ਅਸੀਂ ਪਰਿਵਾਰ ਸਮੇਤ ਸਪੇਨ, ਫ਼ਰਾਂਸ ਤੇ ਇਕ ਵੇਰ ਫਿਰ ਸਵਿੱਟਜ਼ਰਲੈਂਡ ਦੇ ਪ੍ਰਸਿੱਧ ਸ਼ਹਿਰ ਇੰਟਰਲਾਕੈਨ ਘੁੰਮਣ ਗਏ ਪਰ ਅਸੀਂ ਅਸਲ ਟਿਕਾਣਾ ਜਰੋਨਾ (GIRONA) ਹੀ ਰੱਖਿਆ। ਉਸ ਤਰ੍ਹਾਂ ਸਵਿੱਟਜ਼ਰਲੈਂਡ ਦੀ ਸੈਰ ਹਰ ਇਕ ਸੈਲਾਨੀ ਦਾ ਸੁਪਨਾ ਹੀ ਹੁੰਦੀ ਹੈ । ਇੰਟਰਲਾਕੈਨ ਨੂੰ “ਬਾਲੀਵੁੱਡ ਟੂਰਿਸਟ ਲੋਕੇਸ਼ਨ” ਵਜੋਂ ਵੇਖਿਆ ਜਾਂਦਾ ਹੈ।

ਫ਼ਰਵਰੀ 2025 ਵਿਚ ਮੈਨੂੰ ਆਪਣੇ ਦੋਸਤ ਜੋ ਭਾਰਤ ’ਚ ਲੋਕ ਨਿਰਮਾਣ ਵਿਭਾਗ ’ਚ ਅਫ਼ਸਰ ਹੈ, ਦੀ ਬੇਟੀ ਦੇ ਸ਼ਾਦੀ ਸਮਾਗਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਦੋਸਤ ਦੀ ਬੇਟੀ ਅਮਰੀਕਾ ’ਚ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਹੈ ਤੇ ਮਿੱਤਰ ਦੀ ਪਤਨੀ ਗੌਰਮਿੰਟ ਕਾਲਜ ਦੀ ਵਾਇਸ ਪ੍ਰਿੰਸੀਪਲ ਹੈ। ਪੰਜਾਬੀ ਹਿੰਦੂ ਬ੍ਰਾਹਮਣ ਕੁੜੀ ਦੀ ਗੁਜਰਾਤੀ ਹਮ-ਜਮਾਤੀ ਲੜਕੇ ਨਾਲ ਸ਼ਾਦੀ ਹੋਣੀ ਤਹਿ ਹੋਈ ਸੀ। ਇਹ ਸਮਾਗਮ ਪੰਜਾਬੀ ਹਿੰਦੂ ਬ੍ਰਾਹਮਣ ਪਰਿਵਾਰ ਦੀ ਲੜਕੀ ਦਾ ਸੀ ਜਿਸ ’ਚ ਪੰਜਾਬੀ ਵਿਆਹਾਂ ਤੋਂ ਵੱਖਰੀ ਗੱਲ ਇਹ ਵੀ ਸੀ ਕਿ ਸਭ ਕੁਝ ਵੈਸ਼ਨੂੰ ਸੀ ਪਰ ਪੰਜਾਬੀਆਂ ਦੇ ਵਧੇਰੇ ਵਿਆਹ ਦੇ ਜਸ਼ਨ ਮੁਰਗੇ ਮੱਛੀ ਤੇ ਪੈੱਗ ਵਾਲੇ ਨਾਲ ਭਰਪੂਰ ਹੁੰਦੇ ਹਨ। ਪ੍ਰੋਫੈਸਰ ਰਿਖੀ ਜੋ ਪੈਰਿਸ ’ਚ ਵੀ ਪੜ੍ਹਾ ਚੁੱਕੇ ਸਨ, ਕਹਿਣ ਲੱਗੇ ਕਿ ਮੈਨੂੰ ਤਾਂ ਪੈਰਿਸ ਤੋਂ ਵੀ ਵੱਧ ਸਪੇਨ ਦੇ ਬਾਰਸੀਲੋਨਾ ਦੇ ਨੇੜੇ ਦਾ ਛੋਟਾ ਜਿਹਾ ਸ਼ਹਿਰ ਜਰੋਨਾ ਵਧੇਰੇ ਪਸੰਦ ਆਇਆ ਹੈ। ਪੈਰਿਸ ,ਲੰਡਨ ਅਤੇ ਸਵਿਟਰਜ਼ਰਲੈਂਡ ਦੀ ਯਾਤਰਾ ਵੀ ਕੀਤੀ ਹੋਈ ਹੈ ਜੋ ਸੈਲਾਨੀਆਂ ਦੇ ਪਸੰਦੀਦਾ ਸ਼ਹਿਰ ਹਨ ਪਰ ਕਿਉਂਕਿ ਮੇਰੇ ਪਰਿਵਾਰਕ ਰਿਸ਼ਤੇਦਾਰੀਆਂ ਸਪੇਨ ’ਚ ਵੀ ਹਨ, ਇਸ ਕਰ ਕੇ ਮੈਂ ਬਾਰਸੀਲੋਨਾ ਤੇ ਜਰੋਨਾ ਕਈ ਵੇਰ ਗਿਆ ਹਾਂ। ਜਦੋ ਮੈਂ ਪ੍ਰੋਫੈਸਰ ਰਿਖੀ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਬਹੁਤ ਕੁਝ ਦੱਸਿਆ ਅਤੇ ਖ਼ਾਸ ਤੌਰ ’ਤੇ ਉਥੇ ਦੇ ਜਗਤ ਪ੍ਰਸਿੱਧ ਆਰਟਿਸਟ ਸਿਲਵਾਡੋਰ ਡਾਲੀ ਦੇ ਮਿਊਜ਼ੀਅਮ ਦਾ ਜ਼ਿਕਰ ਕੀਤਾ।
.jpg)
ਜਰੋਨਾ ਸ਼ਹਿਰ ਦੀ ਯਾਤਰਾ
ਅਸੀਂ ਪਰਿਵਾਰ ਸਮੇਤ ਸਪੇਨ, ਫ਼ਰਾਂਸ ਤੇ ਇਕ ਵੇਰ ਫਿਰ ਸਵਿੱਟਜ਼ਰਲੈਂਡ ਦੇ ਪ੍ਰਸਿੱਧ ਸ਼ਹਿਰ ਇੰਟਰਲਾਕੈਨ ਘੁੰਮਣ ਗਏ ਪਰ ਅਸੀਂ ਅਸਲ ਟਿਕਾਣਾ ਜਰੋਨਾ (GIRONA) ਹੀ ਰੱਖਿਆ। ਉਸ ਤਰ੍ਹਾਂ ਸਵਿੱਟਜ਼ਰਲੈਂਡ ਦੀ ਸੈਰ ਹਰ ਇਕ ਸੈਲਾਨੀ ਦਾ ਸੁਪਨਾ ਹੀ ਹੁੰਦੀ ਹੈ । ਇੰਟਰਲਾਕੈਨ ਨੂੰ “ਬਾਲੀਵੁੱਡ ਟੂਰਿਸਟ ਲੋਕੇਸ਼ਨ” ਵਜੋਂ ਵੇਖਿਆ ਜਾਂਦਾ ਹੈ। ਇਹ ਸ਼ਹਿਰ ਭਾਰਤੀ ਫਿਲਮ ਨਿਰਮਾਤਾਵਾਂ ਦਾ ਵੀ ਪਸੰਦੀਦਾ ਸ਼ਹਿਰ ਹੈ। ਫਿਲਮਾਂ ਲਈ ਇੰਟਰਲਾਕੈਨ ਦੀ ਪਹਾੜੀ ਖ਼ੂਬਸੂਰਤੀ, ਬਰਫ਼, ਹਰੇ-ਭਰੇ ਮੈਦਾਨ ਤੇ ਸੈਰ-ਸਪਾਟੇ ਵਾਲਾ ਵਾਤਾਵਰਨ ਫ਼ਿਲਮ ਨਿਰਮਾਤਾਵਾਂ ਵੱਲੋਂ ਬਹੁਤ ਵਰਤਿਆ ਗਿਆ ਹੈ। ਇਥੇ ਯਸ਼ ਚੋਪੜਾ ਨੂੰ ਯਾਦ ਕਰਦੇ ਹੋਏ ਇਕ ਮੂਰਤੀ ਵੀ ਲਗਾਈ ਗਈ ਹੈ। ਜਿੱਥੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹੀ ਹੈ।
ਵਿਸ਼ਵ ਪ੍ਰਸਿੱਧ ਮਿਊਜ਼ੀਅਮ
ਸਾਲਵਾਡੋਰ ਡਾਲੀ ਦੇ ਮਿਊਜ਼ੀਅਮ ਵਾਲਾ ਇਹ ਸਥਾਨ ਫਿਗੁਰਸ ਜਾਂ ਫਿਗੂਰੇਸ ਨਾਂਅ ਦਾ ਇਹ ਸ਼ਹਿਰ ਜਰੋਨਾ ਤੋਂ 34 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ ਜਿੱਥੇ ਸਾਲਵਾਡੋਰ ਡਾਲੀ ਦਾ ਸਭ ਤੋਂ ਪ੍ਰਸਿੱਧ ਅਤੇ ਵਿਸ਼ਵ-ਪ੍ਰਸਿੱਧ ਮਿਊਜ਼ੀਅਮ ਹੈ। ਇਸ ਮਿਊਜ਼ੀਅਮ ਵਿਚ ਡਾਲੀ ਦੀਆਂ ਸੰਸਾਰ ਦੀਆਂ ਸਭ ਤੋਂ ਵੱਡੀਆਂ ਕਲਾਕ੍ਰਿਤੀਆਂ ਹਨ। ਇਹ ਮਿਊਜ਼ੀਅਮ ਡਾਲੀ ਨੇ ਆਪ ਡਿਜ਼ਾਇਨ ਕੀਤਾ। ਇਸ ਕਾਰਨ ਇਹ ਖ਼ੁਦ ਡਾਲੀ ਦੀ ਆਰਟ ਕਲਾ ਕਿਰਤੀ ਹੀ ਹੈ। ਮਿਊਜ਼ੀਅਮ ਦੇ ਅੰਦਰ ਹਰ ਕਮਰਾ, ਹਰ ਕੰਧ, ਹਰ ਕੋਨਾ ਯਥਾਰਥਵਾਦ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਪੂਰੀ ਬਿਲਡਿੰਗ ਖ਼ੁਦ ਇਕ ਜੀਵੰਤ ਯਥਾਰਥ ਵਰਗੀ ਲੱਗਦੀ ਹੈ। ਡਾਲੀ ਨੇ ਤਿੰਨ ਵੱਡੇ ਸਥਾਨ ਬਣਾਏ ਪਹਿਲਾ ਇਹ ਮਿਊਜ਼ੀਅਮ ਦੂਸਰਾ ਡਾਲੀ ਦਾ ਸਮੁੰਦਰ-ਕਿਨਾਰੇ ਬਣਿਆ ਘਰ ਜਿੱਥੇ ਉਹ ਲੰਬਾ ਸਮਾਂ ਰਿਹਾ ਅਤੇ ਤੀਸਰਾ ਡਾਲੀ ਨੇ ਪਤਨੀ ਗਾਲਾ ਲਈ ਇਕ ਕਿਲ੍ਹਾ ਖ਼ਰੀਦ ਕੇ SURREALIST STYAL ’ਚ ਇਸ ਨੂੰ ਤਿਆਰ ਕੀਤਾ ਅਤੇ ਗਾਲਾ ਦੀ ਸਮਾਧੀ ਵੀ ਇਥੇ ਹੀ ਬਣੀ ਹੋਈ ਹੈ।
ਜਰੋਨਾ ਸਪੇਨ ਦੇ ਉੱਤਰੀ-ਪੂਰਬੀ ਖੇਤਰ, ਕਤਾਲੂਨਿਆ ’ਚ ਸਥਿਤ ਪ੍ਰਾਚੀਨ ਸ਼ਹਿਰ ਹੈ। ਇਹ ਸ਼ਹਿਰ ਰੋਮਨ ਯੁੱਗ ਤੋਂ ਹੀ ਵਸਿਆ ਹੋਇਆ ਹੈ ਤੇ ਕਈ ਸੰਸਕ੍ਰਿਤੀਆਂ ਅਤੇ ਹਕੂਮਤਾਂ ਦੇ ਹੱਥੋਂ ਆਉਣ-ਜਾਣ ਦਾ ਸਬੂਤ ਹੈ। ਰੋਮਨ ਯੁੱਗ ਪਹਿਲੀ ਸਦੀ ਈਸਵੀ ਪੂਰਬ ਤੋਂ ਪੰਜਵੀ ਸਦੀ ਦੇ ਵਿਚ ਜਰੋਨਾ ਦਾ ਮੂਲ ਰੋਮਨ ਸਥਾਪਨਾ GERUNDA ਦੇ ਨਾਮ ਨਾਲ ਹੋਇਆ। ਰੋਮਨ ਸੈਨਿਕਾਂ ਨੇ ਇਸ ਸ਼ਹਿਰ ਨੂੰ ਇਕ ਕਿਲ੍ਹਾ ਤੇ ਵਪਾਰਕ ਕੇਂਦਰ ਬਣਾਇਆ ਸੀ। ਉਸ ਸਮੇਂ ਇਥੇ ਸੜਕਾਂ, ਪਾਣੀ ਦੇ ਚੈਨਲ ਤੇ ਰੋਮਨ ਢੰਗ ਦੀਆਂ ਇਮਾਰਤਾਂ ਬਣਾਈਆਂ ਗਈਆਂ। 5ਵੀਂ ਤੋਂ 8ਵੀਂ ਸਦੀ ਦੇ ਵਿਚਕਾਰ ਰੋਮਨ ਹਕੂਮਤ ਦੇ ਬਾਅਦ, ਜਰੋਨਾ ਨੂੰ ਵਿਸਿਗੋਥ ਰਾਜਾ ਨੇ ਆਪਣੀ ਹਕੂਮਤ ਵਿਚ ਸ਼ਾਮਿਲ ਕੀਤਾ। 8ਵੀਂ ਸਦੀ ’ਚ, ਮੂਰ (ਅਰਬ) ਸੈਨਾ ਨੇ ਇਸ ਖੇਤਰ ’ਤੇ ਹਮਲਾ ਕੀਤਾ ਤੇ ਸ਼ਹਿਰ ਦੇ ਕੁਝ ਹਿੱਸੇ ਨੂੰ ਕਾਬੂ ਕਰ ਲਿਆ। ਬਾਅਦ ਵਿਚ, ਕ੍ਰਿਸਚਨ ਰਾਜਿਆਂ ਨੇ ਇਸ ਨੂੰ ਮੁੜ ਆਪਣੇ ਹੱਥ ਵਿਚ ਲਿਆ ਕੇ ਇਸ ਦਾ ਕਿਲ੍ਹਾ ਮਜ਼ਬੂਤ ਕੀਤਾ। ਮੱਧ ਯੁੱਗ ਦੇ 9ਵੀਂ ਤੋਂ 15ਵੀਂ ਸਦੀ ਦੇ ਸਮੇਂ ਦੌਰਾਨ ਜਰੋਨਾ ਇਕ ਮਜ਼ਬੂਤ ਫੋਰਟ ਬਣ ਗਿਆ। ਇਹ ਸ਼ਹਿਰ ਰਾਜਨੀਤਿਕ ਤੇ ਵਪਾਰਕ ਦ੍ਰਿਸ਼ ਤੋਂ ਕਤਾਲੂਨਿਆ ਵਿਚ ਮਹੱਤਵਪੂਰਨ ਬਣ ਗਿਆ। ਇਸ ਸਮੇਂ ਇੱਥੇ ਯਹੂਦੀ ਬਸਤੀਆਂ ਵੀ ਵਿਕਸਤ ਹੋਈਆਂ, ਜੋ ਅੱਜ ਵੀ ਉਸ ਇਤਿਹਾਸਕ ਦੌਰ ਦੀ ਨਿਸ਼ਾਨਦੇਹੀ ਲਈ ਜਾਣੀਆਂ ਜਾਂਦੀਆਂ ਹਨ। 18ਵੀਂ–19ਵੀਂ ਸਦੀ ਵਿਚ ਜਰੋਨਾ ਨੇ ਵਪਾਰ ਤੇ ਉਦਯੋਗ ਵਿਚ ਵਿਕਾਸ ਕੀਤਾ। ਇਹ ਸ਼ਹਿਰ ਫੋਰਟ ਤੋਂ ਬਾਹਰ ਵਧਿਆ ਤੇ ਨਵੇਂ ਮਾਰਗ ਤੇ ਨਗਰ ਯੋਜਨਾਵਾਂ ਬਣਾਈਆਂ। 20ਵੀਂ ਸਦੀ ਦੇ ਸ਼ੁਰੂ ਵਿਚ ਜਰੋਨਾ ਨੇ ਸੈਲਾਨੀਅਤ, ਯੂਨੀਵਰਸਿਟੀ ਤੇ ਸੱਭਿਆਚਾਰਕ ਕੇਂਦਰ ਵਜੋਂ ਪ੍ਰਸਿੱਧੀ ਹਾਸਲ ਕੀਤੀ।
ਦਰਿਆ ਦੇ ਦੋਵੇਂ ਪਾਸੇ ਬਣੇ ਖ਼ੂਬਸੂਰਤ ਘਰ
ਦਰਿਆ ਦੇ ਦੋਵੇਂ ਪਾਸੇ ਬਣੇ ਖ਼ੂਬਸੂਰਤ ਘਰ ਵੀ ਜਰੋਨਾ ਦੀ ਖ਼ੂਬਸੂਰਤੀ ਦਾ ਪ੍ਰਤੀਕ ਹਨ। ਇਨ੍ਹਾਂ ’ਚੋਂ ਇਕ ਪੁਲ ਹੈ, ਜੋ EIFFEL TOWER ਬਣਾਉਣ ਵਾਲੇ ਇੰਜੀਨੀਅਰ ਨੇ ਹੀ ਡਿਜ਼ਾਇਨ ਕੀਤਾ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਪੈਰਿਸ ਦਾ ਮਸ਼ਹੂਰ ਆਈਫਲ ਟਾਵਰ ਪਹਿਲਾਂ ਇਸ ਸ਼ਹਿਰ ਵਿਚ ਬਣਾਉਣ ਦੀ ਤਜਵੀਜ਼ ਸੀ ਪਰ ਕੁਝ ਕਾਰਨਾਂ ਕਰ ਕੇ ਅਜਿਹਾ ਨਾ ਹੋ ਸਕਿਆ ਅਤੇ ਉਸ ਟਾਵਰ ਦੇ ਵਿਚ ਵਰਤੇ ਜਾਣ ਵਾਲੇ ਮਟੀਰੀਅਲ ਨਾਲ ਇਸ ਪੁਲ ਦੀ ਉਸਾਰੀ ਕੀਤੀ ਗਈ ਸੀ ਜੋ ਇਸ ਦੇ ਇਤਿਹਾਸ ਦਾ ਹਿੱਸਾ ਹੋ ਨਿਬੜਿਆ। ਜਰੋਨਾ ਦਾ ਇਤਿਹਾਸ ਰੋਮਨ ਸਮੇਂ ਤੋਂ ਸ਼ੁਰੂ ਹੁੰਦਾ ਹੈ। ਮੱਧ ਯੁੱਗ ਵਿਚ ਇਹ ਮਜ਼ਬੂਤ ਕਿਲ੍ਹਾ-ਸ਼ਹਿਰ ਸੀ, ਜਿਸ ਦੀਆਂ ਕੰਧਾਂ ਅੱਜ ਵੀ ਸੁਰੱਖਿਅਤ ਹਨ। ਜਰੋਨਾ ਆਪਣੀ ਫੁੱਲਾਂ ਦੀ ਪ੍ਰਦਰਸ਼ਨੀ (ਸੁੱਚੀ ਤੇ ਸਾਫ਼ ਹਵਾ ਅਤੇ ਮੈਡੀਟਰੇਨੀਅਨ ਖਾਣੇ ਲਈ ਵੀ ਜਾਣਿਆ ਜਾਂਦਾ ਹੈ। ਜਰੋਨਾ ਦਾ ਖਾਣਾ ਮੈਡੀਟਰੇਨੀਅਨ ਰਸੋਈ ਦਾ ਸੁੰਦਰ ਉਦਾਹਰਣ ਹੈ ਜੋ ਤਾਜ਼ਾ ਮੱਛੀ, ਓਲਿਵ ਤੇਲ, ਅਤੇ ਸਥਾਨਕ ਸਬਜ਼ੀਆਂ ਨਾਲ ਤਿਆਰ ਕੀਤਾ ਜਾਂਦਾ। ਇਥੇ ਦੁਨੀਆ ਦੇ ਪ੍ਰਸਿੱਧ ਰੈਸਟੋਰੈਂਟਾਂ ਵਿੱਚੋਂ ਇਕ EL CELLER DE CAN ROCA ਵੀ ਹੈ। ਬਸੰਤ ਤੇ ਗਰਮੀ ਦੇ ਸ਼ੁਰੂਆਤੀ ਮਹੀਨੇ ਮਾਰਚ ਤੋਂ ਜੂਨ ਜਦੋ ਫੁੱਲਾਂ ਦਾ ਸੀਜ਼ਨ ਹੁੰਦਾ ਹੈ। ਇਥੇ ਦੇ ਇਤਿਹਾਸਕ ਕਿਲ੍ਹੇ, ਗਿਰਜਾਘਰ, ਯਹੂਦੀ ਵਿਰਾਸਤ ਤੇ ਓਨਯਾਰ ਦਰਿਆ ਅਤਿਅੰਤ ਸੁੰਦਰ ਨਜ਼ਾਰਿਆਂ ਦੇ ਦਰਸ਼ਨ ਕਰਨ ਲਈ ਸੈਲਾਨੀ ਭਾਰੀ ਗਿਣਤੀ ਵਿਚ ਆਉਂਦੇ ਹਨ। ਸਤੰਬਰ-ਅਕਤੂਬਰ ਦਾ ਮੌਸਮ ਹਲਕਾ ਸੁੱਕਾ ਪਰ ਭਾਰੀ ਭੀੜ ਨਹੀਂ ਹੁੰਦੀ। ਇਹ ਸ਼ਹਿਰ ਪੈਦਲ ਘੁੰਮਣਯੋਗ ਹੈ, ਪੁਰਾਣੀ ਗਲੀਆਂ ਕਾਰਾਂ ਅਤੇ ਵਾਹਨਾਂ ਲਈ ਠੀਕ ਨਹੀਂ ਹਨ। ਓਨਯਾਰ ਦਰਿਆ ਦੇ ਨੇੜੇ-ਤੇੜੇ ਖਾਣੇ ਲਈ ਕੈਫ਼ੇ ਅਤੇ ਰੈਸਟੋਰੈਂਟ ਬਹੁਤ ਚੰਗੇ ਮਿਲਦੇ ਹਨ। ਇਹ ਸ਼ਹਿਰ ਆਧੁਨਿਕਤਾ ਤੇ ਇਤਿਹਾਸ ਦਾ ਖ਼ੂਬਸੂਰਤ ਮਿਲਾਪ ਹੈ। ਅੱਜ ਦਾ ਜਰੋਨਾ ਆਧੁਨਿਕ ਯੂਨੀਵਰਸਿਟੀ ਵਾਲਾ ਸ਼ਹਿਰ, ਸੈਲਾਨੀ ਕੇਂਦਰ ਤੇ ਸੱਭਿਆਚਾਰਕ ਵਿਰਾਸਤ ਦਾ ਘਰ ਹੈ।
ਸ਼ੇਰ ਦੇ ਮੂੰਹ ਵਾਲੀ ਮੂਰਤੀ ਦਾ ਇਤਿਹਾਸ
ਸਪੇਨ ਦੇ ਇਸ ਸ਼ਹਿਰ ਜਰੋਨਾ ਵਿਚ ਸ਼ੇਰ ਦੇ ਮੂੰਹ ਵਾਲੀ ਮੂਰਤੀ ਦਾ ਵੀ ਆਪਣਾ ਇਤਿਹਾਸ ਹੈ ਜਿਸ ਦੀ ਪਿੱਠ ਨੂੰ ਲੋਕ ਚੁੰਮਦੇ ਹਨ। ਇਹ ਜਰੋਨਾ ਸ਼ਹਿਰ ਦੀ ਸਭ ਤੋਂ ਮਸ਼ਹੂਰ ਲੋਕ-ਧਾਰਮਿਕ ਮੂਰਤੀ ਹੈ। ਜਿਸ ਨੂੰ ਸਥਾਨਕ ਲੋਕ ‘ਦਿ ਲਾਇਨੇਸ ਬਟ’ ਕਹਿੰਦੇ ਹਨ। ਮੂਰਤੀ ਦਾ ਨਾਮ ਕਤਾਲਾਨ ਭਾਸ਼ਾ ਵਿਚ ‘EL CUL DE LLEONA’ ਹੈ ਜਿਸ ਅਰਥ ਸ਼ੇਰਨੀ ਦੀ ਪਿੱਠ ਜਾਂ ਲਾਇਨੇਸ ਦਾ ਪਿਛਲਾ ਹਿੱਸਾ ਹੈ। ਇਹ ਮੂਰਤੀ ਜਰੋਨਾ ਦੇ ਪੁਰਾਣੇ ਸ਼ਹਿਰ ਵਿਚ ਪਲੇਸ ਡੀ ਸੇਂਟ ਫੇਲੂ ਚੌਕ ਦੇ ਨੇੜੇ ਚਰਚ ਦੇ ਕੋਲ ਇਕ ਪੱਥਰ ਦੇ ਥਮਲੇ ਉੱਤੇ ਲੱਗੀ ਹੋਈ ਹੈ। ਇਹ ਮੂਰਤੀ 11ਵੀਂ–12ਵੀਂ ਸਦੀ ਦੇ ਮੱਧ ਯੁੱਗ ਦੇ ਸਮੇਂ ਦੀ ਹੈ। ਜਰੋਨਾ ਦਾ ਖੇਤਰ ਸੂਰ ਪਾਲਣ ਲਈ ਵੀ ਪ੍ਰਸਿੱਧ ਹੈ ਅਤੇ ਵੱਡੇ ਪੱਧਰ ’ਤੇ ਸੂਰ ਦੇ ਮੀਟ ਦਾ ਉਤਪਾਦਨ ਹੁੰਦਾ ਹੈ। ਜੇਕਰ ਸਪੇਨ ਦਾ ਕੋਆਪਰੇਟਿਵ ਮਾਡਲ ਦੀ ਗੱਲ ਨਾ ਕਰੀਏ ਤਾਂ ਗੱਲ ਅਧੂਰੀ ਰਹਿ ਜਾਵੇਗੀ। ਜਿਸ ਨੂੰ 1956 ਵਿਚ ਜੋਸੇ ਮਾਰੀਆ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਦੁਨੀਆ ਦੀ ਸਭ ਵੱਡੀ ਵਰਕਰ-ਕੋਆਪਰੇਟਿਵ ਸੰਸਥਾ ਹੈ। ਹਰ ਕਰਮਚਾਰੀ ਸੰਸਥਾ ਦਾ ਹਿੱਸੇਦਾਰ ਹੁੰਦਾ ਹੈ। ਇਸ ਦੇ ਲਾਭ ਅਤੇ ਫ਼ੈਸਲੇ ਸਾਂਝੇ ਹੁੰਦੇ ਹਨ। ਨਫ਼ਾ ਕਰਮਚਾਰੀਆਂ ’ਚ ਵੰਡਿਆ ਜਾਂਦਾ ਹੈ। ਇਸ ਨਾਲ ਹਰੇਕ ਕਰਮਚਾਰੀ ਨੂੰ ਕੰਮ ਵਿਚ ਸਾਂਝੀ ਭੂਮਿਕਾ ਮਿਲਦੀ ਹੈ। ਪੰਜਾਬ ਦੇ ਆਰਥਿਕ ਮਾਹਿਰਾਂ ਤੇ ਸਮਾਜਿਕ ਬੁੱਧੀਜੀਵੀਆਂ ਨੂੰ ਇਸ ਮਾਡਲ ਨੂੰ ਗੰਭੀਰਤਾ ਨਾਲ ਨਿੱਠ ਕੇ ਅਧਿਐਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਨੂੰ ਮਾਡਲ ਅਪਣਾ ਕੇ ਪੰਜਾਬ ਦੀ ਕਿਰਸਾਨੀ ਨੂੰ ਲਾਹੇਵੰਦਾ ਧੰਦਾ ਬਣਾਇਆ ਜਾ ਸਕੇ।
ਇਤਿਹਾਸਕ ਤੇ ਸੋਹਣਾ ਸ਼ਹਿਰ
ਜਰੋਨਾ ਸਪੇਨ ਦੇ ਉੱਤਰੀ-ਪੂਰਬ ਵਿਚ ਸਥਿਤ ਇਤਿਹਾਸਕ ਅਤੇ ਸੋਹਣਾ ਸ਼ਹਿਰ ਹੈ, ਜੋ ਕਤਾਲੂਨਿਆ ਖੇਤਰ ਦਾ ਹਿੱਸਾ ਹੈ। ਬਾਰੀ ਵੈਲ) ਕਤਾਲਾਨ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਪੁਰਾਣਾ ਮਹੱਲਾ ਹੁੰਦਾ ਹੈ ਤੇ ਇਹ ਸ਼ਹਿਰ ਦਾ ਕੇਂਦਰ ਹੈ। ਜਰੋਨਾ ਕਤਾਲਾਨ ਕਲਾ, ਭਾਸ਼ਾ ਅਤੇ ਸੱਭਿਆਚਾਰਕ ਰਵਾਇਤਾਂ ਦਾ ਗੜ੍ਹ ਹੈ। ਇੱਥੇ ਦੇ ਲੋਕ ਕਤਲਾਨ ਭਾਸ਼ਾ ਬੋਲਦੇ ਹਨ ਪਰ ਸਪੇਨੀ ਵੀ ਆਮ ਤੌਰ ’ਤੇ ਸਮਝੀ ਜਾਂਦੀ ਹੈ। ਇਹ ਸ਼ਹਿਰ ਓਨਯਾਰ ਦਰਿਆ ਦੇ ਕੰਢੇ ’ਤੇ ਵਸਿਆ ਹੋਇਆ ਹੈ ਅਤੇ ਆਪਣੇ ਪੁਰਾਣੇ ਕਿਲ੍ਹਿਆਂ, ਗਿਰਜਾਘਰਾਂ ਅਤੇ ਤੰਗ ਗਲੀਆਂ ਲਈ ਮਸ਼ਹੂਰ ਹੈ। ਸ਼ਹਿਰ ਦੇ ਵਿਚਕਾਰੋਂ ਲੰਘਦੇ ਓਨਯਾਰ ਦਰਿਆ ਉੱਤੇ ਬਣੇ ਕਈ ਪੁਲ ਵੀ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।
ਸਿੱਖਣ ਦਾ ਸਹੀ ਮੌਕਾ
ਸਾਨੂੰ ਭਾਰਤੀਆਂ ਨੂੰ ਇਸ ਖਿੱਤੇ ਦੇ ਵੱਖਰੇ ਸੱਭਿਆਚਾਰਕ ਖਿੱਤੇ ਬਾਰੇ ਹੋਰ ਵੀ ਕਈ ਕੁਝ ਸਿੱਖਣ ਲਈ ਮਿਲਦਾ ਹੈ। ਜਰੋਨਾ ਸ਼ਹਿਰ ਬਾਰਸੀਲੋਨਾ ਤੋਂ ਲਗਪਗ 100 ਕਿਲੋਮੀਟਰ ਉੱਤਰ ਵੱਲ ਹੈ। ਇਸ ਅਮੀਰ ਖਿੱਤੇ ਦਾ ਸੱਭਿਆਚਾਰ ਤੇ ਬੋਲੀ ਸਪੇਨ ਤੋਂ ਭਿੰਨ ਹੈ। ਇਥੇ ਕਤਲਾਨ ਭਾਸ਼ਾ ਵਧੇਰੇ ਬੋਲੀ ਜਾਂਦੀ ਹੈ ਭਾਵੇਂ ਕਿ ਸਪੈਨਿਸ਼ ਵੀ ਸਮਝੀ ਤੇ ਪੜ੍ਹੀ ਜਾਂਦੀ ਹੈ ਅਤੇ ਸਪੇਨ ਤੋਂ ਵੱਖ ਹੋਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ। ਸਦੀਆਂ ਤੋਂ ਇਹ ਖੇਤਰ ਸਵੈ-ਪ੍ਰਬੰਧਨ ਤੇ ਖੁਦਮੁਖ਼ਤਿਆਰੀ ਦੀ ਮੰਗ ਰੱਖਦਾ ਆ ਰਿਹਾ ਹੈ। ਫਿਰ ਵੀ ਸਪੇਨ ’ਚ ਭਾਈਚਾਰਕ ਸਾਂਝ ਪੱਕੀ ਹੈ। ਭਾਵੇਂ ਅੱਜ ਵੀ ਵਧੇਰੇ ਘਰਾਂ ਤੇ ਵਪਾਰਕ ਅਦਾਰਿਆਂ ਤੇ ਕਤਲਾਨ ਦੇ ਝੰਡੇ ਲਹਿਰਾਉਂਦੇ ਹਨ ਪਰ ਸਪੇਨ ਸਰਕਾਰ ਇਸ ’ਤੇ ਇਤਰਾਜ਼ ਨਹੀਂ ਕਰਦੀ। ਲੋਕਤੰਤਰ ਦਾ ਇਹ ਉਦਾਰ ਢਾਂਚਾ ਵੀ ਭਾਰਤ ਵਰਗੇ ਦੇਸ਼ਾਂ ਨੂੰ ਆਪਸੀ ਮਿਲਵਰਤਣ ਨਾਲ ਰਹਿਣ ਦੀ ਪ੍ਰੇਰਣਾ ਦਿੰਦਾ ਹੈ।
• ਹਰਜੀਤ ਸਿੰਘ ਗਿੱਲ