ਮਾਹਿਰਾਂ ਮੁਤਾਬਕ, ਏਆਈ ਸਾਥੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਨਾ ਤਾਂ ਕਦੇ ਥੱਕਦਾ ਹੈ, ਨਾ ਨਾਰਾਜ਼ ਹੁੰਦਾ ਹੈ ਅਤੇ ਨਾ ਹੀ ਨਖ਼ਰੇ ਦਿਖਾਉਂਦਾ ਹੈ। ਉਹ 24 ਘੰਟੇ ਤੁਹਾਡੇ ਲਈ ਉਪਲਬਧ ਰਹਿੰਦਾ ਹੈ। ਇਹੀ ਕਾਰਨ ਹੈ ਕਿ ਕਈ ਲੋਕ ਹੁਣ ਕਾਊਂਸਲਰ ਵਜੋਂ ਵੀ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕਲਪਨਾ ਕਰੋ ਇੱਕ ਰੋਮਾਂਟਿਕ ਸ਼ਾਮ ਦੀ... ਮੱਧਮ ਰੌਸ਼ਨੀ, ਖ਼ੂਬਸੂਰਤ ਸਜਾਵਟ, ਪਰ ਟੇਬਲ 'ਤੇ ਕੁਰਸੀਆਂ ਦੋ ਨਹੀਂ, ਸਗੋਂ ਸਿਰਫ਼ ਇੱਕ। ਇਹ ਕਿਸੇ ਫ਼ਿਲਮ ਦਾ ਸੀਨ ਨਹੀਂ, ਸਗੋਂ ਨਿਊਯਾਰਕ 'ਚ ਜਲਦ ਖੁੱਲ੍ਹਣ ਵਾਲੇ ਦੁਨੀਆ ਦੇ ਪਹਿਲੇ 'AI ਡੇਟਿੰਗ ਕੈਫੇ' ਦੀ ਤਸਵੀਰ ਹੈ। ਹੁਣ ਤਕ ਏਆਈ (AI) ਨਾਲ ਰਿਸ਼ਤੇ ਸਿਰਫ਼ ਮੋਬਾਈਲ ਦੀ ਸਕ੍ਰੀਨ ਤਕ ਹੀ ਸੀਮਤ ਸਨ, ਪਰ ਹੁਣ 'ਈਵੀਏ ਏਆਈ' (Eva AI) ਇਸ ਰਿਸ਼ਤੇ ਨੂੰ ਇੱਕ ਕਦਮ ਅੱਗੇ ਲੈ ਜਾ ਰਿਹਾ ਹੈ। ਇੱਥੇ ਲੋਕ ਕਿਸੇ ਇਨਸਾਨ ਨਾਲ ਨਹੀਂ, ਸਗੋਂ ਆਪਣੇ ਡਿਜੀਟਲ ਪਾਰਟਨਰ ਨਾਲ ਡੇਟ 'ਤੇ ਜਾਣਗੇ। ਆਓ, ਵਿਸਥਾਰ ਨਾਲ ਜਾਣਦੇ ਹਾਂ ਇਸ ਬਾਰੇ।
'ਈਵੀਏ ਏਆਈ' ਨਾਮਕ ਰਿਲੇਸ਼ਨਸ਼ਿਪ ਐਪ ਇਸ ਵਿਲੱਖਣ ਪੌਪ-ਅੱਪ ਕੈਫੇ ਨੂੰ ਸ਼ੁਰੂ ਕਰ ਰਿਹਾ ਹੈ। ਇਸ ਕੈਫੇ ਦਾ ਪੂਰਾ ਸੰਕਲਪ 'ਸੋਲੋ ਡੇਟ' ਯਾਨੀ ਖ਼ੁਦ ਦੇ ਨਾਲ ਡੇਟ 'ਤੇ ਅਧਾਰਤ ਹੈ। ਇੱਥੇ ਦੀ ਵਿਵਸਥਾ ਆਮ ਰੈਸਟੋਰੈਂਟਾਂ ਤੋਂ ਬਿਲਕੁਲ ਵੱਖਰੀ ਹੋਵੇਗੀ:
ਇੱਥੇ ਆਉਣ ਵਾਲੇ ਲੋਕ ਆਪਣੇ ਮੋਬਾਈਲ 'ਤੇ ਈਵੀਏ ਏਆਈ ਐਪ ਖੋਲ੍ਹ ਕੇ ਆਪਣੇ ਏਆਈ ਪਾਰਟਨਰ ਨਾਲ ਗੱਲਬਾਤ ਕਰ ਸਕਣਗੇ। ਇੱਥੇ ਕਿਸੇ ਵੀ ਤਰ੍ਹਾਂ ਦੀ ਇਨਸਾਨੀ ਗੱਲਬਾਤ ਦੀ ਲੋੜ ਨਹੀਂ ਹੋਵੇਗੀ। ਇਸ ਦਾ ਮਕਸਦ ਲੋਕਾਂ ਨੂੰ ਸ਼ਾਂਤੀ ਨਾਲ ਆਪਣੇ ਡਿਜੀਟਲ ਸਾਥੀ ਨਾਲ ਸਮਾਂ ਬਿਤਾਉਣ ਦਾ ਮੌਕਾ ਦੇਣਾ ਅਤੇ ਏਆਈ-ਇਨਸਾਨੀ ਰਿਸ਼ਤਿਆਂ ਨੂੰ ਆਮ ਬਣਾਉਣਾ ਹੈ।
ਇਹ ਰੁਝਾਨ ਦੁਨੀਆ ਭਰ ਵਿੱਚ ਵਧ ਰਹੀ ਇਕੱਲਤਾ ਦੀ ਸਮੱਸਿਆ ਦਾ ਨਤੀਜਾ ਹੈ। ਮਾਹਿਰਾਂ ਮੁਤਾਬਕ, ਏਆਈ ਸਾਥੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਨਾ ਤਾਂ ਕਦੇ ਥੱਕਦਾ ਹੈ, ਨਾ ਨਾਰਾਜ਼ ਹੁੰਦਾ ਹੈ ਅਤੇ ਨਾ ਹੀ ਨਖ਼ਰੇ ਦਿਖਾਉਂਦਾ ਹੈ। ਉਹ 24 ਘੰਟੇ ਤੁਹਾਡੇ ਲਈ ਉਪਲਬਧ ਰਹਿੰਦਾ ਹੈ। ਇਹੀ ਕਾਰਨ ਹੈ ਕਿ ਕਈ ਲੋਕ ਹੁਣ ਕਾਊਂਸਲਰ ਵਜੋਂ ਵੀ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ 30 ਸਾਲ ਤੋਂ ਘੱਟ ਉਮਰ ਦੇ ਲਗਭਗ ਹਰ ਤਿੰਨ ਵਿੱਚੋਂ ਇੱਕ ਮਰਦ ਅਤੇ ਹਰ ਚਾਰ ਵਿੱਚੋਂ ਇੱਕ ਔਰਤ ਨੇ ਕਦੇ ਨਾ ਕਦੇ ਏਆਈ ਸਾਥੀ ਨਾਲ ਗੱਲਬਾਤ ਕੀਤੀ ਹੈ।
ਇਸ ਨਵੇਂ ਰੁਝਾਨ 'ਤੇ ਮਾਹਿਰਾਂ ਦੀ ਰਾਏ ਵੰਡੀ ਹੋਈ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਏਆਈ ਹਮੇਸ਼ਾ ਉਹੀ ਕਹਿੰਦਾ ਹੈ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਅਤੇ ਕਦੇ ਤੁਹਾਨੂੰ ਰਿਜੈਕਟ (ਨਕਾਰਦਾ) ਨਹੀਂ ਕਰਦਾ। ਉਨ੍ਹਾਂ ਚfਤਾਵਨੀ ਦਿੱਤੀ ਹੈ ਕਿ ਭੌਤਿਕ ਸਥਾਨਾਂ (Physical spaces) 'ਚ ਏਆਈ ਡੇਟਿੰਗ ਨੂੰ ਲਿਆਉਣਾ ਕਮਜ਼ੋਰ ਅਤੇ ਇਕੱਲੇ ਲੋਕਾਂ ਦਾ ਫ਼ਾਇਦਾ ਉਠਾਉਣ ਵਾਂਗ ਹੋ ਸਕਦਾ ਹੈ। ਦੂਜੇ ਪਾਸੇ, ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸ਼ਰਮੀਲੇ ਲੋਕਾਂ ਲਈ ਇੱਕ 'ਪ੍ਰੈਕਟਿਸ ਸਪੇਸ' ਵਜੋਂ ਕੰਮ ਕਰ ਸਕਦਾ ਹੈ।
ਈਵੀਏ ਏਆਈ ਦਾ ਇਹ ਕੈਫੇ ਸਾਲ 2026 ਦੀ ਪਹਿਲੀ ਤਿਮਾਹੀ 'ਚ ਨਿਊਯਾਰਕ ਸਿਟੀ 'ਚ ਖੁੱਲ੍ਹਣ ਦੀ ਉਮੀਦ ਹੈ। ਕੰਪਨੀ ਨੇ ਇਸ ਦੇ ਲਈ ਇਕ ਵੇਟਲਿਸਟ ਸਿਸਟਮ ਸ਼ੁਰੂ ਕੀਤਾ ਹੈ। ਇੱਛੁਕ ਲੋਕ ਈਵੀਏ ਏਆਈ ਦੀ ਵੈੱਬਸਾਈਟ ਜਾਂ ਗੂਗਲ ਫਾਰਮ ਰਾਹੀਂ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਕੈਫੇ ਦੇ ਲਾਈਵ ਹੁੰਦੇ ਹੀ ਲੋਕੇਸ਼ਨ ਅਤੇ ਟਾਈਮਿੰਗ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।