ਬੋਲੀ ਮਹਿਜ਼ ਅੱਖਰਾਂ ਦੇ ਜੋੜ ਵਾਲੇ ਮੂੰਹ ’ਚੋਂ ਨਿਕਲੇ ਬੋਲ ਹੀ ਨਹੀਂ ਹੁੰਦੇ ਸਗੋਂ ਇਹ ਆਪਣੇ ਆਪ ’ਚ ਉਸ ਸਥਾਨ ਦੀ ਲੋਕ ਧਾਰਾ, ਵਿਹਾਰ, ਸੱਭਿਆਚਾਰ ਜਾਂ ਕਹੀਏ ਪੂਰੀ ਜੀਵਨ-ਜਾਚ ਨੂੰ ਲਕੋਈ ਬੈਠੇ ਹੁੰਦੇ ਹਨ। ਇਸੇ ਕਰਕੇ ਤਾਂ ਬੋਲਣ ਤੋਂ ਪਹਿਲਾਂ ਸੌ ਵਾਰੀ ਸੋਚਣ ਬਾਰੇ ਕਿਹਾ ਗਿਆ ਹੈ। ਉਂਜ ਤਾਂ ਬਹੁਤੇ ਲੋਕ ਬੋਲਣ ਤੋਂ ਪਹਿਲਾਂ ਤੋਲਣ ਵਾਲਾ ਵਿਹਾਰ ਅਪਣਾਉਂਦੇ ਹੀ ਨਹੀਂ ਹਨ ਪ੍ਰੰਤੂ ਸਸਤੀ ਸ਼ੋਹਰਤ ਹਾਸਿਲ ਕਰਨ ਵਾਲੇ ਤਾਂ ਕੁਝ ਜ਼ਿਆਦਾ ਹੀ ਉਲਾਰ ਹੁੰਦੇ ਹਨ।

ਬੋਲੀ ਮਹਿਜ਼ ਅੱਖਰਾਂ ਦੇ ਜੋੜ ਵਾਲੇ ਮੂੰਹ ’ਚੋਂ ਨਿਕਲੇ ਬੋਲ ਹੀ ਨਹੀਂ ਹੁੰਦੇ ਸਗੋਂ ਇਹ ਆਪਣੇ ਆਪ ’ਚ ਉਸ ਸਥਾਨ ਦੀ ਲੋਕ ਧਾਰਾ, ਵਿਹਾਰ, ਸੱਭਿਆਚਾਰ ਜਾਂ ਕਹੀਏ ਪੂਰੀ ਜੀਵਨ-ਜਾਚ ਨੂੰ ਲਕੋਈ ਬੈਠੇ ਹੁੰਦੇ ਹਨ। ਇਸੇ ਕਰਕੇ ਤਾਂ ਬੋਲਣ ਤੋਂ ਪਹਿਲਾਂ ਸੌ ਵਾਰੀ ਸੋਚਣ ਬਾਰੇ ਕਿਹਾ ਗਿਆ ਹੈ। ਉਂਜ ਤਾਂ ਬਹੁਤੇ ਲੋਕ ਬੋਲਣ ਤੋਂ ਪਹਿਲਾਂ ਤੋਲਣ ਵਾਲਾ ਵਿਹਾਰ ਅਪਣਾਉਂਦੇ ਹੀ ਨਹੀਂ ਹਨ ਪ੍ਰੰਤੂ ਸਸਤੀ ਸ਼ੋਹਰਤ ਹਾਸਿਲ ਕਰਨ ਵਾਲੇ ਤਾਂ ਕੁਝ ਜ਼ਿਆਦਾ ਹੀ ਉਲਾਰ ਹੁੰਦੇ ਹਨ। ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ‘ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ’ ਵਾਲਾ ਅਖਾਣ ਕੁਝ ਜ਼ਿਆਦਾ ਹੀ ਪ੍ਰਭਾਵੀ ਹੋ ਗਿਆ ਹੈ। ਵਿਸ਼ੇਸ਼ ਅਰਥ ਰੱਖਣ ਵਾਲੀ ਗੱਲ ਜਾਂ ਵਿਹਾਰ ਜੰਗਲ ਦੀ ਅੱਗ ਵਾਂਗ ਫੈਲ ਕੇ ਲੋਕਾਂ ਤਕ ਪੁੱਜ ਜਾਂਦੀ ਹੈ। ਇਹ ਵੇਖਣ ’ਚ ਆਇਆ ਹੈ ਕਿ ਮਿਲੀ ਹੋਈ ਤਾਕਤ ਬੰਦੇ ਨੂੰ ਇਕ ਨਸ਼ੇ ਜਿਹੇ ਵਿਚ ਲਈ ਫਿਰਦੀ ਹੈ ਤੇ ਉਹ ਆਪਣੇ ਹਰ ਸ਼ਬਦ ਨੂੰ ਹੀ ਲੋਕਾਂ ’ਚ ਹਰਮਨ ਪਿਆਰਾ ਮੰਨ ਕੇ ਬੋਲ ਦਿੰਦਾ ਹੈ। ਪਤਾ ਉਦੋਂ ਲੱਗਦਾ ਹੈ, ਜਦੋਂ ਬੋਲੇ ਗਏ ਕੁਬੋਲ ਬੰਦੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਦੇ। ਬੋਲਣ ਵਾਲਾ ਇਹ ਵਿਸਰ ਜਾਂਦਾ ਹੈ ਕਿ ਸ਼ਬਦਾਂ ਦੇ ਬਕਾਇਦਾ ਅਰਥ ਨਿਰਧਾਰਤ ਹੋਏ ਹੁੰਦੇ ਹਨ ਤੇ ਇਸੇ ਨਾਲ ਹੀ ਬੋਲ ਰੁਪਹਿਰੇ ਜਾਂ ਕੁਲਹਿਰੇ ਹੋ ਨਿੱਬੜਦੇ ਹਨ।
ਮਾਨਸਿਕਤਾ ਦਾ ਰੱਖਣਾ ਚਾਹੀਦਾ ਧਿਆਨ
ਬੋਲਣ ਵਾਸਤੇ ਸੁਣਨ ਵਾਲੇ ਦੀ ਮਾਨਸਿਕਤਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸਮਾਂ, ਸਥਾਨ ਤੇ ਮੌਕਾ ਬੋਲਣ ਵਾਸਤੇ ਕੁਝ ਜ਼ਿਆਦਾ ਹੀ ਮਹੱਤਵਪੂਰਨ ਹੁੰਦੇ ਹਨ। ਬੋਲਣ ਵਾਲੇ ਦੀਆਂ ਸਰੀਰਕ ਮੁਦਰਾਵਾਂ ਵੀ ਅਰਥਾਂ ਦੇ ਅਨਰਥ ਕਰਵਾ ਦਿੰਦੀਆਂ ਹਨ। ਬਹੁਤ ਸਾਰੇ ਬੋਲ ਆਪਣੇ ਵਿਚ ‘ਭਾਵਅਰਥ’ ਲਕੋਈ ਬੈਠੇ ਹੁੰਦੇ ਹਨ। ਵੇਖਣ ’ਚ ਆਉਂਦਾ ਹੈ ਕਿ ਲਿਖਣ ਵਾਲਾ ਇਕਹਿਰੇ ਕਾਮਿਆਂ ਵਿਚ ਸ਼ਬਦਾਂ ਨੂੰ ਰੱਖ ਕੇ ਵਿਸ਼ੇਸ਼ ਇਸ਼ਾਰਾ ਪ੍ਰਦਾਨ ਕਰਦਾ ਹੈ। ਕਵਿਤਾ ’ਚ ਵਰਤੇ ਗਏ ਆਲੰਕਾਰ ਤਾਂ ਸ਼ਬਦਾਂ ਦੇ ਅਰਥ ਅੰਤਾਂ ਦੇ ਗਹਿਰੇ ਕਰ ਦਿੰਦੇ ਹਨ। ‘ਚੰਡੀ ਦੀ ਵਾਰ’ ਵਿਚ ਜਦੋਂ ਚੰਡੀ ਤਲਵਾਰ ਨਾਲ ਕੀਤੇ ਗਏ ਵਾਰ ਨਾਲ ਸਿਰ ਤੋਂ ਚੱਲਦੀ ਹੋਈ ਤਲਵਾਰ ਜਦੋਂ ਘੋੜੇ ਨੂੰ ਚੀਰ ਕੇ ਧੋਲੇ ਬਲਦ ਦੇ ਸਿੰਗਾਂ ਨਾਲ ਜਾ ਟਕਰਾਉਣ ਵਾਲੀ ਟੂਕ ਆਉਂਦੀ ਹੈ ਤਾਂ ਇਹ ਵਿਸ਼ੇਸ਼ ਤਰ੍ਹਾਂ ਦਾ ਮਾਹੌਲ ਸਿਰਜ ਦਿੰਦੀ ਹੈ। ਕਈ ਵਾਰੀ ਸਮੇਂ ਦੇ ਵਹਾਅ ਵਿਚ ਵੀ ਸ਼ਬਦ ਆਪਣੇ ਅਰਥ ਪਾਣੀ ਦੇ ਵਹਿਣ ਵਾਂਗ ਬਦਲ ਲੈਂਦੇ ਹਨ ਜਾਂ ਫਿਰ ਆਮ ਜਿਹੇ ਹੋ ਜਾਂਦੇ ਹਨ।
ਇਕ ਹੀ ਸ਼ਬਦ ਦੇ ਬਦਲ ਜਾਂਦੇ ਅਰਥ
ਇਕ ਹੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਵਿਚ ਇਕ ਹੀ ਸ਼ਬਦ ਦੇ ਅਰਥ ਬਦਲ ਜਾਂਦੇ ਹਨ। ਮਲਵਈ ਉਪ-ਭਾਸ਼ਾ ਵਿਚ ‘ਹਵੇਲੀ’ ਦੇ ਹੋਰ ਅਰਥ ਹਨ, ਜਦੋਂਕਿ ਮਾਝੀ ਵਿਚ ਇਹ ਸ਼ਬਦ ਭਿੰਨ ਅਰਥ ਰੱਖਦਾ ਹੈ। ਕੁਝ ਸ਼ਬਦ ਬੋਲਣ ’ਤੇ ਬੋਲਣ ਵਾਲੇ ਦੇ ਇਲਾਕੇ ਬਾਰੇ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ‘ਬਠਿੰਡੇ ਵਾਲੇ ਰਫ਼ਲਾਂ ਰੱਖਣ ਦੇ ਸ਼ੌਕੀ’ ਵਾਲਾ ਗੀਤ ਇਸ ਦੀ ਉੱਤਮ ਮਿਸਾਲ ਆਖੀ ਜਾ ਸਕਦੀ ਹੈ। ਪੁਆਧੀ ਬੋਲਣ ਤੇ ਲਿਖਣ ਵਿਚ ਭਿੰਨ ਵੇਖੀ ਜਾ ਸਕਦੀ ਹੈ। ਵੱਖ-ਵੱਖ ਕਿੱਤਿਆਂ ਦੀਆਂ ਬੋਲੀਆਂ ਵੀ ਵਿਸ਼ੇਸ਼ ਅਰਥ ਗ੍ਰਹਿਣ ਕਰ ਜਾਂਦੀਆਂ ਹਨ। ਬੱਸ ਦੇ ਕੰਡਕਟਰ ਦੁਆਰਾ ਸੀਟੀ ਮਾਰਨੀ ਆਮ ਬੰਦੇ ਦੀ ਸੀਟੀ ਮਾਰਨ ਨਾਲੋਂ ਵੱਖਰੇ ਅਰਥਾਂ ਵਾਲੀ ਹੁੰਦੀ ਹੈ। ਖੇਤ ਵਿਚ ਕੰਮ ਕਿਸਾਨੀ ਦਾ ਕੰਮ ਕਰਨ ਵਾਲਿਆਂ ਨੇ ਲੋੜ ਅਨੁਸਾਰ ਆਪਣੇ ਸ਼ਬਦ ਬਣਾ ਲਏ ਹਨ। ਬਾਸਮਤੀ/ਬਾਸਪਤੀ, ਮੈਗਨੀਜ਼/ਮੈਗਜ਼ੀਨ ਵਰਗੇ ਸ਼ਬਦ ਆਮ ਬੋਲੇ ਜਾਂਦੇ ਹਨ। ਡਾਕਟਰੀ ਕਿੱਤੇ ਵਿਚ ਵੀ ਵੱਖਰੇ ਬੋਲ ਸੁਣੇ ਜਾ ਸਕਦੇ ਹਨ। ਪੰਜਾਬੀ ਵਿਚ ਲੋੜ ਅਨੁਸਾਰ ਸ਼ਬਦਾਂ ਨੂੰ ਆਪਣੇ ਅਨੁਸਾਰ ਤਬਦੀਲ ਕਰ ਲਿਆ ਹੈ। ਪੁਲਿਸ ਦੇ ਆਪਣੇ ਅਰਥਾਂ ਵਾਲੇ ਸ਼ਬਦ ਹਨ। ਸਾਈਕਲ/ਸੈਕਲ, ਪੰਕਚਰ/ਪੈਂਚਰ, ਸਟੇਸ਼ਨ/ਟੇਸ਼ਣ ਵਰਗੇ ਸ਼ਬਦ ਬੋਲਣ ਵਾਲਿਆਂ ਦੀ ਵਧੀਆ ਘਾੜਤ ਆਖੀ ਜਾ ਸਕਦੀ ਹੈ।
ਸਮੇਂ ਨੇ ਬਦਲੀ ਤੋਰ
ਕੁਝ ਸ਼ਬਦ ਮਰਦਾਂ ਤੇ ਔਰਤਾਂ ਵਾਸਤੇ ਭਿੰਨ ਅਰਥਾਂ ਵਾਲੇ ਹੁੰਦੇ ਹਨ। ਪੰਜਾਬੀ ਵਿਚ ਮਰਦਾਂ ਵਾਸਤੇ ਯਾਰ, ਯਾਰੀ ਦੇ ਅਰਥ ਸਤਿਕਾਰਤ ਹੁੰਦੇ ਹਨ, ਜਦੋਂਕਿ ਔਰਤ ਲਈ ਇਹ ਸਤਿਕਾਰ ਵਜੋਂ ਨਹੀਂ ਜਾਣੇ ਜਾਂਦੇ ਸਨ। ਅੱਜ-ਕੱਲ੍ਹ ਲੜਕੀਆਂ/ਔਰਤਾਂ ਆਮ ਬੋਲਚਾਲ ’ਚ ਇਸ ਸ਼ਬਦ ਦੀ ਵਰਤੋਂ ਕਰਦੀਆਂ ਆਮ ਹੀ ਵੇਖੀਆਂ ਜਾ ਸਕਦੀਆਂ ਹਨ। ਦੋ ਲੜਕਿਆਂ, ਮਰਦਾਂ ਦੀ ਯਾਰੀ ਤੂਤ ਦੇ ਮੋਛੇ ਵਰਗੀ ਹੁੰਦੀ ਹੈ। ਉਹ ਇਕ-ਦੂਸਰੇ ਤੋਂ ਜਾਨ ਨਿਛਾਵਰ ਕਰਨ ਤਕ ਜਾਂਦੇ ਹੁੰਦੇ ਹਨ। ਪੰਜਾਬੀ ’ਚ ਲੋਕ ਭਾਖਾ ਹੈ ਕਿ ਜੇ ਦੋ ਭਰਾਵਾਂ ਵਿਚ ਯਾਰਾਂ ਵਰਗਾ ਰਿਸ਼ਤਾ ਹੋਵੇ ਜਾਂ ਇਸ ਦੇ ਵਿਪਰੀਤ ਦੋ ਯਾਰਾਂ ਵਿਚ ਭਰਾਵਾਂ ਵਰਗਾ ਰਿਸ਼ਤਾ ਹੋਵੇ ਤਾਂ ਅਖ਼ੀਰਲੇ ਦਮ ਤਕ ਨਿਭਣ ਵਾਲਾ ਰਿਸ਼ਤਾ ਸਾਬਿਤ ਹੁੰਦਾ ਹੈ। ਹੋਰ ਕੋਈ ਰਿਸ਼ਤਾ ਇਸ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ। ਉਹ ਦੁੱਖ-ਸੁੱਖ ’ਚ ਇਕ-ਦੂਸਰੇ ਦਾ ਪਰਛਾਵਾਂ ਬਣ ਕੇ ਸਾਥ ਨਿਭਾਉਂਦੇ ਹਨ। ਦੂਸਰੇ ਪਾਸੇ ਕਿਸੇ ਔਰਤ ਦੀ ਮਰਦ ਨਾਲ ਯਾਰੀ ਨੂੰ ਪੰਜਾਬੀ ਸਮਾਜ ’ਚ ਆਦਰ ਵਾਲੇ ਭਾਵਾਂ ਵਿਚ ਨਹੀਂ ਲਿਆ ਜਾਂਦਾ ਸੀ। ਸਮੇਂ ਦੀ ਤੋਰ ਨਾਲ ਤੇ ਭਾਸ਼ਾਵਾਂ ਦੇ ਇਕ-ਦੂਸਰੇ ਦੇ ਨੇੜੇ ਹੋਣ ਨਾਲ ਹੁਣ ਮਰਦ ਅਤੇ ਔਰਤ ਇਕ-ਦੂਸਰੇ ਨੂੰ ਇਸ ਸ਼ਬਦ ਨਾਲ ਸੰਬੋਧਨ ਕਰਦੇ ਆਮ ਵੇਖੇ ਜਾ ਸਕਦੇ ਹਨ। ਕਦੇ ਮਰਦ ਅਤੇ ਔਰਤ ਦੀ ਦੋਸਤੀ ਨੂੰ ਸਹਿਜ ਨਾਲ ਨਹੀਂ ਲਿਆ ਜਾਂਦਾ ਸੀ। ਹੁਣ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਫਰੈਂਡ, ਫਰੈਂਡਸ਼ਿਪ ਪ੍ਰਚੱਲਿਤ ਹੋ ਗਏ ਹਨ।
ਪਵਿੱਤਰਤਾ ਬਰਕਰਾਰ ਰੱਖੇ ਜਾਣ ਦੀਆਂ ਭਾਵਨਾਵਾਂ
ਖੇਡਾਂ ਵਿਸ਼ੇਸ਼ ਕਰਕੇ ਕ੍ਰਿਕਟ ਅਤੇ ਉਹ ਵੀ ਭਾਰਤ ਵਿਚ ਖਿਡਾਰੀ ਪੈਸੇ ਵਿਚ ਖੇਡਦੇ ਵੇਖੇ ਜਾ ਸਕਦੇ ਹਨ। ਆਮ ਮੁਕਾਬਲਿਆਂ ਤੋਂ ਵੱਧ ਕੇ ਇਸ ਦੇ ਹੋਰ ਮੈਚ ਵੀ ਹੁੰਦੇ ਹਨ। ਖੇਡਾਂ ਵਿਚ ਆਮ ਤੌਰ ’ਤੇ ਇਕ ਪਿੰਡ, ਸ਼ਹਿਰ, ਬਲਾਕ, ਜ਼ਿਲ੍ਹੇ, ਰਾਜ ਅਤੇ ਦੇਸ਼ ਦੇ ਮੁਕਾਬਲੇ ਹੁੰਦੇ ਸਨ। ਹੁਣ ਕੁਝ ਹੋਰ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਖ਼ਰੀਦਿਆ ਜਾਂਦਾ ਹੈ ਤੇ ਰਲਵੀਆਂ-ਮਿਲਵੀਆਂ ਟੀਮਾਂ ਹੋਂਦ ਵਿਚ ਆਉਂਦੀਆਂ ਹਨ। ਇਸ ਵਿਚ ਖਿਡਾਰੀਆਂ ਦੀ ਨਿਲਾਮੀ ਹੁੰਦੀ ਹੈ। ਹੁਣ ਖ਼ਰੀਦਣਾ, ਨਿਲਾਮ ਹੋਣਾ ਪੰਜਾਬੀ ਵਿਚ ਸਹਿਜ ਅਰਥਾਂ ਵਾਲੇ ਸ਼ਬਦ ਨਹੀਂ ਮੰਨੇ ਜਾਂਦੇ। ਬੇਜਾਨ ਵਸਤੂਆਂ ਨੂੰ ਖ਼ਰੀਦਿਆ ਜਾਂਦਾ ਹੈ, ਮੰਡੀਆਂ ਵਿਚ ਪਸ਼ੂਆਂ ਨੂੰ ਵੇਚਿਆ-ਖ਼ਰੀਦਿਆ ਜਾਂਦਾ ਹੈ। ਇਸੇ ਤਰ੍ਹਾਂ ਬੇਕਾਰ ਵਸਤੂਆਂ ਦੀ ਨਿਲਾਮੀ ਹੁੰਦੀ ਹੈ। ਜਦੋਂ ਕ੍ਰਿਕਟ ਖਿਡਾਰੀਆਂ ਦੀ ਖ਼ਰੀਦ/ਵਿਕਰੀ ਜਾਂ ਨਿਲਾਮੀ ਹੋਣ ਦੀ ਖ਼ਬਰ ਪੜ੍ਹੀ ਸੀ ਤਾਂ ਥੋੜ੍ਹਾ ਅਟਪਟਾ ਜਿਹਾ ਲੱਗਿਆ ਸੀ। ਹੁਣ ਤਾਂ ਇਸੇ ਤਰ੍ਹਾਂ ਕ੍ਰਿਕਟ ਖੇਡਣ ਵਾਲੀਆਂ ਲੜਕੀਆਂ ਦੀ ਖ਼ਰੀਦ ਅਤੇ ਨਿਲਾਮੀ ਹੋਣ ਦੀ ਖ਼ਬਰ ਵੀ ਪੜ੍ਹਨ ਨੂੰ ਮਿਲੀ ਹੈ। ਸਾਡੇ ਸਮਾਜ ਵਿਚ ਲੜਕੀ/ਔਰਤ ਨਾਲ ਭਾਵੇਂ ਆਮ ਵਿਹਾਰ ਚੰਗਾ ਨਾ ਕੀਤੇ ਜਾਣ ਦੀਆਂ ਗੱਲਾਂ ਵੀ ਚੱਲਦੀਆਂ ਰਹਿੰਦੀਆਂ ਹਨ ਪ੍ਰੰਤੂ ਸਧਾਰਨਤਾ ਵਿਚ ਲੜਕੀਆਂ ਜਾਂ ਔਰਤਾਂ ਵਾਸਤੇ ਪਵਿੱਤਰਤਾ ਬਰਕਰਾਰ ਰੱਖੇ ਜਾਣ ਦੀਆਂ ਭਾਵਨਾਵਾਂ ਸਾਡੇ ਮਨਾਂ ਵਿਚ ਹੁੰਦੀਆਂ ਹਨ। ਔਰਤ ਨੂੰ ਦੇਵੀ ਦੇ ਤੌਰ ’ਤੇ ਪੂਜਿਆ ਜਾਂਦਾ ਹੈ। ਛੋਟੀਆਂ ਲੜਕੀਆਂ ਨੂੰ ਕੰਜਕਾਂ ਵਜੋਂ ਪੂਜਦਿਆਂ ਉਨ੍ਹਾਂ ਦੇ ਪੈਰ ਵੀ ਛੂਹੇ ਜਾਂਦੇ ਹਨ। ਪਿੱਛੇ ਜਿਹੇ ਜਦੋਂ ਕ੍ਰਿਕਟ ਖੇਡਣ ਵਾਲੀਆਂ ਲੜਕੀਆਂ ਦੀ ਨਿਲਾਮੀ ਹੋਣ ਦੀ ਖ਼ਬਰ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਈ ਸੀ ਤਾਂ ਇਸ ਨਿਲਾਮੀ ਸ਼ਬਦ ’ਤੇ ਇਤਰਾਜ਼ ਕਰਨ ਨੂੰ ਚਿੱਤ ਕਰਦਾ ਸੀ।
ਇਕ ਚੁੱਪ ਸੌ ਸੁੱਖ
ਭਾਸ਼ਾ ਬਹੁਤ ਹੀ ਗਹਿਰੇ ਅਰਥਾਂ ਜਾਂ ਕਹੀਏ ਭਾਵ-ਅਰਥਾਂ ਵਾਲੀ ਹੁੰਦੀ ਹੈ। ਇਸ ਕਰਕੇ ਇਸ ਨੂੰ ਏਨਾ ਸਹਿਜ ਨਹੀਂ ਲੈਣਾ ਚਾਹੀਦਾ। ਬੋਲਣ ਤੋਂ ਪਹਿਲਾਂ ਇਸ ਦੇ ਬੋਲਾਂ ਨੂੰ ਆਪ ਹੀ ਜਾਣ ਲੈਣਾ ਬੇਹੱਦ ਜ਼ਰੂਰੀ ਹੁੰਦਾ ਹੈ। ਬੋਲਾਂ ਨੂੰ ਕੁਬੋਲ ਬਣਨ ਤੋਂ ਬਚਾਉਣਾ ਸਿਆਣਪ ਦੀ ਨਿਸ਼ਾਨੀ ਹੈ। ਇਕ ਚੁੱਪ ਸੌ ਸੁੱਖ ਇਸੇ ਕਰਕੇ ਹੀ ਤਾਂ ਆਖਿਆ ਜਾਂਦਾ ਹੈ।
- ਗੁਰਦੀਪ ਸਿੰਘ ਢੁੱਡੀ