ਤੇਲ ਚਿੱਤਰ ਵਿਚ ਦਿਖਾਈ ਦੇ ਰਿਹਾ ਗੇਟਵੇਅ ਦੇਖਣ ਨੂੰ ਸਧਾਰਨ ਜਿਹੇ ਤਬੇਲੇ ਦੇ ਮੁੱਖ ਦੁਆਰ ਤੋਂ ਵੱਡਾ ਦਿਖਾਈ ਨਹੀਂ ਦੇ ਰਿਹਾ ਪ੍ਰੰਤੂ ਇਸ ਦਾ ਵੱਡਮੁੱਲਾ ਯੋਗਦਾਨ ਅਜੋਕੇ ਦੌਰ ’ਚ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਬਹੁ-ਗਿਣਤੀ ਲੋਕ ਜਿਹੜੇ ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਇਸ ਤੋਂ ਸੈਰ ਵੇਲੇ ਗੁਜ਼ਰਦੇ ਹਨ, ਸ਼ਾਇਦ ਇਸ ਦੇ ਸ਼ਾਨਾਮੱਤੇ ਇਤਿਹਾਸ ਤੋਂ ਅਣਜਾਣ ਹੋਣਗੇ।
ਤੇਲ ਚਿੱਤਰ ਵਿਚ ਦਿਖਾਈ ਦੇ ਰਿਹਾ ਗੇਟਵੇਅ ਦੇਖਣ ਨੂੰ ਸਧਾਰਨ ਜਿਹੇ ਤਬੇਲੇ ਦੇ ਮੁੱਖ ਦੁਆਰ ਤੋਂ ਵੱਡਾ ਦਿਖਾਈ ਨਹੀਂ ਦੇ ਰਿਹਾ ਪ੍ਰੰਤੂ ਇਸ ਦਾ ਵੱਡਮੁੱਲਾ ਯੋਗਦਾਨ ਅਜੋਕੇ ਦੌਰ ’ਚ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਬਹੁ-ਗਿਣਤੀ ਲੋਕ ਜਿਹੜੇ ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਇਸ ਤੋਂ ਸੈਰ ਵੇਲੇ ਗੁਜ਼ਰਦੇ ਹਨ, ਸ਼ਾਇਦ ਇਸ ਦੇ ਸ਼ਾਨਾਮੱਤੇ ਇਤਿਹਾਸ ਤੋਂ ਅਣਜਾਣ ਹੋਣਗੇ। ਰੋਪੜ ਹੈੱਡਵਰਕਸ ’ਤੇ ਜਦੋਂ ਅਸੀਂ ਸਰਹੰਦ ਨਹਿਰ ਪਾਰ ਕਰ ਕੇ ਬੋਟ ਕਲੱਬ ਵੱਲ ਜਾਂਦੇ ਹਾਂ ਤਾਂ ਸਾਨੂੰ ਇਸ ਪੁਲ ਤੋਂ ਲੰਘਣਾ ਪੈਂਦਾ ਹੈ। ਮੀਟਰ ਕੁ ਚੌੜਾ ਤੇ ਮਸਾਂ 25 ਕੁ ਫੁੱਟ ਲੰਮਾ ਇਹ ਪੁਲ ਲੋਹੇ ਦੇ ਗਾਡਰਾਂ ’ਤੇ ਟਿਕਿਆ ਹੋਇਆ ਹੈ। ਦੋਵਾਂ ਪਾਸੇ ਮਜ਼ਬੂਤ ਜੰਗਲਾਂ ਤੇ ਥੱਲੇ ਲੋਹੇ ਦੀ ਮਜ਼ਬੂਤ ਚਾਦਰ ਇਸ ਤੋਂ ਲੰਘਣ ਸਮੇਂ ਕਾਫ਼ੀ ਸੁਰੱਖਿਅਤ ਹੋਣ ਦੇ ਨਾਲ ਸੋਹਣੀ ਦਿਖ ਵੀ ਪ੍ਰਦਾਨ ਕਰਦੀ ਹੈ। ਰਸਤੇ ਦੇ ਥੱਲੇ ਸਤਲੁਜ ਦਾ ਪਾਣੀ ਰੋਕਣ ਲਈ ਲੱਗਿਆ ਕਾਲਾ ਫਾਟਕ ਦੂਰ ਤੋਂ ਹੀ ਦਿਖਾਈ ਦਿੰਦਾ ਹੈ, ਜੋ ਅਕਸਰ ਬੰਦ ਹੀ ਹੁੰਦਾ ਹੈ। ਪਿਛਲੇ 75 ਕੁ ਸਾਲਾਂ ਤੋਂ ਬੰਦ ਪਏ ਇਸ ਫਾਟਕ ਨੂੰ ਪਿਛਲੇ ਸਾਲ ਰਿਪੇਅਰ ਕਰ ਕੇ ਮੁੜ ਚਾਲੂ ਕੀਤਾ ਗਿਆ ਹੈ। ਸਰਹਿੰਦ ਨਹਿਰ ਦੇ ਵਹਾਅ ’ਚ ਵਾਧਾ ਲਿਆਉਣ ਲਈ ਕੀਤੀ ਸਫ਼ਾਈ ਦੌਰਾਨ ਇਸ ਨਾਲ ਜੁੜੀ ਬਾਈਪਾਸ ਨੁਮਾ ਨਿੱਕੀ ਜਿਹੀ ਨਹਿਰ ਨੂੰ ਵੀ ਦੋਵਾਂ ਪਾਸਿਆਂ ਤੋਂ ਪੱਥਰ ਲਾ ਕੇ ਠੀਕ ਕੀਤਾ ਗਿਆ ਹੈ।
ਕਦੋਂ ਬਣਾਇਆ ਗਿਆ ਗੇਟਵੇਅ
ਇਸ ਗੇਟਵੇਅ ਦਾ ਨਿਰਮਾਣ ਹੈੱਡ ਵਰਕਸ ਦੀ ਉਸਾਰੀ ਸਮੇਂ ਹੀ ਕੀਤਾ ਗਿਆ ਸੀ। 1882 ਤੋਂ ਇਸ ਦੀ ਵਰਤੋਂ ਪਹਾੜਾਂ ਤੋਂ ਆਉਣ ਵਾਲੀ ਲੱਕੜ ਨੂੰ ਧੁਰ ਮੈਦਾਨੀ ਇਲਾਕਿਆਂ ਤਕ ਲਿਜਾਣ ਲਈ ਹੁੰਦੀ ਰਹੀ। ਬਜ਼ੁਰਗਾਂ ਦੇ ਦੱਸਣ ਅਨੁਸਾਰ ਉਦੋਂ ਦੋਰਾਹਾ ਸ਼ਹਿਰ (ਜ਼ਿਲ੍ਹਾ ਲੁਧਿਆਣਾ) ਲੱਕੜ ਦੀ ਸਭ ਤੋਂ ਵੱਡੀ ਮੰਡੀ ਹੁੰਦੀ ਸੀ। ਚੀਲ ਅਤੇ ਦੇਵਦਾਰ ਦੀ ਲੱਕੜ ਦੇ ਰੇਲਵੇ ਟਰੈਕ ਲਈ ਸਲੀਪਰ ਅਤੇ ਫਰਨੀਚਰ ਇੱਥੋਂ ਦੂਰ-ਦੁਰਾਡੇ ਤਕ ਜਾਂਦਾ ਸੀ। ਮਨੁੱਖ ਦਾ ਸਦੀਆਂ ਤੋਂ ਵਸੇਬਾ ਦਰਿਆਵਾਂ ਦੇ ਕੰਢੇ ਹੀ ਰਿਹਾ ਹੈ। ਪਹਾੜੀ ਇਲਾਕਿਆਂ ਦੇ ਧੁਰ ਅੰਦਰ ਤਕ ਮਨੁੱਖ ਦਾ ਵਸੇਬਾ ਵੀ ਇਨ੍ਹਾਂ ਦਰਿਆਵਾਂ ਦੇ ਕੰਢਿਆਂ ਦੇ ਨਾਲ ਬਣੇ ਰਸਤਿਆਂ ਦੁਆਰਾ ਹੀ ਸੰਭਵ ਹੋ ਸਕਿਆ ਹੈ। ਜਦੋਂ ਸੜਕੀ ਆਵਾਜਾਈ ਸੰਭਵ ਨਹੀਂ ਸੀ ਤੇ ਸਿਰਫ਼ ਘੋੜੇ-ਖੱਚਰਾਂ ਦੁਆਰਾ ਹੀ ਸਾਮਾਨ ਢੋਇਆ ਜਾਂਦਾ ਸੀ, ਅਜਿਹੇ ਹਾਲਾਤਾਂ ਵਿਚ ਸਾਲ ਭਰ ਵਗਣ ਵਾਲੇ ਦਰਿਆ ਹੀ ਭਾਰੀ ਲੱਕੜ ਦੀ ਢੋਆ-ਢੁਆਈ ਲਈ ਕੰਮ ਵਿਚ ਆਉਂਦੇ ਸਨ। ਸਤਲੁਜ ਦੇ ਕੰਢੇ ਵਸੇ ਪਹਾੜੀ ਇਲਾਕਿਆਂ ’ਚ ਭਾਰੇ ਦਿਓ ਕੱਦ ਚੀਲ ਅਤੇ ਦਿਉਦਾਰ ਦੇ ਦਰੱਖਤਾਂ ਨੂੰ ਕੱਟ ਕੇ ਖ਼ਾਸ ਆਕਾਰ ਦਾ ਬੇੜਾ ਬਣਾ ਕੇ ਉਸ ਨੂੰ ਦਰਿਆ ਵਿਚ ਠੇਲ ਦਿੱਤਾ ਜਾਂਦਾ ਸੀ। ਇਸ ਬੇੜੇ ਦੇ ਥੱਲੇ ਵਾਲੇ ਵੱਡੇ ਲੱਕੜ ਮੁੰਜ ਦੇ ਜਾਂ ਬੱਬੜ ਤੋਂ ਤਿਆਰ ਰੱਸਿਆਂ ਨਾਲ ਬੰਨ੍ਹ ਲਏ ਜਾਂਦੇ ਸਨ। ਇਨ੍ਹਾਂ ਦੇ ਉੱਤੇ ਛੋਟੀ ਲੱਕੜ ਬੰਨ੍ਹ ਕੇ ਬੇੜੇ ਨੂੰ ਅਜਿਹੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਸੀ ਕਿ ਇਸ ਨੂੰ ਠੇਲਣ ਵਾਲੇ ਮਲਾਹ ਇਸ ’ਤੇ ਆਪਣਾ ਖਾਣ-ਪੀਣ ਦਾ ਸਾਮਾਨ ਤਕ ਰੱਖ ਕੇ ਸਫ਼ਰ ਤੈਅ ਕਰਦੇ ਸਨ। ਰੋਪੜ ਹੈੱਡ ਵਰਕਸ ਬਣਨ ਤੋਂ ਪਹਿਲਾਂ ਇਹ ਲੱਕੜ ਦੇ ਬੇੜੇ ਕੀਰਤਪੁਰ ਤਕ ਹੀ ਸੀਮਤ ਸਨ। ਉਨ੍ਹਾਂ ਸਮਿਆਂ ’ਚ ਮੈਦਾਨੀ ਇਲਾਕਿਆਂ ਵਿਚ ਟਾਹਲੀ, ਕਿੱਕਰ, ਸ਼ਹਿਤੂਤ ਤੇ ਅਜਮੋਏ ਦੀ ਲੱਕੜ ਦੀ ਬਹੁਤਾਤ ਕਾਰਨ ਪਹਾੜੀ ਲੱਕੜ ਦੀ ਲੋੜ ਵੀ ਘੱਟ ਹੀ ਹੁੰਦੀ ਸੀ।
ਉੱਤਰ ਭਾਰਤ ਦਾ ਆਰਥਿਕ ਆਧਾਰ
ਇਤਿਹਾਸਕ ਪੜਚੋਲ ਤੋਂ ਬਾਅਦ ਜੇ ਗੱਲ ਕਰੀਏ ਤਾਂ ਡੇਢ ਸਦੀ ਪਹਿਲਾਂ ਇਸ ਨਿੱਕੇ ਜਿਹੇ ਰਾਹ ਤੋਂ ਲੰਘੀ ਲੱਕੜ ਨੇ ਪੂਰੇ ਉੱਤਰ ਭਾਰਤ ਵਿਚ ਵਿਛਾਈ ਜਾ ਰਹੀ ਰੇਲਵੇ ਲਾਈਨ ਦੇ ਥੱਲੇ ਭੂੰਜੇ ਪੈ ਕੇ ਉਸ ਨੂੰ ਜਕੜਨ ਦਾ ਕਾਰਜ ਕੀਤਾ ਸੀ। ਰੇਲਵੇ ਲਾਈਨ ਦੇ ਥੱਲੇ ਲਗਾਏ ਜਾਣ ਵਾਲੇ ਸਲੀਪਰਾਂ ਲਈ ਬਹੁਤ ਵੱਡੀ ਮਾਤਰਾ ਵਿਚ ਮਜ਼ਬੂਤ ਤੇ ਹੰਡਣਸਾਰ ਲੱਕੜ ਦੀ ਲੋੜ ਪੈਂਦੀ ਸੀ। ਦੋਰਾਹਾ ਸ਼ਹਿਰ ਦਿੱਲੀ ਤੋਂ ਲਾਹੌਰ ਬਣਨ ਵਾਲੀ ਰੇਲਵੇ ਲਾਈਨ ਅਤੇ ਜੀਟੀ ਰੋਡ ’ਤੇ ਸਥਿਤ ਹੋਣ ਦੇ ਨਾਲ ਸਰਹਿੰਦ ਨਹਿਰ ਦੇ ਕੰਢੇ ਸੀ, ਜਿਸ ਕਰਕੇ ਇੱਥੇ ਤਿਆਰ ਸਲੀਪਰਾਂ ਨੂੰ ਰੇਲਵੇ ਲਾਈਨ ਬਣਾਉਣ ਲਈ ਕਿਤੇ ਵੀ ਭੇਜਣਾ ਆਸਾਨ ਸੀ।
ਰੋਪੜ ਤਕ ਲੱਕੜ ਦੇ ਬੇੜੇ ਬਿਨਾਂ ਰੋਕ-ਟੋਕ ਆਸਾਨੀ ਨਾਲ ਪਹੁੰਚ ਜਾਂਦੇ ਸਨ ਪ੍ਰੰਤੂ ਇਨ੍ਹਾਂ ਬੇੜਿਆਂ ਨੂੰ ਪਾਣੀ ਦੇ ਤੇਜ਼ ਵਹਾਅ ਵਾਲੇ ਤੰਗ ਨਹਿਰੀ ਫਾਟਕਾਂ ਰਾਹੀਂ ਲੰਘਾਇਆ ਨਹੀਂ ਜਾ ਸਕਦਾ ਸੀ। ਇਸੇ ਲਈ ਇਸ ਗੇਟਵੇਅ ਦਾ ਨਿਰਮਾਣ ਅਲੱਗ ਤੌਰ ’ਤੇ ਲੱਕੜ ਦੇ ਬੇੜੇ ਲੰਘਾਉਣ ਲਈ ਕੀਤਾ ਗਿਆ ਸੀ।
ਕਿਵੇਂ ਲੰਘਾਏ ਜਾਂਦੇ ਸਨ ਬੇੜੇ
ਦਿਖਾਈ ਦਿੰਦੇ ਕਾਲੇ ਫਾਟਕ ਤੋਂ ਅੱਗੇ ਪੰਜਾਹ ਕੁ ਮੀਟਰ ਦਾ ਪੁਲਨੁਮਾ ਖੁੱਲ੍ਹਾ ਏਰੀਆ ਛੱਡ ਕੇ ਉਸ ਤੋਂ ਅੱਗੇ ਫਿਰ ਫਾਟਕ ਲਗਾਇਆ ਹੋਇਆ ਸੀ। ਸਰਹਿੰਦ ਨਹਿਰ ਨੂੰ ਮਿਲਾਉਣ ਤੋਂ ਪਹਿਲਾਂ ਲਗਾਇਆ ਗਿਆ ਫਾਟਕ ਦਰਿਆ ਦੇ ਤੇਜ਼ ਪਾਣੀ ਨੂੰ ਰੋਕਣ ਲਈ ਲਗਾਇਆ ਗਿਆ ਸੀ ਯਾਨੀ ਦਰਿਆ ਵਾਲੇ ਪਾਸੇ ਦਾ ਦਿਖਾਈ ਦਿੰਦਾ ਗੇਟ ਖੋਲ੍ਹ ਕੇ ਬੇੜਿਆਂ ਨੂੰ ਇਸ ਪੁਲ ਵਿਚ ਲਿਆਇਆ ਜਾਂਦਾ ਸੀ। ਸਰਹਿੰਦ ਨਹਿਰ ਵਾਲੇ ਪਾਸੇ ਦੇ ਗੇਟ ਉਸ ਸਮੇਂ ਬੰਦ ਹੁੰਦੇ ਸਨ ਤਾਂ ਜੋ ਤੇਜ਼ ਵਹਾਅ ਨੂੰ ਠੱਲ੍ਹਿਆ ਜਾ ਸਕੇ। ਕਾਫ਼ੀ ਬੇੜੇ ਪੁਲ ਵਿਚ ਇਕੱਠੇ ਕਰਨ ਉਪਰੰਤ ਦਰਿਆ ਵਾਲੇ ਪਾਸੇ ਦਾ ਗੇਟ ਬੰਦ ਕਰ ਦਿੱਤਾ ਜਾਂਦਾ ਸੀ। ਇਸ ਉਪਰੰਤ ਛੋਟੀ ਕਿਸ਼ਤੀ ’ਤੇ ਲੱਗੀ ਕਰੇਨ ਨਾਲ ਇਨ੍ਹਾਂ ਨੂੰ ਸਰਹਿੰਦ ਨਹਿਰ ਵਾਲੇ ਪਾਸੇ ਦੇ ਫਾਟਕ ਰਾਹੀਂ ਕੱਢ ਕੇ ਸਰਹਿੰਦ ਨਹਿਰ ਦੇ ਪਾਣੀ ਵਿਚ ਠੇਲ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਸਹਿਜ ਨਾਲ ਰੋਪੜ ਹੈੱਡ ਵਰਕਸ ਤੋਂ ਇਸ ਬਾਈਪਾਸ ਰਸਤੇ ਰਾਹੀਂ ਲੰਘੇ ਲੱਕੜ ਦੇ ਬੇੜੇ ਦੋਰਾਹੇ ਲਈ ਰਵਾਨਾ ਹੋ ਜਾਂਦੇ ਸਨ।
ਕਦੋਂ ਤੇ ਕਿਉਂ ਬੰਦ ਹੋਇਆ ਗੇਟਵੇਅ
1948 ਵਿਚ ਭਾਖੜਾ ਡੈਮ ਦੇ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਅਤੇ ਗੋਬਿੰਦ ਸਾਗਰ ਝੀਲ ਦੇ ਹੋਂਦ ਵਿਚ ਆ ਜਾਣ ਉਪਰੰਤ ਉੱਥੋਂ ਬੇੜਿਆਂ ਦਾ ਲੰਘਣਾ ਸਦਾ ਲਈ ਬੰਦ ਹੋ ਗਿਆ। ਬੇੜਿਆਂ ਦੇ ਬੰਦ ਹੋਣ ਦੇ ਨਾਲ ਇਸ ਗੇਟਵੇਅ ਦੀ ਕੋਈ ਮਹੱਤਤਾ ਨਾ ਰਹੀ। ਆਪਣੇ ਬਚਪਨ ਤੋਂ ਪਿਛਲੇ ਸਾਲ 2024 ਤਕ ਅਸੀਂ ਇਸ ਨੂੰ ਬੰਦ ਹੀ ਦੇਖਿਆ ਹੈ। ਹੁਣ ਇਸ ਦੀ ਵਰਤੋਂ ਸਰਹਿੰਦ ਨਹਿਰ ਵਿਚ ਪਾਣੀ ਦੇ ਵਹਾਅ ’ਚ ਵਾਧਾ ਕਰਨ ਲਈ ਕੀਤੀ ਜਾਂਦੀ ਹੈ। ਅਜੋਕੇ ਦੌਰ ’ਚ ਜਦੋਂ ਢੋਆ-ਢੁਆਈ ਲਈ ਸੜਕਾਂ ਦਾ ਨਿਰਮਾਣ ਅਤੇ ਰੇਲਵੇ ਲਾਈਨ ਪਹਾੜੀ ਇਲਾਕਿਆਂ ਦੇ ਧੁਰ ਅੰਦਰ ਤਕ ਪਹੁੰਚ ਗਈ ਹੈ। ਲੱਕੜ ਦੇ ਸਲੀਪਰ ਦੀ ਥਾਂ ਲੋਹੇ ਦੇ ਸਲੀਪਰ ਵਰਤੇ ਜਾਣ ਲੱਗੇ ਹਨ। ਅਜਿਹੇ ਸਮੇਂ ਵਿਚ ਇਸ ਗੇਟਵੇਅ ਦੀ ਦੇਣ ਨਵੀਂ ਪੀੜ੍ਹੀ ਨੂੰ ਨਿਗੁਣੀ ਜਿਹੀ ਲੱਗਦੀ ਹੋਵੇਗੀ ਪ੍ਰੰਤੂ ਜਦੋਂ ਬੇਲਗਾਮ ਵਹਿੰਦੇ ਦਰਿਆਵਾਂ ਦੇ ਪਾਣੀਆਂ ਨੂੰ ਕੋਈ ਬੰਨ੍ਹ ਨਹੀਂ ਸੀ। ਪੰਜਾਬ ਕਦੀ ਡੋਬੇ ਦੀ ਮਾਰ ਝੱਲਦਾ ਸੀ ਤੇ ਕਦੀ ਸਿੰਚਾਈ ਦੇ ਸਾਧਨਾਂ ਦੀ ਅਣਹੋਂਦ ਕਾਰਨ ਅਕਾਲ ਤੇ ਮਹਾਮਾਰੀਆਂ ਝੱਲਦਾ ਸੀ।
ਉਦੋਂ ਇਹ ਹੈੱਡ ਵਰਕਸ ਰੋਪੜ ਪੂਰੇ ਦੇਸ਼ ਲਈ ਜਿੱਥੇ ਅੰਨਦਾਤਾ ਬਣਿਆ, ਉੱਥੇ ਇਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਰੇਲਵੇ ਦੇ ਵਿਕਾਸ ਵਿਚ ਵੀ ਅਹਿਮ ਰੋਲ ਰਿਹਾ ਸੀ। ਅੱਜ ਲੋੜ ਹੈ ਕਿ ਬੀਤੇ ਸਮੇਂ ਵਿੱਚ ਆਰਥਿਕ ਵਿਕਾਸ ’ਚ ਯੋਗਦਾਨ ਪਾਉਣ ਵਾਲੇ ਅਜਿਹੇ ਸਥਾਨਾਂ ਨੂੰ ਇਤਿਹਾਸਕ ਸਮਾਰਕਾਂ ਦੀ ਤਰ੍ਹਾਂ ਸਾਂਭਣ ਦੇ ਨਾਲ ਉਨ੍ਹਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਵੀ ਦਿੱਤੀ ਜਾਵੇ। ਅਜਿਹਾ ਕਰਨਾ ਉਸ ਸਮੇਂ ਇਨ੍ਹਾਂ ਪ੍ਰਾਜੈਕਟਾਂ ਦੇ ਨਿਰਮਾਣ ਕਾਰਜਾਂ ’ਤੇ ਆਪਣਾ ਪਸੀਨਾ ਵਹਾਉਣ ਵਾਲੇ ਆਪਣੇ ਬਜ਼ੁਰਗਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।
• ਇੰਦਰਜੀਤ ਸਿੰਘ ਬਾਲਾ