ਅਸੀਂ ਇਸ ਰੇਲਵੇ ਟਰੈਕ ਦਾ ਨਜ਼ਾਰਾ ਲੈਣ ਲਈ ਇਸ ਵਾਰ ਕੱਟੜੇ ਤੋਂ ਸ਼ੁਰੂ ਹੋਈ ਵੰਦੇ ਭਾਰਤ ਰਾਹੀਂ ਸ੍ਰੀਨਗਰ ਜਾਣ ਦਾ ਮਨ ਬਣਾ ਲਿਆ। ਤਕਰੀਬਨ ਇਕ ਮਹੀਨਾ ਪਹਿਲਾਂ ਸੀਟਾਂ ਬੁੱਕ ਕਰਵਾਉਣੀਆਂ ਪਈਆਂ। ਪਹਿਲਾਂ ਪਹਿਲ ਜਦੋਂ ਅਸੀਂ ਸ੍ਰੀਨਗਰ ਜਾਂਦੇ ਹੁੰਦੇ ਸੀ, ਉਦੋਂ ਜੰਮੂ ਤੋਂ ਸ੍ਰੀਨਗਰ ਤਕ ਦਾ ਸਫ਼ਰ ਤਕਰੀਬਨ 300 ਕਿਲੋਮੀਟਰ ਦਾ ਹੁੰਦਾ ਸੀ ਅਤੇ ਜੰਮੂ ਤੋਂ ਬੱਸਾਂ ਵੀ ਸਵੇਰੇ 9 ਕੁ ਵਜੇ ਤਕ ਹੀ ਚੱਲਦੀਆਂ ਹੁੰਦੀਆਂ ਸਨ।
ਇਕ ਦਿਨ ਅਖਬਾਰ ’ਚ ਪੜ੍ਹਿਆ ਸੀ ਕਿ ਕੱਟੜੇ ਨੂੰ ਸ੍ਰੀਨਗਰ ਨਾਲ ਮਿਲਾਉਣ ਵਾਲੀ ਰੇਲਵੇ ਲਾਈਨ ਪੂਰੀ ਹੋ ਚੁੱਕੀ ਹੈ ਤੇ ਇਸ ਰੂਟ ’ਤੇ ਇਕ ਰੇਲਗੱਡੀ ਵੀ ਚੱਲਣੀ ਸ਼ੁਰੂ ਹੋ ਗਈ ਹੈ। ਇਸ ਖ਼ਬਰ ਨੂੰ ਪੜ੍ਹ ਕੇ ਹੈਰਾਨਗੀ ਇਸ ਕਰਕੇ ਹੋਈ ਕਿ ਇਸ ਕਾਰਜ ਨੂੰ ਸਿਰੇ ਚਾੜ੍ਹਨ ਵਾਲੀ ਇਕ ਔਰਤ ਮਾਧਵੀ ਲਤਾ ਸਿਵਲ ਇੰਜੀਨੀਅਰ ਹੈ, ਜਿਸ ਨੇ 2005 ਤੋਂ ਲੈ ਕੇ 2022 ਵਿਚ ਇਸ ਦੇ ਮੁਕੰਮਲ ਹੋਣ ਤਕ 17 ਸਾਲ ਇਸ ਇਲਾਕੇ ’ਚ ਰਹਿ ਕੇ ਇਸ ਦੀ ਭੂਗੋਲਿਕ ਸਥਿਤੀ ਨੂੰ ਬੜੀ ਬਾਰੀਕੀ ਨਾਲ ਜਾਣਿਆ। ਕੰਮ ਬੜਾ ਜੋਖ਼ਮ ਭਰਿਆ ਸੀ। ਦਰਿਆ ਦਾ ਤੇਜ਼ ਵਹਾਅ, ਚੱਟਾਨਾਂ ਵਿਚਲੇ ਗੈਪ, ਲੈਂਡ ਸਲਾਈਡਿੰਗ ਦਾ ਖ਼ਤਰਾ ਤੇ ਮੌਸਮ ਦਾ ਬਹੁਤ ਵਾਰੀ ਖ਼ੁਸ਼ਗਵਾਰ ਨਾ ਹੋਣਾ ਆਦਿ ਵਰਗੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਨ। ਇਸੇ ਰਸਤੇ ’ਚ ਦੁਨੀਆ ਦਾ ਸਭ ਤੋਂ ਉਚਾ ਪੁਲ ਝਨਾਂ (ਚਨਾਬ) ਦਰਿਆ ’ਤੇ ਬਣਾਇਆ ਜਾਣਾ ਸੀ। ਇਸ ਪੁਲ ਦੀ ਕੁੱਲ ਉਚਾਈ ਝਨਾਂ (ਚਨਾਬ) ਦਰਿਆ ਤੋਂ 359 ਮੀਟਰ ਹੈ, ਜੋ ਉਚਾਈ ਦੇ ਹਿਸਾਬ ਨਾਲ ਆਈਫਲ ਟਾਵਰ ਤੋਂ ਵੀ 35 ਮੀਟਰ ਉੱਚੀ ਹੈ। ਇਸੇ ਰਸਤੇ ਤੋਂ ਵਾਦੀ ਵਿਚਲੇ ਰੇਲਵੇ ਟਰੈਕ ਨਾਲ ਊਧਮਪੁਰ ਤਕ ਦੀ ਵਿਛੀ ਹੋਈ ਰੇਲਵੇ ਲਾਈਨ ਨਾਲ ਸੰਪਰਕ ਹੋਣਾ ਸੀ। ਉਹ ਦਿਨ ਵੀ ਯਾਦ ਹਨ, ਜਦੋਂ ਕਸ਼ਮੀਰ ਘਾਟੀ ਵਿਚ ਰੇਲਵੇ ਸੇਵਾਵਾਂ ਦੀ ਸ਼ੁਰੂਆਤ ਕਰਨ ਲਈ ਸੜਕ ਰਾਹੀਂ ਕਿਵੇਂ ਵੱਡੇ-ਵੱਡੇ ਟਰਾਲਿਆਂ ਤੇ ਬਾਕੀ ਆਵਾਜਾਈ ਨੂੰ ਰੋਕ ਕੇ ਉੱਥੇ ਰੇਲ ਦੇ ਕੋਚ ਭੇਜੇ ਗਏ ਸਨ। ਰੇਲਵੇ ਟਰੈਕ ਤੇ ਹੋਰ ਸਾਮਾਨ ਭੇਜਿਆ ਗਿਆ ਸੀ। ਉਦੋਂ ਇਹ ਕਾਰਵਾਈ ਵੀ ਅਜੀਬ ਜਿਹੀ ਜਾਪਦੀ ਸੀ।
ਵੰਦੇ ਭਾਰਤ ਰਾਹੀਂ ਜਾਣ ਦਾ ਬਣਾਇਆ ਮਨ
ਅਸੀਂ ਇਸ ਰੇਲਵੇ ਟਰੈਕ ਦਾ ਨਜ਼ਾਰਾ ਲੈਣ ਲਈ ਇਸ ਵਾਰ ਕੱਟੜੇ ਤੋਂ ਸ਼ੁਰੂ ਹੋਈ ਵੰਦੇ ਭਾਰਤ ਰਾਹੀਂ ਸ੍ਰੀਨਗਰ ਜਾਣ ਦਾ ਮਨ ਬਣਾ ਲਿਆ। ਤਕਰੀਬਨ ਇਕ ਮਹੀਨਾ ਪਹਿਲਾਂ ਸੀਟਾਂ ਬੁੱਕ ਕਰਵਾਉਣੀਆਂ ਪਈਆਂ। ਪਹਿਲਾਂ ਪਹਿਲ ਜਦੋਂ ਅਸੀਂ ਸ੍ਰੀਨਗਰ ਜਾਂਦੇ ਹੁੰਦੇ ਸੀ, ਉਦੋਂ ਜੰਮੂ ਤੋਂ ਸ੍ਰੀਨਗਰ ਤਕ ਦਾ ਸਫ਼ਰ ਤਕਰੀਬਨ 300 ਕਿਲੋਮੀਟਰ ਦਾ ਹੁੰਦਾ ਸੀ ਅਤੇ ਜੰਮੂ ਤੋਂ ਬੱਸਾਂ ਵੀ ਸਵੇਰੇ 9 ਕੁ ਵਜੇ ਤਕ ਹੀ ਚੱਲਦੀਆਂ ਹੁੰਦੀਆਂ ਸਨ। ਇਹ ਬੱਸਾਂ ਦੇਰ ਸ਼ਾਮ ਸ੍ਰੀਨਗਰ ਪਹੁੰਚਦੀਆਂ ਸਨ। ਹੁਣ ਇਨਫਰਾਸਟਰੱਕਚਰ ’ਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਕਈ ਥਾਵਾਂ ਤੋਂ ਪਹਾੜਾਂ ਨੂੰ ਕੱਟ ਕੇ ਸੁਰੰਗਾਂ ਬਣਾ ਦਿੱਤੀਆਂ ਗਈਆਂ ਹਨ, ਜਿਸ ਨਾਲ ਸਫ਼ਰ ਘੱਟ ਅਤੇ ਸੁਖਾਲਾ ਹੋ ਗਿਆ ਹੈ। ਰੇਲਵੇ ਲਾਈਨ ਸ਼ੁਰੂ ਹੋਣ ਨਾਲ ਇਹ ਕੱਟੜੇ ਤੋਂ ਕੇਵਲ 191 ਕਿਲੋਮੀਟਰ ਰਹਿ ਗਿਆ ਹੈ, ਜੋ ਵੰਦੇ ਭਾਰਤ ਰਾਹੀਂ ਤਿੰਨ ਘੰਟਿਆਂ ਵਿਚ ਹੀ ਮੁਕੰਮਲ ਹੋ ਜਾਂਦਾ ਹੈ।
ਦੇਖਣ ਨੂੰ ਮਿਲ ਰਿਹਾ ਸੀ ਅਜੀਬ ਨਜ਼ਾਰਾ
ਅਸੀਂ ਅੰਮ੍ਰਿਤਸਰ ਤੋਂ ਆਪਣੀ ਕਾਰ ’ਤੇ ਦੁਪਹਿਰੇ ਇਕ ਵਜੇ ਕੱਟੜੇ ਪਹੁੰਚ ਗਏ। ਕਾਰ ਕੱਟੜੇ ਸਟੇਸ਼ਨ ਦੀ ਪਾਰਕਿੰਗ ’ਚ ਲਗਾ ਦਿੱਤੀ। ਕੱਟੜੇ ਦਾ ਸਟੇਸ਼ਨ ਬਹੁਤ ਹੀ ਖ਼ੂਬਸੂਰਤ ਤੇ ਸਾਫ਼-ਸੁਥਰਾ ਸੀ। ਅੱਠ ਕੁ ਡੱਬਿਆਂ ਵਾਲੀ ਗੱਡੀ ਪੂਰੇ ਸਮੇਂ ’ਤੇ ਉਥੋਂ ਰਵਾਨਾ ਹੋ ਗਈ। ਗੱਡੀ ’ਚ ਮੁਸਾਫ਼ਰਾਂ ਦੀ ਜਾਣਕਾਰੀ ਲਈ ਵੱਖ-ਵੱਖ ਸਮੇਂ ’ਤੇ ਆਉਣ ਵਾਲੇ ਪੁਲਾਂ ਬਾਰੇ ਐਨਾਊਂਸਮੈਂਟ ਹੋ ਰਹੀ ਸੀ। ਇਸ ਅਜੂਬੇ ਪੁਲ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਪੁਲ 1315 ਮੀਟਰ ਲੰਬਾ ਹੈ ਤੇ ਇਸ ’ਤੇ ਆਈਫਲ ਟਾਵਰ ਤੋਂ ਚਾਰ ਗੁਣਾ ਜ਼ਿਆਦਾ ਸਟੀਲ ਦੀ ਖਪਤ ਹੋਈ ਹੈ। ਪੁਲ ਉਪਰੋਂ ਜਦੋਂ ਟ੍ਰੇਨ ਲੰਘੀ ਤਾਂ ਵਾਕਿਆ ਅਜੀਬ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਸੀ। ਜ਼ਮੀਨੀ ਸਤ੍ਹਾ ਤੋਂ ਏਨੀ ਉਚਾਈ ਤੋਂ ਦਰਿਆ ਪਾਰ ਕਰਨਾ ਕਿਸੇ ਜ਼ੋਖਮ ਤੋਂ ਘੱਟ ਨਹੀਂ ਸੀ ਪਰ ਫਿਰ ਵੀ ਗੱਡੀ ਆਪਣੀ ਪੂਰੀ ਰਫ਼ਤਾਰ ਨਾਲ ਚੱਲ ਰਹੀ ਸੀ। ਵੈਸੇ ਮੈਨੂੰ ਲੱਗਦਾ ਹੈ ਕਿ ਇਸ ਆਰਕ ਪੁਲ ਦਾ ਦ੍ਰਿਸ਼ ਸ਼ਾਇਦ ਸੜਕ ਰਾਹੀਂ ਜਾਣ ਵਾਲਿਆਂ ਨੂੰ ਹੋਰ ਵੀ ਸੋਹਣਾ ਦਿਸਦਾ ਹੋਵੇਗਾ। ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਜੰਮੂ-ਸ੍ਰੀਨਗਰ ਸੜਕੀ ਹਾਈਵੇਅ ਇਸ ਟ੍ਰੇਨ ਰੂਟ ਦੇ ਕੋਲੋਂ ਦੀ ਲੰਘਦਾ ਹੈ ਕਿ ਨਹੀਂ। ਜਦੋਂ ਕਾਰ ’ਤੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਇਕ ਪਾਸੇ ਪਹਾੜ ਅਤੇ ਦੂਜੇ ਪਾਸੇ ਖੱਡਾਂ ਨਜ਼ਰ ਆਉਂਦੀਆਂ ਹਨ। ਟ੍ਰੇਨ ਰਾਹੀਂ ਜਾਣ ਲੱਗਿਆਂ ਤੁਸੀਂ ਦੋਵਾਂ ਪਾਸਿਆਂ ਦਾ ਨਜ਼ਾਰਾ ਤਾਂ ਲੈ ਸਕਦੇ ਹੋ ਪਰ ਇਸ ਰਸਤੇ ਵਿਚ ਹਰ ਦੋ ਚਾਰ ਮਿੰਟ ਬਾਅਦ ਆਉਣ ਵਾਲੀਆਂ 56 ਦੇ ਕਰੀਬ ਛੋਟੀਆਂ-ਵੱਡੀਆਂ ਸੁਰੰਗਾਂ ਹਨ, ਜਿੱਥੇ ਇਸ ਸਫ਼ਰ ਦਾ ਪੈਂਡਾ ਘਟਾਇਆ ਹੈ, ਉਥੇ ਮੁਸਾਫ਼ਰਾਂ ਨੂੰ ਆਸ-ਪਾਸ ਦੇ ਕੁਦਰਤੀ ਨਜ਼ਾਰਿਆਂ ਤੋਂ ਵੀ ਵਾਂਝਿਆ ਕੀਤਾ ਹੈ। ਖ਼ੈਰ ਗੱਡੀ ਪੂਰੇ ਛੇ ਵਜੇ ਸ੍ਰੀਨਗਰ ਸਟੇਸ਼ਨ ’ਤੇ ਜਾ ਲੱਗੀ।
ਪੰਜਾਬ ਵਾਂਗ ਬਹੁਤ ਸੀ ਗਰਮੀ
ਉਥੋਂ ਟੈਕਸੀ ਕਰ ਕੇ ਅਸੀਂ ਪਹਿਲਾਂ ਹੀ ਬੁੱਕ ਕਰਵਾਏ ਹੋਟਲ ਵਿਚ ਜਾ ਪੁੱਜੇ। ਸ੍ਰੀਨਗਰ ’ਚ ਮੇਰੇ ਸਾਂਢੂ ਦੀ ਇਕ ਦੁਕਾਨਦਾਰ ਨਾਲ ਪਹਿਲਾਂ ਹੀ ਹੋਈ ਗੱਲ ਮੁਤਾਬਿਕ ਸਵੇਰੇ ਉਸ ਦੀ ਕਾਰ ਲੈ ਕੇ ਅਸੀਂ ਡੱਲ ਝੀਲ ਦੇ ਨਾਲ-ਨਾਲ ਦੇ ਸਾਰੇ ਰੂਟ ’ਤੇ ਬਣੇ ਮੁਗ਼ਲ ਗਾਰਡਨਜ਼ ਸ਼ਾਲੀਮਾਰ, ਨਿਸ਼ਾਂਤ ਅਤੇ ਹਾਰਵਨ ਬਾਗ਼ਾਂ ਵਿਚ ਸਾਰਾ ਦਿਨ ਗੁਜ਼ਾਰ ਕੇ ਕੁਦਰਤ ਦੇ ਇਸ ਹਸੀਨ ਨਜ਼ਾਰਿਆਂ ਦਾ ਲੁਤਫ਼ ਉਠਾਉਂਦੇ ਰਹੇ। ਸਾਨੂੰ ਇੱਥੇ ਆ ਕੇ ਲੱਗਿਆ ਕਿ ਗਰਮੀ ਇੱਥੇ ਵੀ ਪੰਜਾਬ ਵਾਂਗ ਬਹੁਤ ਸੀ। ਸਾਡੇ ਲਈ ਮੁਸ਼ਕਿਲ ਇਹ ਹੋ ਗਈ ਕਿ ਅਸੀਂ ਆਪਣੇ ਨਾਲ ਸਰਦੀਆਂ ਦੇ ਗਰਮ ਕੱਪੜੇ ਲੈ ਕੇ ਗਏ ਹੋਏ ਸੀ। ਹਾਰਵਨ ਅਤੇ ਸ਼ਾਲੀਮਾਰ ਗਾਰਡਨ ਦੋਵਾਂ ’ਚ ਹੀ ਸਕੂਲੀ ਬੱਚਿਆਂ ਨੇ ਰੌਣਕਾਂ ਲਾਈਆਂ ਹੋਈਆਂ ਸਨ। ਹਾਰਵਨ ਦੇ ਨਜ਼ਦੀਕ ਹੀ ਡਾਚੀਗਾਮ ਨੈਸ਼ਨਲ ਪਾਰਕ ਦੇਖਣ ਲਈ ਜਦੋਂ ਕਾਰ ਉਧਰ ਨੂੰ ਮੋੜੀ ਤਾਂ ਥੋੜ੍ਹੀ ਦੂਰੀ ’ਤੇ ਜਾ ਕੇ ਸਕਿਓਰਿਟੀ ਫੋਰਸਿਜ਼ ਨੇ ਰੋਕ ਲਿਆ ਅਤੇ ਕਿਹਾ ਕਿ ਉਹ ਰਸਤਾ ਬੰਦ ਕੀਤਾ ਹੋਇਆ ਹੈ। ਆਸ-ਪਾਸ ਤੋਂ ਪੁੱਛਣ ’ਤੇ ਪਤਾ ਲੱਗਿਆ ਕਿ ਉਧਰ ਕੋਈ ਮੁਕਾਬਲਾ ਹੋ ਰਿਹਾ ਸੀ।
ਯੁਸਮਰਗ ਵੱਲ ਪਾਏ ਚਾਲੇ
ਇਸੇ ਤਰ੍ਹਾਂ ਅਸੀਂ ਜਦੋਂ ਅਗਲੇ ਦਿਨ ਯੁਸਮਰਗ ਵੱਲ ਜਾਣ ਤੋਂ ਪਹਿਲਾਂ ਪੁੱਛਗਿੱਛ ਕੀਤੀ ਤਾਂ ਕੋਈ ਤਸੱਲੀ ਵਾਲਾ ਜਵਾਬ ਨਾ ਮਿਲਿਆ ਕਿ ਇਹ ਰਸਤਾ ਖੁੱਲ੍ਹਾ ਹੈ ਕਿ ਬੰਦ ਹੈ ਕਿਉਂਕਿ ਪਹਿਲਗਾਮ ’ਚ ਹੋਏ ਹਮਲੇ ਉਪਰੰਤ ਬਹੁਤ ਸਾਰੇ ਦੇਖਣਯੋਗ ਸਥਾਨਾਂ ’ਤੇ ਪਬਲਿਕ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਪਹਿਲਗਾਮ ਤੇ ਸੋਨਾਮਰਗ ਦੇ ਰਸਤੇ ਭਾਵੇਂ ਖੁੱਲ੍ਹੇ ਸਨ ਕਿਉਂਕਿ ਇਨ੍ਹਾਂ ਰਸਤਿਆਂ ਰਾਹੀਂ ਅਮਰਨਾਥ ਦੀ ਯਾਤਰਾ ਜਾਰੀ ਸੀ ਪਰ ਉਸ ਪਾਸੇ ਵੱਲ ਟ੍ਰੈਫਿਕ ਹੋਣ ਕਾਰਣ ਅਸੀਂ ਉਧਰ ਨਾ ਜਾਣ ਦਾ ਮਨ ਬਣਾ ਲਿਆ। ਅਸੀਂ ਫਿਰ ਵੀ ਯੁਸਮਰਗ ਨੂੰ ਚਾਲੇ ਪਾ ਦਿੱਤੇ।
ਚਰਾਰ-ਏ-ਸ਼ਰੀਫ
ਇਸ ਤੋਂ ਪਹਿਲਾਂ ਕਿ ਅਸੀਂ ਯੁੱਸਮਰਗ ਪਹੁੰਚਦੇ, ਸ੍ਰੀਨਗਰ ਤੋਂ 28 ਕੁ ਕਿਲੋਮੀਟਰ ਦੀ ਦੂਰੀ ’ਤੇ ਕਸ਼ਮੀਰੀ ਸੂਫ਼ੀਆਂ ਦਾ ਇਕ ਧਾਰਮਿਕ ਸਥਾਨ ਆਉਂਦਾ ਹੈ ਚਰਾਰ-ਏ-ਸ਼ਰੀਫ। 1995 ’ਚ ਇਹ ਸਥਾਨ ਬੜਾ ਚਰਚਾ ਦਾ ਵਿਸ਼ਾ ਬਣਿਆ ਸੀ। ਰਸਤੇ ’ਚ ਹੋਣ ਕਾਰਨ ਅਸੀਂ ਉਥੇ ਚਲੇ ਗਏ। ਇਹ ਸਥਾਨ ਵੈਸੇ ਤਾਂ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਹੈ ਪਰ ਪਤਾ ਲੱਗਿਆ ਹੈ ਕਿ ਬਹੁਤ ਸਾਰੇ ਹਿੰਦੂ ਵੀ ਇੱਥੇ ਸਿੱਜਦਾ ਕਰਨ ਆਉਂਦੇ ਰਹੇ ਹਨ। ਇਹ ਸਥਾਨ ਉਦੋਂ ਚਰਚਾ ਦਾ ਵਿਸ਼ਾ ਬਣਿਆ ਸੀ, ਜਦੋਂ ਗੁੱਲ ਮਸਤ ਇਕ ਗਰਮ ਖ਼ਿਆਲੀਏ ਨੇ ਆਪਣੇ ਸਾਥੀਆਂ ਨਾਲ ਇੱਥੇ ਪਨਾਹ ਲੈ ਲਈ ਸੀ। ਸਕਿਓਰਿਟੀ ਫੋਰਸਿਜ਼ ਨੇ 66 ਦਿਨ ਤਕ ਇਸ ਸਥਾਨ ਦੀ ਘੇਰਾਬੰਧੀ ਕਰ ਰੱਖੀ ਸੀ। ਅੰਤ ਵਿਚ ਗੁੱਲ ਮਸਤ ਇਸ ਸਥਾਨ ਨੂੰ ਅੱਗ ਲਗਾ ਕੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਇਸ ਅੱਗ ਨੇ ਇਸ ਧਾਰਮਿਕ ਸਥਾਨ ਦੇ ਨਾਲ-ਨਾਲ ਤਕਰੀਬਨ ਅੱਧਾ ਇਲਾਕਾ ਆਪਣੀ ਲਪੇਟ ਵਿਚ ਲੈ ਲਿਆ। ਹੁਣ ਇਸ ਦੀ ਮੁੜ ਉਸਾਰੀ ਹੋ ਚੁੱਕੀ ਹੈ। ਇੱਥੇ ਰੌਣਕ ਬਹੁਤ ਜ਼ਿਆਦਾ ਤਾਂ ਨਹੀਂ ਸੀ ਪਰ ਫਿਰ ਵੀ ਆਸ-ਪਾਸ ਬਣੀਆਂ ਦੁਕਾਨਾਂ ਤੋਂ ਲੱਗਦਾ ਸੀ ਕਿ ਲੋਕ ਇੱਥੇ ਭਾਰੀ ਗਿਣਤੀ ਵਿਚ ਆਉਂਦੇ ਰਹਿੰਦੇ ਹਨ। ਇੱਥੇ ਇਕ ਦੁਕਾਨ ’ਤੇ ਬੈਠ ਕੇ ਚਾਹ ਪੀਤੀ ਤੇ ਅੱਗੇ ਨੂੰ ਚਲ ਪਏ। ਅਜੇ ਯੁੱਸਮਰਗ ਤੋਂ ਪੰਜ ਕੁ ਕਿਲੋਮੀਟਰ ਦੂਰੀ ’ਤੇ ਸੀ ਕਿ ਸਕਿਓਰਿਟੀ ਫੋਰਸਿਜ਼ ਨੇ ਰੋਕ ਲਿਆ ਤੇ ਯੁੱਸਮਰਗ ਬੰਦ ਹੋਣ ਦਾ ਹਵਾਲਾ ਦੇ ਕੇ ਸਾਨੂੰ ਵਾਪਸ ਮੁੜਨ ਨੂੰ ਕਹਿ ਦਿੱਤਾ।
ਗੁਲਮਰਗ ਦਾ ਸੁਹਾਵਣਾ ਸਫ਼ਰ
ਰਾਤ ਨੂੰ ਬਾਰਿਸ਼ ਹੋਣ ਨਾਲ ਮੌਸਮ ਕੁਝ ਖੁਸ਼ਗਵਾਰ ਹੋ ਗਿਆ। ਦੋ ਦਿਨ ਦੀ ਗਰਮੀ ਝੱਲਣ ਉਪਰੰਤ ਕੁਝ ਰਾਹਤ ਮਹਿਸੂਸ ਹੋਈ। ਹੁਣ ਮਹਿਸੂਸ ਹੋ ਰਿਹਾ ਸੀ ਕਸ਼ਮੀਰ ਆਪਣੀ ਰੰਗਤ ਵਿਚ ਆ ਗਿਆ ਹੈ। ਅਸੀਂ ਇਸ ਮੌਸਮ ਦਾ ਆਨੰਦ ਲੈਣ ਲਈ ਗੁਲਮਰਗ ਨੂੰ ਚੱਲ ਪਏ। ਗੁਲਮਰਗ ਸ੍ਰੀਨਗਰ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਹੈ, ਜਿਸ ਵਿਚ 12-13 ਕਿਲੋਮੀਟਰ ਦੀ ਚੜ੍ਹਾਈ ਹੈ। ਉਥੇ ਪਹੁੰਚ ਕੇ ਇਸ ਦੀ ਹਰਿਆਵਲ ਅਤੇ ਇਸ ਸਥਾਨ ਦੀ ਖ਼ੂਬਸੂਰਤੀ ਦਾ ਨਜ਼ਾਰਾ ਲੈਂਦੇ ਰਹੇ। ਇਸ ਨੂੰ ਜੇ ਧਰਤੀ ’ਤੇ ਵਸਿਆ ਸਵਰਗ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇੱਥੇ ਆ ਕੇ ਬਹੁਤ ਸਾਰੇ ਲੋਕ ਗੰਡੋਲਾ ਯਾਨੀ ਕੇਬਲ ਕਾਰ ਰਾਹੀਂ ਇਸ ਵਾਦੀ ਦਾ ਲੁਤਫ ਉਠਾਉਂਦੇ ਹਨ। ਅਸੀਂ ਇਸ ਵਾਰ ਇਸ ਦੇ ਪਿਛਲੇ ਪਾਸੇ ਕੁਦਰਤ ਦੇ ਵਰੋਸਾਏ ਇਲਾਕੇ ਵਿਚ ਜਾ ਪਹੁੰਚੇ। ਸਾਡੀ ਕਾਰ ’ਤੇ ਜੇਐਂਡਕੇ ਦਾ ਪ੍ਰਾਈਵੇਟ ਨੰਬਰ ਹੋਣ ਕਾਰਨ ਸਾਨੂੰ ਕਿਸੇ ਨੇ ਨਹੀਂ ਰੋਕਿਆ ਤੇ ਅਸੀਂ ਗੁਲਮਰਗ ਦਾ ਉਹ ਸਥਾਨ ਜਿਹੜਾ ਆਮ ਪਬਲਿਕ ਹੀ ਵੇਖ ਸਕਦੀ ਹੈ, ਉਸ ਤੋਂ ਵੀ ਹਟ ਕੇ ਸਾਹਮਣੇ ਪਹਾੜੀ ਦੇ ਪਿੱਛੇ ਚਲੇ ਗਏ। ਵਾਕਿਆ ਇਥੋਂ ਦਾ ਨਜ਼ਾਰਾ ਵੀ ਦੇਖਣਯੋਗ ਸੀ। ਇਸੇ ਖੁੱਲ੍ਹੇ ਹਰੇ-ਭਰੇ ਮੈਦਾਨ ’ਚ ਸ਼ਾਨਦਾਰ ਝੀਲ ਵੀ ਮੌਜੂਦ ਹੈ। ਏਨੇ ਚਿਰ ਨੂੰ ਇਕ ਵਾਰ ਫਿਰ ਮੀਂਹ ਨੇ ਆਪਣੀ ਦਸਤਕ ਦੇ ਦਿੱਤੀ। ਸਾਡਾ ਗੁਲਮਰਗ ਦਾ ਇਹ ਸਫ਼ਰ ਇਸ ਕਰਕੇ ਵੀ ਸੁਹਾਵਣਾ ਰਿਹਾ ਕਿਉਂਕਿ ਸਾਰੀ ਰਾਤ ਬਰਸਾਤ ਹੋਣ ਕਾਰਨ ਮੌਸਮ ਵਿਚ ਕੁਝ ਤਬਦੀਲੀ ਆ ਗਈ ਸੀ। ਮੌਸਮ ਠੰਢਾ ਹੋਣ ਕਾਰਨ ਅਸੀਂ ਰਸਤੇ ਵਿਚੋਂ ਟੰਗਮਰਗ ਆ ਕੇ ਚਾਹ-ਪਕੌੜੇ ਖਾ ਕੇ ਆਪਣੀ ਪੇਟ ਪੂਜਾ ਕੀਤੀ।
ਲਖਨਪੁਰ ਦੇ ਲੱਡੂਆਂ ਦਾ ਲਿਆ ਸੁਆਦ
ਅਗਲੇ ਦਿਨ ਸਵੇਰੇ ਅੱਠ ਵਜੇ ਸਾਡੀ ਕੱਟੜੇ ਲਈ ਵਾਪਸੀ ਟ੍ਰੇਨ ਸੀ। ਇਸ ਲਈ ਅਸੀਂ ਹੋਟਲ ਵਾਲੇ ਰਾਹੀਂ ਟੈਕਸੀ ਬੁੱਕ ਕਰਵਾ ਲਈ। ਟ੍ਰੇਨ ਠੀਕ ਸਮੇਂ ’ਤੇ ਚੱਲ ਪਈ। ਸਾਨੂੰ ਨਾਸ਼ਤਾ ਟ੍ਰੇਨ ਵਿਚ ਹੀ ਮਿਲ ਗਿਆ। ਕੱਟੜੇ ਪਹੁੰਚ ਕੇ ਆਪਣੀ ਕਾਰ ਰਾਹੀਂ ਵਾਪਸੀ ਨੂੰ ਚਾਲੇ ਪਾ ਦਿੱਤੇ। ਰਸਤੇ ’ਚ ਲਖਨਪੁਰ ਦੇ ਲੱਡੂਆਂ ਦਾ ਸਵਾਦ ਚੱਖਿਆ। ਸ੍ਰੀਨਗਰ ਅਤੇ ਚਨਾਬ ਪੁਲ ’ਤੇ ਬਣੇ ਰੇਲਵੇ ਟ੍ਰੈਕ ਦਾ ਆਨੰਦ ਮਾਣਦੇ ਅਤੇ ਉਸ ਦੀਆਂ ਯਾਦਾਂ ਨੂੰ ਆਪਣੀ ਬੁੱਕਲ ਵਿਚ ਸਮੇਟਦੇ ਘਰ ਆ ਪਹੁੰਚੇ। ਠੀਕ ਹੀ ਕਿਹਾ ਜਾਂਦਾ ਹੈ ‘ਘਰ ਘਰ ਹੀ ਹੁੰਦਾ ਹੈ’। ਜਦੋਂ ਵੀ ਅਸੀਂ ਕਿਸੇ ਅਜਿਹੇ ਦੌਰੇ ਤੋਂ ਆਉਂਦੇ ਹਾਂ ਤਾਂ ਇਹ ਬੋਲ ਮੇਰੀ ਧਰਮ ਪਤਨੀ ਅਕਸਰ ਹੀ ਉਚਾਰਿਆ ਕਰਦੀ ਹੈ।
- ਸੁਖਵਿੰਦਰ ਸਿੰਘ ਨਰੂਲਾ