਲੋਂ ਤੋੜ ਦਿੱਤਾ ਗਿਆ ਤੇ ਉੱਥੇ ਅਫਰਾ-ਤਫਰੀ ਮਚ ਗਈ। ਕੰਢੇ ’ਤੇ ਜਿਹੜੇ ਲੋਕ ਲੰਮੇ ਪਏ ਹੋਏ ਸਨ, ਉਹ ਦੱਬ ਹੁੰਦੇ ਗਏ। ਇਸ ਦੌਰਾਨ 30 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਗਈ।
ਅਮਰੀਕਾ ’ਚ ਸਖ਼ਤ ਕਾਰਵਾਈ
ਟਰੰਪ ਪ੍ਰਸ਼ਾਸਨ ਨੇ ਫਰਵਰੀ ਵਿਚ ਅਮਰੀਕਾ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕਾਰਵਾਈ ਸ਼ੁਰੂ ਕੀਤੀ। ਅਹਿਮ ਗੱਲ ਇਹ ਸੀ ਕਿ ਡਿਪੋਰਟ ਕੀਤੇ ਗਏ ਲੋਕਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਤੇ ਬੇੜੀਆਂ ਨਾਲ ਬੰਨ੍ਹਿਆ ਗਿਆ ਤੇ ਫ਼ੌਜੀ ਜਹਾਜ਼ਾਂ ਰਾਹੀਂ ਦੇਸ਼ ਨਿਕਾਲਾ ਦਿੱਤਾ ਗਿਆ। 2000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ, ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬ ਦੇ ਨੌਜਵਾਨਾਂ ਦੀ ਸੀ।
ਜਗਜੀਤ ਡੱਲੇਵਾਲ ਦਾ ਮਰਨ ਵਰਤ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ 131 ਦਿਨ ਪੰਜਾਬੀਆਂ ਦੀਆਂ ਧੜਕਣਾਂ ਵਧਾਈ ਰੱਖੀਆਂ। 2024 ਵਿਚ 26 ਨਵੰਬਰ ਨੂੰ ਸ਼ੁਰੂ ਹੋਇਆ ਮਰਨ ਵਰਤ 6 ਅਪ੍ਰੈਲ ਨੂੰ ਖ਼ਤਮ ਹੋਇਆ।
ਪਹਿਲਗਾਮ ਹੋਇਆ ਲਹੂ-ਲੁਹਾਣ
ਜੰਮੂ-ਕਸ਼ਮੀਰ ’ਚ ਸੁਰੱਖਿਆ ਤੇ ਭਰੋਸੇ ਦੇ ਵਾਤਾਵਰਨ ਤੋਂ ਨਿਰਾਸ਼ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਮਸ਼ਹੂਰ ਸੈਰ-ਸਪਾਟਾ ਕੇਂਦਰ ਪਹਿਲਗਾਮ ਦੇ ਬੈਸਰਨ ’ਚ ਸੈਲਾਨੀਆਂ ’ਤੇ ਬਹੁਤ ਨੇੜਿਓਂ ਗੋਲ਼ੀਆਂ ਮਾਰੀਆਂ। ਇਸ ਦੌਰਾਨ 28 ਲੋਕਾਂ ਦੀ ਮੌਤ ਹੋਈ ਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਪਿਛਲੇ ਢਾਈ ਦਹਾਕਿਆਂ ’ਚ ਇਹ ਕਸ਼ਮੀਰ ਵਿਚ ਸੈਲਾਨੀਆਂ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਪਹਿਲਗਾਮ ’ਚ ਹੋਏ ਇਸ ਅੱਤਵਾਦੀ ਹਮਲੇ ਦੀ ਅਮਰੀਕਾ, ਰੂਸ, ਫ਼ਰਾਂਸ ਤੇ ਇਜ਼ਰਾਈਲ ਸਣੇ ਦੁਨੀਆ ਦੇ ਤਾਮਾਮ ਦੇਸ਼ਾਂ ਨੇ ਨਿਖੇਧੀ ਕੀਤੀ। ਦਸ-ਪੰਦਰਾਂ ਮਿੰਟ ਤਕ ਅੱਤਵਾਦੀਆਂ ਨੇ ਖ਼ੂਨੀ ਖੇਡ ਖੇਡੀ। ਮੈਦਾਨ ’ਚ ਚਾਰੇ ਪਾਸੇ ਖ਼ੂਨ ਨਾਲ ਲਥਪਥ ਲੋਕ ਪਏ ਹੋਏ ਸਨ।
ਚਲਾਇਆ ਆਪਰੇਸ਼ਨ ਸਿੰਧੂਰ
ਪਹਿਲਗਾਮ ਕਤਲੇਆਮ ਤੋਂ 15 ਦਿਨਾਂ ਬਾਅਦ 6 ਮਈ ਨੂੰ ਰਾਤ ਕਰੀਬ 1.44 ਵਜੇ ਭਾਰਤ ਨੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ’ਚ ਕਥਿਤ ਅੱਤਵਾਦੀਆਂ ਟਿਕਾਣਿਆਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ 23 ਲਸ਼ਕਰ ਅੱਤਵਾਦੀ ਮਾਰੇ ਗਏ। ਭਾਰਤ ਨੇ ਇਸ ਨੂੰ ਆਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਅੱਤਵਾਦੀ ਹਮਲੇ ਦੇ ਦੋਸ਼ੀ ਤੇ ਉਸ ਦੇ ਸਮਰਥਕ ਬਖਸ਼ੇ ਨਹੀਂ ਜਾਣਗੇ। ਇਹ ਕਦਮ ਪਹਿਲਗਾਮ ’ਚ ਹੋਏ ਵਹਿਸ਼ੀ ਕਤਲੇਆਮ ਦੇ ਮੱਦੇਨਜ਼ਰ ਚੁੱਕਿਆ ਗਿਆ।
ਬੈਂਗਲੁਰੂ ’ਚ ਸਟੇਡੀਅਮ ਦੇ ਬਾਹਰ ਮਚੀ ਭਗਦੜ
ਆਰਸੀਬੀ ਵੱਲੋਂ ਪਹਿਲੀ ਵਾਰ ਆਈਪੀਐੱਲ ਦਾ ਖ਼ਿਤਾਬ ਜਿੱਤਣ ਦੇ ਜਸ਼ਨ ’ਚ ਸ਼ਾਮਿਲ ਹੋਣ ਲਈ 4 ਜੂਨ ਨੂੰ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਪ੍ਰਸ਼ੰਸਕਾਂ ਦੇ ਆਉਣ ਤੋਂ ਬਾਅਦ ਮਚੀ ਭਗਦੜ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ। ਸਟੇਡੀਅਮ ਅੰਦਰ ਜਸ਼ਨ ਚੱਲ ਰਿਹਾ ਸੀ ਤੇ ਇਹ ਪ੍ਰਸ਼ੰਸਕ ਟੀਮ ਦੀ ਇਕ ਝਲਕ ਪਾਉਣ ਲਈ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ, ਜਿਨ੍ਹਾਂ ’ਤੇ ਪੁਲਿਸ ਕੰਟਰੋਲ ਨਾ ਰੱਖ ਸਕੀ। ਇਸ ਲਈ ਹਲਕਾ ਬਲ ਪ੍ਰਯੋਗ ਕਰਨਾ ਪਿਆ। ਇਹ ਪ੍ਰਸ਼ੰਸਕ ਸਟੇਡੀਅਮ ਦੇ ਅੰਦਰ ਵੜਨ ਦੀ ਕੋਸ਼ਿਸ਼ ’ਚ ਐਂਟਰੀ ਗੇਟ ਦੇ ਬਾਹਰ ਹੀ ਭਗਦੜ ਦੇ ਸ਼ਿਕਾਰ ਹੋ ਗਏ।
ਏਅਰ ਇੰਡੀਆ ਜਹਾਜ਼ ਹਾਦਸਾ
12 ਜੂਨ ਨੂੰ ਏਅਰ ਇੰਡੀਆ ਦੀ ਫਲਾਈਟ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਨ ਤੋਂ 32 ਸਕਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਦੌਰਾਨ 242 ਯਾਤਰੀਆਂ ਤੇ ਚਾਲਕ ਦਲ ਵਿੱਚੋਂ ਸਿਰਫ਼ ਇਕ ਯਾਤਰੀ ਹੀ ਬਚਿਆ।
ਹੜ੍ਹਾਂ ਨੇ ਰੋਕੀ ਜ਼ਿੰਦਗੀ
ਅਗਸਤ ਮਹੀਨੇ ਪੰਜਾਬ ’ਚ ਆਏ ਹੜ੍ਹਾਂ ਦੇ ਕਹਿਰ ਨੇ ਇਕ ਵਾਰ ਜ਼ਿੰਦਗੀ ਰੋਕ ਜ਼ਿੰਦਗੀ ਦਿੱਤੀ। ਇਸ ਕਹਿਰ ਦੌਰਾਨ 13 ਜ਼ਿਲ੍ਹਿਆਂ ਦੇ ਲਗਪਗ 1400 ਪਿੰਡ ਪ੍ਰਭਾਵਿਤ ਹੋਏ। ਇਸ ਦੌਰਾਨ ਕਈ ਮਨੁੱਖੀ ਜਾਨਾਂ, ਪਸ਼ੂ ਤੇ ਹਜ਼ਾਰਾਂ ਏਕੜ ਫ਼ਸਲ ਤੇ ਘਰ ਪਾਣੀ ’ਚ ਵਹਿ ਗਏ।
ਨੇਪਾਲ ’ਚ ਤਖ਼ਤਾ ਪਲਟ
ਇਸ ਸਾਲ ਨੇਪਾਲ ’ਚ ਤਖ਼ਤਾ ਪਲਟ ਵੀ ਹੋਇਆ। ਸਤੰਬਰ ’ਚ ਨੇਪਾਲ ਵਿਚ ਸੋਸ਼ਲ ਮੀਡੀਆ ’ਤੇ ਪਾਬੰਦੀ ਤੋਂ ਬਾਅਦ ਨੌਜਵਾਨਾਂ ਖ਼ਾਸ ਕਰਕੇ Gen-Z ਨੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵਿਰੁੱਧ ਪ੍ਰਦਰਸ਼ਨ ਕੀਤਾ। ਹਿੰਸਾ ਵੱਧ ਗਈ, ਨਤੀਜੇ ਵਜੋਂ 76 ਲੋਕਾਂ ਦੀ ਮੌਤ ਹੋਈ। 9 ਸਤੰਬਰ ਨੂੰ ਜ਼ੈਨ ਜੀ ਦੀ ਜਥੇਬੰਦੀ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਦੇ ਅਸਤੀਫ਼ੇ ਤੋਂ ਬਾਅਦ ਸੁਸ਼ੀਲਾ ਕਾਰਕੀ ਨੂੰ ਉਥੋਂ ਦੀ ਅੰਤ੍ਰਿੰਗ ਪ੍ਰਧਾਨ ਮੰਤਰੀ ਐਲਾਨਿਆ।
ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਧਮਾਕਾ
ਦੇਸ਼ ’ਚ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਲਈ ਚਲਾਈ ਜਾ ਰਹੀ ਮੁਹਿੰਮ ਵਿਚਾਲੇ 10 ਨਵੰਬਰ ਨੂੰ ਰਾਜਧਾਨੀ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਲਾਗੇ ਖੜ੍ਹੀ ਆਈ-20 ਕਾਰ ਵਿਚ ਧਮਾਕਾ ਹੋਇਆ। ਧਮਾਕੇ ਦੀ ਲਪੇਟ ’ਚ ਆਉਣ ਨਾਲ ਲਾਗਿਓਂ ਲੰਘਣ ਵਾਲੇ ਛੇ ਵਾਹਨਾਂ ਦੇ ਪਰਖੱਚੇ ਉੱਡ ਗਏ ਤੇ 20 ਤੋਂ ਵੱਧ ਵਾਹਨ ਨੁਕਸਾਨੇ ਗਏ। ਇਸ ਧਮਾਕੇ ’ਚ ਨੌਂ ਵਿਅਕਤੀਆਂ ਦੀ ਮੌਤ ਹੋਈ ਤੇ 20 ਵਿਅਕਤੀ ਜ਼ਖ਼ਮੀ ਹੋ ਗਏ।
ਪੰਜਾਬ ਯੂਨੀਵਰਸਿਟੀ ’ਚ ਨਾਅਰੇਬਾਜ਼ੀ
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣ ਦੀ ਤਰੀਕ ਦਾ ਐਲਾਨ ਕਰਵਾਉਣ ਲਈ ਮੁਜ਼ਾਹਰਾਕਾਰੀ 10 ਨਵੰਬਰ ਨੂੰ ਪੁਲਿਸ ’ਤੇ ਭਾਰੀ ਪੈ ਗਏ। ਯੂਨੀਵਰਸਿਟੀ ਦੇ ਤਿੰਨਾਂ ਗੇਟਾਂ ਤੇ ਪੁਲਸ ਬਲ ਦੀ ਭਾਰੀ ਤਾਇਨਾਤੀ ਸੀ। ਪੁਲਿਸ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ। ਮੁਜ਼ਾਹਰੇ ਦੀ ਅਗਵਾਈ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਹ ਲੜਾਈ ਪੀਯੂ ਦੀ ਨਹੀਂ, ਇਹ ਪੰਜਾਬ ਦੀ ਲੜਾਈ ਬਣ ਗਈ ਹੈ। ਸਾਰਿਆਂ ਨੇ ਕੇਂਦਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਭਾਜਪਾ ਜਾਂ ਆਰਐੱਸਐੱਸ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ। ਪੀਯੂ ਸਿਰਫ਼ ਯੂਨੀਵਰਸਿਟੀ ਨਹੀਂ ਸਗੋਂ ਪੰਜਾਬ ਦੀ ਵਿਰਾਸਤ ਹੈ। ਆਖ਼ਰ ਵਿਰੋਧ ਦੇ ਚੱਲਦਿਆਂ ਕੇਂਦਰ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ।
ਤਰਨਤਾਰਨ ਜ਼ਿਮਨੀ ਚੋਣ ’ਚ ਆਪ ਦੀ ਜਿੱਤ
ਵਿਧਾਨ ਸਭਾ ਦੇ ਪੰਥਕ ਹਲਕੇ ਤਰਨਤਾਰਨ ਦੀ ਜ਼ਿਮਨੀ ਚੋਣ ’ਚ 14 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਿਲ ਕੀਤੀ। ਉਨ੍ਹਾਂ ਆਪਣੀ ਅਕਾਲੀ ਦਲ ਦੀ ਵਿਰੋਧੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਵੱਡੇ ਫ਼ਰਕ ਨਾਲ ਹਰਾਇਆ।
ਬਿਹਾਰ ’ਚ ਭਾਜਪਾ ਬਣੀ ਵੱਡੀ ਪਾਰਟੀ
ਚੋਣ ਪੰਡਿਤਾਂ ਤੇ ਸਿਆਸੀ ਰਣਨੀਤੀਕਾਰਾਂ ਦੇ ਸਾਰੇ ਅਨੁਮਾਨਾਂ ਤੇ ਕਿਆਸਾਂ ਨੂੰ ਗ਼ਲਤ ਕਰਾਰ ਦਿੰਦਿਆਂ 14 ਨਵੰਬਰ ਨੂੰ ਬਿਹਾਰ ਦੀ ਜਨਤਾ ਨੇ ਪ੍ਰਚੰਡ ਲੋਕ ਫਤਵਾ ਦਿੱਤਾ। ਬਿਹਾਰ ਦੇ ਇਤਿਹਾਸਕ ਲੋਕ ਫਤਵੇ ਨਾਲ ਐੱਨਡੀਏ ਦੀ ਅਜਿਹੀ ਹਨੇਰੀ ਚੱਲੀ, ਜਿਸ ਵਿਚ ਮਹਾਗਠਬੰਧਨ ਉੱਡ ਗਿਆ। 2010 ’ਚ ਜੇਡੀਯੂ ਸਭ ਤੋਂ ਵੱਡੀ ਪਾਰਟੀ ਸੀ। ਇਸ ਵਾਰ 89 ਸੀਟਾਂ ਜਿੱਤ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਜੇਡੀਯੂ ਨੂੰ 85 ਸੀਟਾਂ ਮਿਲੀਆ। ਮਹਾਗਠਬੰਧਨ 35 ਸੀਟਾਂ ’ਤੇ ਹੀ ਸਿਮਟ ਗਿਆ ਤੇ ਕਾਂਗਰਸ ਨੂੰ ਸਿਰਫ਼ ਛੇ ਸੀਟਾਂ ਮਿਲੀਆਂ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਰਿਕਾਰਡ ਤੋੜ ਮਤਦਾਨ (67.13 ਫ਼ੀਸਦੀ) ਨੇ ਸਿਆਸੀ ਖੇਮਿਆਂ ’ਚ ਹਲਚਲ ਵੀ ਪੈਦਾ ਕੀਤੀ।
ਸ਼ੇਖ਼ ਹਸੀਨਾ ਨੂੰ ਸਜ਼ਾ-ਏ-ਮੌਤ
ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਉਥੋਂ ਦੀ ਅਦਾਲਤ ਨੇ 17 ਨਵੰਬਰ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਕਈ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਕਿ ਸ਼ੇਖ ਹਸੀਨਾ ਨੇ ਪ੍ਰਦਰਸ਼ਨਕਾਰੀਆਂ ’ਤੇ ਹਮਲੇ ਦਾ ਆਦੇਸ਼ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ।
ਸ਼ਰਧਾਪੂਰਵਕ ਮਨਾਇਆ 350 ਸਾਲਾ ਸ਼ਹੀਦੀ ਦਿਵਸ
ਨਵੰਬਰ ’ਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਅੰਤਰ-ਰਾਸ਼ਟਰੀ ਪੱਧਰ ’ਤੇ ਮਨਾਇਆ ਗਿਆ। ਇਸ ਦੌਰਾਨ ਇਤਿਹਾਸ ’ਚ ਪਹਿਲੀ ਵਾਰ ਸੂਬੇ ’ਚ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ’ਚ ਕੋਈ ਇਜਲਾਸ ਬੁਲਾਇਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ਼ਹਿਰਾਂ ਨੂੰ ਪੰਜਾਬ ਸਰਕਾਰ ਨੇ ਪਵਿੱਤਰ ਐਲਾਨਿਆ।
ਗੋਆ ਦੇ ਨਾਈਟ ਕਲੱਬ ’ਚ 25 ਮੌਤਾਂ
ਉੱਤਰੀ ਗੋਆ ਦੇ ਅਰਪੋਰਾ-ਨਾਗੋਆ ’ਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਜਾਨ ਚਲੇ ਗਈ। ਮ੍ਰਿਤਕਾਂ ’ਚ ਚਾਰ ਸੈਲਾਨੀ ਤੇ 14 ਮੁਲਾਜ਼ਮ ਸ਼ਾਮਿਲ ਸਨ, ਜਦੋਂਕਿ ਸੱਤ ਜਣਿਆਂ ਦੀ ਪਛਾਣ ਨਾ ਹੋ ਸਕੀ। ਪੁਲਿਸ ਨੇ ਸ਼ੁਰੂ ’ਚ ਸਿਲੰਡਰ ਵਿਚ ਧਮਾਕੇ ਦੀ ਗੱਲ ਕਹੀ ਸੀ।
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ ’ਚ ਸਕੂਲਾਂ ਨੂੰ ਧਮਕੀ ਦੇਣ ਤੋਂ ਬਾਅਦ 12 ਦਸੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਅੱਠ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਸਵੇਰੇ 8.30 ਕੁ ਵਜੇ ਸਕੂਲ ਨੂੰ ਧਮਕੀ ਭਰੀ ਈਮੇਲ ਭੇਜੀ ਗਈ, ਜਿਸ ’ਚ ਲਿਖਿਆ ਗਿਆ ਸੀ ਕਿ ਦੁਪਿਹਰ 1.11 ਵਜੇ ਤੋਂ ਬਾਅਦ ਇਕ-ਇਕ ਕਰਕੇ ਸਾਰੇ ਸਕੂਲਾਂ ਨੂੰ ਉਡਾ ਦਿੱਤਾ ਜੇਵਗਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਫੌਰੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ। ਇਸ ਤੋਂ ਕੁਝ ਦਿਨਾਂ ਬਾਅਦ ਜਲੰਧਰ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਭੇਜੀ ਗਈ। ਫਿਰ ਪਟਿਆਲਾ ’ਚ ਵੀ ਅਜਿਹੀ ਈਮੇਲ ਭੇਜੀ ਗਈ।
ਸੋਹਾਣਾ ’ਚ ਕਬੱਡੀ ਮੈਚ ਦੌਰਾਨ ਫਾਇਰਿੰਗ
ਮੋਹਾਲੀ ਜ਼ਿਲ੍ਹੇ ਦੇ ਪਿੰਡ ਸੋਹਾਣਾ ਵਿਖੇ 15 ਦਸੰਬਰ ਨੂੰ ਹੋ ਰਹੇ ਕਬੱਡੀ ਮੈਚ ਦੌਰਾਨ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਅਚਾਨਕ ਗੋਲ਼ੀਬਾਰੀ ਹੋਈ। ਪ੍ਰਸ਼ੰਸਕ ਬਣ ਕੇ ਆਏ ਤਿੰਨ ਨੌਜਵਾਨਾਂ ਨੇ ਸੈਲਫੀ ਲੈਣ ਬਹਾਨੇ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਪੋਸਟ ਪਾ ਕੇ ਬੰਬੀਹਾ ਗੈਂਗ ਨੇ ਬਲਾਚੌਰੀਆ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਦੱਸਿਆ।
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਆਪ ਦਾ ਸ਼ਾਨਦਾਰ ਪ੍ਰਦਰਸ਼ਨ
ਸੂਬੇ ’ਚ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਗਏ। ਇਨ੍ਹਾਂ ’ਚ ਆਪ ਪਹਿਲੇ ਨੰਬਰ, ਕਾਂਗਰਸ ਦੂਜੇ ਤੇ ਅਕਾਲੀ ਦਲ ਤੀਜੇ ਸਥਾਨ ’ਤੇ ਰਿਹਾ। ਆਪਣੇ ਦਮ ’ਤੇ ਚੋਣਾਂ ਜਿੱਤਣ ਵਾਲੀ ਭਾਜਪਾ 29 ਸੀਟਾਂ ਹੀ ਜਿੱਤ ਸਕੀ।
ਗ੍ਰਿਫ਼ਤਾਰੀਆਂ ਤੇ ਅਸਤੀਫ਼ੇ
ਕੈਨੇਡਾ ਦੀ ਸਿਆਸਤ ’ਚ ਭੂਚਾਲ
ਸਾਲ ਦੇ ਸ਼ੁਰੂਆਤੀ ਹਫ਼ਤੇ ’ਚ ਕੈਨੇਡਾ ਦੀ ਸਿਆਸਤ ’ਚ ਉਸ ਸਮੇਂ ਭੂਚਾਲ ਆ ਗਿਆ, ਜਦੋਂ ਜਸਟਿਨ ਟਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨਾਲ ਹੀ ਲਿਬਰਲ ਪਾਰਟੀ ਦੀ ਪ੍ਰਧਾਨਗੀ ਵੀ ਛੱਡ ਦਿੱਤੀ। ਉਸ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੇ ਰੂਪ ’ਚ ਹਰ ਦਿਨ ਸੇਵਾ ਕਰਨਾ ਉਸ ਲਈ ਮਾਣ ਵਾਲੀ ਗੱਲ ਰਹੀ। ਸਾਲ 2013 ’ਚ ਉਹ ਪਹਿਲੀ ਵਾਰ ਲਿਬਰਲ ਲੀਡਰ ਚੁਣੇ ਗਏ ਤੇ 2015 ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ। ਲਿਬਰਲਾਂ ਦੀ ਘੱਟ ਹੀ ਹਰਮਨਪਿਆਰਤਾ ਨੂੰ ਲੈ ਕੇ ਟਰੂਡੋ ਤੇ ਪਾਰਟੀ ਮੈਂਬਰਾਂ ’ਤੇ ਲਗਾਤਾਰ ਅਸਤੀਫ਼ਾ ਦੇਣ ਦਾ ਦਬਾਅ ਵੱਧ ਰਿਹਾ ਸੀ। ਇਸ ਕਾਰਨ ਟਰੂਡੋ ਨੂੰ ਪਾਰਟੀ ਦੀ ਲੀਡਰਸ਼ਿਪ ਦਾ ਅਹੁਦਾ ਛੱਡਣ ਦਾ ਐਲਾਨ ਕਰਨਾ ਪਿਆ। ਜਦੋਂ ਵੀ ਕਿਤੇ ਕੈਨੇਡਾ ’ਚ ਇਹੋ ਜਿਹੀ ਆਫ਼ਤ ਆਉਂਦੀ ਹੈ ਤਾਂ ਉੱਥੇ ਪੰਜਾਬੀਆਂ ਦੀ ਬਹੁਗਿਣਤੀ ਹੋਣ ਕਰਕੇ ਸਭ ਤੋਂ ਵੱਧ ਅਸਰ ਉਨ੍ਹਾਂ ’ਤੇ ਹੀ ਪੈਂਦਾ ਹੈ।
ਸੁਖਬੀਰ ਬਾਦਲ ਦਾ ਅਸਤੀਫ਼ਾ
10 ਜਨਵਰੀ ਨੂੰ ਲੰਬੀ ਜੱਦੋਜਹਿਦ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪਾਰਟੀ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਵਾ ਲਿਆ ਸੀ। ਉਹ 2008 ’ਚ ਪਾਰਟੀ ਦੇ ਪ੍ਰਧਾਨ ਬਣੇ ਸਨ। ਪਾਰਟੀ ਹਰ ਪੰਜ ਸਾਲਾਂ ਬਾਅਦ ਆਪਣਾ ਨਵਾਂ ਢਾਂਚਾ ਬਣਾਉਂਦੀ ਹੈ ਪਰ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ ਕਿ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਹੋਵੇ। ਤਿੰਨ ਦਹਾਕਿਆਂ ਦੀ ਸਿਆਸਤ ’ਚ ਬਾਦਲ ਪਰਿਵਾਰ ਸਾਹਮਣੇ ਇਹ ਪਹਿਲਾ ਮੌਕਾ ਸੀ, ਜਦੋਂ ਉਨ੍ਹਾਂ ਦਾ ਪਾਰਟੀ ’ਤੇ ਕਬਜ਼ਾ ਨਹੀਂ ਰਿਹਾ।
ਮੁੜ ਬਣੇ ਪ੍ਰਧਾਨ
12 ਅਪ੍ਰੈਲ ਨੂੰ ਐੱਸਜੀਪੀਸੀ ਹੈੱਡਕੁਆਰਟਰ ’ਚ ਹੋਈ ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਇਕ ਵਾਰ ਫਿਰ ਸੁਖਬੀਰ ਬਾਦਲ ਦੇ ਹੱਥ ਆਈ। ਉਨ੍ਹਾਂ ਨੂੰ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਆਗੂ ਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ। ਡੈਲੀਗੇਟਾਂ ਵੱਲੋਂ ਕਿਸੇ ਹੋਰ ਉਮੀਦਵਾਰ ਦਾ ਨਾਂ ਪੇਸ਼ ਨਹੀਂ ਕੀਤਾ ਗਿਆ ਸੀ, ਜਿਸ ਮਗਰੋਂ ਪਾਰਟੀ ਦੇ ਮੁੱਖ ਚੋਣ ਅਫ਼ਸਰ ਗੁਲਜ਼ਾਰ ਸਿੰਘ ਰਣੀਕੇ ਨੇ ਜੈਕਾਰਿਆਂ ਦੀ ਗੂੰਜ ’ਚ ਸੁਖਬੀਰ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਐਲਾਨਿਆ। ਪ੍ਰਧਾਨਗੀ ਸੰਭਲਾਣ ਤੋਂ ਬਾਅਦ ਉਨ੍ਹਾਂ ਆਪਣੇ ਸੰਬੋਧਨ ’ਚ ਸੱਦਾ ਦਿੱਤਾ ਕਿ ਪੰਜਾਬ ’ਚ 2027 ਵਿਚ ਅਕਾਲੀ ਦਲ ਦੀ ਮੁੜ ਸਰਕਾਰ ਬਣਾਉਣ ਲਈ ਵਰਕਰ ਪੂਰੀ ਮਿਹਨਤ ਤੇ ਲਗਨ ਨਾਲ ਜੁਟ ਜਾਣ।
ਅਮਰੀਕਾ ’ਚ ਮੁੜ ਟਰੰਪ ਰਾਜ
ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਸੱਤਾ ਸੰਭਾਲੀ। ਉਨ੍ਹਾਂ ਨੇ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਕ ਵਾਰ ਚੋਣ ਹਾਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਟਰੰਪ ਅਮਰੀਕਾ ਦੇ ਦੂਸਰੇ ਰਾਸ਼ਟਰਪਤੀ ਹਨ। ਸਹੁੰ ਚੁੱਕਣ ਮਗਰੋਂ ਉਨ੍ਹਾਂ ਕਿਹਾ ਕਿ ਸਾਡੀ ਨੀਤੀ ਅਮਰੀਕਾ ਫਰਸਟ ਹੋਵੇਗੀ। ਦੁਨੀਆ ਅਮਰੀਕਾ ਦੀ ਵਰਤੋਂ ਨਹੀਂ ਕਰ ਸਕੇਗੀ। ਉਨ੍ਹਾਂ ਨੇ ਭ੍ਰਿਸ਼ਟਾਚਾਰ, ਮਹਿੰਗਾਈ ਖ਼ਤਮ ਕਰਨ ਦਾ ਵਾਅਦਾ ਕਰਨ ਦੇ ਨਾਲ-ਨਾਲ ਕਿਹਾ ਕਿ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ’ਚ ਰਹਿ ਰਹੇ ਪ੍ਰਵਾਸੀਆਂ ਨੂੰ ਕੱਢਣ ਦੀ ਮੁਹਿੰਮ ਵੀ ਚਲਾਈ ਜਾਵੇਗੀ।
ਗਿਆਨੀ ਹਰਪ੍ਰੀਤ ਸਿੰਘ ਦੀ ਪੱਕੀ ਛੁੱਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਫਰਵਰੀ ਨੂੰ ਜਥੇਦਾਰ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖ਼ਤਮ ਕਰ ਦਿੱਤੀਆਂ। ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ’ਤੇ ਮੀਟਿੰਗ ’ਚ ਚਰਚਾ ਕੀਤੀ ਗਈ। ਜਾਂਚ ’ਚ ਦੋਸ਼ ਸਾਬਿਤ ਹੋਣ ਅਤੇ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਕਾਰਨ ਅੰਤ੍ਰਿਗ ਕਮੇਟੀ ਨੇ ਜਾਂਚ ਕਮੇਟੀ ਦੀ ਰਿਪੋਰਟ ’ਤੇ ਬਹੁ-ਸੰਮਤੀ ਨਾਲ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖ਼ਤਮ ਕਰ ਦਿੱਤੀਆਂ। ਉਨ੍ਹਾਂ ’ਤੇ ਕਥਿਤ ਤੌਰ ’ਤੇ ਭਾਜਪਾ ਨੇਤਾਵਾਂ ਨਾਲ ਸਬੰਧ ਰੱਖਣ ਦੇ ਦੋਸ਼ ਵੀ ਲਗਾਏ ਗਏ ਸਨ।
ਧਾਮੀ ਨੇ ਦਿੱਤਾ ਐੱਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਮੁੱਦੇ ’ਤੇ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 17 ਫਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਜਦੋਂ ਉਹ ਪਹਿਲੀ ਵਾਰ 1996 ’ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਤਾਂ ਜਥੇਦਾਰ ਗੁਰਬਚਨ ਸਿੰਘ ਟੋਹੜਾ ਤੇ ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਅੰਤ੍ਰਿਗ ਕਮੇਟੀ ’ਚ ਸ਼ਾਮਿਲ ਕੀਤਾ ਸੀ। 2019 ’ਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਫਿਰ 2020 ’ਚ ਮੁੱਖ ਸਕੱਤਰ ਤੇ ਸਾਲ 2021, 22, 23, 24 ਵਿਚ ਚਾਰ ਵਾਰ ਲਗਾਤਾਰ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ।
ਪੰਜਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਪ੍ਰਧਾਨਗੀ ਦੀ ਹੋਈ ਵੋਟਿੰਗ ਦੌਰਾਨ ਉਨ੍ਹਾਂ ਨੂੰ 136 ’ਚੋਂ 117 ਵੋਟਾਂ ਮਿਲੀਆਂ, ਜਦੋਂਕਿ ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ ਸਿਰਫ਼ 18 ਵੋਟਾਂ ਹੀ ਮਿਲੀਆਂ। ਇਸ ਤੋਂ ਬਾਅਦ ਬਿਨਾਂ ਮੁਕਾਬਲਾ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਤੇ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ ਹਾਜ਼ਰ ਮੈਂਬਰਾਂ ਦੀ ਗਿਣਤੀ ਮੁਤਾਬਿਕ 11 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਚੋਣ ਕੀਤੀ ਗਈ।
ਰਮਨ ਅਰੋੜਾ ਦੀ ਗ੍ਰਿਫ਼ਤਾਰੀ
ਜਲੰਧਰ ਸੈਂਟਰਲ ਤੋਂ ਆਪ ਦੇ ਐੱਮਐੱਲਏ ਰਮਨ ਅਰੋੜਾ ਨੂੰ 23 ਮਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਗਿਆ।
ਬਿਕਰਮਜੀਤ ਮਜੀਠੀਆ ਦੀ ਗ੍ਰਿਫ਼ਤਾਰੀ
ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ। ਉਹ ਅਜੇ ਤਕ ਜੇਲ੍ਹ ’ਚ ਹੀ ਹਨ।
ਆਪ ਵਿਧਾਇਕ ਲਾਲਪੁਰਾ ਨੂੰ ਕੈਦ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਉਸਮਾਂ ਵਾਸੀ ਅਨੁਸੂਚਿਤ ਵਰਗ ਨਾਲ ਸਬੰਧਿਤ ਲੜਕੀ ਨਾਲ 12 ਸਾਲ ਪਹਿਲਾਂ ਕੁੱਟਮਾਰ, ਛੇੜਛਾੜ ਕਰਨ ਤੇ ਜਾਤੀਸੂਚਕ ਸ਼ਬਦ ਬੋਲੇ ਜਾਣ ਦੇ ਮਾਮਲੇ ’ਚ ਸਥਾਨਕ ਅਦਾਲਤ ਨੇ 12 ਸਤੰਬਰ ਨੂੰ ਖਡੂਰ ਸਾਹਿਬ ਤੋਂ ਆਮ ਆਦਮੀ ਦੇ ਵਿਧਾਇਕ ਮਨਿਜੰਦਰ ਸਿੰਘ ਲਾਲਪੁਰਾ ਸਮੇਤ ਸੱਤ ਦੋਸ਼ੀਆਂ ਨੂੰ ਚਾਰ-ਚਾਰ ਸਾਲ ਕੈਦ ਤੇ 50-50 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਸਜ਼ਾ ਮਿਲਣ ਤੋਂ ਬਾਅਦ ਲਾਲਪੁਰਾ ਦੀ ਵਿਧਾਇਕ ਵਜੋਂ ਮੈਂਬਰਸ਼ਿਪ ਵੀ ਚਲੇ ਗਈ ਤੇ ਉਹ ਛੇ ਸਾਲ ਤਕ ਕੋਈ ਚੋਣ ਵੀ ਨਹੀਂ ਲੜ ਸਕਣਗੇ। ਉਹ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਖਡੂਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ।
ਵਿਰਸਾ ਸਿੰਘ ਵਲਟੋਹਾ ਨੂੰ ਲਗਾਈ ਤਨਖ਼ਾਹ
ਸ਼੍ਰੋਮਣੀ ਅਕਾਲੀ ਦੇ ਆਗੂ ਵਿਰਸਾ ਸਿੰਘ ਵਲਟੋਹਾ ’ਤੇ ਸਿੰਘ ਸਾਹਿਬਾਨ ਖ਼ਿਲਾਫ਼ ਬੇਬੁਨਿਆਦ ਗੱਲਾਂ ਕਰਨ ਦਾ ਦੋਸ਼ ਸੀ। ਇਸ ਸਬੰਧੀ ਵਲਟੋਹਾ ਨੇ 8 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਖ਼ਿਮਾ ਜਾਚਨਾ ਕੀਤੀ। ਹੁਣ ਉਸ ’ਤੇ ਸ਼੍ਰੋਮਣੀ ਅਕਾਲੀ ਦਲ ’ਚ ਦਸ ਸਾਲ ਦੀ ਲਗਾਈ ਰੋਕ ਹਟਾ ਦਿੱਤੀ ਗਈ ਹੈ। ਉਸ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਭਵਿੱਖ ’ਚ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ। ਇਸ ਤੋਂ ਇਲਾਵਾ ਉਸ ਨੂੰ ਤਨਖ਼ਾਹ ਲਗਾਈ ਗਈ।
ਡਾ. ਸਿੱਧੂ ਨੂੰ ਕੀਤਾ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ
ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਪਾਰਟੀ ਵੱਲੋਂ 500 ਕਰੋੜ ਰੁਪਏ ਲੈਣ ਦੇ ਬਿਆਨ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ 8 ਦਸੰਬਰ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ। ਮੁਅੱਤਲੀ ਦੇ ਇਹ ਹੁਕਮ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਜਾਰੀ ਕੀਤੇ। ਮੁਅੱਤਲੀ ਤੋਂ ਪਹਿਲਾਂ ਡਾ. ਨਵਜੋਤ ਸਿੱਧੂ ਨੇ ਕਾਂਗਰਸ ਦੇ ਸੂਬਾ ਨੇਤਾਵਾਂ ’ਤੇ ਵੀ ਗੰਭੀਰ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਸਿੱਧੂ ਜੋੜੀ ਦਾ ਹਮੇਸ਼ਾ ਹੀ ਵਿਵਾਦਾਂ ਨਾਲ ਦਾਮਨ-ਚੋਲੀ ਦਾ ਰਿਸ਼ਤਾ ਰਿਹਾ ਹੈ।
ਪ੍ਰਾਪਤੀਆਂ
ਵਿਸ਼ਵ ਚੈਂਪੀਅਨ ਬਣੀਆਂ ਭਾਰਤ ਦੀਆਂ ਧੀਆਂ
2 ਫਰਵਰੀ ਨੂੰ ਭਾਰਤੀ ਟੀਮ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ’ਚ ਸਾਊਥ ਅਫ਼ਰੀਕਾ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਖਿਤਾਬ ’ਤੇ ਕਬਜ਼ਾ ਕੀਤਾ। ਭਾਰਤ ਨੇ ਪੂਰੇ ਟੂਰਨਾਮੈਂਟ ’ਚ ਆਪਣਾ ਦਬਦਬਾ ਕਾਇਮ ਰੱਖਦਿਆਂ ਇਕ ਵੀ ਮੈਚ ਨਹੀਂ ਹਾਰਿਆ ਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਟੀਮ ਬਣੀ।
ਆਈਪੀਐੱਲ ’ਚ ਆਰਸੀਬੀ ਜੇਤੂ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ 3 ਜੂਨ ਨੂੰ ਖੇਡੇ ਗਏ ਆਈਪੀਐੱਲ 2025 ਦੇ ਫਾਈਨਲ ਮੁਕਾਬਲੇ ’ਚ ਰਾਇਲ ਚੈਲਿੰਜਰਸ ਬੈਂਗਲੁਰੂ (ਆਰਸੀਬੀ) ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ। ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ ਇਸ ਮੈਚ ’ਚ ਛੇ ਦੌੜਾਂ ਨਾਲ ਹਰਾ ਕੇ 18 ਸਾਲ ਬਾਅਦ ਇਹ ਖ਼ਿਤਾਬ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਦੀ ਟੀਮ ਵੀ 11 ਸਾਲ ਬਾਅਦ ਫਾਈਨਲ ’ਚ ਪਹੁੰਚੀ ਸੀ ਪਰ ਉਸ ਦਾ ਜਿੱਤ ਦਾ ਸੁਪਨਾ ਸਾਕਾਰ ਨਾ ਹੋ ਸਕਿਆ।
ਏਸ਼ੀਆ ਕੱਪ ਜਿੱਤ ਕੇ ਕਾਇਮ ਰੱਖੀ ਸਰਦਾਰੀ
ਭਾਰਤੀ ਕ੍ਰਿਕਟ ਟੀਮ ਨੇ 29 ਸਤੰਬਰ ਨੂੰ ਏਸ਼ੀਆ ਕੱਪ ਦੀ ਟਰਾਫੀ ਜਿੱਤ ਕੇ ਇਕ ਵਾਰ ਫਿਰ ਆਪਣੀ ਸਰਦਾਰੀ ਕਾਇਮ ਰੱਖੀ ਹੈ। ਖੇਡ ਭਾਵਨਾ ਦੀਆਂ ਹੱਦਾਂ ’ਚ ਰਹਿ ਕੇ ਖੇਡੀ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਵੱਡਾ ਸਬਕ ਸਿਖਾਇਆ। ਹਰ ਵਾਰ ਦੋਵਾਂ ਮੁਲਕਾਂ ਵਿਚਾਲੇ ਹੋਣ ਵਾਲੇ ਕ੍ਰਿਕਟ ਮੈਚ ਦੇਖਣ ਲਈ ਦਰਸ਼ਕਾਂ ’ਚ ਬਹੁਤ ਉਤਸ਼ਾਹ ਹੁੰਦਾ ਹੈ। ਇਸ ਵਾਰ ਗੁਆਂਢੀ ਮੁਲਕ ਨਾਲ ਖੇਡੇ ਗਏ ਸਾਰੇ ਮੈਚ ਭਾਰਤ ਨੇ ਜਿੱਤੇ ਹਨ। ਏਸ਼ੀਆ ਕੱਪ 2025 ਦੇ ਖ਼ਿਤਾਬ ਨੂੰ ਮਿਲਾ ਕੇ ਟੀਮ ਇੰਡੀਆ ਨੇ ਨੌਵੀਂ ਵਾਰ ਏਸ਼ੀਆ ਕੱਪ ਜਿੱਤਿਆ ਹੈ।
ਭਾਰਤੀ ਧੀਆਂ ਨੇ ਜਿੱਤਿਆ ਪਹਿਲਾ ਵਨ ਡੇਅ ਵਿਸ਼ਵ ਕੱਪ
ਪਹਿਲਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਲੈ ਕੇ ਮੈਦਾਨ ’ਚ ਉਤਰੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 2 ਨਵੰਬਰ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਮਹਿਲਾ ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ’ਚ ਦੂਜਾ ਸਭ ਤੋਂ ਵੱਡਾ ਸਕੋਰ 298 ਖੜ੍ਹਾ ਕਰ ਦਿੱਤਾ ਤੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ 52 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ’ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਫਾਈਨਲ ਦਾ ਸਭ ਤੋਂ ਵੱਡਾ ਸਕੋਰ 356 ਸੀ। ਭਾਰਤ ਨੇ ਪਹਿਲੀ ਵਾਰ 1978 ’ਚ ਮਹਿਲਾ ਵਿਸ਼ਵ ਕੱਪ ’ਚ ਹਿੱਸਾ ਲਿਆ ਅਤੇ 2005 ਤੇ 2017 ’ਚ ਮਿਤਾਲੀ ਰਾਜ ਦੀ ਕਪਤਾਨੀ ’ਚ ਭਾਰਤ ਫਾਈਨਲ ਤਕ ਪੁੱਜਿਆ ਪਰ ਦੋਵੇਂ ਵਾਰ ਟਰਾਫੀ ਹੱਥੋਂ ਨਿਕਲ ਗਈ ਸੀ।
ਜੂਨੀਅਰ ਵਰਲਡ ਕੱਪ ’ਚ ਭਾਰਤ ਨੂੰ ਕਾਂਸੇ ਦੇ ਤਗ਼ਮਾ
ਭਾਰਤੀ ਜੂਨੀਅਰ ਹਾਕੀ ਟੀਮ ਨੇ ਤਾਮਿਲਨਾਡੂ ਵਿਖੇ ਖੇਡੇ ਜਾ ਰਹੇ ਜੂਨੀਅਰ ਵਰਲਡ ਕੱਪ ’ਚ ਕਾਂਸੀ ਦੇ ਮੈਡਲ ਵਾਲੇ ਕਲਾਸੀਫਿਕੇਸ਼ਨ ਮੈਚ ਵਿਚ 10 ਦਸੰਬਰ ਨੂੰ ਅਰਜਨਟਾਈਨਾ ਨੂੰ 4-2 ਨਾਲ ਹਰਾ ਕੇ ਕਾਂਸੇ ਦਾ ਮੈਡਲ ਜਿੱਤ ਕੇ ਜੂਨੀਅਰ ਵਰਲਡ ਕੱਪ ਵਿਚ 9 ਸਾਲ ਬਾਅਦ ਕੋਈ ਮੈਡਲ ਜਿੱਤਿਆ।
ਭਾਰਤ ਨੇ ਜਿੱਤਿਆ ਪਹਿਲਾ ਸਕੁਐਸ਼ ਵਿਸ਼ਵ ਕੱਪ
14 ਦਸੰਬਰ ਨੂੰ ਸਕੁਐਸ਼ ਦੇ ਹੋਏ ਫਾਈਨਲ ਮੁਕਾਬਲੇ ਵਿਚ ਹਾਂਗਕਾਂਗ ਨੂੰ 3-0 ਨਾਲ ਹਰਾ ਕੇ ਭਾਰਤ ਨੇ ਇਹ ਪ੍ਰਾਪਤੀ ਕੀਤੀ ਅਤੇ ਅਜਿਹਾ ਕਰਨ ਵਾਲਾ ਪਹਿਲਾ ਏਸ਼ਿਆਈ ਦੇਸ਼ ਤੇ ਵਿਸ਼ਵ ਵਿਚ ਆਸਟ੍ਰੇਲੀਆ, ਇੰਗਲੈਂਡ ਤੇ ਮਿਸਰ ਤੋਂ ਬਾਅਦ ਚੌਥਾ ਦੇਸ਼ ਬਣਿਆ। ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ’ਚ ਭਾਰਤ ਨੇ 2023 ਵਿਚ ਕਾਂਸੀ ਦੇ ਤਗ਼ਮੇ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਸੀ। ਟੂਰਨਾਮੈਂਟ ’ਚ ਦੂਜੀ ਦਰਜਾਬੰਦੀ ਵਾਲੇ ਭਾਰਤ ਨੇ ਇਕ ਵੀ ਮੈਚ ਹਾਰੇ ਬਿਨਾਂ ਇਹ ਖ਼ਿਤਾਬ ਜਿੱਤਿਆ।
ਸਭ ਤੋਂ ਭਾਰਾ ਸੈਟੇਲਾਈਟ ਕੀਤਾ ਲਾਂਚ
ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਭਾਰਤ ਨੇ ਪੁਲਾੜ ਦੇ ਖੇਤਰ ’ਚ ਇਕ ਹੋਰ ਇਤਿਹਾਸ ਰਚ ਦਿੱਤਾ। ‘ਬਾਹੂਬਲੀ’ ਨਾਂ ਨਾਲ ਮਸ਼ਹੂਰ ਇਸਰੋ ਦੇ ਸਭ ਤੋਂ ਭਾਰੀ ਲਾਂਚਿੰਗ ਯਾਨ ਐੱਲਵੀਐੱਮ3-ਐੱਮ6 ਨੇ 24 ਦਸੰਬਰ ਨੂੰ ਇਕ ਅਮਰੀਕੀ ਸੰਚਾਰ ਉਪਗ੍ਰਹਿ ਬਲਿਊਬਰਡ ਬਲਾਕ-2 ਨੂੰ ਨਿਰਧਾਰਤ ਪੰਧ ’ਚ ਸਫਲਤਾ ਨਾਲ ਸਥਾਪਿਤ ਕੀਤਾ। ਭਾਰਤ ਦੀ ਧਰਤੀ ਤੋਂ ਲਾਂਚ ਕੀਤਾ ਗਿਆ ਇਹ ਹੁਣ ਤਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੈ।
- ਹਨੀ ਸੋਢੀ
98789-19248