ਹੁਣ ਉੱਥੇ ਖੀਰ ਤਾਂ ਖੰਡ ਤੋਂ ਸ਼ੱਕਰ ਦੀ ਕਰ ਦਿੱਤੀ ਗਈ ਹੈ। ਬਾਬਾ ਸੇਵਾ ਸਿੰਘ ਅਨੁਸਾਰ ਉਹ ਚਾਹ, ਦੁੱਧ ਤੇ ਹੋਰ ਖਾਧ ਪਦਾਰਥਾਂ, ਜਿਨ੍ਹਾਂ ਵਿਚ ਖੰਡ ਦਾ ਪ੍ਰਯੋਗ ਹੁੰਦਾ ਹੈ, ਨੂੰ ਵੀ ਜੈਵਿਕ ਮਿੱਠੇ ਵਿਚ ਬਦਲਣਾ ਚਾਹੁੰਦੇ ਹਨ ਪਰ ਇਸ ਲਈ ਜੈਵਿਕ ਢੰਗ ਨਾਲ ਪੈਦਾ ਕੀਤਾ ਗਿਆ ਕਮਾਦ/ਗੰਨਾ ਲੋੜੀਂਦਾ ਹੈ। ਉਹ ਇਹ ਜੈਵਿਕ ਗੰਨਾ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਜ਼ਮੀਨ ’ਚ ਬੀਜਣ ਦੀ ਯੋਜਨਾ ਬਣਾ ਰਹੇ ਹਨ।

ਦੋ ਕੁ ਸਾਲ ਬਾਅਦ ਜਦੋਂ ਗੁਰੂ ਨਗਰੀ ਖਡੂਰ ਸਾਹਿਬ ਦੀ ਜ਼ਿਆਰਤ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਇਸ ਵਾਰ ਇਸ ਮੁਕੱਦਸ ਅਸਥਾਨ ਉਤੇ ਜੈਵਿਕ ਲੰਗਰ ਦੀ ਪਹਿਲਕਦਮੀ ਨਾਲ ਰੂਬਰੂ ਹੋਣ ਦਾ ਸਬੱਬ ਬਣਿਆ। ਪਦਮਸ਼੍ਰੀ ਨਾਲ ਸਨਮਾਨਿਤ ਵਾਤਾਵਰਨ ਪ੍ਰੇਮੀ ਅਤੇ ‘ਗਰੀਨ ਬਾਬਾ’ ਦੇ ਵਿਸ਼ੇਸ਼ਣੀ ਉਪ ਨਾਂ ਨਾਲ ਜਾਣੇ ਜਾਂਦੇ ਬਾਬਾ ਸੇਵਾ ਸਿੰਘ ਵੱਲੋਂ ਇਲਾਕੇ ਵਿਚ ਵਿਸ਼ੇਸ਼ ਕਰਕੇ ਅਤੇ ਹੋਰ ਥਾਵਾਂ ਸਮੇਤ 50 ਕਿਸਮਾਂ ਦੇ ਲਗਪਗ 9 ਲੱਖ ਪੌਦੇ ਲਗਾਏ ਜਾਣ ਦੀ ਜਾਣਕਾਰੀ ਤੋਂ ਇਲਾਵਾ ‘ਜੈਵਿਕ ਲੰਗਰ’ ਸਬੰਧੀ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਬਾਰੇ ਪਤਾ ਲੱਗਿਆ। ਗੱਲਬਾਤ ਦੌਰਾਨ ਬਾਬਾ ਜੀ ਨੇ ਦੱਸਿਆ ਕਿ ਅਗਲੇ ਦੋ-ਢਾਈ ਸਾਲਾਂ ’ਚ ਖਡੂਰ ਸਾਹਿਬ ਵਿਖੇ ਲਗਪਗ 90 ਫ਼ੀਸਦੀ ਜੈਵਿਕ ਲੰਗਰ ਵਰਤਾਇਆ ਜਾਇਆ ਕਰੇਗਾ। ਸਪਰੇਅ ਅਤੇ ਖਾਦਾਂ ਦੀ ਬੇਤਹਾਸ਼ਾ ਵਰਤੋਂ ਕਾਰਨ ਖ਼ੁਰਾਕੀ ਪਦਾਰਥਾਂ ਵਿਚ ਕੈਮੀਕਲਜ਼ (ਰਸਾਇਣ-ਪਦਾਰਥਾਂ) ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਰ ਅਸੀਂ ਰਸਾਇਣ-ਮੁਕਤ ਤੇ ਤਾਜ਼ਾ ਖਾਧ ਪਦਾਰਥਾਂ ਦਾ ਇਸਤੇਮਾਲ ਕਰਨ ਵੱਲ ਪਹਿਲਕਦਮੀ ਕਰ ਰਹੇ ਹਾਂ।
ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ
‘ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ’ (ਅੰਗ 967) ਦੀ ਪਵਿੱਤਰ ਗੁਰੂਨਗਰੀ ਖਡੂਰ ਸਾਹਿਬ, ਜਿਸ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਹੈ, ਵਿਖੇ ਗੁਰੂ ਅੰਗਦ ਦੇਵ ਜੀ ਜਿੱਥੇ ਸ਼ਬਦ ਬਾਣੀ ਦੇ ਲੰਗਰ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਸਨ, ਉੱਥੇ ਉਨ੍ਹਾਂ ਦੇ ਮਹਿਲ ਮਾਤਾ ਖੀਵੀ ਜੀ ਆਪਣੇ ਹੱਥੀਂ ‘ਘਿਆਲੀ ਖੀਰ’ ਤਿਆਰ ਕਰ ਕੇ ਪ੍ਰਸ਼ਾਦੇ-ਪਾਣੀ ਦਾ ਲੰਗਰ ਸੰਗਤ ਨੂੰ ਛਕਾਇਆ ਕਰਦੇ ਸਨ। ਇਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵੀ ਹੈ,
‘ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਿਰ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ’।।
(ਅੰਗ 967)।
ਜੈਵਿਕ ਮਿੱਠੇ ਦੀ ਤਿਆਰੀ
ਹੁਣ ਉੱਥੇ ਖੀਰ ਤਾਂ ਖੰਡ ਤੋਂ ਸ਼ੱਕਰ ਦੀ ਕਰ ਦਿੱਤੀ ਗਈ ਹੈ। ਬਾਬਾ ਸੇਵਾ ਸਿੰਘ ਅਨੁਸਾਰ ਉਹ ਚਾਹ, ਦੁੱਧ ਤੇ ਹੋਰ ਖਾਧ ਪਦਾਰਥਾਂ, ਜਿਨ੍ਹਾਂ ਵਿਚ ਖੰਡ ਦਾ ਪ੍ਰਯੋਗ ਹੁੰਦਾ ਹੈ, ਨੂੰ ਵੀ ਜੈਵਿਕ ਮਿੱਠੇ ਵਿਚ ਬਦਲਣਾ ਚਾਹੁੰਦੇ ਹਨ ਪਰ ਇਸ ਲਈ ਜੈਵਿਕ ਢੰਗ ਨਾਲ ਪੈਦਾ ਕੀਤਾ ਗਿਆ ਕਮਾਦ/ਗੰਨਾ ਲੋੜੀਂਦਾ ਹੈ। ਉਹ ਇਹ ਜੈਵਿਕ ਗੰਨਾ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਜ਼ਮੀਨ ’ਚ ਬੀਜਣ ਦੀ ਯੋਜਨਾ ਬਣਾ ਰਹੇ ਹਨ। ਸਬਜ਼ੀਆਂ, ਕਣਕ, ਚੌਲ, ਆਲੂ, ਸਰ੍ਹੋਂ ਆਦਿ ਤਾਂ ਪਹਿਲਾਂ ਹੀ ਜੈਵਿਕ ਖੇਤੀ ਦੀ ਵਿਧੀ ਰਾਹੀਂ ਪੈਦਾ ਕੀਤੇ ਜਾ ਰਹੇ ਹਨ। ਤੜਕੇ ਅਤੇ ਹੋਰ ਸਬੰਧਿਤ ਪਕਵਾਨਾਂ ’ਚ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋੜ ਅਨੁਸਾਰ ਜੈਵਿਕ ਸਰ੍ਹੋਂ ਰਾਜਸਥਾਨ ਤੋਂ ਵੀ ਮੰਗਵਾਈ ਜਾਂਦੀ ਹੈ ਪਰ ਖੰਡ ਦਾ ਬਦਲ ਲੱਭਣਾ ਜ਼ਰੂਰੀ ਹੈ। ਇਕ ਸਾਲ ’ਚ 700 ਕੁਇੰਟਲ ਖੰਡ ਵਰਤੀ ਜਾਂਦੀ ਹੈ ਤੇ ਏਨੀ ਮਾਤਰਾ ’ਚ ਸ਼ੱਕਰ ਤਾਂ ਹੀ ਉਪਲੱਬਧ ਹੋ ਸਕਦੀ ਹੈ, ਜੇ ਜੈਵਿਕ ਕਮਾਦ/ਗੰਨੇ ਦੀ ਫ਼ਸਲ ਆਪ ਬੀਜੀ ਜਾਵੇ। ਇਸ ਸਬੰਧੀ ਉਪਰਾਲੇ ਵਿਚਾਰ ਅਧੀਨ ਹਨ।
ਜਦੋਂ ਬਾਬਾ ਜੀ ਨੂੰ ਪੁੱਛਿਆ ਕਿ ਲੰਗਰ ਸੌ ਫ਼ੀਸਦੀ ਜੈਵਿਕ ਕਿਉਂ ਨਹੀਂ ਕੀਤਾ ਜਾ ਸਕਦਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ‘ਸੰਗਤ ਵੱਲੋਂ ਲਿਆਂਦੀ ਜਾਂਦੀ ਰਸਦ ਉਵੇਂ ਦੀ ਉਵੇਂ ਵਰਤੀ ਜਾਂਦੀ ਹੈ। ਇਸ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ। ਸੋ 90 ਫ਼ੀਸਦੀ ਲੰਗਰ ਹੀ ਜੈਵਿਕ ਕਰਨ ਦਾ ਟੀਚਾ ਹੈ। ਅਸੀਂ ਲਗਪਗ 80 ਫ਼ੀਸਦੀ ਲੰਗਰ ਤਾਂ ਜੈਵਿਕ ਕਰ ਚੁੱਕੇ ਹਾਂ।’ ਇਸ ਵਾਰ ਅਸੀਂ ਮਾਤਾ ਖੀਵੀ ਯਾਦਗਾਰੀ ਲੰਗਰ ਹਾਲ ਅਤੇ ਉਸ ਦੀ ਰਸੋਈ ਵੱਲ ਵੀ ਗਏ। ਅਸੀਂ ਦੇਖਿਆ ਕਿ ਲੰਗਰ ਤਿਆਰ ਵੀ ਮਾਡਰਨ ਤਰੀਕੇ ਨਾਲ ‘ਸਟੀਮ’ (ਭਾਫ਼) ਰਾਹੀਂ ਕੀਤਾ ਜਾਂਦਾ ਹੈ। ਲਾਂਗਰੀ ਗੁਰਮੁਖ ਸਿੰਘ ਨੇ ਦੱਸਿਆ ਕਿ 7 ਵੱਡ-ਆਕਾਰੀ ਕੜਾਹਿਆਂ ’ਚ ਲੰਗਰ ਸਮੇਤ ਖੀਰ ਤਿਆਰ ਕੀਤੀ ਜਾਂਦੀ ਹੈ। ਇਕ ਕੜਾਹੇ ’ਚ ਪੰਜ ਕੁਇੰਟਲ ਦੁੱਧ ਦੀ ਖੀਰ ਤਿਆਰ ਹੋ ਜਾਂਦੀ ਹੈ। 500 ਲਿਟਰ ਪਾਣੀ ਦੀ ਸਮਰੱਥਾ ਵਾਲੇ ਬੌਇਲਰ ਵਿਚ ਪਾਣੀ ਉਬਾਲ ਕੇ ਭਾਫ਼ ਪੈਦਾ ਕੀਤੀ ਜਾਂਦੀ ਹੈ, ਜਿਸ ਨਾਲ ਦਾਲ, ਚੌਲ, ਚਾਹ, ਖੀਰ, ਦੁੱਧ ਉਬਾਲੇ ਜਾਂਦੇ ਹਨ। ਤੜਕਾ ਤਕ ਵੀ ਇਸ ਸਟੀਮ ਨਾਲ ਹੀ ਲਗਾਇਆ ਜਾਂਦਾ ਹੈ। ਅੇੈਤਵਾਰ ਨੂੰ ਸੰਗਤ ਲਈ ਕੜ੍ਹੀ-ਪਕੌੜੇ ਬਣਦੇ ਹਨ। ਖਡੂਰ ਸਾਹਿਬ ਦੇ ਆਲੇ-ਦੁਆਲੇ ਦੇ 90 ਪਿੰਡਾਂ ਦੀ ਵਾਰੀ ਲੱਗੀ ਹੋਈ ਹੈ, ਲੰਗਰਾਂ ਦੀ ਸਮੱਗਰੀ ਤੇ ਸੇਵਾ ਕਰਨ ਸਬੰਧੀ 39 ਪਿੰਡਾਂ ਦੀ ਵਾਰੀ ਦੁੱਧ ਭੇਜਣ ਦੀ ਹੈ। ਇਹ ਸੇਵਾ ਸ਼ਰਧਾਪੂਰਵਕ ਕੀਤੀ ਜਾਂਦੀ ਹੈ।
ਵੱਖ-ਵੱਖ-ਫਲਾਂ ਵਾਲਾ ਬਾਗ਼
ਇੱਥੇ ਵੱਖ-ਵੱਖ ਫਲਾਂ ਵਾਲਾ ਬਾਗ਼ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਣਿਤ 63 ਰੁੱਖ ਵੀ
ਹਨ (ਸਿਵਾਏ ਉਨ੍ਹਾਂ 15 ਦੇ ਜੋ ਜਾਂ ਤਾਂ ਉਪਲੱਬਧ ਨਹੀਂ ਹਨ ਜਾਂ ਉਹ ਉਥੋਂ ਦੀ ਜ਼ਮੀਨ ’ਚ ਲੱਗਦੇ ਨਹੀਂ ਹਨ)। ਦੁਰਲੱਭ ਕਿਸਮ ਦੇ ਔਸ਼ਧੀਜਨਕ (ਹਰਬਲ) ਪੌਦੇ ਵੀ ਹਨ। ਸੁਹਾਂਜਣਾ ਅਤੇ ‘ਇੰਸੁਲਿਨ ਪਲਾਂਟ’, ਜਿਸ ਦੇ ਪੱਤੇ ਸ਼ੁੂਗਰ ਦੀ ਬਿਮਾਰੀ ਲਈ ਫ਼ਾਇਦੇਮੰਦ ਦੱਸੇ ਜਾਂਦੇ ਹਨ, ਵਰਗੇ ਨਾਯਾਬ ਔਸ਼ਧਿਕ ਪੌਦੇ ਵੀ ਹੋਰ ਅਨੇਕਾਂ ‘ਹਰਬਲ’ ਪੌਦਿਆਂ ਸਮੇਤ ਨਰਸਰੀ ਵਿਚ ਮੌਜੂਦ ਹਨ।
ਸੜਕ ਦੇ ਦੋਵੇਂ ਪਾਸੇ ਅਰਜੁਨ ਦੇ ਰੁੱਖ
ਚੁਬੱਚਾ ਸਾਹਿਬ ਗੁਰਦੁਆਰਾ ਮੰਢਾਲਾ, ਜਿਥੇ 7 ਏਕੜ ਰਕਬੇ ਵਿਚ ਜੈਵਿਕ ਖੇਤੀ ਕੀਤੀ ਜਾਂਦੀ ਹੈ, ਨੂੰ ਜਾਂਦੀ ਸੜਕ ਉਪਰ ਅਰਜੁਨ ਦੇ ਰੁੱਖ ਲੱਗੇ ਹੋਏ ਹਨ। ਇਹ ਕਰੀਬ ਇਕ ਕਿਲੋਮੀਟਰ ਸੜਕ ਦੇ ਦੋਵੇਂ ਪਾਸੇ ਲੱਗੇ ਹੋਏ ਹਨ ਕਿਉਂਕਿ ਇਨ੍ਹਾਂ ਦੀ ‘ਛਾਲ’ (ਛਿੱਲੜ/ਸੱਕ) ਨੂੰ ਦਿਲ ਦੇ ਮਰੀਜ਼ਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਰੁੱਖਾਂ ਦੀ ‘ਛਾਲ’ ਤਣਿਆਂ ਤੋਂ ਲੱਥੀ ਹੋਈ ਹੈ।
363 ਗੁਰੂ ਨਾਨਕ ਯਾਦਗਾਰੀ ਜੰਗਲ
ਚੌਗਿਰਦੇ ਨੂੰ ਹਰਿਆ-ਭਰਿਆ ਕਰਨ ਲਈ ਹੁਣ ਤਕ 363 ਗੁਰੂ ਨਾਨਕ ਯਾਦਗਾਰੀ ਜੰਗਲ ਲਗਾਏ ਜਾ ਚੁੱਕੇ ਹਨ। ਇਸ ਸਬੰਧੀ ਇਕ ਏਕੜ ਵਿਚ ਇਕ ਜੰਗਲ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕੀ ਵਿਚ ਨਵੰਬਰ ਦੇ ਪਹਿਲੇ ਹਫ਼ਤੇ ਲਗਾਇਆ ਗਿਆ। ਇਹ ਇੰਗਲੈਂਡ ਵੱਸਦੇ ਕੂਨਰ ਭਰਾਵਾਂ ਰੇਸ਼ਮ ਸਿੰਘ ਅਤੇ ਸ਼ਿੰਗਾਰਾ ਸਿੰਘ ਦੀ ਜ਼ਮੀਨ ਉਪਰ ਲਗਾਇਆ ਗਿਆ। ਬਾਬਾ ਸੇਵਾ ਸਿੰਘ ਨੇ ਅਰਦਾਸ ਉਪਰੰਤ ਕੂਨਰ ਭਰਾਵਾਂ ਦੇ ਸੰਗ ਆਪ ਬੋਹੜ ਦਾ ਰੁੱਖ ਬੀਜਿਆ। ਪਿਛਲੇ ਸਾਲ ਇਸੇ ਹੀ ਪਿੰਡ ਵਿਚ ਕੂਨਰ ਭਰਾਵਾਂ ਦੇ ਤਾਇਆ ਬੂਟਾ ਸਿੰਘ (ਇੰਗਲੈਂਡ) ਦੀ ਇਕ ਏਕੜ ਜ਼ਮੀਨ ’ਚ ਇਹ ਜੰਗਲ ਲਗਾਇਆ ਗਿਆ ਸੀ। ਬਾਬਾ ਜੀ ਅਨੁਸਾਰ ਇਕ ਏਕੜ ਵਿਚ ਕਰੀਬ 1600 ਪੌਦੇ ਲੱਗ ਜਾਂਦੇ ਹਨ। ਇਹ ਪੌਦੇ ਛਾਂਦਾਰ, ਫਲਦਾਰ, ਫੁੱਲਦਾਰ ਅਤੇ ਹਰਬਲ (ਔਸ਼ਧੀਜਨਕ) ਹੁੰਦੇ ਹਨ। ਨਰਸਰੀਆਂ ਅਤੇ ਪੌਦਿਆਂ ਦੀ ਦੇਖਭਾਲ ਕਰਨ ਦੀ ਸੇਵਾ ਕਰਨ ਵਾਲੇ ਸੂਬੇਦਾਰ ਬਲਬੀਰ ਸਿੰਘ ਹੋਰਾਂ ਅਨੁਸਾਰ ਹਰ ਕਿਸਮ ਦੇ 25-25 ਫ਼ੀਸਦੀ ਪੌਦੇ ਲਗਾਏ ਜਾਂਦੇ ਹਨ। ਬਾਬਾ ਸੇਵਾ ਸਿੰਘ ਅਨੁਸਾਰ ਬਹੁਤੇ ਮਿੰਨੀ ਜੰਗਲ ਇਕ-ਇਕ ਕਨਾਲ ਵਿਚ ਲਗਾਏ ਗਏ ਹਨ।
‘ਈਕੋ-ਬੈਗ’ ਜਾਂਦੇ ਵੰਡੇ
ਪਲਾਸਟਿਕ ਤੋਂ ਮੁਕਤੀ ਪਾਉਣ ਹਿੱਤ ‘ਈਕੋ-ਬੈਗ’ ਵੰਡੇ ਜਾਂਦੇ ਹਨ। ਇਕ ਪਾਸੇ ‘ਵਾਤਾਵਰਨ ਦੀ ਰੱਖਿਆ, ਜੀਵਨ ਦੀ ਸੁਰੱਖਿਆ’ ਅਤੇ ‘ਸੇ ਨੋ ਟੂ ਪਲਾਸਟਿਕ ਬੈਗਜ਼’ (ਪਲਾਸਟਿਕ ਦੇ ਬੈਗਾਂ ਨੂੰ ਨਾਂਹ ਕਹੋ) ਦਾ ਸੰਦੇਸ਼ ਅਤੇ ਦੂਸਰੇ ਪਾਸੇ ਗੁਰਮੁੱਖੀ ਦੀ ਪੈਂਤੀ-ਅੱਖਰੀ ਵਾਲੇ ਅਜਿਹੇ ਈਕੋ-ਬੈਗ ਹਜ਼ਾਰਾਂ ਦੀ ਗਿਣਤੀ ਵਿਚ ਵੰਡੇ ਜਾ ਚੁੱਕੇ ਹਨ। ਵਾਤਾਵਰਨ ਦੀ ਸੰਭਾਲ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਧਰਤੀ ਨੂੰ ਹਰੀ ਚਾਦਰ ਦੀ ਓੜਨੀ ਪ੍ਰਦਾਨ ਕਰਨ ਤੋਂ ਇਲਾਵਾ ਬਾਬਾ ਸੇਵਾ ਸਿੰਘ ਵਿੱਦਿਆ ਦੇ ਪਸਾਰ ਲਈ ਵੀ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਦੀ ਦੇਖ-ਰੇਖ ਵਿਚ ਖਡੂਰ ਸਾਹਿਬ ਵਿਖੇ ਅਨੇਕਾਂ ਸਕੂਲ-ਕਾਲਜ ਚੱਲ ਰਹੇ ਹਨ। ਮੱਧ ਪ੍ਰਦੇਸ਼ ’ਚ ਵੀ ਸਕੂਲ ਅਤੇ ਅਕੈਡਮੀਆਂ ਚੱਲ ਰਹੀਆਂ ਹਨ।
‘ਨਿਸ਼ਾਨ-ਏ-ਸਿੱਖੀ’ ਦੀ ਅਦਭੁੱਤ ਭਵਨ ਉਸਾਰੀ
ਪੰਜਾਬ, ਖ਼ਾਸ ਕਰਕੇ ਪਿੰਡਾਂ ਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਅਤੇ ਫ਼ੌਜ ਵਿਚ ਉੱਚ ਅਹੁਦਿਆਂ ਦੇ ਯੋਗ ਬਣਾਉਣ ਲਈ ਬਾਕਮਾਲ ਕੋਚਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅੱਠ ਮੰਜ਼ਿਲਾ ‘ਨਿਸ਼ਾਨ-ਏ-ਸਿੱਖੀ’ ਦੀ ਅਦਭੁੱਤ ਭਵਨ ਉਸਾਰੀ ਦੀ ਕਲਾ ਦੇ ਨਮੂਨੇ ਦੀ ਵਿਸ਼ਾਲ ਅਤੇ ਕੁਦਰਤੀ ਰੌਸ਼ਨੀ ਨਾਲ ਮਾਲਾਮਾਲ ਇਮਾਰਤ ਵਿਚ ਇਨ੍ਹਾਂ ਉੱਚ-ਦੁਮਾਲੜੇ ਕੋਰਸਾਂ ਦੀ ਕੋਚਿੰਗ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਇੱਥੇ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਵੀ ਹੈ। ਨਿਸ਼ਾਨ-ਏ-ਸਿੱਖੀ ਦੇ ਕੋਚਿੰਗ ਕੇਂਦਰ ‘ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ’ ਵਿੱਚੋਂ ਸਿਖਲਾਈ ਪ੍ਰਾਪਤ ਹੁਣ ਤਕ ਕੁੱਲ 24 ਬੱਚੇ ਨੈਸ਼ਨਲ ਡਿਫੈਂਸ ਅਕੈੇਡਮੀ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ। ਇਸੇ ਸੰਸਥਾ ਦੇ 90 ਕੈਡਿਟਜ਼ ਮਰਚੈਂਟ ਨੇਵੀ ’ਚ ਚੁਣੇ ਜਾ ਚੁੱਕੇ ਹਨ। ਬਾਬਾ ਸੇਵਾ ਸਿੰਘ ਅਨੁਸਾਰ ਹੁਣ ਅਗਲਾ ਟੀਚਾ ਯੂਪੀਅੇੱੈਸਸੀ ਪ੍ਰੀਖਿਆਵਾਂ ’ਚ ਸਫਲਤਾ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ। ਗੁਰੂ ਅੰਗ-ਸੰਗ ਹੋਵੇ, ਨੀਅਤ ਨੇਕ ਤੇ ਨਿਸ਼ਚਾ ਦ੍ਰਿੜ ਹੋਵੇ ਤਾਂ ਭਲਾ ਮੰਜ਼ਿਲਾਂ ਕਿਵੇਂ ਨਾ
ਸਰ ਹੋਣਗੀਆਂ।
- ਪ੍ਰੋ. ਜਸਵੰਤ ਸਿੰਘ ਗੰਡਮ
98766-55055