ਆਧੁਨਿਕ ਯੁੱਗ ਦੀ ਭੱਜ-ਨੱਠ ਨੇ ਮਨੁੱਖ ਦੀ ਜ਼ਿੰਦਗੀ ’ਚ ਥਕੇਵਾਂ, ਅਕਾਊ ਤੇ ਨਿਰਾਸ਼ਤਾ ਦਾ ਪਸਾਰਾ ਕਰ ਦਿੱਤਾ ਹੈ। ਜਿਉਂ -ਜਿਉਂ ਮਨੁੱਖ ਕੋਲ ਸੁੱਖ- ਸਹੂਲਤਾ ਦੀ ਬਹੁਲਤਾ ਹੁੰਦੀ ਜਾ ਰਹੀ ਹੈ, ਉਸ ਦੀਆਂ ਸਮੱਸਿਆਵਾਂ ਦੇ ਘੇਰੇ ’ਚ ਦਿਨ-ਪ੍ਰਤੀ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦਾ ਸਿੱਧਾ ਤੇ ਸਰਲ ਕਾਰਨ ਮਨੁੱਖ ਦਾ ਕੁਦਰਤ ਨਾਲੋਂ ਟੁੱਟਣਾ ਹੈ।
ਆਧੁਨਿਕ ਯੁੱਗ ਦੀ ਭੱਜ-ਨੱਠ ਨੇ ਮਨੁੱਖ ਦੀ ਜ਼ਿੰਦਗੀ ’ਚ ਥਕੇਵਾਂ, ਅਕਾਊ ਤੇ ਨਿਰਾਸ਼ਤਾ ਦਾ ਪਸਾਰਾ ਕਰ ਦਿੱਤਾ ਹੈ। ਜਿਉਂ -ਜਿਉਂ ਮਨੁੱਖ ਕੋਲ ਸੁੱਖ- ਸਹੂਲਤਾ ਦੀ ਬਹੁਲਤਾ ਹੁੰਦੀ ਜਾ ਰਹੀ ਹੈ, ਉਸ ਦੀਆਂ ਸਮੱਸਿਆਵਾਂ ਦੇ ਘੇਰੇ ’ਚ ਦਿਨ-ਪ੍ਰਤੀ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦਾ ਸਿੱਧਾ ਤੇ ਸਰਲ ਕਾਰਨ ਮਨੁੱਖ ਦਾ ਕੁਦਰਤ ਨਾਲੋਂ ਟੁੱਟਣਾ ਹੈ। ਭੌਤਿਕ ਚੀਜ਼ਾਂ ਦੀ ਲਾਲਸਾ ਨੇ ਮਨੁੱਖ ਤੋਂ ਖ਼ੁਸ਼ੀਆਂ, ਹਾਸੇ, ਚਾਅ ਤੇ ਪਿਆਰ ਰੂਪੀ ਰੱਬੀ ਨਿਆਮਤ ਨੂੰ ਖੋਹ ਲਿਆ ਹੈ। ਜਿਉਂ-ਜਿਉਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਚਲਾ ਗਿਆ, ਉਸ ਦੀ ਜੀਵਨਸ਼ੈਲੀ ’ਚ ਪਰਿਵਰਤਨ ਆਉਂਦਾ ਚਲਾ ਗਿਆ। ਇਹੋ ਜੀਵਨਸ਼ੈਲੀ ਉਸ ਲਈ ਦੁੱਖਾਂ ਦਾ ਘਰ ਬਣ ਗਈ। ਕੁਦਰਤ ਨਾਲੋਂ ਟੁੱਟ ਕੇ ਕਦੇ ਵੀ ਕੋਈ ਮਨੁੱਖ ਸੁਖੀ ਨਹੀਂ ਰਹਿ ਸਕਦਾ।
ਸਭ ਪ੍ਰਾਣੀਆਂ ਤੋਂ ਸਰਬ ਸ੍ਰੇਸ਼ਠ ਹੈ ਮਨੁੱਖ
ਗੁਰਬਾਣੀ ਤਾਂ ਮਨੁੱਖ ਨੂੰ ਪਹਿਲਾਂ ਹੀ ਸਮਝਾਉਂਦੀ ਆ ਰਹੀ ਹੈ ਪਰ ਹਉਮੈ ਤੇ ਹੰਕਾਰ ਵਿਚ ਗ੍ਰਸਤ ਮਨੁੱਖ ਨੂੰ ਕਦੇ ਸਮਝ ਨਹੀਂ ਆਈ। ਜਿਸ ਨੇ ਵੀ ਸਮਝ ਲਿਆ, ਉਸ ਦੇ ਦੁੱਖਾਂ-ਕਲੇਸ਼ਾਂ ਦਾ ਅੰਤ ਹੋ ਗਿਆ। ਕੁਦਰਤ ’ਚ ਹੀ ਮਨੁੱਖ ਦੀਆਂ ਸਭ ਬਿਮਾਰੀਆਂ ਦਾ ਹੱਲ ਛੁਪਿਆ ਹੋਇਆ ਹੈ, ਸਿਰਫ਼ ਲੋੜ ਹੈ ਮਨੁੱਖ ਨੂੰ ਕਾਦਰ ਦੀ ਉਸ ਕੁਦਰਤ ਨੂੰ ਪਛਾਣਨ ਦੀ, ਜੋ ਪੰਜ ਤੱਤ ਬ੍ਰਹਿਮੰਡ ਵਿਚ ਮੌਜੂਦ ਹਨ। ਕਾਦਰ ਨੇ ਉਨ੍ਹਾਂ ਪੰਜ ਤੱਤਾਂ ਤੋਂ ਹੀ ਮਨੁੱਖ ਤੇ ਸੰਪੂਰਨ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਮਨੁੱਖ ਇਸ ਸਮਾਜ ਦੇ ਸਭ ਪ੍ਰਾਣੀਆਂ ਤੋਂ ਸਰਬ ਸ੍ਰੇਸ਼ਠ ਹੈ। ਇਸ ’ਚ ਬਲ ਤੇ ਦਿਮਾਗ਼ ਦੋਵੇਂ ਚੀਜ਼ਾਂ ਬਾਕੀ ਪ੍ਰਾਣੀਆਂ ਤੋਂ ਉੱਚਤਮ ਦਰਜੇ ਦਾ ਬਣਾਉਂਦੀਆਂ ਹਨ।
ਪਿਆਰ ਨਾਲ ਵੱਡੇ-ਵੱਡੇ ਮਸਲੇ ਹੋ ਜਾਂਦੇ ਹੱਲ
ਪਿਆਰ ਦੀ ਭਾਸ਼ਾ ਪਸ਼ੂ, ਪੰਛੀ ਤੇ ਜਾਨਵਰ ਸਾਰੇ ਹੀ ਚੰਗੀ ਤਰ੍ਹਾਂ ਸਮਝਦੇ ਹਨ। ਕਦੇ ਕਿਸੇ ਜਾਨਵਰ ਨੂੰ ਦੋ-ਚਾਰ ਦਿਨ ਪਿਆਰ ਨਾਲ ਰੋਟੀ ਜਾਂ ਪਾਣੀ ਆਦਿ ਰੱਖਣ ਲੱਗ ਜਾਓ, ਉਹ ਵੀ ਤਹਾਨੂੰ ਪਿਆਰ ਕਰਨ ਲੱਗ ਜਾਂਦਾ ਹੈ। ਇਹੀ ਪਿਆਰ ਦੀ ਪਰਿਭਾਸ਼ਾ ਹੈ ਕਿ ਇਕ ਮਨੁੱਖ ਜੋ ਕਿਸੇ ਦੂਸਰੇ ਨੂੰ ਦਿੰਦਾ ਹੈ, ਬਦਲੇ ’ਚ ਉਸ ਤੋਂ ਕਿਤੇ ਵੱਧ ਕੇ ਵਾਪਸ ਲੈਂਦਾ ਹੈ, ਚਾਹੇ ਉਹ ਪਿਆਰ ਹੈ ਜਾਂ ਫਿਰ ਨਫ਼ਰਤ। ਜਿਸ ਤਰ੍ਹਾਂ ਘਰ ਜੀਆਂ ਤੋਂ ਸੱਖਣਾ ਨਿਰ੍ਹਾ ਉਜਾੜ ਹੁੰਦਾ ਹੈ, ਉਸੇ ਤਰ੍ਹਾਂ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਵੀ ਨੀਰਸ ਬਣ ਜਾਂਦੀ ਹੈ। ਪਿਆਰ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਹਨ, ਗੁੱਸੇ ਨਾਲ ਬਣੀ-ਬਣਾਈ ਖੇਡ ਵੀ ਅਕਸਰ ਵਿਗੜ ਜਾਂਦੀ ਹੈ।
ਨਾਂਹ-ਪੱਖੀ ਵਿਚਾਰਾਂ ਦੀ ਵਲਗਣ
ਜ਼ਿੰਦਗੀ ਦਾ ਪਹੀਆ ਸਦਾ ਤੁਰਦਾ ਰਹਿੰਦਾ ਹੈ ਤੇ ਸਦਾ ਤੁਰਦੇ ਰਹਿਣਾ ਵੀ ਚਾਹੀਦਾ ਹੈ, ਜਿਸ ਦਿਨ ਇਹ ਜ਼ਿੰਦਗੀ ਰੂਪੀ ਪਹੀਆ ਰੁਕ ਗਿਆ ਤਾਂ ਸਮਝੋ ਮਨੁੱਖੀ ਜੀਵਨ ਦਾ ਅੰਤ ਹੈ। ਜ਼ਿੰਦਗੀ ਦਾ ਇਹ ਪਹੀਆ ਵਗਦੇ ਪਾਣੀ ਵਾਂਗ ਵਗਦੇ ਹੀ ਰਹਿਣਾ ਚਾਹੀਦਾ ਹੈ। ਇਹ ਸਭ ਉਸ ਡਾਢੇ ਦੇ ਹੱਥ ’ਚ ਹੈ ਕਿ ਇਸ ਮਨੁੱਖ ਜੀਵਨ ਰੂਪੀ ਪਹੀਏ ਨੇ ਕਦੋਂ ਤਕ ਰੁੜ੍ਹਨਾ ਹੈ। ਸਮਾਂ ਆਪਣੇ ਨਾਲ ਬਹੁਤ ਕੁਝ ਵਹਾ ਕੇ ਲੈ ਜਾਂਦਾ ਹੈ ਤੇ ਸਮੇਂ ਦੀ ਰੇਤ ਉੱਪਰ ਇਸ ਦੇ ਸਿਰਫ਼ ਪੈੜਾਂ ਦੇ ਨਿਸ਼ਾਨ ਹੀ ਬਾਕੀ ਰਹਿ ਜਾਂਦੇ ਹਨ। ਪਿਆਰ ਦੀ ਇਸ ਧਰਤੀ ਵਿਚ ਉੱਗੇ ਹੋਏ ਸੂਹੇ ਫੁੱਲ ਮਨੁੱਖ ਨੂੰ ਸਦਾ ਲਈ ਅਮਰ ਬਣਾ ਦਿੰਦੇ ਹਨ। ਪਿਆਰ ਦੀ ਉਪਜ ਜ਼ਿੰਦਗੀ ’ਚ ਹਾਂ-ਪੱਖੀ ਸੋਚ ਦਾ ਨਿਰਮਾਣ ਕਰਦੀ ਹੈ ਤੇ ਪਿਆਰ ਤੋਂ ਵਿਰਵਾਂ ਮਨੁੱਖ ਕੌੜ, ਸੜੀਅਲ, ਕ੍ਰੋਧੀ ਤੇ ਹਰ ਵੇਲੇ ਨਾਂਹ-ਪੱਖੀ ਵਿਚਾਰਾਂ ਦੀ ਵਲਗਣ ’ਚ ਉਲਝਿਆ ਰਹਿੰਦਾ ਹੈ, ਜਿਸ ਨਾਲ ਉਸ ਦਾ ਜੀਵਨ ਪੂਰੀ ਤਰ੍ਹਾਂ ਨਕਾਰਾਤਮਿਕਤਾ ਨਾਲ ਭਰ ਜਾਂਦਾ ਹੈ ਤੇ ਉਸ ਦਾ ਮਨੁੱਖੀ ਵਿਕਾਸ ਰੁਕ ਜਾਂਦਾ ਹੈ।
ਸੋਸ਼ਲ ਮੀਡੀਆ ਦੇ ਪਸਾਰ ਨੇ ਜ਼ਿੰਦਗੀ ਕੀਤੀ ਸੌਖੀ
ਸਭ ਗੁਰੂਆਂ, ਪੀਰਾਂ, ਰਿਸ਼ੀਆਂ-ਮੁਨੀਆਂ ਨੇ ਪਿਆਰ ਉੱਪਰ ਹੀ ਧਿਆਨ ਕੇਂਦਰਿਤ ਕੀਤਾ ਹੈ ਕਿ ਮਨੁੱਖੀ ਜੀਵਨ ’ਚ ਆਈਆਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ ਸਿਰਫ਼ ਪਿਆਰ ਵਿਚ ਹੀ ਹੈ। ਸੋਸ਼ਲ ਮੀਡੀਆ ਦੇ ਤੇਜ਼ ਪਸਾਰੇ ਨੇ ਜ਼ਿੰਦਗੀ ਨੂੰ ਬਹੁਤ ਸੌਖਾ ਕਰ ਦਿੱਤਾ ਹੈ। ਮਹੀਨਿਆਂ, ਸਾਲਾਂ ’ਚ ਪ੍ਰਾਪਤ ਹੋਣ ਵਾਲੀ ਸੂਚਨਾ ਕੁਝ ਪਲਾਂ ’ਚ ਹੀ ਪ੍ਰਾਪਤ ਹੋ ਜਾਂਦੀ ਹੈ ਪਰ ਇਸ ਸੂਚਨਾ ਨੂੰ ਪ੍ਰਾਪਤ ਕਰਨ ਲਈ ਕਈ ਵਾਰ ਮਨੁੱਖ ਆਪਣੇ ਲਈ ਮੁਸੀਬਤਾਂ ਵੀ ਖੜ੍ਹੀਆਂ ਕਰਦਾ ਦੇਖਿਆ ਗਿਆ ਹੈ। ਸਹਿਜਤਾ ਦੇ ਮਾਰਗ ਤੋਂ ਅੱਕ ਕੇ ਮਨੁੱਖ ਦੀ ਸੋਚ ਭਟਕ ਚੁੱਕੀ ਹੈ, ਉਹ ਬੜੀ ਤੇਜ਼ੀ ਨਾਲ ਨਤੀਜੇ ਪ੍ਰਾਪਤ ਕਰਨ ਦੇ ਚੱਕਰ ’ਚ ਆਪਣੀ ਜ਼ਿੰਦਗੀ ਦੇ ਉਹ ਸੁਨਹਿਰੀ ਪਲਾਂ ਨੂੰ ਦਾਅ ’ਤੇ ਲਾ ਦਿੰਦਾ ਹੈ, ਜਿਸ ਨਾਲ ਮਜ਼ਬੂਤ ਸਮਾਜ ਤੇ ਪਰਿਵਾਰ ਦੀ ਹੋਂਦ ਖੜ੍ਹੀ ਹੁੰਦੀ ਹੈ।
ਜ਼ਿੰਦਗੀ ਦਾ ਮੂਲ ਆਧਾਰ
ਪਿਆਰ ਦੇ ਰੰਗ ’ਚ ਰੰਗਿਆ ਮਨੁੱਖ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਵੀ ਜ਼ਰ ਜਾਂਦਾ ਹੈ ਤੇ ਉਸ ਅੰਦਰ ਪੈਦਾ ਹੋਇਆ ਆਤਮ ਬਲ ਉਸ ਨੂੰ ਮਜ਼ਬੂਤ ਬਣਾ ਦਿੰਦਾ ਹੈ ਤੇ ਉਹ ਆਪਣੇ ਇਸ ਖੇਤਰ ਵਿਚ ਤਰੱਕੀ ਦੀਆਂ ਨਵੀਂਆਂ ਇਬਾਰਤਾਂ ਲਿਖਦਾ ਹੋਇਆ ਮੰਜ਼ਿਲ ’ਤੇ ਅੱਪੜ ਨਵੀਂ ਮਿਸਾਲ ਪੈਦਾ ਕਰ ਦਿੰਦਾ ਹੈ। ਮਨੁੱਖ ਜਿੰਨੀ ਮਰਜ਼ੀ ਧਨ-ਦੌਲਤ, ਜਾਇਦਾਦ ਇਕੱਠੀ ਕਰ ਲਵੇ ਪਰ ਪਿਆਰ ਤੋਂ ਸੱਖਣੇ ਮਨੁੱਖ ਲਈ ਵੀ ਇਹ ਧਨ-ਦੌਲਤਾਂ ਕੋਈ ਮਾਅਨੇ ਨਹੀਂ ਰੱਖਦੀਆਂ। ਮਨੁੱਖ ਭਾਵੇਂ ਕੱਖਾਂ ਦੀ ਛੰਨ ’ਚ ਕਿਉਂ ਨਾ ਰਹਿੰਦਾ ਹੋਵੇ, ਜੇ ਉਸ ਕੋਲ ਪਿਆਰ ਹੈ ਤਾਂ ਉਹ ਜ਼ਿੰਦਗੀ ਦਾ ਸਭ ਤੋਂ ਅਮੀਰ ਆਦਮੀ ਹੈ। ਪਿਆਰ ਹੀ ਜੀਵਨ ਦਾ ਆਧਾਰ ਹੈ, ਜਿਸ ਤੋਂ ਜੀਵਨ ਦੀ ਰਚਨਾ ਹੁੰਦੀ ਹੈ। ਇਹ ਹੀ ਸਫਲ ਜ਼ਿੰਦਗੀ ਜਿਊਣ ਦਾ ਮਾਰਗ ਹੈ। ਇਸ ਦੇ ਮਾਰਗ ਉੱਪਰ ਚੱਲਦਿਆਂ ਮਨੁੱਖ ਨੂੰ ਛੋਟੀਆਂ-ਛੋਟੀਆਂ ਗੱਲਾਂ ’ਚੋਂ ਖ਼ੁਸ਼ੀਆਂ ਨੂੰ ਤਲਾਸ਼ਣ ਦੀ ਜਾਂਚ ਨੂੰ ਸਿੱਖਣਾ ਪਵੇਗਾ। ਜਦੋਂ ਪਿਆਰ ਹੀ ਜ਼ਿੰਦਗੀ ਦਾ ਮੂਲ ਆਧਾਰ ਤੇ ਸਰੋਤ ਹੈ ਤਾਂ ਫਿਰ ਮਨੁੱਖ ਨੂੰ ਬੇਅਰਥ ਦੀਆਂ ਚਿੰਤਾਵਾਂ ਤੋਂ ਮੁਕਤ ਹੁੰਦਿਆਂ ਹਾਂ-ਪੱਖੀ ਸਮਾਜ ਦੀ ਸਿਰਜਣਾ ਨੂੰ ਤਰਜੀਹ ਦਿੰਦਿਆਂ ਇਸ ਦਾ ਪਸਾਰਾ ਕਰਨਾ ਚਾਹੀਦਾ ਹੈ।
- ਗੁਰਪ੍ਰੀਤ ਸਿੰਘ ਬੀੜ ਕਿਸ਼ਨ