ਮਨੁੱਖੀ ਸੁਭਾਅ ਦੀ ਇਹ ਪ੍ਰਵਿਰਤੀ ਹੈ ਕਿ ਮਨੁੱਖ ਕਿਸੇ ਨਾ ਕਿਸੇ ਸ਼ਖ਼ਸ ਨੂੰ ਆਪਣੇ ਨਾਇਕ, ਆਦਰਸ਼ ਜਾ ਮਾਰਗ ਦਰਸ਼ਕ ਵਜੋਂ ਚਿਤਵਦਾ ਹੈ । ਅਸੀਂ ਕਿਸੇ ਵੀ ਖੇਤਰ ਦੇ ਸ਼ਖਸ ਦੀ ਜ਼ਿੰਦਗੀ ਅਤੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਆਪਣਾ ਨਾਇਕ ਮੰਨ ਲੈਂਦੇ ਹਾਂ। ਜੇਕਰ ਅਸੀਂ ਕਿਸੇ ਦੀ ਚੰਗੀ ਸੋਚ, ਚੰਗੇ ਗੁਣਾਂ ਅਤੇ ਪ੍ਰਾਪਤੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਆਪਣਾ ਆਦਰਸ਼ ਮੰਨਦੇ ਹਾਂ ਤਾਂ ਇਹ ਜਿੱਥੇ ਸਾਡੇ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਉਥੇ ਸਾਡੀ ਜ਼ਿੰਦਗੀ ਨੂੰ ਦਿਸ਼ਾ ਵੀ ਦਿੰਦਾ ਹੈ।

ਮਨੁੱਖੀ ਸੁਭਾਅ ਦੀ ਇਹ ਪ੍ਰਵਿਰਤੀ ਹੈ ਕਿ ਮਨੁੱਖ ਕਿਸੇ ਨਾ ਕਿਸੇ ਸ਼ਖ਼ਸ ਨੂੰ ਆਪਣੇ ਨਾਇਕ, ਆਦਰਸ਼ ਜਾ ਮਾਰਗ ਦਰਸ਼ਕ ਵਜੋਂ ਚਿਤਵਦਾ ਹੈ । ਅਸੀਂ ਕਿਸੇ ਵੀ ਖੇਤਰ ਦੇ ਸ਼ਖਸ ਦੀ ਜ਼ਿੰਦਗੀ ਅਤੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਆਪਣਾ ਨਾਇਕ ਮੰਨ ਲੈਂਦੇ ਹਾਂ। ਜੇਕਰ ਅਸੀਂ ਕਿਸੇ ਦੀ ਚੰਗੀ ਸੋਚ, ਚੰਗੇ ਗੁਣਾਂ ਅਤੇ ਪ੍ਰਾਪਤੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਆਪਣਾ ਆਦਰਸ਼ ਮੰਨਦੇ ਹਾਂ ਤਾਂ ਇਹ ਜਿੱਥੇ ਸਾਡੇ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਉਥੇ ਸਾਡੀ ਜ਼ਿੰਦਗੀ ਨੂੰ ਦਿਸ਼ਾ ਵੀ ਦਿੰਦਾ ਹੈ। ਅਸੀਂ ਅਕਸਰ ਅਜਿਹੇ ਵਿਅਕਤੀ ਨੂੰ ਆਪਣਾ ਨਾਇਕ ਚੁਣਦੇ ਹਾਂ ਜਿਸ ਦੀ ਸੋਚ ਅਤੇ ਜ਼ਿੰਦਗ਼ੀ ਦੀ ਕਹਾਣੀ ਸਾਡੇ ਨਾਲ ਮਿਲਦੀ-ਜੁਲਦੀ ਹੋਵੇ। ਪਰਿਵਾਰ, ਸਮਾਜ ਵਿੱਦਿਆਕ ਸੰਸਥਾਵਾਂ, ਮੀਡੀਆ ਅਤੇ ਇਤਿਹਾਸਿਕ ਕਹਾਣੀਆਂ ਸਾਨੂੰ ਸਾਡੇ ਨਾਇਕ ਜਾਂ ਆਦਰਸ਼ ਦੀ ਚੋਣ ਕਰਨ ਵਿਚ ਮੱਦਦ ਕਰਦੀਆਂ ਹਨ।
ਬਹੁਤੀ ਵਾਰ ਅਸੀਂ ਕਿਸੇ ਅਜਿਹੇ ਸ਼ਖ਼ਸ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੁੰਦੇ ਹਾਂ ਜੋ ਦੁੱਖਾਂ ਤਕਲੀਫ਼ਾ ਦੇ ਬਾਵਜੂਦ ਸੰਘਰਸ਼ ਕਰਦੇ ਹੋਏ ਆਪਣੀ ਜ਼ਿੰਦਗੀ ਵਿਚ ਅੱਗੇ ਵੱਧਦਾ ਹੈ। ਅਜਿਹੇ ਵਿਅਕਤੀ ਦਾ ਜੀਵਨ ਸਾਨੂੰ ਮੁਸ਼ਕਿਲਾਂ ਦੇ ਬਾਵਜੂਦ ਸੰਘਰਸ਼ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਭਾਵੇਂ ਕਿਸੇ ਨੂੰ ਆਦਰਸ਼ ਜਾਂ ਨਾਇਕ ਮੰਨ ਲੈਣਾ ਕੋਈ ਬੁਰੀ ਗੱਲ ਨਹੀਂ ਹੈ ਪ੍ਰੰਤੂ ਫਿਰ ਵੀ ਹਰ ਇਨਸਾਨ ਦੀ ਇਕ ਆਪਣੀ ਜੀਵਨ ਕਹਾਣੀ ਹੁੰਦੀ ਹੈ ਤੇ ਉਸ ਕਹਾਣੀ ਦਾ ਨਾਇਕ ਵੀ ਉਹ ਖ਼ੁਦ ਹੀ ਹੁੰਦਾ ਹੈ। ਆਪਣੀ ਜ਼ਿੰਦਗੀ ਨੂੰ ਪਿਆਰ ਕਰਨਾ ਅਤੇ ਆਪਣੀ ਜੀਵਨ ਕਹਾਣੀ ਦਾ ਆਪਣੇ ਆਪ ਨੂੰ ਨਾਇਕ ਤਸੱਵਰ ਕਰਨਾ ਬਹੁਤ ਹੀ ਖੂਬਸੂਰਤ ਵਿਚਾਰ ਹੈ।
ਆਪਣੀ ਵਿਲੱਖਣਤਾ ਨੂੰ ਪਛਾਣੋ
ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਪੂਰੀ ਕਾਇਨਾਤ ਦਾ ਹਿੱਸਾ ਹੁੰਦੇ ਹੋਏ ਵੀ ਤੁਸੀਂ ਵਿਲੱਖਣ ਹੋ। ਕੁਦਰਤ ਨੇ ਹਰ ਇਨਸਾਨ ਨੂੰ ਅਲੱਗ ਤਰ੍ਹਾਂ ਦਾ ਪੈਦਾ ਕੀਤਾ ਹੋਇਆ ਹੈ। ਹਰ ਇਕ ਇਨਸਾਨ ਨੂੰ ਅਜਿਹੇ ਗੁਣ ਨਾਲ ਨਿਵਾਜਿਆ ਹੁੰਦਾ ਹੈ ਜੋ ਉਸਨੂੰ ਦੂਸਰਿਆਂ ਤੋਂ ਅਲੱਗ ਕਰਦਾ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਸਿਰਜਕ ਖ਼ੁਦ ਹੋ ਅਤੇ ਕਿਸੇ ਦੂਸਰੇ ਨਾਲ ਆਪਣੀ ਤੁਲਨਾ ਨਾ ਕਰੋ। ਹਰ ਇਨਸਾਨ ਕਿਸੇ ਵਿਲੱਖਣ ਕੁਦਰਤੀ ਗੁਣ ਦਾ ਧਨੀ ਹੁੰਦਾ ਹੈ। ਆਪਣੀ ਇਸ ਵਿਲੱਖਣਤਾ ਨੂੰ ਪਛਾਣ ਕੇ ਅੱਗੇ ਵਧੋ। ਆਪਣੇ ਰੋਜ਼ਮਰਾ ਦੇ ਕੰਮ ਧੰਦਿਆਂ ਤੋਂ ਇਲਾਵਾ ਉਹ ਵੀ ਕਰੋ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ ਤੇ ਜਿਸ ਨੂੰ ਕਰਨ ਨਾਲ ਤੁਹਾਨੂੰ ਸਕੂਨ ਮਿਲਦਾ ਹੈ। ਆਪਣੀ ਰੁਚੀ ਅਨੁਸਾਰ ਜਿਵੇਂ ਕਿ ਚੰਗੀਆਂ ਕਿਤਾਬਾਂ ਪੜ੍ਹਨਾ, ਚੰਗੇ ਲੋਕਾਂ ਨੂੰ ਮਿਲਣਾ, ਚਿੱਤਰਕਾਰੀ, ਸੰਗੀਤ ਸੁਣਨਾ, ਘੁੰਮਣਾ -ਫਿਰਨਾ ਆਦਿ ਅਜਿਹੀਆਂ ਰੁਚੀਆਂ ਹਨ ਜੋ ਤੁਹਾਡੇ ਲਈ ਖ਼ੁਸ਼ੀ ਦਾ ਸਰੋਤ ਹੋ ਸਕਦੀਆਂ ਹਨ।
ਖ਼ੁਦ ’ਤੇ ਭਰੋਸਾ ਰੱਖੋ
ਜ਼ਿੰਦਗੀ ਵਿਚ ਕਾਮਯਾਬੀ ਹਾਸਿਲ ਕਰਨ ਲਈ ਆਤਮ ਵਿਸ਼ਵਾਸ ਸਫਲਤਾ ਦੀ ਪਹਿਲੀ ਪੌੜੀ ਹੈ। ਸਵੈ-ਵਿਸ਼ਵਾਸ ਜ਼ਿੰਦਗੀ ਦੇ ਹਰ ਖੇਤਰ ਵਿਚ ਤੁਹਾਡੇ ਲਈ ਸਫਲਤਾ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ। ਇਹ ਤੁਹਾਡਾ ਆਪਣੇ ਆਪ ’ਤੇ ਭਰੋਸਾ ਹੀ ਹੁੰਦਾ ਹੈ ਜੋ ਤੁਹਾਨੂੰ ਮੁਸ਼ਕਲਾਂ ਦੇ ਬਾਵਜੂਦ ਸੰਘਰਸ਼ ਕਰਨ ਲਈ ਪ੍ਰੇਰਦਾ ਹੈ ਤੇ ਔਖੇ ਤੋਂ ਔਖੇ ਸਮਿਆਂ ਵਿਚ ਵੀ ਡੋਲਣ ਨਹੀਂ ਦਿੰਦਾ। ਉਮੀਦ ਹਮੇਸ਼ਾ ਸਾਡਾ ਹੌਸਲਾ ਵਧਾਉਂਦੀ ਹੈ ਅਤੇ ਸਾਡੇ ਲਈ ਊਰਜਾ ਦਾ ਕੰਮ ਕਰਦੀ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਜੋ ਚੀਜ਼ ਅਸੀਂ ਸਭ ਤੋਂ ਅੰਤ ਵਿਚ ਗਵਾਉਂਦੇ ਹਾਂ ਉਹ ਉਮੀਦ ਹੀ ਹੁੰਦੀ ਹੈ। ਕਿਸੇ ਦੂਸਰੇ ਤੋਂ ਹਾਰਨ ਤੋਂ ਪਹਿਲਾਂ ਇਨਸਾਨ ਖ਼ੁਦ ਤੋਂ ਹਾਰਦਾ ਹੈ। ਜਿਨ੍ਹਾਂ ਨੂੰ ਆਪਣੀ ਉਡਾਣ ’ਤੇ ਭਰੋਸਾ ਹੁੰਦਾ ਹੈ । ਅਸਮਾਨ ਵੀ ਉਨ੍ਹਾਂ ਲਈ ਕੋਈ ਹੱਦ ਨਹੀਂ ਹੁੰਦਾ। ਆਪਣੇ ਆਪ ’ਤੇ ਭਰੋਸਾ ਕਾਇਮ ਰੱਖਦੇ ਹੋਏ ਜ਼ਿੰਦਗੀ ਦੇ ਟੀਚੇ ਨਿਰਧਾਰਿਤ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਸਾਰੀ ਊਰਜਾ ਅਤੇ ਧਿਆਨ ਲਗਾਓ। ਗੁਰਬਾਣੀ ਦਾ ਵੀ ਇਹੀ ਸੰਦੇਸ਼ ਹੈ ‘ਮਨ ਜੀਤੇ ਜਗੁ ਜੀਤ।’ਇਹ ਵੀ ਕਿਹਾ ਜਾਂਦਾ ਹੈ ਕਿ ਮਨ ਕੇ ਜੀਤੇ ਜੀਤ ਹੈ ਮਨ ਕੇ ਹਾਰੇ ਹਾਰ। ਆਤਮ ਵਿਸ਼ਵਾਸ ਉਹ ਸੰਜੀਵਨੀ ਬੂਟੀ ਹੈ ਜਿਹੜੀ ਸਾਡੀ ਹਰ ਮਰਜ਼ ਦੇ ਇਲਾਜ ਵਿਚ ਸਾਡੇ ਕੰਮ ਆਉਂਦੀ ਹੈ। ਹਰ ਕੰਮ ਨੂੰ ਉਤਸ਼ਾਹ ਨਾਲ ਸ਼ੁਰੂ ਕਰੋ, ਆਤਮ-ਵਿਸ਼ਵਾਸ ਰੱਖੋ ,ਉਮੀਦ ਦਾ ਲੜ ਨਾ ਛੱਡੋ ਅਤੇ ਟੀਚਿਆਂ ਦੀ ਪੂਰਤੀ ਲਈ ਸੰਘਰਸ਼ ਕਰੋ।
ਸਮੇਂ ਦੀ ਕਦਰ ਕਰੋ
ਸਾਡੇ ਲਈ ਸਭ ਤੋਂ ਕੀਮਤੀ ਚੀਜ਼ ਸਾਡਾ ਸਮਾਂ ਹੈ। ਅਸੀਂ ਜੋ ਕੁਝ ਵੀ ਅੱਜ ਹਾਂ ਉਹ ਆਪਣੇ ਬੀਤੇ ਕਰਕੇ ਹਾਂ ਅਤੇ ਜੋ ਕੁਝ ਅਸੀਂ ਅੱਜ ਵਰਤਮਾਨ ਵਿਚ ਕਰਦੇ ਹਾਂ ਉਹ ਸਾਡੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰੇਗਾ। ਸਮੇਂ ਦਾ ਪਾਬੰਦ ਹੋਣਾ ਤੁਹਾਡੀਆਂ ਮੁਸ਼ਕਿਲਾਂ ਨੂੰ ਹੱਲ ਕਰ ਦਿੰਦਾ ਹੈ। ਅੱਜ ਦਾ ਕੰਮ ਕੱਲ੍ਹ ’ਤੇ ਪਾਉਣ ਵਾਲੇ ਜ਼ਿੰਦਗੀ ਵਿਚ ਪੱਛੜ ਜਾਂਦੇ ਹਨ।
ਸਮਾਂ ਤੁਹਾਡਾ ਸਭ ਤੋਂ ਵਧੀਆ ਸਾਥੀ ਅਤੇ ਵਿਰੋਧੀ ਵੀ ਹੈ। ਜੇਕਰ ਅਸੀਂ ਸਮੇਂ ਦੀ ਕੀਮਤ ਪਛਾਣਦੇ ਹਾਂ ਅਤੇ ਸਮੇਂ ਦੀ ਕਦਰ ਕਰਦੇ ਹਾਂ ਤਾਂ ਭਵਿੱਖ ਵਿਚ ਸਮਾਂ ਸਾਡਾ ਦੋਸਤ ਬਣ ਕੇ ਸਾਡੇ ਨਾਲ ਖੜ੍ਹ ਜਾਵੇਗਾ। ਜੇਕਰ ਅਸੀਂ ਸਮੇਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ , ਸਮੇਂ ਦੀ ਬਰਬਾਦੀ ਕਰਦੇ ਹਾਂ ਤਾਂ ਭਵਿੱਖ ਵਿਚ ਸਮਾਂ ਵੀ ਸਾਡੇ ਨਾਲ ਵਫ਼ਾ ਨਹੀਂ ਕਰੇਗਾ। ਸਾਨੂੰ ਹਰ ਕਮਾਏ ਜਾਂ ਗਵਾਏ ਗਏ ਪਲ਼ ਦਾ ਹਿਸਾਬ ਦੇਣਾ ਪੈਂਦਾ ਹੈ।
ਕਮਾਏ ਗਏ ਪਲ ਤੋਂ ਭਾਵ ਉਹ ਪਲ ਜੋ ਅਸੀਂ ਉਸਾਰੂ ਕੰਮਾਂ ਵਿਚ ਲਾਉਂਦੇ ਹਾਂ ਤੇ ਗਵਾਏ ਗਏ ਪਲ ਤੋਂ ਭਾਵ ਉਹ ਹੈ ਜਿਸ ਸਮੇਂ ਨੂੰ ਅਸੀਂ ਗੈਰ ਉਸਾਰੂ ਤੇ ਫ਼ਜ਼ੂਲ ਦੇ ਕੰਮਾਂ ਵਿਚ ਖ਼ਰਚਦੇ ਹਾਂ। ਵਰਤਮਾਨ
ਵਿਚ ਅਸੀਂ ਜੋ ਸਮਿਆਂ ਦੀ ਕੈਨਵਸ ਤੇ ਉਕਰਦੇ ਹਾਂ ਉਹ ਸਾਡੇ ਭਵਿੱਖ ਦਾ ਸ਼ੀਸ਼ਾ ਬਣ ਸਾਡੇ ਸਾਹਮਣੇ ਆਉਂਦਾ ਹੈ। ਤੁਸੀਂ ਆਪਣਾ ਸਮਾਂ ਕਿਸ ਨੂੰ ਦੇ ਰਹੇ ਹੋ ਅਤੇ ਕਿਸ ਕੰਮ ਲਈ ਖ਼ਰਚਦੇ ਹੋ। ਇਹ ਤੁਹਾਡੀ ਜ਼ਿੰਦਗੀ ਦੀ ਯੋਜਨਾ ਦਾ ਹਿੱਸਾ ਹੋਣਾ ਅਤੀ ਜ਼ਰੂਰੀ ਹੈ। ਸਮਿਆਂ ਨਾਲ ਵਫ਼ਾ ਕਰੋ, ਸਮਾਂ ਕਦੇ ਤੁਹਾਡੇ ਨਾਲ ਬੇਵਫ਼ਾਈ ਨਹੀਂ ਕਰੇਗਾ।
ਸਹੀ ਮੌਕੇ ਦੀ ਤਲਾਸ਼
ਜ਼ਿੰਦਗੀ ਦੇ ਵਿਚ ਅਸੀਂ ਤਿਲਕਦੇ, ਭਟਕਦੇ ਅਤੇ ਡਿੱਗਦੇ ਹਾਂ ਪਰੰਤੂ ਜ਼ਿੰਦਗੀ ਸਾਨੂੰ ਫਿਰ ਵੀ ਮੌਕੇ ਦਿੰਦੀ ਹੈ।ਇਹਨਾਂ ਮੌਕਿਆਂ ਦੀ ਕਦਰ ਜ਼ਰੂਰ ਕਰੋ। ਮੌਕੇ ਤੋਂ ਭਾਵ ਸਮਾਂ , ਸਥਿਤੀ ਅਤੇ ਸੰਭਾਵਨਾ ਨੂੰ ਤਲਾਸ਼ ਕੇ ਕਿਸੇ ਕੰਮ ਨੂੰ ਸਹੀ ਸਮੇਂ ਕਰਨ ਤੋਂ ਹੈ। ਮੌਕੇ ਕੋਈ ਵੱਡੇ ਚਮਤਕਾਰ ਨਹੀਂ ਹੁੰਦੇ। ਕਈ ਵਾਰੀ ਉਹ ਛੋਟੇ-ਛੋਟੇ ਕਦਮਾਂ ਦੇ ਰੂਪ ’ਚ ਸਾਡੇ ਤੱਕ ਆਉਂਦੇ ਹਨ। ਕਿਸੇ ਵੀ ਕੰਮ ਨੂੰ ਕਰਨ ਲਈ ਸਹੀ ਮੌਕੇ ਦੀ ਚੋਣ ਕਾਮਯਾਬੀ ਨੂੰ ਆਸਾਨ ਬਣਾਉਂਦੀ ਹੈ। ਹਰ ਕੰਮ ਨੂੰ ਕਰਨ ਦਾ ਕੋਈ ਖ਼ਾਸ ਮੌਕਾ ਹੁੰਦਾ ਹੈ।
ਇਸ ਮੌਕੇ ਦਾ ਲਾਭ ਉਠਾਓ। ਸਹੀ ਮੌਕੇ ਨੂੰ ਗਵਾ ਦੇਣ ਨਾਲ ਅਸੀਂ ਆਪਣੀ ਮੰਜ਼ਿਲ ਦੀ ਦਿਸ਼ਾ ਤੋਂ ਭਟਕ ਜਾਂਦੇ ਹਾਂ। ਸਿਆਣੇ ਕਹਿੰਦੇ ਹਨ ‘ਵੇਲੇ ਦੇ ਕੰਮ ,ਕੁਵੇਲੇ ਦੀਆਂ ਟੱਕਰਾਂ।’ਜੇਕਰ ਅਸੀਂ ਮਿਹਨਤ ਕਰਦੇ ਹਾਂ ਅਤੇ ਆਪਣੀ ਮੰਜ਼ਿਲ ਵੱਲ ਵਧਣ ਲਈ ਦ੍ਰਿੜਤਾ ਨਾਲ ਲੱਗੇ ਰਹਿੰਦੇ ਹਾਂ ਤਾਂ ਜ਼ਿੰਦਗੀ ਸਾਡੇ ਲਈ ਨਵੇਂ ਨਵੇਂ ਮੌਕੇ ਲੈ ਕੇ ਆਉਂਦੀ ਹੈ। ਕਈ ਵਾਰ ਮਾਹੌਲ ਅਤੇ ਹਾਲਾਤ ਕਿਸੇ ਕੰਮ ਨੂੰ ਸ਼ੁਰੂ ਕਰਨ ਦੇ ਅਨੁਕੂਲ ਨਹੀਂ ਹੁੰਦੇ ਤਾਂ ਉਸ ਸਮੇਂ ਜਲਦਬਾਜ਼ੀ ਨਾ ਕਰਕੇ ਸੰਜਮ ਤੋਂ ਕੰਮ ਲੈਣਾ ਹੀ ਸਿਆਣਪ ਹੁੰਦੀ ਹੈ। ਕਿਸੇ ਕੰਮ ਨੂੰ ਸ਼ੁਰੂ ਕਰਨ, ਕਿਸੇ ਨਾਲ ਗੱਲ ਕਰਨ ਅਤੇ ਚੁੱਪ ਰਹਿਣ ਦਾ ਵੀ ਖ਼ਾਸ ਮੌਕਾ ਹੁੰਦਾ ਹੈ।
ਜੀਵਨ ਕਹਾਣੀ ਦੇ ਨਾਇਕ ਬਣੋ
ਦੁਨੀਆ ਤੁਹਾਨੂੰ ਕੁਝ ਵੀ ਸਮਝੇ ਪ੍ਰੰਤੂ ਆਪਣੀ ਜੀਵਨ ਕਹਾਣੀ ਦੇ ਨਾਇਕ ਤੁਸੀਂ ਖ਼ੁਦ ਹੀ ਹੋ। ਆਪਣੀ ਜ਼ਿੰਦਗੀ ਵਿੱਚੋਂ ਰੋਸੇ,ਹੌਕੇ, ਸ਼ਿਕਵੇ ,ਸ਼ਿਕਾਇਤਾਂ ਨੂੰ ਕੱਢ ਦਿਓ , ਸਹਿਜ, ਸੋਹਜ ਅਤੇ ਸਲੀਕੇ ਦੇ ਰੰਗ ਭਰੋ। ਆਪਣੀ ਜੀਵਨ ਕਹਾਣੀ ਦੇ ਲੇਖਨ , ਨਿਰਦੇਸ਼ਨ ਤੇ ਅਦਾਕਾਰੀ ਨੂੰ ਪ੍ਰਭਾਵਸ਼ਾਲੀ ਬਣਾਓ।
ਔਖੇ ਸਮੇਂ ਸਾਡੀ ਪ੍ਰੀਖਿਆ ਹੁੰਦੇ ਹਨ ਇਹਨਾਂ ਸਮਿਆਂ ਵਿਚ ਸਾਬਤ ਕਦਮ ਖੜ੍ਹੇ ਰਹੋ। ਜ਼ਿੰਦਗੀ ਛੋਟੀਆਂ-ਛੋਟੀਆਂ ਘਟਨਾਵਾਂ ਦੀ ਤਰਤੀਬ ਹੀ ਹੈ ,ਹਰ ਘਟਨਾ ਦੇ ਵਿਚ ਆਪਣੇ ਨਾਇਕਤਵ ਨੂੰ ਖੋਜੋ। ਆਪਣੇ ਸੁਪਨਿਆਂ ਦੀ ਪੂਰਤੀ ਲਈ ਹੌਸਲਿਆਂ ਨੂੰ ਹਥਿਆਰ ਬਣਾ ਕੇ ਉਡਾਨ ਭਰੋ। ਖ਼ੁਦ ’ਤੇ ਭਰੋਸਾ ਰੱਖਦੇ ਹੋਏ ਅੱਗੇ ਵਧੋ ਅਤੇ ਆਪਣੀਆਂ ਕਮਜ਼ੋਰੀਆਂ ਤੇ ਡਰਾਂ ਨਾਲ ਲੜਨਾ ਸਿੱਖੋ। ਆਪਣੀ ਜੀਵਨ ਕਹਾਣੀ ਦੇ ਹਰ ਅਧਿਆਇ ਨੂੰ ਇਸ ਤਰ੍ਹਾਂ ਲਿਖੋ ਜਿਸ ’ਤੇ ਤੁਸੀਂ ਮਾਣ ਕਰ ਸਕੋ। ਆਪਣੀ ਜ਼ਿੰਦਗੀ ਦੇ ਨਾਇਕ ਖ਼ੁਦ ਬਣੋ। ਅਜਿਹਾ ਕੀਤਿਆਂ ਸਫਲਤਾ ਿਮਲਣੀ ਕੋਈ ਔਖਾ ਕਾਰਜ ਨਹੀਂ।
• ਸੁਖਪਾਲ ਸਿੰਘ ਬਰਨ