ਗੁਦਗੁਦੀ ਦੌਰਾਨ ਤੁਸੀਂ ਇੱਕੋ ਸਮੇਂ ਛਟਪਟਾਉਂਦੇ ਹੋ, ਕੰਟਰੋਲ ਗੁਆ ਦਿੰਦੇ ਹੋ ਤੇ ਹੱਸਦੇ ਹੋਏ ਵਿਰੋਧ ਵੀ ਕਰਦੇ ਹੋ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਤੁਸੀਂ ਖੁਦ ਨੂੰ ਗੁਦਗੁਦੀ ਨਹੀਂ ਕਰ ਸਕਦੇ। ਇਹ ਆਪਾ-ਵਿਰੋਧ ਹੀ ਗੁਦਗੁਦੀ ਦੀ ਅਸਲੀ ਕਹਾਣੀ ਬਿਆਨ ਕਰਦਾ ਹੈ। ਆਓ ਇਸ ਲੇਖ 'ਚ ਇਸ ਦੇ ਦਿਲਚਸਪ ਵਿਗਿਆਨ (Science of Tickling) ਨੂੰ ਸਮਝਦੇ ਹਾਂ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਗੁਦਗੁਦੀ ਬਹੁਤ ਹੀ ਅਜੀਬ ਅਹਿਸਾਸ ਹੈ ਕਿਉਂਕਿ ਇਹ ਤੁਹਾਡੀ ਇੱਛਾ 'ਤੇ ਨਿਰਭਰ ਨਹੀਂ ਕਰਦਾ। ਜੀ ਹਾਂ, ਤੁਸੀਂ ਖੁਦ ਇਹ ਤੈਅ ਨਹੀਂ ਕਰਦੇ ਕਿ ਤੁਸੀਂ ਹੱਸਣਾ ਹੈ ਜਾਂ ਨਹੀਂ, ਤੁਹਾਡਾ ਸਰੀਰ ਬਸ ਪ੍ਰਤੀਕਿਰਿਆ (Reaction) ਦਿੰਦਾ ਹੈ। ਤੁਹਾਡੇ ਦਿਮਾਗ ਨੂੰ ਇਹ ਸਮਝਣ ਦਾ ਮੌਕਾ ਵੀ ਨਹੀਂ ਮਿਲਦਾ ਕਿ ਕੁਝ ਮਜ਼ੇਦਾਰ ਹੋਇਆ ਹੈ, ਉਸ ਤੋਂ ਪਹਿਲਾਂ ਹੀ ਤੁਹਾਡਾ ਹਾਸਾ ਫੁੱਟ ਪੈਂਦਾ ਹੈ (Why Do We Laugh When Tickled)।
ਦਰਅਸਲ, ਗੁਦਗੁਦੀ ਦੌਰਾਨ ਤੁਸੀਂ ਇੱਕੋ ਸਮੇਂ ਛਟਪਟਾਉਂਦੇ ਹੋ, ਕੰਟਰੋਲ ਗੁਆ ਦਿੰਦੇ ਹੋ ਤੇ ਹੱਸਦੇ ਹੋਏ ਵਿਰੋਧ ਵੀ ਕਰਦੇ ਹੋ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਤੁਸੀਂ ਖੁਦ ਨੂੰ ਗੁਦਗੁਦੀ ਨਹੀਂ ਕਰ ਸਕਦੇ। ਇਹ ਆਪਾ-ਵਿਰੋਧ ਹੀ ਗੁਦਗੁਦੀ ਦੀ ਅਸਲੀ ਕਹਾਣੀ ਬਿਆਨ ਕਰਦਾ ਹੈ। ਆਓ ਇਸ ਲੇਖ 'ਚ ਇਸ ਦੇ ਦਿਲਚਸਪ ਵਿਗਿਆਨ (Science of Tickling) ਨੂੰ ਸਮਝਦੇ ਹਾਂ।
ਲੰਬੇ ਸਮੇਂ ਤਕ ਗੁਦਗੁਦੀ ਨੂੰ ਸਿਰਫ਼ ਇਕ ਹਲਕੀ-ਫੁਲਕੀ ਹਾਸੇ ਵਾਲੀ ਪ੍ਰਤੀਕਿਰਿਆ ਮੰਨਿਆ ਜਾਂਦਾ ਸੀ, ਪਰ ਵਿਗਿਆਨੀਆਂ ਨੇ ਪਾਇਆ ਹੈ ਕਿ ਇਹ ਵਿਵਹਾਰ ਜੀਵਨ ਦੀ ਸ਼ੁਰੂਆਤ 'ਚ ਹੀ ਵਿਕਸਤ ਹੋ ਜਾਂਦਾ ਹੈ ਤੇ ਕੇਵਲ ਇਨਸਾਨਾਂ ਤਕ ਸੀਮਤ ਨਹੀਂ ਹੈ। 'PLOS One' 'ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ, ਜਦੋਂ ਚੂਹਿਆਂ ਨੂੰ ਹੌਲੀ ਜਿਹੇ ਗੁਦਗੁਦਾਇਆ ਗਿਆ ਤਾਂ ਉਨ੍ਹਾਂ ਖੁਸ਼ੀ ਤੇ ਸਮਾਜਿਕ ਖੇਡ ਨਾਲ ਜੁੜੀਆਂ ਵਿਸ਼ੇਸ਼ ਆਵਾਜ਼ਾਂ ਕੱਢੀਆਂ। ਉਹ ਚੂਹੇ ਵਾਰ-ਵਾਰ ਉਨ੍ਹਾਂ ਖੋਜਕਰਤਾਵਾਂ ਕੋਲ ਵਾਪਸ ਆਏ ਜਿਨ੍ਹਾਂ ਨੇ ਉਨ੍ਹਾਂ ਨੂੰ ਗੁਦਗੁਦਾਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਗੁਦਗੁਦੀ ਹਾਸੇ-ਮਜ਼ਾਕ ਲਈ ਨਹੀਂ, ਸਗੋਂ ਆਪਸੀ ਸਾਂਝ ਜਾਂ ਜੁੜਾਅ ਲਈ ਵਿਕਸਿਤ ਹੋਈ ਹੈ।
ਗੁਦਗੁਦੀ ਸਰੀਰ ਦੇ ਉਨ੍ਹਾਂ ਹਿੱਸਿਆਂ 'ਤੇ ਕੀਤੀ ਜਾਂਦੀ ਹੈ ਜੋ ਸਭ ਤੋਂ ਨਾਜ਼ੁਕ ਤੇ ਖੁੱਲ੍ਹੇ ਹੁੰਦੇ ਹਨ, ਜਿਵੇਂ ਕਿ ਪਸਲੀਆਂ, ਪੇਟ ਤੇ ਗਰਦਨ। ਕਿਸੇ ਅਸਲ ਖਤਰੇ ਦੀ ਸਥਿਤੀ 'ਚ ਇਨ੍ਹਾਂ ਥਾਵਾਂ 'ਤੇ ਛੂਹਣਾ ਗੰਭੀਰ ਹੋ ਸਕਦਾ ਹੈ। ਸਾਡਾ ਨਰਵਸ ਸਿਸਟਮ ਪਹਿਲਾਂ ਪ੍ਰਤੀਕਿਰਿਆ ਦਿੰਦਾ ਹੈ, ਪਰ ਹਾਸਾ ਉਦੋਂ ਆਉਂਦਾ ਹੈ ਜਦੋਂ ਸਾਡਾ ਦਿਮਾਗ ਇਹ ਪਛਾਣ ਲੈਂਦਾ ਹੈ ਕਿ ਛੂਹਣ ਵਾਲਾ ਵਿਅਕਤੀ ਸੁਰੱਖਿਅਤ ਅਤੇ ਜਾਣੂ ਹੈ।
ਇਸ ਸਥਿਤੀ 'ਚ ਹਾਸਾ ਇਕ ਸੰਕੇਤ ਬਣ ਜਾਂਦਾ ਹੈ ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਦਾ ਹੈ ਕਿ ਇਹ ਸੰਪਰਕ ਖ਼ਤਰਨਾਕ ਨਹੀਂ ਹੈ। ਵਿਕਾਸਵਾਦ (Evolution) ਦੇ ਨਜ਼ਰੀਏ ਤੋਂ ਇਹ ਪ੍ਰਤੀਕਿਰਿਆ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਇਸ ਨੇ ਬਿਨਾਂ ਕਿਸੇ ਸੰਘਰਸ਼ ਦੇ ਇਨਸਾਨਾਂ ਨੂੰ ਨੇੜੇ ਆਉਣ ਅਤੇ ਸਰੀਰਕ ਤਾਲਮੇਲ ਬਿਠਾਉਣ ਵਿੱਚ ਮਦਦ ਕੀਤੀ।
ਖੁਦ ਨੂੰ ਗੁਦਗੁਦੀ ਕਰਨ ਦੀ ਕੋਸ਼ਿਸ਼ ਹਮੇਸ਼ਾ ਨਾਕਾਮ ਰਹਿੰਦੀ ਹੈ ਕਿਉਂਕਿ ਸਾਡਾ ਦਿਮਾਗ ਉਨ੍ਹਾਂ ਗਤੀਵਿਧੀਆਂ ਨੂੰ ਪਸੰਦ ਨਹੀਂ ਕਰਦਾ ਜੋ ਉਹ ਖੁਦ ਪੈਦਾ ਕਰਦਾ ਹੈ। ਸਾਡਾ ਦਿਮਾਗ ਸਾਡੇ ਹਰ ਕਦਮ ਜਾਂ ਹਰਕਤ ਦਾ ਅੰਦਾਜ਼ਾ ਉਸ ਨੂੰ ਕਰਨ ਤੋਂ ਕੁਝ ਮਿਲੀ ਸੈਕੰਡ ਪਹਿਲਾਂ ਹੀ ਲਗਾ ਲੈਂਦਾ ਹੈ। ਗੁਦਗੁਦੀ ਦਾ ਪੂਰਾ ਪ੍ਰਭਾਵ 'ਅਨਿਸ਼ਚਿਤਤਾ' 'ਤੇ ਨਿਰਭਰ ਕਰਦਾ ਹੈ। ਜਦੋਂ ਕੋਈ ਦੂਜਾ ਵਿਅਕਤੀ ਸਾਨੂੰ ਛੂਹਦਾ ਹੈ ਤਾਂ ਉਸ ਵਿਚ ਇਕ 'ਸਰਪ੍ਰਾਈਜ਼' ਹੁੰਦਾ ਹੈ, ਜੋ ਪ੍ਰਤੀਕਿਰਿਆ ਨੂੰ ਜਨਮ ਦਿੰਦਾ ਹੈ।
ਹਾਸਾ ਕਿਸੇ ਵੀ ਸਮੂਹ ਦੇ ਮਾਹੌਲ ਨੂੰ ਤੁਰੰਤ ਬਦਲ ਦਿੰਦਾ ਹੈ ਅਤੇ ਤਣਾਅ ਨੂੰ ਘੱਟ ਕਰਦਾ ਹੈ। ਸ਼ੁਰੂਆਤੀ ਮਨੁੱਖੀ ਭਾਈਚਾਰਿਆਂ ਵਿੱਚ, ਜਿੱਥੇ ਲੋਕ ਇੱਕ-ਦੂਜੇ ਦੇ ਬਹੁਤ ਕਰੀਬ ਰਹਿੰਦੇ ਸਨ, ਗੁਦਗੁਦੀ ਤੋਂ ਪੈਦਾ ਹੋਣ ਵਾਲੇ ਹਾਸੇ ਨੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ। ਜਿਨ੍ਹਾਂ ਸਮੂਹਾਂ 'ਚ ਭਰੋਸਾ ਜ਼ਿਆਦਾ ਸੀ, ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਵੀ ਵੱਧ ਸੀ। ਇਸ ਤਰ੍ਹਾਂ ਗੁਦਗੁਦੀ ਕੇਵਲ ਊਰਜਾ ਦੀ ਬਰਬਾਦੀ ਨਹੀਂ, ਸਗੋਂ ਸਮਾਜ ਨੂੰ ਜੋੜਨ ਵਾਲੀ ਗੂੰਦ (Glue) ਸੀ।
ਗੁਦਗੁਦੀ ਲਈ ਸਮਰਪਣ ਦੀ ਲੋੜ ਹੁੰਦੀ ਹੈ। ਤੁਸੀਂ ਕਿਸੇ ਨੂੰ ਆਪਣੇ ਇੰਨਾ ਕਰੀਬ ਆਉਣ ਦਿੰਦੇ ਹੋ ਕਿ ਉਹ ਕੁਝ ਦੇਰ ਲਈ ਤੁਹਾਡੇ 'ਤੇ ਹਾਵੀ ਹੋ ਸਕੇ। ਇਹ ਉਦੋਂ ਹੀ ਸੰਭਵ ਹੈ ਜਦੋਂ ਅਟੁੱਟ ਵਿਸ਼ਵਾਸ ਹੋਵੇ। ਜਿਵੇਂ ਹੀ ਭਰੋਸੇ ਦੀ ਸੀਮਾ ਟੁੱਟਦੀ ਹੈ, ਹਾਸਾ ਗਾਇਬ ਹੋ ਜਾਂਦਾ ਹੈ ਅਤੇ ਉਸਦੀ ਜਗ੍ਹਾ ਬੇਚੈਨੀ ਲੈ ਲੈਂਦੀ ਹੈ।
ਅੱਜ ਦੀ ਆਧੁਨਿਕ ਜੀਵਨਸ਼ੈਲੀ ਭਾਵੇਂ ਬਦਲ ਗਈ ਹੋਵੇ, ਪਰ ਸਾਡਾ ਨਰਵਸ ਸਿਸਟਮ ਅਜੇ ਵੀ ਪੁਰਾਣਾ ਹੀ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਨਸਾਨ ਛੋਹ, ਖੇਡ ਅਤੇ ਸਾਂਝੀਆਂ ਭਾਵਨਾਵਾਂ ਰਾਹੀਂ ਜੁੜਨ ਲਈ ਬਣਿਆ ਹੈ।