ਮੇਰੀ ਜ਼ਿੰਦਗੀ ’ਚ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤ ਜਗਨਨਾਥ ਪੁਰੀ ਨੂੰ ਸਿਜਦਾ ਕਰਨ ਦਾ ਸਬੱਬ ਬਣਨਾ ਸਹਿਜ ਸੁਭਾਵਿਕ ਵਰਤਾਰਾ ਹੈ| ਇਸ ਦੇ ਪਿਛੋਕੜ ’ਚ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ (ਨੇੜੇ ਆਦਮਪੁਰ ਏਅਰਪੋਰਟ ਜਲੰਧਰ) ਵਿਖੇ ਪੰਜਾਬੀ ਵਿਭਾਗ ਦਾ ਮੁਖੀ ਹੋਣ ਦੇ ਨਾਲ ਕਾਲਜ ਦੀ ਐੱਨਐੱਸਐੱਸ ਇਕਾਈ ਦਾ ਪ੍ਰੋਗਰਾਮ ਅਫ਼ਸਰ ਹੋਣਾ ਤਾਂ ਜ਼ਰੀਆ ਸੀ|

ਮੇਰੀ ਜ਼ਿੰਦਗੀ ’ਚ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤ ਜਗਨਨਾਥ ਪੁਰੀ ਨੂੰ ਸਿਜਦਾ ਕਰਨ ਦਾ ਸਬੱਬ ਬਣਨਾ ਸਹਿਜ ਸੁਭਾਵਿਕ ਵਰਤਾਰਾ ਹੈ| ਇਸ ਦੇ ਪਿਛੋਕੜ ’ਚ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ (ਨੇੜੇ ਆਦਮਪੁਰ ਏਅਰਪੋਰਟ ਜਲੰਧਰ) ਵਿਖੇ ਪੰਜਾਬੀ ਵਿਭਾਗ ਦਾ ਮੁਖੀ ਹੋਣ ਦੇ ਨਾਲ ਕਾਲਜ ਦੀ ਐੱਨਐੱਸਐੱਸ ਇਕਾਈ ਦਾ ਪ੍ਰੋਗਰਾਮ ਅਫ਼ਸਰ ਹੋਣਾ ਤਾਂ ਜ਼ਰੀਆ ਸੀ| ਭਾਰਤ ਸਰਕਾਰ ਦੀਆਂ ਹਿਦਾਇਤਾਂ ’ਤੇ ਨੈਸ਼ਨਲ ਇੰਟੀਗਰੇਸ਼ਨ ਕੈਂਪ-2025 ਬਿਰਹਾਮਪੁਰ ਯੂਨੀਵਰਸਿਟੀ, ਜੰਗਮ (ਓਡੀਸਾ) ਵਿਖੇ ਲਗਾਇਆ ਗਿਆ | ਐੱਨਐੱਸਐੱਸ ਰੀਜ਼ਨਲ ਸੈਂਟਰ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਧਿਕਾਰੀਆਂ ਵੱਲੋਂ ਪੰਜਾਬ ਦੀ ਤਰਫੋਂ ਐੱਨਐੱਸਐੱਸ ਵਲੰਟੀਅਰਜ਼ ਨਾਲ ਬਤੌਰ ਪ੍ਰੋਗਰਾਮ ਅਫ਼ਸਰ (ਕੋਆਰਡੀਨੇਟਰ) ਵਜੋਂ ਜਾਣ ਦੀ ਡਿਊਟੀ ਮੇਰੀ ਲਗਾਈ ਗਈ | ਮੇਰੀ ਡਿਊਟੀ ਲਗਾਉਣ ਲਈ ਅਹਿਮ ਭੂਮਿਕਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਅੰਗਰੇਜ਼ੀ ਦੇ ਪ੍ਰੋਫੈਸਰ ਤੇ ਮੇਰੇ ਪਰਮ ਮਿੱਤਰ ਪ੍ਰੋਫੈਸਰ ਸਤਪਾਲ ਸਿੰਘ ਨੇ ਬਣਾਈ ਸੀ|
ਕਾਲਜ ਵੱਲੋਂ ਜਾਣ ਦੀ ਪ੍ਰਵਾਨਗੀ ਮਿਲਣ ਉਪਰੰਤ ਮੈਂ ਐੱਨਐੱਸਐੱਸ ਵਲੰਟੀਅਰਜ਼ ਸਮੇਤ ਅੰਮ੍ਰਿਤਸਰ ਤੋਂ ਚੱਲ ਕੇ ਵਿਸ਼ਾਖਪਟਨਮ ਜਾਣ ਵਾਲੀ ਰੇਲ ਗੱਡੀ ‘ਹੀਰਾਕੁੰਡ ਐਕਸਪ੍ਰੈਸ’ ਦੀਆਂ ਟਿਕਟਾਂ ਦੀ ਰਿਜ਼ਰਵੇਸ਼ਨ ਜਲੰਧਰ ਤੋਂ ਬਿਰਹਾਮਪੁਰ ਤੱਕ ਦੀ ਕਰਵਾਈ| ਇਕ-ਦੋ ਮਾਰਚ ਦੀ ਅੱਧੀ ਰਾਤ ਨੂੰ ਮੇਰੇ ਨਾਲ ਜਲੰਧਰ ਰੇਲਵੇ ਸਟੇਸ਼ਨ ਤੋਂ 3 ਐੱਨਐੱਸਐੱਸ ਵਲੰਟੀਅਰਜ਼ ਰੇਲ ਗੱਡੀ ’ਤੇ ਚੜ੍ਹੇ ਅਤੇ 3 ਐੱਨਐੱਸਐੱਸ ਵਲੰਟੀਅਰਜ਼ ਨੇ ਅੰਬਾਲਾ ਕੈਂਟ ਤੋਂ ਚੜ੍ਹਨਾ ਸੀ ਪਰ 1 ਐੱਨਐੱਸਐੱਸ ਵਲੰਟੀਅਰ ਲੜਕੀ ਸਿਰਫ਼ 2 ਮਿੰਟ ਦੇਰੀ ਹੋਣ ਕਰਕੇ ਅੰਬਾਲਾ ਕੈਂਟ ਸਟੇਸ਼ਨ ਤੋਂ ਟ੍ਰੇਨ ’ਤੇ ਚੜ੍ਹਨੋਂ ਰਹਿ ਗਈ| ਸੋ ਅੱਗੇ ਦੇ ਸਫ਼ਰ ਲਈ 5 ਐੱਨਐੱਸਐੱਸ ਵਲੰਟੀਅਰਜ਼ 3 ਲੜਕੇ ਤੇ 2 ਲੜਕੀਆਂ (ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ. ਪੁਲੀਟੀਕਲ ਸਾਇੰਸ ਦੀ ਫਾਈਨਲ ਦੀ ਵਿਦਿਆਰਥਣ ਮੁਸਕਾਨ, ਲਾਇਲਪੁਰ ਖਾਲਸਾ ਕਾਲਜ ਦੀ ਬਾਇਓਟੈਕ ਦੀ ਫਾਈਨਲ ਦੀ ਵਿਦਿਆਰਥਣ ਕ੍ਰਿਤਿਕਾ, ਏਪੀਜੇ ਕਾਲਜ ਜਲੰਧਰ ਦਾ ਬੀਏ ਵੋਕੇਸ਼ਨਲ ਫਾਈਨਲ ਦਾ ਵਿਦਿਆਰਥੀ ਸਾਹਿਲ ਚਾਵਲਾ, ਲਾਇਲਪੁਰ ਖ਼ਾਲਸਾ ਕਾਲਜ ਦਾ ਬੀਏ ਦਾ ਵਿਦਿਆਰਥੀ ਧਰੂਵ ਸ਼ਰਮਾ ਤੇ ਯੂਨੀਵਰਸਿਟੀ ਕਾਲਜ ਘਨੌਰ ਦਾ ਵਿਦਿਆਰਥੀ ਸੰਤਪ੍ਰਕਾਸ਼ ਸਿੰਘ) ਅਤੇ ਮੇਰੇ ਸਮੇਤ ਅਸੀਂ 6 ਜਣੇ ਸਾਂ| ਲਗਪਗ 38 ਘੰਟੇ ਦੇ ਲੰਬੇ ਸਫ਼ਰ ਉਪਰੰਤ ਅਸੀਂ 3 ਮਾਰਚ ਦੀ ਸ਼ਾਮ ਨੂੰ ਬਿਰਹਾਮਪੁਰ ਯੂਨੀਵਰਸਿਟੀ, ਓਡੀਸਾ ਪਹੁੰਚੇ| ਇਸ ਸਾਰੇ ਕੈਂਪ ਦਾ ਕੋਆਰਡੀਨੇਟਰ ਡਾ. ਜਯੰਤਾ ਪਾਂਡਾ ਸੀ ਜੋ ਉੱਥੋਂ ਦੇ ਬਿਰਹਾਮਪੁਰ ਯੂਨੀਵਰਸਿਟੀ ਦੇ ਜਰਨਲਿਜ਼ਮ ਵਿਭਾਗ ਦਾ ਮੁਖੀ ਹੈ| ਡਾ. ਜਯੰਤਾ ਪਾਂਡਾ ਮੇਰੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਨੌਕਰੀ ਕਰ ਚੁੱਕਾ ਹੋਣ ਕਰਕੇ ਮੇਰਾ ਪੁਰਾਣਾ ਵਾਕਫ਼ ਸੀ|
ਐੱਨਐੱਸਐੱਸ ਵਲੰਟੀਅਰਜ਼ ਲਈ ਦੇਸ਼-ਭਾਵਨਾ ਦੀ ਪ੍ਰੇਰਨਾ ਬਣਦਾ ਸਾਡਾ ਕੈਂਪ 3 ਤੋਂ 9 ਮਾਰਚ, 2025 ਤੱਕ ਚੱਲਿਆ| ਕੈਂਪ ਵਿਚ ਸੱਭਿਆਚਾਰਕ ਮੁਕਾਬਲਿਆਂ ਦੀਆਂ ਪੇਸ਼ਕਾਰੀਆਂ ਦੌਰਾਨ ਪੰਜਾਬੀਆਂ ਦੀ ਸ਼ਾਨ ਵੱਖਰੀ ਸੀ| ਸਮੁੱਚੇ ਕੈਂਪ ਵਿਚ ਪੂਰੇ ਸਿੱਖੀ ਸਰੂਪ ਵਿਚ ਕੇਵਲ ਮੈਂ ਇਕੱਲਾ ਹੀ ਸਾਂ| ਸਰੂਪ ਵਿਚ ਵਿਲੱਖਣਤਾ ਅਤੇ ਆਪਣੇ ਸੁਭਾਅ ਕਰਕੇ ਇਸ ਕੈਂਪ ਵਿਚ ਮੈਂ ਹਰੇਕ ਦਾ ਚਹੇਤਾ ਸਾਂ| ਪੰਜਾਬੀ ਵਿਆਹਾਂ ਦੀ ਸ਼ਾਨ ਸਮਝੀ ਜਾਂਦੀ ‘ਜਾਗੋ’ ਝਲਕੀ ਵੀ ਪੇਸ਼ ਕੀਤੀ| ਪੰਜਾਬੀ ਸੱਭਿਆਚਾਰ ਨੂੰ ਪਰਣਾਏ ਐੱਨਐੱਸਐੱਸ ਵਲੰਟੀਅਰਾਂ ਨੇ ਜਦੋਂ ‘ਜਾਗੋ’ ਦੀ ਪ੍ਰਦਰਸ਼ਨੀ ਕੀਤੀ ਤਾਂ ਇਸ ਦੌਰਾਨ ਬਿਰਹਾਮਪੁਰ ਯੂਨੀਵਰਸਟੀ ਦੇ ਆਡੀਟੋਰੀਅਮ ਹਾਲ ’ਚ ਬੈਠੇ ਹਰ ਕਿਸੇ ਨੂੰ ਨਚਾ ਦਿੱਤਾ| ਪੰਜਾਬੀ ਢੋਲ, ਭੰਗੜਾ ਅਤੇ ਗੀਤਾਂ ਦੀ ਤਾਲ ’ਤੇ ਸਭਨਾਂ ਦੇ ਪੈਰ ਥਿੜਕ ਗਏ | ਕੈਂਪ ਦੌਰਾਨ ਦਿਨ ਦੀ ਸ਼ੁਰੂਆਤ ਸਵੇਰੇ 6 ਵਜੇ ਤੋਂ 7 ਵਜੇ ਤੱਕ ‘ਯੋਗਾ’ ਨਾਲ ਹੁੰਦੀ| ਸੱਭਿਆਚਾਰਕ ਸਮਾਗਮ ਰਾਤ ਦੇ 8 ਵਜੇ ਤੱਕ ਜਾਰੀ ਰਹਿੰਦੇ| ਦੁਪਹਿਰ ਵੇਲੇ ਟੈਕਨੀਕਲ ਸੈਸ਼ਨ ਵੀ ਹੁੰਦੇ ਰਹਿੰਦੇ, ਜਿਸ ’ਚ ਵਿਸ਼ਾ ਮਾਹਿਰਾਂ ਵੱਲੋਂ ਦੇਸ਼ ਭਾਵਨਾ, ਰਾਸ਼ਟਰੀ ਏਕਤਾ ਦੇ ਸੰਦੇਸ਼ ਦਿੱਤੇ ਜਾਂਦੇ| ਕੈਂਪ ਦਾ ਥੀਮ ਰਾਸ਼ਟਰੀ ਏਕਤਾ ਕੈਂਪ ਹੋਣ ਕਰਕੇ ਟੈਕਨੀਕਲ ਸੈਸ਼ਨ ਦੌਰਾਨ ਮੇਰੇ ਵੱਲੋਂ ਵੀ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਸ਼ਟਰੀ ਏਕਤਾ ਦਾ ਸੰਦੇਸ਼’’ ਵਿਸ਼ੇ ’ਤੇ ਲੈਕਚਰ ਦਿੱਤਾ ਗਿਆ, ਜਿਸ ਨੂੰ ਖ਼ੂਬ ਸਰਾਇਆ ਗਿਆ|
ਪੰਜਾਬ ਵਾਪਸੀ ਦੀ ਟ੍ਰੇਨ ਨਾ ਹੋਣ ਕਾਰਨ ਦੁਪਹਿਰ ਬਾਅਦ ਉਥੋਂ ਵਿਹਲੇ ਹੋਣ ਉਪਰੰਤ ਮੈਂ ਐੱਨਐੱਸਐੱਸ ਵਲੰਟੀਅਰਾਂ ਸਮੇਤ ਜਗਨਨਾਥਪੁਰੀ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਸੀ | ਸੋ ਅਸੀਂ 9-10 ਮਾਰਚ ਦੀ ਅੱਧੀ ਰਾਤ ਨੂੰ ਕਰੀਬ 2 ਵਜੇ ਬਿਰਹਾਮਪੁਰ ਤੋਂ ਜਗਨਨਾਥਪੁਰੀ ਵੱਲ ਕਿਰਾਏ ਵਾਲੀ 7 ਸੀਟਾਂ ਵਾਲੀ ਗੱਡੀ ਰਾਹੀਂ ਰਵਾਨਾ ਹੋਏ| ਦਿਨ ਦੇ ਚੜ੍ਹਾਅ ਤੋਂ ਪਹਿਲਾਂ ਅਸੀਂ ਪੁਰੀ ਨੇੜੇ ਬੀਚ ’ਤੇ ਪਹੁੰਚ ਗਏ| ਸਮੁੰਦਰ ਕੰਢੇ ਚੜ੍ਹਦੇ ਸੂਰਜ ਦੀ ਲਾਲੀ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੀ ਸੀ|
ਉਪਰੰਤ ਕੋਨਾਰਕ ਮੰਦਰ ਦੇ ਦਰਸ਼ਨ ਕੀਤੇ,ਜਿਸ ਲਈ ਪ੍ਰਤੀ ਵਿਅਕਤੀ 40 ਰੁਪਏ ਦੀ ਟਿਕਟ ਲੈਣੀ ਹਰੇਕ ਲਈ ਜ਼ਰੂਰੀ ਹੈ| ਐੱਨਐੱਸਐੱਸ ਦੇ ਲੋਗੋ ਵਿਚਲਾ ਅੱਠ ਭੁਜਾਵਾਂ ਵਾਲਾ ਚੱਕਰ ਕੋਨਾਰਕ ਮੰਦਰ ਤੋਂ ਲਿਆ ਗਿਆ ਹੈ| ਕਨਾਰਕ ਮੰਦਰ ਤੋਂ ਮੈਂ ਸ਼ੰਖ, ਸਿਪੀ ਅਤੇ ਕੁਝ ਹੋਰ ਯਾਦਗਾਰੀ ਵਸਤੂ ਖ਼ਰੀਦੀਆਂ| ਅਸੀਂ ਸਮੁੰਦਰ ਕੰਢੇ ਹੋਰ ਬੀਚ ਦੇਖਦੇ ਜਗਨਨਾਥ ਪੁਰੀ ਮੰਦਰ ’ਚ ਪਹੁੰਚੇ|
ਹਿੰਦੂ ਧਰਮ ’ਚ ਤੀਰਥ ਅਸਥਾਨਾਂ ਦੀ ਯਾਤਰਾ ਦਾ ਬਹੁਤ ਮਹਾਤਮ ਹੈ| ਹਿੰਦੂ ਤੀਰਥਾਂ ਵਿਚ 4 ਧਾਮ ਜਾਣੇ ਜਾਂਦੇ ਹਨ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਤੀਰਥਾਂ ’ਤੇ ਜਾਣ ਨਾਲ ਮੋਕਸ਼ (ਮੁਕਤੀ) ਪ੍ਰਾਪਤ ਹੁੰਦੀ ਹੈ| ਇਹ ‘ਧਾਮ’ ਚਾਰ ਯੁੱਗਾਂ ਨਾਲ ਸਬੰਧਿਤ ਹਨ, ਸਤਿਯੁੱਗ ਦਾ ਧਾਮ-ਬਦਰੀਨਾਥ ਉਤਰਾਖੰਡ ,ਤ੍ਰੇਤਾ ਯੁੱਗ ਦਾ ਧਾਮ-ਰਾਮੇਸ਼ਵਰਮ ਤਾਮਿਲਨਾਡੂ, ਦੁਆਪਰ ਯੁੱਗ ਦਾ ਧਾਮ ਦੁਆਰਿਕਾ, ਗੁਜਰਾਤ , ਕਲਯੁੱਗ ਦਾ ਧਾਮ- ਜਗਨਾਥ ਪੁਰੀ, ਓਡੀਸ਼ਾ।
ਗੁਰੂ ਨਾਨਕ ਸਾਹਿਬ ਦੀ ਯਾਤਰਾ
ਜਗਤ ਦਾ ਉਧਾਰ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ ਪੂਰਬ ਦਿਸ਼ਾ ਵੱਲ 1507 ਤੋਂ 1515 ਈਸਵੀ ਤੱਕ ਦੱਸੀ ਜਾਂਦੀ ਹੈ| ਇਸ ਉਦਾਸੀ ਵਿਚ ਉਨ੍ਹਾਂ ਦੇ ਨਾਲ ਭਾਈ ਮਰਦਾਨਾ ਜੀ ਵੀ ਸਨ| ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਭੁਬਨੇਸ਼ਵਰ ਤੋਂ ਹੁੰਦੇ ਹੋਏ 1508 ਈਸਵੀ ਨੂੰ ਜਗਨਨਾਥ ਪੁਰੀ ਪਹੁੰਚੇ| ਇਹ ਸ਼ਹਿਰ ਓਡੀਸਾ ਸੂਬੇ ਨਾਲ ਲੱਗਦੇ ਸਮੁੰਦਰ ਦੇ ਕੰਢੇ 12ਵੀਂ ਸਦੀ ਦਾ ਵੱਸਿਆ ਵੈਸ਼ਨਵ ਤੀਰਥ ਅਸਥਾਨ ਹੈ| ਮੰਦਰ ਦੇ ਅੰਦਰ ਜਗਨਨਾਥ ਦੀ ਮੂਰਤੀ ਹੈ, ਜਿਸ ਦੀ ਆਰਤੀ ਪੂਜਾ ਹੁੰਦੀ ਹੈ|
ਮਿਲਦੇ ਹਵਾਲਿਆਂ ਮੁਤਾਬਿਕ ਗੁਰੂ ਨਾਨਕ ਸਾਹਿਬ ਜੀ ਮੰਦਰ ਤੋਂ ਕੁਝ ਵਿੱਥ ’ਤੇ ਜਾ ਕੇ ਬੈਠ ਗਏ| ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ| ਲੋਕ ਦੁਆਲੇ ਆ ਜੁੜੇ| ਲੋਕ ਕੀਰਤਨ ਸੁਣ ਕੇ ਮੋਹੇ ਗਏ| ਲੋਕਾਂ ਨੇ ਗੁਰੂ ਜੀ ਤੋਂ ਰੱਬ ਬਾਰੇ ਗੱਲਾਂ ਪੁੱਛੀਆਂ| ਗੁਰੂ ਸਾਹਿਬ ਨੇ ਸਭ ਦੇ ਸ਼ੰਕੇ ਨਵਿਰਤ ਕਰਦਿਆਂ ਸਵਾਲਾਂ ਦੇ ਉੱਤਰ ਦਿੰਦਿਆਂ ‘ੴ ’ ਨਾਲ ਜੋੜਿਆ| ਤਿਰਕਾਲਾਂ ਪੈ ਗਈਆਂ| ਬ੍ਰਾਹਮਣਾਂ ਅਤੇ ਪੁਜਾਰੀਆਂ ਨੇ ਕਿਹਾ ‘‘ਜਗਨਨਾਥ ਦੀ ਆਰਤੀ ਹੋਣ ਲੱਗੀ ਹੈ, ਤੁਸੀਂ ਵੀ ਸ਼ਾਮਿਲ ਹੋਵੋ|’’
ਗੁਰੂ ਜੀ ਨੇ ਕਿਹਾ, ‘‘ਜਗਤ ਦੇ ਨਾਥ ਪਰਮਾਤਮਾ ਦੀ ਆਰਤੀ ਵਿਚ ਅਸੀਂ ਜ਼ਰੂਰ ਸ਼ਾਮਿਲ ਹੋਵਾਂਗੇ|’’
ਗੁਰੂ ਜੀ ਜਗਨਨਾਥ ਦੇ ਮੰਦਰ ਪੁੱਜੇ| ਉਹ ਕੀ ਵੇਖਦੇ ਹਨ ਕਿ ਇਕ ਵੱਡੇ ਸਾਰੇ ਸੁਨਹਿਰੀ ਥਾਲ ਵਿਚ ਹੀਰੇ ਮੋਤੀ ਅਤੇ ਲਾਲ ਜੜੇ ਹੋਏ ਹਨ| ਇਸ ਵਿਚ ਇਕ ਵੱਡਾ ਸਾਰਾ ਚਹੁੰਮੁਖੀਆ ਦੀਵਾ ਹੈ| ਦੀਵੇ ਦੀਆਂ ਚਾਰੇ ਵੱਟੀਆਂ ਬਲ ਰਹੀਆਂ ਹਨ| ਦੀਵੇ ਦੇ ਲਾਗੇ ਥਾਲ ਵਿਚ ਧੂਪ ਧੁਖ਼ ਰਹੀ ਹੈ| ਇਕ ਪਾਸੇ ਚਾਂਦੀ ਦੀ ਥਾਲੀ ਵਿਚ ਸੰਦਲ ਦਾ ਬੂਰ ਪਿਆ ਹੈ| ਉਸ ਉਪਰ ਮੁਸਕ ਕਾਫੂਰ ਦੀ ਡਲੀ ਰੱਖੀ ਹੋਈ ਹੈ ਜੋ ਮਘ ਰਹੀ ਹੈ| ਮੂਰਤੀ ਨੂੰ ਚੌਰ ਹੋ ਰਿਹਾ ਹੈ| ਢੋਲਕੀਆਂ, ਛੈਣੇ ਵੱਜ ਰਹੇ ਹਨ| ਮੂਰਤੀ ਦੀ ਆਰਤੀ ਹੋ ਰਹੀ ਹੈ| ਥਾਲ ਨੂੰ ਹੇਠਾਂ-ਉਪਰ ਤੇ ਗੋਲ ਚੱਕਰ ਵਿਚ ਘੁੰਮਾਇਆ ਜਾ ਰਿਹਾ ਹੈ|
ਗੁਰੂ ਜੀ ਚੁੱਪ ਕੀਤੇ ਬਾਹਰ ਆ ਗਏ| ਆਪ ਤਾਰਿਆਂ ਨਾਲ ਜੜ੍ਹਤ ਨੀਲੇ ਅਸਮਾਨ ਨੂੰ ਵੇਖਦੇ ਰਹੇ ਤੇ ਰੱਬ ਦੀ ਕੁਦਰਤ ਨੂੰ ਵੇਖ ਕੇ ਉਸ ਦਾ ਜੱਸ ਕਰਦੇ ਰਹੇ| ਜਦੋਂ ਲੋਕੀਂ ਆਰਤੀ ਕਰਕੇ ਬਾਹਰ ਆਏ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਪੁੱਛਿਆ, ‘‘ਤੁਸੀਂ ਆਰਤੀ ਵਿਚ ਸ਼ਾਮਿਲ ਕਿਉਂ ਨਹੀਂ ਹੋਏ ?’’
ਗੁਰੂ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ, ‘‘ਮੈਂ ਤਾਂ ਜਗਤ ਦੇ ਮਾਲਕ ਪਰਮਾਤਮਾ ਦੀ ਸੱਚੀ ਆਰਤੀ ਕਰ ਰਿਹਾ ਸਾਂ| ਤੁਸੀਂ ਆਪ ਉਸ ਸੱਚੀ ਆਰਤੀ ਵਿਚ ਸ਼ਾਮਿਲ ਨਹੀਂ ਹੋਏ|’’
ਇਕ ਬ੍ਰਾਹਮਣ ਨੇ ਪੁੱਛਿਆ, ‘‘ਤੁਸੀਂ ਇੱਥੇ ਬੈਠੇ ਕਿਹੜੀ ਆਰਤੀ ਕਰਦੇ ਰਹੇ ਹੋ ? ਆਰਤੀ ਤਾਂ ਮੰਦਰ ਦੇ ਅੰਦਰ ਹੋ ਰਹੀ ਸੀ|’’
ਗੁਰੂ ਜੀ ਨੇ ਦੱਸਿਆ, ‘‘ਜਗਤ ਦੇ ਮਾਲਕ ਦੀ ਸੱਚੀ ਆਰਤੀ ਹਰ ਸਮੇਂ, ਹਰ ਜਗ੍ਹਾ ਹੋ ਰਹੀ ਹੈ| ਅਸੀਂ ਇਨਸਾਨ ਦੇ ਹੱਥੀਂ ਘੜੀ ਹੋਈ ਕਿਸੇ ਮੂਰਤੀ ਦੀ ਆਰਤੀ ਨਹੀਂ ਕਰਦੇ| ਅਸੀਂ ਤਾਂ ਪਰਮਾਤਮਾ ਦੀ ਸੱਚੀ ਆਰਤੀ ਕਰਦੇ ਹਾਂ|’’ ਇਹ ਬਚਨ ਕਹਿ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ| ਭਾਈ ਮਰਦਾਨਾ ਜੀ ਨੇ ਰਬਾਬ ਵਜਾਈ| ਗੁਰੂ ਜੀ ਨੇ ਧਨਾਸਰੀ ਰਾਗ ’ਚ ਸ਼ਬਦ ਉਚਾਰਿਆ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ
ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ
ਭਵ ਖੰਡਨਾ ਤੇਰੀ ਆਰਤੀ ॥
(ਗੁਰੂ ਗ੍ਰੰਥ ਸਾਹਿਬ, ਅੰਗ 663)
ਸ਼ਬਦ ਦਾ ਕੀਰਤਨ ਕਰਨ ਮਗਰੋਂ ਗੁਰੂ ਜੀ ਨੇ ‘‘ਬ੍ਰਹਿਮੰਡੀ ਆਰਤੀ’’ ਦੇ ਅਰਥ ਸਮਝਾਏ| ਗੁਰੂ ਜੀ ਨੇ ਦੱਸਿਆ ਕਿ ਅਸਮਾਨ ਇਕ ਥਾਲ ਹੈ| ਸੂਰਜ ਅਤੇ ਚੰਦ ਉਸ ਥਾਲ ਵਿਚ ਮਾਨੋ ਦੀਵੇ ਹਨ, ਤਾਰੇ ਮੋਤੀ ਹਨ| ਸੁਗੰਧੀ ਵਾਲੇ ਫੁੱਲ ਤੇ ਚੰਦਨ ਦੇ ਰੁੱਖ ਧੂਪ ਹਨ, ਵਗ ਰਹੀ ਹਵਾ ਚੌਰ ਕਰ ਰਹੀ ਹੈ| ਵਾਹਿਗੁਰੂ ਇਹ ਆਰਤੀ ਹਰ ਸਮੇਂ ਆਪ ਵੇਖ ਰਿਹਾ ਹੈ ਅਤੇ ਖ਼ੁਸ਼ ਹੋ ਰਿਹਾ ਹੈ| ਇਹ ਆਰਤੀ ਹਰ ਸਮੇਂ ਹੁੰਦੀ ਰਹਿੰਦੀ ਹੈ| ਤੁਸੀਂ ਵੀ ਸਾਰੇ ਐਸੀ ਸੱਚੀ ਆਰਤੀ ਵਿਚ ਸ਼ਾਮਿਲ ਹੋਵੋ| ਪ੍ਰਭੂ ਦੀ ਆਰਤੀ ਇਨ੍ਹਾਂ ਦੁਨਿਆਵੀ ਥਾਲਾਂ ਨਾਲ ਨਹੀਂ ਉਤਾਰੀ ਜਾ ਸਕਦੀ ਤੇ ਨਾ ਹੀ ਕੋਈ ਮਨੁੱਖ ਜਾਂ ਉਸ ਦੀ ਘੜੀ ਮੂਰਤੀ ਜਗਨਨਾਥ ਪ੍ਰਭੂ ਹੋ ਸਕਦੀ ਹੈ| ਸਭ ਨੂੰ ਸੱਚੀ ਆਰਤੀ ਦਾ ਪਤਾ ਲੱਗਾ| ਲੋਕਾਂ ਨੂੰ ਸਮਝ ਆਈ ਕਿ ਸਾਨੂੰ ਜਗਤ ਦੇ ਸੱਚੇ ਮਾਲਕ ਪ੍ਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ|(ਮਹਾ-ਕਵੀ ਰਾਬਿੰਦਰ ਨਾਥ ਟੈਗੋਰ ਨੇ ਵੀ ਇਸ ਸ਼ਬਦ ਨੂੰ ਬ੍ਰਹਿਮੰਡੀ-ਆਰਤੀ ਕਹਿ ਕੇ ਸਨਮਾਨ ਦਿੱਤਾ ਹੈ)। ਕੁਝ ਦੰਤ ਕਥਾਵਾਂ ਮੁਤਾਬਿਕ ਗੁਰੂ ਨਾਨਕ ਸਾਹਿਬ ਪੁਰੀ ਵਿਚ ਆਪਣੇ ਸਾਥੀ ਮਰਦਾਨਾ ਨਾਲ ਸ਼ਾਮ ਵੇਲੇ ਜਗਨਨਾਥ ਮੰਦਰ ਦੀ ਉਸ ਥਾਂ ਪਹੁੰਚੇ, ਜਿਸ ਨੂੰ ਸਵਰਗ ਦੁਆਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ| ਗੁਰੂ ਸਾਹਿਬ ਭਗਤੀ ’ਚ ਲੀਨ ਹੋ ਗਏ| ਮਰਦਾਨੇ ਨੂੰ ਭੁੱਖ ਲੱਗੀ ਪਰ ਮੁਸਲਿਮ ਹੋਣ ਦੇ ਨਾਤੇ ਉਸ ਨੂੰ ਮਹਾਂਪ੍ਰਸਾਦ ਲਈ ਜਗਨਨਾਥ ਮੰਦਰ ਨਹੀਂ ਵੜਨ ਦਿੱਤਾ ਗਿਆ| ਇਸ ਕਰਕੇ ਗੁਰੂ ਸਾਹਿਬ ਜੀ ਵੀ ਆਰਤੀ ਵਿਚ ਹੀ ਛੱਡ ਕੇ ਬਾਹਰ ਆ ਗਏ ਤੇ ‘‘ਗਗਨ ਮੈ ਥਾਲੁ....’’ ਆਰਤੀ ਦਾ ਉਚਾਰਨ ਕੀਤਾ| ਉਸ ਵਕਤ ਉਥੋਂ ਦਾ ਰਾਜਾ ਵੀ ਉਥੇ ਹਾਜ਼ਰ ਸੀ| ਗੂਰੂ ਜੀ ਵੱਲੋਂ ਉਚਾਰੀ ਆਰਤੀ ਦੀ ਗਹਿਰਾਈ ਨੂੰ ਸਮਝਦੇ ਹੋਏ ਪੰਡਿਤ, ਰਾਜਾ ਤੇ ਹਾਜ਼ਰ ਲੋਕ ਗੁਰੂ ਸਾਹਿਬ ਦੇ ਚਰਨੀਂ ਢਹਿ ਪਏ ਅਤੇ ਗੁਰੂ ਜੀ ਨੂੰ ਸ਼ਾਮ ਨੂੰ ਆਰਤੀ ਵੇਲੇ ਮੰਦਰ ਆਉਣ ਲਈ ਸੱਦਾ ਦਿੱਤਾ, ਜਿਥੇ ਗੁਰੂ ਜੀ ਨੇ ਇਹ ਆਰਤੀ ਫਿਰ ਉਚਾਰੀ| ਇਸ ਸਮੇਂ ਹਾਜ਼ਰ ਸਾਰੇ ਲੋਕ ਗੁਰੂ ਜੀ ਵੱਲੋਂ ਉਚਾਰੀ ਆਰਤੀ ’ਤੇ ਮੁਗਧ ਹੋ ਗਏ |
ਗੁਰਦੁਆਰਾ ਗੁਰੂ ਨਾਨਕ ਬਾਉਲੀ ਮੱਠ
ਜਗਨਨਾਥਪੁਰੀ ਦੇ ਲਿਖਤ ਇਤਿਹਾਸ ਮੁਤਾਬਿਕ ਸ੍ਰੀ ਜਗਨਨਾਥ ਮੰਦਰ ਦੇ ਪਾਂਡੇ ਹੱਥੋਂ ਆਰਤੀ ਦਾ ਥਾਲ ਉੱਡਦਾ ਹੋਇਆ ਮੌਜੂਦਾ ਬਾਉਲੀ ਸਾਹਿਬ ਸਥਾਨ ’ਤੇ ਬਿਰਾਜਮਾਨ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਹੱਥਾਂ ਉੱਤੇ ਟਿਕ ਗਿਆ| ਇਹ ਕੌਤਕ ਵੇਖ ਕੇ ਸੰਗਤ ਨੇ ਪਛਾਣ ਲਿਆ ਕਿ ਨਾਨਕ ਸਾਹਿਬ ਖ਼ੁਦ ਪਰਮਾਤਮਾ ਦਾ ਸਰੂਪ ਹਨ| ਉਨ੍ਹਾਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਪੁਰੀ ’ਚ ਪੀਣ ਵਾਲਾ ਪਾਣੀ ਹਰ ਪਾਸੇ ਖ਼ਾਰਾ ਹੈ| ਆਪ ਕਿਰਪਾ ਕਰੋ ਤੇ ਪੁਰੀ ਵਾਸੀਆਂ ਦੀ ਸਮੱਸਿਆ ਨੂੰ ਦੂਰ ਕਰੋ| ਗੁਰੂ ਸਾਹਿਬ ਜੀ ਨੇ ਇਕ ਖ਼ੂਹੀ ਖ਼ੁਦਵਾਈ, ਜਿਸ ਦਾ ਪਾਣੀ ਖ਼ਾਰਾ ਨਿਕਲਿਆ| ਗੁਰੂ ਸਾਹਿਬ ਨੇ ਉਸ ਖ਼ੂਹੀ ਦੇ ਪਾਣੀ ਵਿਚ ਆਪਣੇ ਚਰਨ ਪਾ ਕੇ ਉਸ ਨੂੰ ਮਿੱਠਾ ਕੀਤਾ| ਇਹ ਅਸਥਾਨ ਅੱਜ ਵੀ ਮੌਜੂਦ ਹੈ ਜੋ ਉਦਾਸੀ ਪਾਂਡਿਆਂ ਦੇ ਅਧੀਨ ਹੈ| ਬਾਉਲੀ ਮੱਠ ਦੇ ਉਦਾਸੀ ਪਾਂਡੇ ਦੇ ਦੱਸਣ ਮੁਤਾਬਿਕ ‘‘ਬਾਅਦ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਉਦਾਸੀ ਵੱਲੋਂ ਇਥੇ ਬਾਉਲੀ ਦਾ ਨਿਰਮਾਣ ਕੀਤਾ ਗਿਆ ਜੋ ਬਾਉਲੀ ਸਾਹਿਬ ਦੇ ਨਾਮ ’ਤੇ ਮਸ਼ਹੂਰ ਹੋਈ ਹੈ| ਉਸ ਜਗ੍ਹਾ ਉਪਰ ਇਕ ਮੱਠ ਵੀ ਬਣਾਇਆ ਗਿਆ ਜੋ ਬਾਉਲੀ ਮੱਠ ਕਰਕੇ ਪ੍ਰਸਿੱਧ ਹੈ| ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਸੁਭਾਏਮਾਨ ਹੈ|
ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਥੋਂ ਦੇ ਰਾਜਾ ਨੇ ਗੁਰੂ ਸਾਹਿਬ ਜੀ ਦੇ ਨਾਮ ’ਤੇ ਬਹੁਤ ਸਾਰੀ ਜ਼ਮੀਨ ਦਾਨ ਵਜੋਂ ਦਿੱਤੀ| ਗੁਰੂ ਸਾਹਿਬ ਦੇ ਨਾਮ ’ਤੇ ਉਸ ਜ਼ਮੀਨ ਨੂੰ ਮਹੰਤਾਂ ਵੱਲੋਂ ਕਬਜ਼ਾ ਕੀਤਾ ਹੋਇਆ ਰੈ| ਗੁਰਸਿੱਖ ਸੇਵਾਦਾਰ ਆਗੂ ਬਾਬਾ ਸ਼ਮਸ਼ੇਰ ਸਿੰਘ ਦੇ ਦੱਸਣ ਮੁਤਾਬਿਕ ਉਹ ਇਸ ਅਸਥਾਨ ਨੂੰ ਪੰਥ ਵਿਚ ਲਿਆਉਣ ਲਈ ਯਤਨ ਕਰ ਰਹੇ ਹਨ ਤਾਂ ਕਿ ਉੱਥੇ ਵੀ ਗੁਰੂ ਸਾਹਿਬ ਦੇ ਸੁੰਦਰ ਮਹਿਲ ਤਿਆਰ ਹੋ ਸਕਣ|
ਗੁਰਦੁਆਰਾ ‘ਆਰਤੀ ਸਾਹਿਬ’
ਜਗਨਨਾਥ ਮੰਦਰ ਦੇ ਦਰਸ਼ਨ ਕਰਨ ਉਪਰੰਤ ਅਸੀਂ ਗੁਰਦੁਆਰਾ ਆਰਤੀ ਸਾਹਿਬ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਵੱਲੋਂ ਜਗਨਨਾਥ ਮੰਦਰ ਵਿਖੇ ਆਰਤੀ ਉਚਾਰੀ ਗਈ ਸੀ ਪਰ ਉੱਥੇ ਗੁਰਦੁਆਰਾ ਸਾਹਿਬ ਬਣਾਉਣ ਲਈ ਜਗ੍ਹਾ ਨਾ ਮਿਲਣ ਕਰਕੇ ਗੁਰੂ ਸਾਹਿਬ ਜੀ ਦੀ ਕੋਈ ਵੀ ਯਾਦਗਾਰ ਸਥਾਪਤ ਨਹੀਂ ਹੈ| ਜਿਹੜਾ ਗੁਰਦੁਆਰਾ ਮੌਜੂਦਾ ਸਮੇਂ ‘‘ਆਰਤੀ ਸਾਹਿਬ’’ ਬਣਾਇਆ ਹੋਇਆ ਹੈ, ਉਹ ਜਗਨਨਾਥ ਮੰਦਰ ਤੋਂ ਕਰੀਬ 3 ਕਿਲੋਮੀਟਰ ਵਿੱਥ ‘ਤੇ ਸਮੁੰਦਰ ਦੇ ਕੰਢੇ ਪੁਰੀ ਦੇ ਚੜ੍ਹਦੇ ਪਾਸੇ ਸਥਿਤ ਹੈ| ਇਹ ਗੁਰਦੁਆਰਾ ਇਤਿਹਾਸਿਕ ਨਹੀਂ|
ਇਸ ਗੁਰਦੁਆਰੇ ਦੀ ਇਮਾਰਤ ਚਮਕੌਰ ਸਾਹਿਬ ਨਾਲ ਪਿਛੋਕੜ ਰੱਖਦੇ ਬਾਬਾ ਸ਼ਮਸ਼ੇਰ ਸਿੰਘ ਦੇ ਯਤਨਾਂ ਸਦਕਾ ਹੋਈ ਹੈ| ਬਾਬਾ ਸ਼ਮਸ਼ੇਰ ਸਿੰਘ ਦਾ ਜਨਮ 6 ਅਕਤੂਬਰ 1945 ਨੂੰ ਪੰਜਾਬ ਦੇ ਚਮਕੌਰ ਸਾਹਿਬ ਨੇੜੇ ਲੱਗਦੇ ਪਿੰਡ ਖੇੜੀ ਸਲਾਬਤਪੁਰ ਵਿਚ ਪਿਤਾ ਗੁਰਦਿਆਲ ਸਿੰਘ ਅਤੇ ਮਾਤਾ ਕਰਮ ਕੌਰ ਦੇ ਘਰ ਹੋਇਆ| ਬਾਬਾ ਸ਼ਮਸ਼ੇਰ ਸਿੰਘ ਦੀ ਧਰਮ ਪਤਨੀ ਦਾ ਨਾਮ ਮਾਤਾ ਅਵਤਾਰ ਕੌਰ ਹਨ| ਇਹ ਗੁਰਸਿੱਖ ਪਰਿਵਾਰ ਇਸ ਸਮੇਂ ਦੇ ਗੁਰਦੁਆਰਾ ਦਾ ਪ੍ਰਬੰਧ ਸੰਭਾਲ ਰਹੇ ਹਨ| ਬਾਬਾ ਸ਼ਮਸ਼ੇਰ ਸਿੰਘ ਵੱਲੋਂ ਪ੍ਰਕਾਸ਼ਿਤ ਪੱਤ੍ਰਿਕਾ ਵਿਚ ਦੱਸਿਆ ਗਿਆ ਹੈ ਕਿ ਇਹ ਰਿਹਾਇਸ਼ੀ ਕਮਰੇ ਮੁਫ਼ਤ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਕਮਰਿਆਂ ਦੀ ਪ੍ਰਤੀ ਦਿਨ ਦੇ ਹਿਸਾਬ ਨਾਲ ਕਿਰਾਏ ਦੀ ਵਸੂਲੀ ਕੀਤੀ ਜਾਂਦੀ ਹੈ|
ਦਰਅਸਲ ਸੰਨ 1999 ਵਿਚ ਪੁਰੀ ਨੇੜੇ ਸਮੁੰਦਰੀ ਤੂਫ਼ਾਨ ਆਇਆ ਸੀ, ਜਿਸ ਨਾਲ ਇੱਥੇ ਪੂਰੇ ਸੂਬੇ ਦੇ ਨੇੜਲੇ ਖੇਤਰਾਂ ਵਿਚ ਬਹੁਤ ਤਬਾਹੀ ਹੋਈ ਸੀ| ਬਾਬਾ ਸ਼ਮਸ਼ੇਰ ਸਿੰਘ ਉਸ ਵੇਲੇ ਪੀੜਤ ਦੁਖੀਆਂ ਦੀ ਮਦਦ ਕਰਨ ਲਈ ਇਥੇ ਆਏ ਸਨ| 2006 ਿਵਚ ਬਾਬਾ ਸ਼ਮਸ਼ੇਰ ਸਿੰਘ ਦੁਬਾਰਾ ਪੁਰੀ ਆਏ ਅਤੇ ਇੱਥੇ ਰਹਿ ਕੇ ਉਨ੍ਹਾਂ ਨੇ ‘ਗੁਰਦੁਆਰਾ ਆਰਤੀ ਸਾਹਿਬ’ ਬਣਾਉਣ ਦੀ ਸੇਵਾ ਆਰੰਭ ਕੀਤੀ| 4 ਅਪ੍ਰੈਲ 2010 ਨੂੰ ‘ਗੁਰਦੁਆਰਾ ਆਰਤੀ ਸਾਹਿਬ’ ਨਾਮ ਨਾਲ ਉਦਘਾਟਨ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਦੁਆਰਾ ਕੀਤਾ ਗਿਆ ਸੀ|
ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ
1699 ਦੀ ਵਿਸਾਖੀ ਵਾਲੇ ਦਿਨ ‘ਖ਼ਾਲਸਾ ਪੰਥ‘ ਦੀ ਸਾਜਨਾ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਪਣਾ ‘ਸੀਸ’ ਲੈ ਕੇ ਹਾਜ਼ਰ ਹੋਏ ਪੰਜ ਪਿਆਰਿਆਂ ਵਿੱਚੋਂ ਤੀਸਰੇ ਪਿਆਰੇ ਭਾਈ ਹਿੰਮਤ ਸਿੰਘ ਓਡੀਸਾ ’ਚੋਂ ਪੁਰੀ ਦੇ ਵਾਸੀ ਸਨ| ਗੁਰਦੁਆਰਾ ਆਰਤੀ ਸਾਹਿਬ ਦੇ ਬਿਲਕੁਲ ਸਾਹਮਣੇ ਭਾਈ ਹਿੰਮਤ ਸਿੰਘ ਦੇ ਨਾਮ ਉੱਤੇ ਲਗਪਗ 2 ਏਕੜ ਰਕਬੇ ਵਿਚ ‘‘ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ’’ ਦਾ ਉਦਘਾਟਨ ਇਥੋਂ ਦੇ ਸਥਾਨਕ ਲੋਕ ਸਭਾ ਸਪੀਕਰ ਸ੍ਰੀ ਮਹੇਸ਼ਵਰ ਮੋਹੰਤੀ ਦੁਆਰਾ ਕੀਤਾ ਗਿਆ| ਉਪਰੰਤ ਸੰਨ 2013 ਵਿਚ ਸੰਗਤ ਦੀ ਵਧੇਰੇ ਆਮਦ ਨੂੰ ਵੇਖਦੇ ਹੋਏ ਰਿਹਾਇਸ਼ ਲਈ ‘‘ਸ੍ਰੀ ਗੁਰੂ ਨਾਨਕ ਦੇਵ ਜੀ ਰਿਲੀਜ਼ੀਅਸ ਐਂਡ ਚੈਰੀਟੇਬਲ ਟਰੱਸਟ (ਰਜਿ.) ਸ੍ਰੀ ਜਗਨਨਾਥ ਪੁਰੀ‘ ਨੇ ਇਕ ਪਲਾਟ ਖ਼ਰੀਦ ਕੇ ‘‘ਸ੍ਰੀ ਗੁਰੂ ਨਾਨਕ ਦੇਵ ਜੀ ਨਿਵਾਸ’’ ਆਰੰਭ ਕਰਵਾਇਆ ਸੀ, ਜਿਸ ਦਾ ਨੀਂਹ ਪੱਥਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ (ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ) ਨੇ ਰੱਖਿਆ| ਯਾਤਰੀ ਨਿਵਾਸ ਬਣ ਕੇ ਤਿਆਰ ਹੋ ਗਿਆ ਹੈ| ਇਸ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ (ਜਥੇਦਾਰ ਪਟਨਾ ਸਾਹਿਬ ) ਨੇ 2015 ਨੂੰ ਕੀਤਾ ਹੈ| ਖ਼ੈਰ ! ਅਸੀਂ ਉੱਥੇ ਇਸ਼ਨਾਨ ਕਰਕੇ ਅਤੇ ਗੁਰਦੁਆਰਾ ਬਾਉਲੀ ਮੱਠ ਦੇ ਦਰਸ਼ਨ ਕਰਨ ਉਪਰੰਤ ਸਰਦੀ-ਪੁਗਦੀ ਮਾਇਆ ਦੀ ਰਸੀਦ ਕਟਵਾਈ ਅਤੇ ਲੰਗਰ ਦਾ ਪ੍ਰਸ਼ਾਦਾ ਛਕ ਕੇ ਨੂੰ ਪੁਰਸ਼ੋਤਮ ਐਕਸਪ੍ਰੈਸ ਰਾਹੀ ਪੰਜਾਬ ਵੱਲ ਨੂੰ ਚਾਲੇ ਪਾ ਦਿੱਤੇ|
• ਡਾ. ਬਲਵਿੰਦਰ ਸਿੰਘ ਥਿੰਦ