ਝਾਕੀ ਦੇ ਟ੍ਰੇਲਰ ਭਾਗ ’ਚ ਰਾਗੀ ਜਥਿਆਂ ਦੁਆਰਾ ਹੋਣ ਵਾਲਾ ਸ਼ਬਦ ਕੀਰਤਨ ਆਤਮਿਕ ਵਾਤਾਵਰਨ ਨੂੰ ਹੋਰ ਵੀ ਪਵਿੱਤਰ ਬਣਾਉਂਦਾ ਹੈ। ਕੀਰਤਨ ਦੀ ਧੁਨ ਮਨ ਨੂੰ ਸ਼ਾਂਤੀ ਤੇ ਭਗਤੀ ਨਾਲ ਭਰ ਦਿੰਦੀ ਹੈ, ਜੋ ਗੁਰੂ ਜੀ ਦੀ ਬਾਣੀ ਦੀ ਅਸਲ ਰੂਹ ਹੈ। ਪਿਛੋਕੜ ’ਚ ਖੰਡਾ ਸਾਹਿਬ ਦਾ ਚਿੰਨ੍ਹ ਸਿੱਖ ਪਛਾਣ, ਤਿਆਗ ਤੇ ਸੇਵਾ ਦੀ ਯਾਦ ਦਿਵਾਉਂਦਾ ਹੈ।

ਹਿੰਦੂ ਧਰਮ ਨੂੰ ਬਚਾਉਣ ਲਈ ਆਪਣਾ ਬਲਿਦਾਨ ਦੇਣ ਵਾਲੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਵਸ (24 ਨਵਬੰਰ 2025) ਨੂੰ ਦੇਸ਼-ਵਿਦੇਸ਼ ’ਚ ਧਾਰਮਿਕ ਮਰਿਆਦਾ ਅਨੁਸਾਰ ਵੱਡੀ ਪੱਧਰ ’ਤੇ ਮਨਾਇਆ ਗਿਆ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਸਨ। ਇਸ ਵਾਰ ਗਣਤੰਤਰ ਦਿਵਸ (26 ਜਨਵਰੀ) ਮੌਕੇ ਰਾਜਪਥ ’ਤੇ ਹਿੰਦ ਦੀ ਚਾਦਰ ਗੁਰੂ ਸਾਹਿਬ ਦੇ ਜੀਵਨ ਤੇ ਬਲਿਦਾਨ ਨੂੰ ਪ੍ਰਗਟ ਕਰਦੀ ਝਾਕੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਦੇ ਲੋਕ ਸੰਪਰਕ ਵਿਭਾਗ ਵੱਲੋਂ ਤਿਆਰ ਕੀਤੇ ਗਏ ਥੀਮ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਮੁੱਚਾ ਜੀਵਨ ਸੱਚ, ਧਰਮ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ’ਤੇ ਪਹਿਰਾ ਦੇਣ ਲਈ ਗੁਜ਼ਰਿਆ ਹੈ। ਮੁਗ਼ਲ ਹਕੂਮਤ ਵੇਲੇ ਜਦੋਂ ਔਰੰਗਜ਼ੇਬ ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕਰ ਰਿਹਾ ਸੀ ਤਾਂ ਕਸ਼ਮੀਰੀ ਪੰਡਿਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਉਨ੍ਹਾਂ ਦੇ ਧਰਮ ਦੀ ਰੱਖਿਆ ਕਰਨ ਲਈ ਅਪੀਲ ਕਰਨ ਆਏ ਸਨ। ਹਿੰਦੂ ਧਰਮ ਬਚਾਉਣ ਲਈ ਆਪਣਾ ਬਲੀਦਾਨ ਦੇਣ ਕਾਰਨ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਵਜੋਂ ਜਾਣਿਆ ਜਾਂਦਾ ਹੈ।
ਕੇਂਦਰ ਸਰਕਾਰ ਨੇ ਪਿਛਲੇ ਸਾਲ ਸੂਬਿਆਂ ਤੋਂ ਗਣਤੰਤਰ ਦਿਵਸ ’ਤੇ ਝਾਕੀ ਦਿਖਾਉਣ ਲਈ ਥੀਮ ਮੰਗੇ ਸਨ ਤਾਂ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ। ਪੰਜਾਬ ਸਰਕਾਰ ਨੇ ਗੁਰੂ ਸਾਹਿਬ ਦੇ ਜੀਵਨ ’ਤੇ ਆਧਾਰਿਤ ਥੀਮ ਪੇਸ਼ ਕੀਤਾ, ਜਿਸ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ। ਕਰੀਬ ਚਾਰ ਮੀਟਿੰਗਾਂ ਤੋਂ ਬਾਅਦ ਝਾਕੀ ’ਚ ਕੀ-ਕੀ ਦਿਖਾਇਆ ਜਾਵੇਗਾ, ਨੂੰ ਅੰਤਿਮ ਰੂਪ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਗੁਰੂ ਦੀ ਝਾਕੀ ਨੂੰ ਇਸ ਲਈ ਵੀ ਮਹੱਤਵ ਦਿੱਤਾ ਹੈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਕੁਰੂਕਸ਼ੇਤਰ ਦੀ ਧਰਤੀ ’ਤੇ 350 ਸਾਲਾਂ ਸ਼ਹੀਦੀ ਦਿਵਸ ਦੇ ਸਬੰਧ ਵਿਚ ਆਯੋਜਿਤ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਦੇਸ਼ ਦੀ ਦਸ਼ਾ ਤੇ ਦਿਸ਼ਾ ਕੁਝ ਹੋਰ ਹੀ ਹੁੰਦੀ।
ਇਸ ਤਰ੍ਹਾਂ ਦੀ ਹੋਵੇਗੀ ਝਾਕੀ
ਜਾਣਕਾਰੀ ਅਨੁਸਾਰ ਝਾਕੀ ਵਿਚ ਸਭ ਤੋਂ ਪਹਿਲਾਂ ਇਕ ਓਂਕਾਰ ਉਕਰਿਆ ਦਿਖਾਇਆ ਗਿਆ, ਜੋ ਮਨੁੱਖਤਾ ਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਪਰਮਾਤਮਾ ਇਕ ਹੈ। ਇਸ ਤੋਂ ਬਾਅਦ ਅਲੌਕਿਕ ‘ਹੱਥ’ ਦਿਖਾਇਆ ਗਿਆ ਹੈ, ਜੋ ਪ੍ਰਕਾਸ਼, ਉਜਵਲ ਤੇ ਮਨੁੱਖੀ ਏਕਤਾ ਦਾ ਪ੍ਰਤੀਕ ਹੈ। ਇਹ ਹੱਥ ਸਾਨੂੰ ਯਾਦ ਦਿਵਾਉਂਦਾ ਹੈ ਕਿ ਗੁਰੂ ਸਾਹਿਬ ਹਰ ਪੀੜਤ, ਕਮਜ਼ੋਰ ਤੇ ਬੇਇਨਸਾਫੀ ਨਾਲ ਜੂਝਦੇ ਮਨੁੱਖ ਦੇ ਨਾਲ ਖੜ੍ਹੇ ਰਹੇ ਹਨ। ਝਾਕੀ ’ਤੇ ਲਿਖਿਆ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਇਤਿਹਾਸਕ ਭੂਮਿਕਾ ਨੂੰ ਯਾਦ ਕਰਵਾਉਂਦਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਧਾਰਮਿਕ ਵਰਗਾਂ ਦੀ ਆਜ਼ਾਦੀ ਲਈ ਅਡਿੱਗ ਹੋ ਕੇ ਖੜ੍ਹਾ ਹੋਣ ਦਾ ਰਾਹ ਚੁਣਿਆ। ਇਹ ਚਾਦਰ ਰੱਖਿਆ, ਇੱਜ਼ਤ ਤੇ ਆਤਮਿਕ ਗਰਿਮਾ ਦੀ ਪ੍ਰਤੀਕ ਹੈ। ਗੁਰੂ ਜੀ ਨੇ ਸਿਖਾਇਆ ਕਿ ਸੱਚ ਦੇ ਰਾਹ ’ਤੇ ਤੁਰਨਾ ਹੀ ਅਸਲੀ ਭਗਤੀ ਹੈ।
ਝਾਕੀ ਦੇ ਟ੍ਰੇਲਰ ਭਾਗ ’ਚ ਰਾਗੀ ਜਥਿਆਂ ਦੁਆਰਾ ਹੋਣ ਵਾਲਾ ਸ਼ਬਦ ਕੀਰਤਨ ਆਤਮਿਕ ਵਾਤਾਵਰਨ ਨੂੰ ਹੋਰ ਵੀ ਪਵਿੱਤਰ ਬਣਾਉਂਦਾ ਹੈ। ਕੀਰਤਨ ਦੀ ਧੁਨ ਮਨ ਨੂੰ ਸ਼ਾਂਤੀ ਤੇ ਭਗਤੀ ਨਾਲ ਭਰ ਦਿੰਦੀ ਹੈ, ਜੋ ਗੁਰੂ ਜੀ ਦੀ ਬਾਣੀ ਦੀ ਅਸਲ ਰੂਹ ਹੈ। ਪਿਛੋਕੜ ’ਚ ਖੰਡਾ ਸਾਹਿਬ ਦਾ ਚਿੰਨ੍ਹ ਸਿੱਖ ਪਛਾਣ, ਤਿਆਗ ਤੇ ਸੇਵਾ ਦੀ ਯਾਦ ਦਿਵਾਉਂਦਾ ਹੈ। ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਚਿਤਰਨ ਉਸ ਪਵਿੱਤਰ ਥਾਂ ਵੱਲ ਇਸ਼ਾਰਾ ਕਰਦਾ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਅਟੱਲ ਨਿਸ਼ਠਾ ਦਾ ਅਮਰ ਪ੍ਰਮਾਣ ਦਿੱਤਾ। ਇਸੇ ਤਰ੍ਹਾਂ ਝਾਕੀ ਵਿਚ ਗੁਰੂ ਜੀ ਨਾਲ ਖੜ੍ਹੇ ਰਹੇ ਭਾਈ ਮਤੀ ਦਾਸ ਜੀ, ਜਿਨ੍ਹਾਂ ਨੂੰ ਜਿਉਂਦਿਆਂ ਹੀ ਆਰੇ ਨਾਲ ਚੀਰ ਦਿੱਤਾ ਗਿਆ ਸੀ, ਭਾਈ ਸਤੀ ਦਾਸ ਜੀ, ਜਿਨ੍ਹਾਂ ਦੇ ਸਰੀਰ ’ਤੇ ਰੂੰ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਭਾਈ ਦਿਆਲਾ ਜੀ, ਜਿਨ੍ਹਾਂ ਨੂੰ ਉੱਬਲਦੀ ਦੇਗ ਵਿਚ ਸ਼ਹੀਦ ਕੀਤਾ ਗਿਆ ਸੀ, ਦੀ ਅਮਰ ਸ਼ਹਾਦਤ ਅਟੁੱਟ ਭਗਤੀ ਦਾ ਵਰਨਣ ਕੀਤਾ ਗਿਆ ਹੈ। ਇਸ ਝਾਕੀ ’ਚ ਗੁਰੂ ਸਾਹਿਬ ਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਕੁਰਬਾਨੀ ਦੇ ਉੱਚ ਆਦਰਸ਼ਾਂ ਦੀ ਜਿਉਂਦੀ ਜਾਗਦੀ ਮਿਸਾਲ ਨੂੰ ਦਿਖਾਇਆ ਗਿਆ ਹੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਰਾਸਤ ਸਾਨੂੰ ਸਿਖਾਉਂਦੀ ਹੈ ਕਿ ਧਰਮ ਸਿਰਫ਼ ਰਸਮਾਂ ਨਹੀਂ ਸਗੋਂ ਮਨੁੱਖਤਾ ਦੀ ਸੇਵਾ, ਸੱਚਾਈ ਦੀ ਰੱਖਿਆ ਅਤੇ ਸਭ ਲਈ ਨਿਆਂ ਦੀ ਆਵਾਜ਼ ਬਣਨਾ ਹੈ। ‘ਹਿੰਦ ਦੀ ਚਾਦਰ’ ਦਾ ਸੰਦੇਸ਼ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ, ਇਕ ਅਜਿਹਾ ਸੰਸਾਰ ਬਣਾਉਣ ਲਈ ਜਿੱਥੇ ਹਰ ਮਨੁੱਖ ਆਜ਼ਾਦੀ, ਇੱਜ਼ਤ ਤੇ ਸ਼ਾਂਤੀ ਨਾਲ ਜੀਅ ਸਕੇ। ਜ਼ਿਕਰਯੋਗ ਹੈ ਕਿ 2017 ਤੋਂ 2022 ਤਕ ਰਾਜਪਥ ’ਤੇ ਪੰਜਾਬ ਦੀ ਝਾਕੀ ਲਗਾਤਾਰ ਦਿਖਾਈ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਸੱਭਿਆਚਾਰ ਤੇ ਬਾਬਾ ਸ਼ੇਖ਼ ਫ਼ਰੀਦ ਦੇ ਜੀਵਨ ਸਬੰਧੀ ਝਾਕੀ ਦਿਖਾਈ ਗਈ ਸੀ। ਪੰਜਾਬ ਸਰਕਾਰ ਵੱਲੋਂ ਲੰਗਰ ਪ੍ਰਥਾ ਬਾਰੇ ਪੇਸ਼ ਕੀਤੀ ਗਈ ਝਾਕੀ ਦੀ ਕਾਫ਼ੀ ਸਰਾਹਨਾ ਹੋਈ ਸੀ।
- ਜੈ ਸਿੰਘ ਛਿੱਬਰ