ਆਬਾਦੀ ਦੇ ਵਾਧੇ ਨਾਲ ਲੋੜਾਂ ਵੀ ਵਧਦੀਆਂ ਹਨ, ਜਿਸ ਦੇ ਫਲਸਰੂਪ ਪਹਿਲਾਂ ਨਾਲੋਂ ਜ਼ਿਆਦਾ ਫੈਕਟਰੀਆਂ, ਭੱਠਿਆਂ, ਕਾਰਾਂ, ਬੱਸਾਂ, ਰੇਲਗੱਡੀਆਂ ਆਦਿ ਦੀ ਜ਼ਰੂਰਤ ਹੈ। ਬਿਨਾਂ ਕਿਸੇ ਯੋਜਨਾਬੰਦੀ ਤੋਂ ਹਰ ਰੋਜ਼ ਹਜ਼ਾਰਾਂ ਨਵੀਆਂ ਗੱਡੀਆਂ ਲਗਾਤਾਰ ਸੜਕਾਂ ’ਤੇ ਆ ਰਹੀਆਂ ਹਨ। ਖੇਤੀਬਾੜੀ ਵਿਚ ਵੱਧ ਝਾੜ ਲੈਣ ਲਈ ਵੰਨ-ਸੁਵੰਨੀਆਂ ਜ਼ਹਿਰਾਂ ਦਾ ਵੱਡੀ ਪੱਧਰ ’ਤੇ ਉਪਯੋਗ ਹੋਣਾ ਸ਼ੂਰੂ ਹੋ ਗਿਆ ਹੈ, ਜਿਸ ਦੇ ਸਿੱਟੇ ਵਜੋਂ ਧਰਤੀ ਅਤੇ ਇਸ ਦੇ ਵਾਯੂਮੰਡਲ ਵਿਚ ਪ੍ਰਦੂਸ਼ਣ ਰੂਪੀ ਜ਼ਹਿਰ ਘੁਲਣ ਲੱਗ ਪਿਆ ਹੈ।

ਅਜੋਕੇ ਮਨੁੱਖ ਦਾ ਇਹ ਬਹੁਤ ਵੱਡਾ ਸੰਕਟ ਹੈ ਕਿ ਉਸ ਦਾ ਕੁਦਰਤ ਪ੍ਰਤੀ ਵਿਹਾਰ ਲਗਾਤਾਰ ਅਣਸੁਖਾਵਾਂ ਹੋ ਰਿਹਾ ਹੈ। ਹਰ ਖੇਤਰ ’ਚ ਬੇਮਿਸਾਲ ਤਰੱਕੀ ਕਰ ਕੇ ਜਿੱਥੇ ਮਨੁੱਖ ਨੇ ਖ਼ੁਦ ਲਈ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਪੈਦਾ ਕਰ ਲਈਆਂ ਹਨ, ਉਥੇ ਮਨੁੱਖੀ ਨਸਲ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਸਿਰ ਚੁੱਕ ਖੜ੍ਹੀਆਂ ਹਨ। ਇਸ ’ਚ ਕੋਈ ਸ਼ੱਕ ਨਹੀਂ ਕਿ ਦੁਨੀਆ ਭਰ ’ਚ ਹੋਈ ਤਰੱਕੀ ਅਤੇ ਵਿਕਾਸ ਪਿੱਛੇ ਵਿਗਿਆਨ ਦਾ ਹੀ ਹੱਥ ਹੈ। ਉਦਯੋਗ, ਖੇਤੀਬਾੜੀ ਤੇ ਸਿਹਤ ਸਹੂਲਤਾਂ ਦੇ ਖੇਤਰ ਵਿਚ ਹੋਏ ਵਿਕਾਸ ਨੇ ਜਿੱਥੇ ਆਬਾਦੀ ’ਚ ਬੇਤਹਾਸ਼ਾ ਵਾਧਾ ਕੀਤਾ ਹੈ, ਉੱਥੇ ਮਨੁੱਖ ਨੂੰ ਕੁਦਰਤ ਨਾਲੋਂ ਬਿਲਕੁਲ ਅਲੱਗ-ਥਲੱਗ ਕਰ ਦਿੱਤਾ ਹੈ। ਅਜੋਕਾ ਮਨੁੱਖ ਆਪਣੇ ਕਮਰੇ ’ਚ ਬੈਠਾ ਕੰਪਿਊਟਰ ਦੇ ਬਟਨਾਂ ’ਤੇ ਉਂਗਲਾਂ ਮਾਰ ਕੇ ਦੁਨੀਆ ਦੀ ਸੈਰ ਤਾਂ ਕਰ ਸਕਦਾ ਹੈ ਪਰ ਉਸ ਦਾ ਇਸ ਅਵਸਥਾ ਨੂੰ ਪਹੁੰਚਦਿਆਂ ਕੁਦਰਤੀ ਜੀਵਨ ਲਗਪਗ ਖ਼ਤਮ ਹੋ ਗਿਆ ਹੈ। ਅਜਿਹੀ ਸਥਿਤੀ ’ਚ ਵਿਚਰਦਿਆਂ ਮਨੁੱਖ ਦਾ ਆਉਣ ਵਾਲਾ ਸਮਾਂ ਕਿੰਨਾ ਔਕੜਾਂ ਭਰਿਆ ਹੋ ਸਕਦਾ ਹੈ, ਇਹ ਅੱਜ ਬੇਹੱਦ ਗੰਭੀਰ ਵਿਸ਼ਾ ਹੈ।
ਇਮਾਰਤਾਂ ਦਾ ਉਸਰ ਰਿਹਾ ਵਿਸ਼ਾਲ ਜੰਗਲ
ਪਿਛਲੇ ਅਰਸੇ ਤੋਂ ਸਿਹਤ ਸਹੂਲਤਾਂ ’ਚ ਕੁਝ ਹੱਦ ਤਕ ਹੋਏ ਵਿਕਾਸ ਕਾਰਨ ਧਰਤੀ ਉਪਰ ਮਨੁੱਖੀ ਆਬਾਦੀ ਦਾ ਬੇਰੋਕ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਸਾਡੇ ਦੇਸ਼ ਦੀ ਆਬਾਦੀ ਹੁਣ ਸਵਾ ਸੌ ਕਰੋੜ ਤਕ ਪਹੁੰਚ ਗਈ ਹੈ। ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ’ਚ ਆਬਾਦੀ ਲਗਾਤਾਰ ਵੱਧ ਰਹੀ ਹੈ। ਵੱਧ ਰਹੀ ਆਬਾਦੀ ਨੂੰ ਨਵੇਂ ਰੈਣ ਬਸੇਰਿਆਂ ਦੀ ਲੋੜ ਹੈ, ਤਨ ਢਕਣ ਵਾਸਤੇ ਹੋਰ ਕੱਪੜਿਆਂ ਦੀ ਲੋੜ ਹੈ, ਖਾਣ-ਪੀਣ ਲਈ ਭੋਜਣ ਅਤੇ ਰੋਜ਼ਾਨਾ ਜੀਵਨ ’ਚ ਕੰਮ ਆਉਣ ਵਾਲੀਆਂ ਜ਼ਰੂਰੀ ਵਸਤਾਂ ਚਾਹੀਦੀਆਂ ਹਨ। ਇਨ੍ਹਾਂ ਵੱਧਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਾਨੂੰ ਹੋਰ ਉਧਯੋਗਾਂ ਦੀ ਲੋੜ ਹੈ। ਖੇਤੀਬਾੜੀ ਲਈ ਜ਼ਿਆਦਾ ਜ਼ਮੀਨ ਦੀ ਲੋੜ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਪਿਛਲੇ ਅਰਸੇ ਦੌਰਾਨ ਵੱਡੀ ਪੱਧਰ ’ਤੇ ਜੰਗਲਾਂ ਦਾ ਸਫ਼ਾਇਆ ਕੀਤਾ ਗਿਆ, ਨਾਲ ਹੀ ਵੱਧਦੀ ਆਬਾਦੀ ਨੇ ਖੇਤੀਯੋਗ ਜ਼ਮੀਨਾਂ ਨੂੰ ਮਕਾਨ ਉਸਾਰ-ਉਸਾਰ ਕੇ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਖੇਤੀਬਾੜੀ ਤੇ ਵਣਾਂ ਹੇਠਲਾ ਰਕਬਾ ਬੜੀ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ ਹੈ। ਜਿੱਥੇ ਕਦੇ ਹਰੇ ਕਚੂਰ ਰੁੱਖਾਂ ਦੇ ਝੁੰਡ ਹੁੰਦੇ ਸਨ, ਉੱਥੇ ਇਮਾਰਤਾਂ ਦਾ ਵਿਸ਼ਾਲ ਜੰਗਲ ਉਸਰ ਰਿਹਾ ਹੈ। ਹਰ ਸ਼ਹਿਰ ਦੇ ਬਾਹਰਵਾਰ ਬੜੀ ਤੇਜ਼ੀ ਨਾਲ ਵਾਹੀਯੋਗ ਜ਼ਮੀਨਾਂ ਨੂੰ ਕਾਲੋਨੀਆਂ ਦਾ ਰੂਪ ਦਿੱਤਾ ਜਾ ਰਿਹਾ ਹੈ।
ਮਨੁੱਖ ਦੀ ਤੰਦਰੁਸਤੀ ਨੂੰ ਚੁਣੌਤੀ
ਆਬਾਦੀ ਦੇ ਵਾਧੇ ਨਾਲ ਲੋੜਾਂ ਵੀ ਵਧਦੀਆਂ ਹਨ, ਜਿਸ ਦੇ ਫਲਸਰੂਪ ਪਹਿਲਾਂ ਨਾਲੋਂ ਜ਼ਿਆਦਾ ਫੈਕਟਰੀਆਂ, ਭੱਠਿਆਂ, ਕਾਰਾਂ, ਬੱਸਾਂ, ਰੇਲਗੱਡੀਆਂ ਆਦਿ ਦੀ ਜ਼ਰੂਰਤ ਹੈ। ਬਿਨਾਂ ਕਿਸੇ ਯੋਜਨਾਬੰਦੀ ਤੋਂ ਹਰ ਰੋਜ਼ ਹਜ਼ਾਰਾਂ ਨਵੀਆਂ ਗੱਡੀਆਂ ਲਗਾਤਾਰ ਸੜਕਾਂ ’ਤੇ ਆ ਰਹੀਆਂ ਹਨ। ਖੇਤੀਬਾੜੀ ਵਿਚ ਵੱਧ ਝਾੜ ਲੈਣ ਲਈ ਵੰਨ-ਸੁਵੰਨੀਆਂ ਜ਼ਹਿਰਾਂ ਦਾ ਵੱਡੀ ਪੱਧਰ ’ਤੇ ਉਪਯੋਗ ਹੋਣਾ ਸ਼ੂਰੂ ਹੋ ਗਿਆ ਹੈ, ਜਿਸ ਦੇ ਸਿੱਟੇ ਵਜੋਂ ਧਰਤੀ ਅਤੇ ਇਸ ਦੇ ਵਾਯੂਮੰਡਲ ਵਿਚ ਪ੍ਰਦੂਸ਼ਣ ਰੂਪੀ ਜ਼ਹਿਰ ਘੁਲਣ ਲੱਗ ਪਿਆ ਹੈ। ਬਿਨਾਂ ਸੋਚੇ-ਸਮਝੇ ਕੀਤੀ ਜਾ ਰਹੀ ਜ਼ਹਿਰਾਂ ਦੀ ਵਰਤੋਂ ਦੇ ਅਸਰ ਨੇ ਮਨੁੱਖ ਦੀ ਤੰਦਰੁਸਤੀ ਨੂੰ ਚੁਣੌਤੀ ਦੇਣੀ ਆਰੰਭ ਕਰ ਦਿੱਤੀ ਹੈ। ਪਿਛਲੇ ਕੁਝ ਸਮੇਂ ਤੋਂ ਅਨੇਕਾਂ ਬਿਮਾਰੀਆਂ ਜਿਵੇਂ ਦਮਾਂ, ਸੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਕੈਂਸਰ, ਹੈਪੇਟਾਈਟਸ-ਬੀ ਅਤੇ ਸੀ ਆਦਿ ਬਿਮਾਰੀਆਂ ਵੱਡੀ ਪੱਧਰ ’ਤੇ ਫੈਲਣੀਆਂ ਸ਼ੁਰੂ ਹੋ ਗਈਆਂ ਹਨ। ਧਰਤੀ ਹੇਠਲਾ ਪਾਣੀ, ਮਿੱਟੀ ਅਤੇ ਹਵਾ ਪਲੀਤ ਹੋਣ ਲੱਗ ਪਏ ਹਨ। ਪ੍ਰਦੂਸ਼ਣ ਨਾਲ ਧਰਤੀ ਉਪਰਲਾ ਤਾਪਮਾਨ ਪਿਛਲੇ ਕੁਝ ਸਮੇਂ ਤੋਂ ਹੌਲੀ-ਹੌਲੀ ਵਧਣ ਲੱਗ ਪਿਆ ਹੈ। ਧਰਤੀ ਦੇ ਵਾਯੂਮੰਡਲ ’ਚ ਜੇ ਤਾਪਮਾਨ ਦਾ ਵਧਣਾ ਜਾਰੀ ਰਹਿੰਦਾ ਹੈ ਤਾਂ ਆਉਣ ਵਾਲਾ ਸਮਾਂ ਮਨੁੱਖ ਲਈ ਬੇਹੱਦ ਔਕੜਾਂ ਭਰਿਆ ਹੋਵੇਗਾ। ਇਸ ਦੀ ਭਵਿੱਖਬਾਣੀ ਅੱਜ ਅਸੀਂ ਕਰ ਸਕਦੇ ਹਾਂ।
ਬਣ ਸਕਦੇ ਭਿਆਨਕ ਹਾਲਾਤ
ਮੌਸਮ ਵਿਗਿਆਨੀਆਂ ਵੱਲੋਂ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਗਰਮੀ ’ਚ ਵਧੇਰੇ ਗਰਮੀ ਅਤੇ ਸਰਦੀ ’ਚ ਵਧੇਰੇ ਸਰਦੀ ਪੈਣੀ ਸ਼ੁਰੂ ਹੋ ਜਾਵੇਗੀ। ਗਰਮੀਆਂ ’ਚ ਹਰ ਸਾਲ ਔਸਤਨ ਤਾਪਮਾਨ ਵਿਚ ਵਾਧਾ ਹੋਣਾ ਸ਼ੂਰੂ ਹੋ ਗਿਆ ਹੈ। ਜਿਹੜੇ ਇਲਾਕਿਆਂ ’ਚ ਮੀਂਹ ਬਹੁਤ ਘੱਟ ਪੈਂਦੇ ਹਨ, ਉੱਥੇ ਬੇਮੌਸਮੇ ਮੀਂਹ ਪੈ ਰਹੇ ਹਨ। ਜਿੱਥੇ ਕਦੇ ਬਰਫ਼ਬਾਰੀ ਨਹੀਂ ਹੋਈ, ਉੱਥੇ ਬਰਫ਼ ਡਿੱਗ ਰਹੀ ਹੈ। ਜਦੋਂ ਧਰਤੀ ਉਪਰਲਾ ਮੌਸਮੀ ਚੱਕਰ ਗੜਬੜਾ ਜਾਵੇਗਾ ਤਾਂ ਇਸ ਨਾਲ ਕਿਤੇ ਤਾਂ ਮੀਂਹ-ਹਨੇਰੀ, ਝੱਖੜ, ਹੜ੍ਹ ਸਭ ਕੁਝ ਤਹਿਸ-ਨਹਿਸ ਕਰਨਾ ਸ਼ੁਰੂ ਕਰ ਦੇਣਗੇ ਅਤੇ ਕਿਤੇ ਲੰਬਾਂ ਸਮਾਂ ਸੋਕਾ ਪੈਣ ਨਾਲ ਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਅੱਜ ਵੀ ਜੇ ਦੇਖਿਆ ਜਾਵੇ ਤਾਂ ਝੱਖੜ ਤੂਫ਼ਾਨਾਂ ਦੇ ਵੇਗ ’ਚ ਪਹਿਲਾਂ ਨਾਲੋਂ ਵਧੇਰੇ ਅੱਥਰਾਪਣ ਆ ਗਿਆ ਹੈ। ਇਸ ਬੇਪ੍ਰਤੀਤੇ ਮੌਸਮੀ ਚੱਕਰ ਕਾਰਨ ਮਨੁੱਖ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ। ਜੇ ਆਉਣ ਵਾਲੇ ਸਮੇਂ ’ਚ ਤਾਪਮਾਨ ਕੁਝ ਡਿਗਰੀ ਹੋਰ ਵਧਦਾ ਹੈ ਤਾਂ ਧਰਤੀ ਉੱਪਰ ਬੇਹੱਦ ਭਿਆਨਕ ਹਾਲਾਤ ਬਣ ਸਕਦੇ ਹਨ। ਤਾਪਮਾਨ ਵਧਣ ਨਾਲ ਪਿਘਲਦੀ ਅੰਟਾਰਕਟਿਕਾ ਦੀ ਬਰਫ ਸਮੁੰਦਰ ਦੇ ਪਾਣੀਆਂ ਨੂੰ ਹੋਰ ਡੂੰਘਾ ਕਰ ਦੇਵੇਗੀ, ਜਿਸ ਨਾਲ ਸਮੁੰਦਰ ਆਪਣੇ ਨਾਲ ਨੇੜਲੇ ਧਰਤੀ ਹੇਠਲੇ ਉਪਜਾਊ ਇਲਾਕਿਆਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਵੇਗਾ। ਮਨੁੱਖ ਦੇ ਰਹਿਣਯੋਗ ਜ਼ਮੀਨੀ ਖੇਤਰ ਹੋਰ ਸੁੰਗੜ ਜਾਵੇਗਾ। ਸਮੁੰਦਰ ਦੇ ਪਾਣੀ ’ਚ ਵਿਸ਼ਾਲਤਾ ਆ ਜਾਵੇਗੀ। ਸਮੁੰਦਰੀ ਤਟ ’ਤੇ ਵਸੇ ਵੱਡੇ-ਵੱਡੇ ਮਹਾਨਗਰ ਬੰਦਰਗਾਹਾਂ ਸਮੁੰਦਰ ਵਿਚ ਸਮਾ ਜਾਣਗੀਆਂ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਯੋਜਨਾ ਤਿਆਰ ਨਹੀਂ ਹੈ।
ਕੁਦਰਤੀ ਜੀਵ ਪ੍ਰਜਾਤੀਆਂ ਧਰਤੀ ਤੋਂ ਹੋ ਜਾਣਗੀਆਂ ਲੁਪਤ
ਇਸ ਤੋਂ ਵੀ ਭਿਆਨਕ ਉਹ ਦ੍ਰਿਸ਼ ਹੋਵੇਗਾ, ਜਦੋਂ ਧਰਤੀ ਉੱਪਰ ਵਧੇ ਤਾਪਮਾਨ ਨਾਲ ਕਈ ਕੁਦਰਤੀ ਜੀਵ-ਜਾਤੀਆਂ ਧਰਤੀ ਤੋਂ ਸਦਾ ਲਈ ਵਾਕਆਊਟ ਕਰ ਕੇ ਲੁਪਤ ਹੋ ਜਾਣਗੀਆਂ ਤੇ ਵਧੇ ਤਾਪਮਾਨ ਨਾਲ ਨਿੱਘੇ ਵਾਤਾਵਰਨ ਵਿਚ ਮਨੁੱਖੀ ਨਸਲ ਲਈ ਘਾਤਕ ਕਈ ਤਰ੍ਹਾਂ ਦੇ ਕੀਟ-ਪਤੰਗੇ, ਮੱਛਰ, ਮੱਖੀਆਂ, ਵਿਸ਼ਾਣੂ ਆਦਿ ਦੀ ਸੰਖਿਆ ’ਚ ਬੇਸ਼ੁਮਾਰ ਵਾਧਾ ਹੋ ਜਾਵੇਗਾ। ਬਿਮਾਰੀਆਂ-ਮਹਾਮਾਰੀਆਂ ਏਨੀ ਵੱਡੀ ਪੱਧਰ ’ਤੇ ਫੈਲਣਗੀਆਂ ਕਿ ਅਜਿਹੀ ਸਥਿਤੀ ਨੂੰ ਕਾਬੂ ਵਿਚ ਰੱਖਣਾ ਮਨੁੱਖ ਲਈ ਅਸੰਭਵ ਹੋ ਜਾਵੇਗਾ ਕਿਉਂਕਿ ਕੀਟਾਂ ਦੀਆਂ ਕੁਝ ਨਸਲਾਂ ਬਹੁਤ ਥੋੜ੍ਹੇ ਸਮੇਂ ’ਚ ਹੀ ਭੈਅ-ਭੀਤ ਕਰਨ ਵਾਲੀ ਹੱਦ ਤਕ ਵੱਧ ਜਾਂਦੀਆਂ ਹਨ। ਕੀਟਾਂ ਦੀਆਂ ਕਈ ਨਸਲਾਂ ਕੀਟਨਾਸ਼ਕ ਦਵਾਈਆਂ ਵਿਰੁੱਧ ਲੜਨ ਦੀ ਤਾਕਤ ਆਪਣੇ ਅੰਦਰ ਬੜੀ ਅਸਾਨੀ ਨਾਲ ਉਪਜਾ ਲੈਂਦੀਆਂ ਹਨ। ਧਰਤੀ ਉਪਰ ਵਧੇ ਤਾਪਮਾਨ ਵਿਚ ਕੀਟਾਂ ਦੀਆਂ ਫ਼ੌਜਾਂ ਧਰਤੀ ਉਪਰਲੇ ਵਣਾਂ, ਫ਼ਸਲਾਂ, ਫਲਾਂ, ਸਬਜ਼ੀਆਂ ਤੇ ਪਾਣੀਆਂ ਤੋਂ ਇਲਾਵਾ ਦੂਜੇ ਜੀਵ-ਜੰਤੂਆਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੀਆਂ, ਜਿਸ ਦੇ ਫਲਸਰੂਪ ਮਨੁੱਖ ਅਰੋਗਤਾ ਨੂੰ ਤਰਸੇਗਾ। ਤੰਦਰੁਸਤੀ ਉਸ ਲਈ ਸੁਪਨਾ ਬਣਨ ਲੱਗੇਗੀ। ਹੈਜ਼ਾ,ਮਲੇਰੀਆ, ਕੈਂਸਰ, ਦਮਾ, ਪੀਲੀਆ ਅਤੇ ਜਿਗਰ ਦੇ ਹੋਰ ਰੋਗ ਵੱਡੀ ਪੱਧਰ ’ਤੇ ਫੈਲਣ ਲੱਗਣਗੇ। ਕੀਟਾਂ ਦੀ ਵਧੀ ਸੰਖਿਆ ਕਾਰਨ ਫ਼ਸਲਾਂ ’ਤੇ ਵਧੇਰੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪਵੇਗੀ, ਜਿਸ ਦਾ ਮਨੁੱਖੀ ਸਰੀਰ ’ਤੇ ਸਿੱਧਾ ਪ੍ਰਭਾਵ ਪਵੇਗਾ। ਮਨੁੱਖ ਕਈ ਤਰ੍ਹਾਂ ਦੇ ਭਿਆਨਕ ਵਿਕਾਰਾਂ ਦਾ ਸ਼ਿਕਾਰ ਹੋ ਜਾਵੇਗਾ। ਅੱਜ ਵੀ ਅਸੀਂ ਆਪਣੇ ਆਲੇ-ਦੁਆਲੇ ਅਜਿਹੀ ਭਿਆਨਕ ਬਣ ਰਹੀ ਸਥਿਤੀ ਦੇ ਸੰਕੇਤ ਦੇਖ ਸਕਦੇ ਹਾਂ। ਪੰਜਾਬ ਦੇ ਮਾਲਵਾ ਖੇਤਰ ਜਿੱਥੇ ਨਰਮੇ ਦੀ ਫ਼ਸਲ ਵਧੇਰੇ ਬੀਜੀ ਜਾਂਦੀ ਹੈ, ਵਿਚ ਲੋਕ ਕੈਂਸਰ ਜਿਹੀਆਂ ਬਿਮਾਰੀਆਂ ਦੇ ਵਧੇਰੇ ਸ਼ਿਕਾਰ ਹੋ ਰਹੇ ਹਨ।
ਗ਼ਲਤੀਆਂ ਦਾ ਭੁਗਤਣਾ ਪੈ ਸਕਦਾ ਗੰਭੀਰ ਖਮਿਆਜ਼ਾ
ਤਾਪਮਾਨ ਵਧਣ ਨਾਲ ਰੁੱਖਾਂ ਦੀ ਹਰਿਆਲੀ ’ਤੇ ਵੀ ਬੁਰਾ ਅਸਰ ਪਵੇਗਾ। ਸੂਰਜ ਦੀ ਤਿੱਖੀ ਤਪਸ਼ ਰੁੱਖਾਂ ਦੇ ਪੱਤਿਆਂ ਨੂੰ ਝੁਲਸਣਾਂ ਆਰੰਭ ਕਰ ਦੇਵੇਗੀ, ਜਿਸ ਕਰਕੇ ਉਹ ਜਲਦੀ ਝੜਨ ਲੱਗਣਗੇ। ਰੁੱਖਾਂ ਦੀਆਂ ਸੰਘਣੀਆਂ ਛਾਵਾਂ ਸਲਾਮਤ ਨਹੀਂ ਰਹਿਣਗੀਆਂ, ਉਹ ਵਿਰਲੇ ਪੈਣ ਲੱਗਣਗੇ। ਰੁੱਖ, ਵਾਯੂਮੰਡਲ ਦੀਆਂ ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਨੂੰ ਜਜ਼ਬ ਕਰਨ ਦੇ ਸਮਰੱਥ ਨਹੀਂ ਰਹਿਣਗੇ, ਜਿਸ ਦੇ ਸਿੱਟੇ ਵਜੋਂ ਧਰਤੀ ਦੇ ਵਾਯੂਮੰਡਲ ਵਿਚ ਗ੍ਰੀਨ ਹਾਊਸ ਦਾ ਪ੍ਰਭਾਵ ਬੜੀ ਤੇਜ਼ੀ ਨਾਲ ਵਧਣ ਲੱਗੇਗਾ। ਜੀਵਨ ਰੱਖਿਅਕ ਓਜ਼ੋਨ ਪਰਤ ਜਿਸ ਵਿਚ ਪਹਿਲਾਂ ਹੀ ਵਧੇ ਪ੍ਰਦੂਸ਼ਣ ਕਰਕੇ ਸ਼ੇਕ ਹੋ ਰਹੇ ਹਨ, ਲੀਰੋਲੀਰ ਹੋ ਜਾਵੇਗੀ। ਸੂਰਜ ਦੀਆਂ ਖ਼ਤਰਨਾਕ ਪਰਾਵੈਂਗਣੀ ਕਿਰਨਾਂ ਧਰਤੀ ਉਪਰਲੇ ਜੀਵਨ ਨਾਲ ਖਿਲਵਾੜ ਕਰਨਾ ਆਰੰਭ ਕਰ ਦੇਣਗੀਆਂ। ਸਾਡੀ ਉਹ ਧਰਤੀ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਮਨ ਅਸ਼-ਅਸ਼ ਕਰ ਉੱਠਦਾ ਹੈ, ਜਿੱਥੇ ਹਰੇ ਕਚੂਰ ਪੱਤਿਆਂ ’ਤੇ ਡਿਗਦੀਆਂ ਮੀਂਹ ਦੀਆਂ ਕਣੀਆਂ ਦਾ ਸੰਗੀਤ ਮਨ ਨੂੰ ਮੋਹ ਲੈਦਾ ਸੀ, ਸਾਡੀ ਉਹ ਧਰਤੀ ਵਿਸ਼ਾਲ ਹਸਪਤਾਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਕੁਦਰਤ ਨਾਲ ਕੀਤੀ ਛੇੜਛਾੜ ਮਨੁੱਖ ਨੂੰ ਬਹੁਤ ਮਹਿੰਗੀ ਪਵੇਗੀ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਗ਼ਲਤੀਆਂ ਦਾ ਗੰਭੀਰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਸੁਹਿਰਦਤਾ ਨਾਲ ਆਰੰਭਣੇ ਚਾਹੀਦੇ ਯਤਨ
ਧਰਤੀ ’ਤੇ ਬਣ ਰਹੀ ਇਹ ਭਿਆਨਕ ਸਥਿਤੀ ਕਿਸੇ ਆਉਣ ਵਾਲੇ ਸਮੇਂ ’ਚ ਸ਼ੁਰੂ ਹੋਣ ਵਾਲੀ ਨਹੀਂ ਹੈ ਸਗੋਂ ਇਸ ਦਾ ਪ੍ਰਭਾਵ ਅੱਜ ਵੀ ਨਜ਼ਰ ਆਉਣ ਲੱਗ ਪਿਆ ਹੈ। ਸਾਡੇ ਰਾਜਨੀਤਕ ਲੋਕ ਮਨੁੱਖ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹਨ। ਉਹ ਸੌੜੇ ਹਿੱਤਾਂ ਲਈ ਨਿੱਜੀ ਲੜਾਈਆਂ ਲੜ ਰਹੇ ਹਨ। ਇਸ ਸਬੰਧੀ ਸੰਸਾਰ ਭਰ ਦੇ ਬੁੱਧੀਜੀਵੀ, ਦਾਨਿਸ਼ਮੰਦ,ਹੁਨਰਮੰਦ,ਲੇਖਕਾਂ ਵਿਗਿਆਨਕਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਆਮ ਲੋਕ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ-ਦੁਸ਼ਵਾਰੀਆਂ ਦਾ ਸ਼ਿਕਾਰ ਬਣ ਰਹੇ ਹਨ, ਨੂੰ ਹਰ ਯੋਗ ਸਾਧਨਾਂ ਰਾਹੀਂ ਸੁਚੇਤ ਕਰਨ ਦੀ ਲੋੜ ਹੈ। ਦੁਨੀਆ ਭਰ ਦੇ ਦੇਸ਼ਾਂ ਨੂੰ ਇਕੱਠਿਆਂ ਹੋ ਕੇ ਸੁਹਿਰਦਤਾ ਨਾਲ ਯਤਨ ਆਰੰਭਣੇ ਚਾਹੀਦੇ ਹਨ, ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ। ਜੇ ਅੱਜ ਅਸੀਂ ਇਸ ਸਬੰਧੀ ਗੰਭੀਰ ਨਾ ਹੋਏ ਤਾਂ ਸ਼ਾਇਦ ਕੱਲ੍ਹ ਨੂੰ ਬਹੁਤ ਦੇਰ ਹੋ ਜਾਵੇ।
- ਗੁਰਚਰਨ ਸਿੰਘ ਨੂਰਪੁਰ