ਸਾਲ 2013 ਵਿਚ ਯੂਨੈਸਕੋ ਵੱਲੋਂ ਵਿਰਾਸਤੀ ਦਰਜਾ ਹਾਸਲ ਕਰ ਚੁੱਕਾ ਚਿਤੌੜਗੜ੍ਹ ਕਿਲ੍ਹਾ ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਦਾ ਸਭ ਤੋਂ ਵੱਡਾ ਕਿਲ੍ਹਾ ਹੈ 700 ਏਕੜ ਵਿਚ ਫੈਲਿਆ ਇਹ ਵਿਸ਼ਾਲ ਕਿਲ੍ਹਾ ਆਪਣੇ ਆਪ ਵਿਚ ਵਿਸ਼ਾਲ ਧਰੋਹਰ ਸੰਭਾਲੀ ਬੈਠਾ ਹੈ| ਚਿਤੌੜ ਕਿਸੇ ਵੇਲੇ ਮੇਵਾੜ ਰਾਜ ਦੀ ਰਾਜਧਾਨੀ ਸੀ।

ਸਾਲ 2013 ਵਿਚ ਯੂਨੈਸਕੋ ਵੱਲੋਂ ਵਿਰਾਸਤੀ ਦਰਜਾ ਹਾਸਲ ਕਰ ਚੁੱਕਾ ਚਿਤੌੜਗੜ੍ਹ ਕਿਲ੍ਹਾ ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਦਾ ਸਭ ਤੋਂ ਵੱਡਾ ਕਿਲ੍ਹਾ ਹੈ 700 ਏਕੜ ਵਿਚ ਫੈਲਿਆ ਇਹ ਵਿਸ਼ਾਲ ਕਿਲ੍ਹਾ ਆਪਣੇ ਆਪ ਵਿਚ ਵਿਸ਼ਾਲ ਧਰੋਹਰ ਸੰਭਾਲੀ ਬੈਠਾ ਹੈ| ਚਿਤੌੜ ਕਿਸੇ ਵੇਲੇ ਮੇਵਾੜ ਰਾਜ ਦੀ ਰਾਜਧਾਨੀ ਸੀ। ਰਾਜਪੂਤ ਰਿਆਸਤ ਚਿਤੌੜ ਦੇ ਇਰਦ-ਗਿਰਦ ਘੁੰਮਦੀ ਰਹੀ ਹੈ ਚਿਤੌੜ ਤੇ ਗੁਹੀਲਾ, ਰਾਵਲ, ਸਿਸੋਦੀਆ, ਖਿਲਜੀ ਅਤੇ ਮੁਗ਼ਲ ਰਾਜਿਆਂ ਨੇ ਰਾਜ ਕੀਤਾ ਹੈ।
ਚਿਤੌੜਗੜ੍ਹ ਦੇ ਕਿਲ੍ਹੇ ਨੂੰ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ। ਪਹਿਲੇ ਭਾਗ ਵਿਚ ਪੰਜ ਹਜ਼ਾਰ ਸਥਾਨਕ ਲੋਕ ਰਹਿੰਦੇ ਹਨ ਦੂਸਰਾ ਭਾਗ ਵਿਚ ਕਿਲ੍ਹਾ ਹੈ ਜਿੱਥੇ ਰਾਣੀ ਪਦਮਾਵਤੀ ਦਾ ਮਹਿਲ,ਮਹਾਰਾਣਾ ਕੁੰਭਾ ਦਾ ਮਹਿਲ, ਵਿਕਟਰੀ ਸਤੰਬ, ਜੌਹਰ ਕੁੰਡ, ਗਊਮੁਖ ਸਰੋਵਰ, ਗੋਰਾ ਤੇ ਬਾਦਲ ਦੀਆਂ ਹਵੇਲੀਆਂ, ਸੂਰਜ ਗੇਟ ਅਤੇ ਮੀਰਾ ਬਾਈ ਮੰਦਰ ਦੇਖਣ ਯੋਗ ਸਥਾਨ ਹਨ। ਤੀਸਰਾ ਭਾਗ ਜੰਗਲੀ ਇਲਾਕਾ ਹੈ ਜੋ ਜਾਨਵਰਾਂ ਦੇ ਰੱਖ ਰਖਾਵ ਲਈ ਹੈ। ਇਥੇ ਟੂਰਿਸਟ ਨੂੰ ਜਾਣ ਦੀ ਆਗਿਆ ਨਹੀਂ। ਚਿਤੌੜਗੜ੍ਹ ਦੇ ਕਿਲ੍ਹੇ ਦੇ ਸੱਤ ਦਰਵਾਜ਼ੇ ਹਨ ਜੋ ਇਸ ਨੂੰ ਖ਼ਾਸ ਬਣਾਉਂਦੇ ਹਨ, ਉਨ੍ਹਾਂ ਵਿੱਚੋਂ ਮੁੱਖ ਹਨ ਸੂਰਜ ਪੋਲ ਗੇਟ, ਗਣੇਸ਼ ਪੋਲ ਗੇਟ। ਇਸ ਦੇ ਆਲੇ-ਦੁਆਲੇ 13 ਕਿਲੋਮੀਟਰ ਲੰਮੀ ਚਾਰ ਦਵਾਰੀ ਦਾ ਨਿਰਮਾਣ ਕਰਵਾਇਆ ਗਿਆ ਹੈ ਕਿਉਂਕਿ ਇਹ ਕਿਲ੍ਹਾ ਅਰਾਵਲੀ ਪਰਬਤ ਉੱਪਰ ਸਥਿਤ ਹੈ। ਇਸ ਲਈ ਚਿਤੌੜ ਦੇ ਦੂਰੋਂ ਹੀ ਇਹ ਵਿਸ਼ਾਲ ਕਿਲ੍ਹਾ ਨਜ਼ਰ ਆਉਣ ਲੱਗ ਜਾਂਦਾ ਹੈ। ਇਸ ਦੀ ਵਿਸ਼ਾਲ ਬਾਹਰੀ ਦੀਵਾਰ ਦੂਰ ਤੋਂ ਹੀ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
ਵਸਤੂ ਕਲਾ ਦਾ ਸੁੰਦਰ ਨਮੂਨਾ
ਚਿਤੌੜ ਉੱਪਰ ਕਈ ਵਾਰ ਮੁਗ਼ਲ ਰਾਜਿਆਂ ਨੇ ਵੀ ਹਮਲਾ ਕੀਤਾ। ਅਕਬਰ ਨੇ 1567 ਈਸਵੀ ਵਿਚ ਮੇਵਾੜ ਨੂੰ ਜਿੱਤਿਆ ਪ੍ਰੰਤੂ ਅਖ਼ੀਰ ਤੱਕ ਸਸੋਦੀਆ ਵੰਸ਼ ਹੀ ਮੇਵਾੜ ਦੀ ਗੱਦੀ ’ਤੇ ਕਾਬਜ਼ ਰਿਹਾ। 1818 ਈਸਵੀ ਵਿਚ ਅੰਗਰੇਜ਼ਾਂ ਦੇ ਅਧੀਨ ਮੇਵਾੜ ਪ੍ਰਿੰਸਲੀ ਸਟੇਟ ਬਣ ਗਿਆ ਅਤੇ 1947 ਈਸਵੀ ਵਿਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਨਾਲ ਹੀ ਰਲ ਗਿਆ। ਚਿਤੌੜਗੜ੍ਹ ਦਾ ਕਿਲ੍ਹਾ ਆਪਣੇ ਆਪ ਵਿਚ ਇਕ ਵਸਤੂ ਕਲਾ ਦਾ ਨਮੂਨਾ ਹੈ। ਜੈਪੁਰ ਤੋਂ 35 ਕਿਲੋਮੀਟਰ ਅਤੇ ਉਦੇਪੁਰ ਤੋਂ 15 ਕਿਲੋਮੀਟਰ ਦੂਰੀ ’ਤੇ ਵਸਿਆ ਚਿਤੌੜ ਕਿਸੇ ਸਮੇਂ ਪੂਰੇ ਮੇਵਾੜ ਦਾ ਕੇਂਦਰੀ ਬਿੰਦੂ ਰਿਹਾ ਹੈ।
ਚਿਤੌੜਗੜ੍ਹ ਕਿਲ੍ਹਾ ਬਹੁਤ ਵਿਸ਼ਾਲ ਹੈ।ਇਸ ਨੂੰ ਘੁੰਮਣ ਲਈ ਆਪਣੀ ਕਾਰ ਜਾਂ ਆਟੋ ਹੋਣਾ ਜ਼ਰੂਰੀ ਹੈ। 40 ਰੁਪਏ ਟਿਕਟ ਲੈ ਕੇ ਤੁਸੀਂ ਇਸ ਨੂੰ ਘੁੰਮ ਸਕਦੇ ਹੋ। ਚਿਤੌੜਗੜ੍ਹ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਲੋਕਲ ਲੋਕਾਂ ਦੀ ਰਿਹਾਇਸ਼ ਹੈ। ਲਗਪਗ 5000 ਲੋਕ ਇਥੇ ਰਹਿੰਦੇ ਹਨ। ਤੰਗ ਗਲੀਆਂ ਵਿਚ ਦੀ ਲੰਘਦੇ ਇਦਾਂ ਪ੍ਰਤੀਤ ਹੁੰਦਾ ਜਿਵੇਂ ਮੁੰਬਈ ਦੀ ਕਿਸੇ ਲੋਕਲ ਬਸਤੀ ਵਿੱਚੋਂ ਗੁਜ਼ਰਦੇ ਹੋਈਏ।
ਕਿਲ੍ਹੇ ਦੇ ਦੂਸਰੇ ਭਾਗ ਵਿਚ ਦਾਖ਼ਲ ਹੁੰਦਿਆਂ ਸਭ ਤੋਂ ਪਹਿਲਾਂ ਮੀਰਾ ਬਾਈ ਦਾ ਮੰਦਰ ਹੈ। ਇਸ ਮੰਦਰ ਵਿਚ ਸ੍ਰੀ ਕ੍ਰਿਸ਼ਨ ਦੀ ਮੂਰਤੀ ਦੇ ਚਰਨਾਂ ਵਿਚ ਬੈਠੀ ਮੀਰਾ ਬਾਈ ਨੂੰ ਦਰਸਾਇਆ ਗਿਆ ਹੈ। ਮੀਰਾ ਬਾਈ ਜੋ ਕਿ ਸਿਸ਼ੋਦੀਆ ਵੰਸ਼ ਦੇ ਘਰਾਣੇ ਦੀ ਨੂੰਹ ਸੀ ਅਤੇ ਰਾਜਾ ਭੋਜ ਨਾਲ ਵਿਆਹੀ ਗਈ ਸੀ। ਰਾਜਾ ਭੋਜ ਦੀ ਮੌਤ ਤੋਂ ਬਾਅਦ ਸ੍ਰੀ ਕ੍ਰਿਸ਼ਨ ਦੀ ਭਗਤੀ ਅਤੇ ਸਾਧੂ ਸੰਤਾਂ ਦੀ ਸੰਗਤ ਕਰਨ ਕਰਕੇ ਮੀਰਾ ਬਾਈ ਨੂੰ ਮਾਰਨ ਦੀਆਂ ਕਈ ਸਾਜ਼ਿਸ਼ਾਂ ਕੀਤੀਆਂ ਗਈਆਂ ਪ੍ਰੰਤੂ ਸਾਰੀਆਂ ਅਸਫਲ ਰਹੀਆਂ ਅਤੇ ਹੁਣ ਚਿਤੌੜਗੜ੍ਹ ਵਿਚ ਸਭ ਤੋਂ ਪਹਿਲਾਂ ਮੀਰਾ ਬਾਈ ਦਾ ਮੰਦਰ ਬਣਵਾਇਆ ਗਿਆ ਹੈ। ਰਾਣਾ ਕੁੰਭਾ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਮੀਰਾਬਾਈ ਦੇ ਮੰਦਿਰ ਤੋਂ ਬਾਅਦ ਚਿਤੌੜਗੜ੍ਹ ਕਿਲ੍ਹੇ ਦੀ ਦੀਵਾਰ ਤੋਂ ਆਲੇ-ਦੁਆਲੇ ਦਾ ਦ੍ਰਿਸ਼ ਬੜਾ ਸੁੰਦਰ ਦਿਖਾਈ ਦਿੰਦਾ ਹੈ। ਦੂਰ-ਦੂਰ ਅਰਾਵਲੀ ਪਰਬਤ ਅਤੇ ਬਹੁਤ ਵਿਸ਼ਾਲ ਚਿਤੌੜ ਸ਼ਹਿਰ ਉੱਪਰਲੇ ਪਾਸਿਓਂ ਵੱਖਰਾ ਨਜ਼ਾਰਾ ਪੇਸ਼ ਕਰਦਾ ਹੈ। ਰਾਣਾ ਕੁੰਭਾਂ ਦੁਆਰਾ 1433 ਈਸਵੀ ਵਿਚ ਮਾਲਵਾ ਤੇ ਗੁਜਰਾਤ ਦੀ ਜਿੱਤ ਤੋਂ ਬਾਅਦ ਬਣਾਇਆ ਵਿਕਟਰੀ ਸਤੰਬ ਦੇਖਣਯੋਗ ਹੈ। ਇਹ ਵਿਕਟਰੀ ਸਤੁੰਬ ਰਾਜਪੂਤ ਕਲਾ ਦਾ ਅਨੋਖਾ ਨਮੂਨਾ ਹੈ। 122 ਫੁੱਟ ਉੱਚੇ ਇਸ ਮੀਨਾਰ ਦੀਆਂ ਨੌ ਮੰਜ਼ਿਲਾ ਹਨ ਜੋ ਹਿੰਦੂ ਧਰਮ ਅਨੁਸਾਰ ਨੌ ਗ੍ਰਹਿਆਂ ਕਾਰਨ ਨੌ ਮੰਜ਼ਿਲਾਂ ਬਣਾਈਆਂ ਹਨ। ਇਸ ਦਾ ਨਿਰਮਾਣ 1448 ਈਸਵੀ ’ਚ ਕਰਵਾਇਆ ਗਿਆ।
ਜੌਹਰ ਕੁੰਡ ਦਾ ਰਹੱਸ
ਵਿਕਟਰੀ ਸਤੰਬ ਦੇ ਨਾਲ ਹੀ ਜੌਹਰ ਕੁੰਡ ਹੈ ਇਹ ਉਹੀ ਜੌਹਰ ਕੁੰਡ ਹੈ ਜਿੱਥੇ ਰਾਣੀ ਪਦਮਨੀ ਨੇ 16 ਹਜ਼ਾਰ ਹੋਰ ਰਾਜਪੂਤ ਔਰਤਾਂ ਨਾਲ 1303 ਈਸਵੀ ਵਿਚ ਅਲਾਉਦੀਨ ਖਿਲਜੀ ਤੋਂ ਬਚਣ ਲਈ ਜੌਹਰ ਕੀਤਾ ਸੀ। ਇਸ ਜਗ੍ਹਾ ’ਤੇ ਤਿੰਨ ਵਾਰ ਜੌਹਰ ਹੋਇਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਰਾਜਪੂਤ ਔਰਤਾਂ ਨੇ ਆਪਣੇ ਆਪ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਜੌਹਰ ਕੀਤਾ। ਜੌਹਰ ਪ੍ਰਥਾ ਅਨੁਸਾਰ ਰਾਜਪੂਤ ਔਰਤਾਂ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਆਪ ਨੂੰ ਅੱਗ ਵਿਚ ਜਲਾਅ ਦਿੰਦੀਆਂ ਸਨ। ਕਿਹਾ ਜਾਂਦਾ ਹੈ ਕਿ ਹੁਣ ਤੱਕ ਇਸ ਜਗ੍ਹਾ ’ਤੇ ਰਾਤ ਨੂੰ ਔਰਤਾਂ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ ਹੁਣ ਇਸ ਕੁੰਡ ਨੂੰ ਭਰਾ ਦਿੱਤਾ ਗਿਆ ਹੈ। ਇਸ ਉੱਪਰ ਹੀ ਇਕ ਹਵਨ ਕੁੰਡ ਬਣਾਇਆ ਗਿਆ ਹੈ। ਮਾਰਚ ਦੇ ਮਹੀਨੇ ਵਿਚ ਹਰ ਸਾਲ ਇੱਥੇ ਜੌਹਰ ਮੇਲਾ ਲੱਗਦਾ ਹੈ ਜਿੱਥੇ ਪੂਰੇ ਰਾਜਸਥਾਨ ਤੋਂ ਔਰਤਾਂ ਇਸ ਮੇਲੇ ਵਿਚ ਸ਼ਾਮਲ ਹੁੰਦੀਆਂ ਹਨ।
ਜੌਹਰ ਕੁੰਡ ਦੇ ਨਾਲ ਹੀ ਸਤੀ ਥੜ੍ਹਾ ਹੈ ਇਥੇ ਰਾਜਪੂਤ ਔਰਤਾਂ ਨੂੰ ਆਪਣੇ ਪਤੀ ਦੀ ਚਿਤਾ ਨਾਲ ਜਿਉਂਦੀਆਂ ਹੀ ਜਲਾ ਦਿੱਤਾ ਜਾਂਦਾ ਸੀ। ਚਿਤੌੜਗੜ੍ਹ ਕਿਲ੍ਹੇ ਦੇ ਅੰਦਰ ਹੀ ਰਾਜਾ ਭੋਜ ਦੁਆਰਾ ਬਣਾਇਆ ਮੰਦਰ ਸਾਮ ਦੇਸ਼ਵਰਾ ਵੇਖਣ ਯੋਗ ਹੈ ਇਸ ਮੰਦਰ ਵਿਚ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਤਿੰਨਾਂ ਦੀ ਇਕੱਠੀ ਮੂਰਤੀ ਦੇਖਣ ਨੂੰ ਮਿਲਦੀ ਹੈ।
ਇਸ ਮੰਦਰ ਦਾ ਨਵੀਨੀਕਰਨ ਬਾਅਦ ਵਿਚ ਮਹਾਰਾਣਾ ਮੋਕਲ ਦੁਆਰਾ ਕਰਵਾਇਆ ਗਿਆ। ਇਸ ਲਈ ਇਸ ਨੂੰ ਮੋਕਲ ਮੰਦਰ ਵੀ ਕਿਹਾ ਜਾਂਦਾ ਹੈ। ਇਸ ਮੰਦਰ ਦੀ ਖਾਸੀਅਤ ਇਹ ਹੈ ਕਿ ਇਸ ਦੀ ਇਮਾਰਤ ਵਿਚ ਸੋਮਨਾਥ ਅਤੇ ਤ੍ਰਿਪਤੀ ਬਾਲਾ ਜੀ ਦੀ ਇਮਾਰਤ ਦੀ ਝਲਕ ਨਜ਼ਰ ਪੈਂਦੀ ਹੈ। ਸਾਮ ਦੇਸ਼ਵਰਾ ਮੰਦਰ ਦੇ ਨਾਲ ਹੀ ਗਊ ਮੁੱਖ ਤਲਾਬ ਹੈ ਜੋ ਬੜੀ ਰੋਚਕ ਜਗ੍ਹਾ ਹੈ। ਇਹ ਤਲਾਬ ਗਊ ਦੀ ਸ਼ਕਲ ਦੀ ਤਰ੍ਹਾਂ ਹੈ ਜੋ ਉਪਰੋਂ ਬੜਾ ਸੁੰਦਰ ਨਜ਼ਰ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਮਹਾਰਾਣੀ ਪਦਮਨੀ ਇਸ ਤਲਾਬ ਵਿਚ ਇਸ਼ਨਾਨ ਕਰਨ ਆਇਆ ਕਰਦੀ ਸੀ। ਇਸ ਦਾ ਪਾਣੀ ਗਰਮੀਆਂ ਵਿਚ ਠੰਢਾ ਤੇ ਸਰਦੀਆਂ ਵਿਚ ਗਰਮ ਰਹਿੰਦਾ ਹੈ। ਸਾਰਾ ਸਾਲ ਇਹ ਪਾਣੀ ਨਾਲ ਭਰਿਆ ਰਹਿੰਦਾ ਹੈ ਪਰੰਤੂ ਅਜੇ ਤੱਕ ਕਿਸੇ ਨੂੰ ਵੀ ਇਸ ਪਾਣੀ ਦਾ ਸਰੋਤ ਪਤਾ ਨਹੀਂ ਚੱਲਿਆ।
ਮਹਾਰਾਣੀ ਪਦਮਾਵਤੀ ਦਾ ਮਹਿਲ
ਚਿਤੌੜਗੜ੍ਹ ਕਿਲ੍ਹੇ ਦੀ ਸਭ ਤੋਂ ਨਿਆਬ ਜਗ੍ਹਾ ਹੈ ਮਹਾਰਾਣੀ ਪਦਮਾਵਤੀ ਦਾ ਮਹਿਲ ਇਹ ਮਹਿਲ ਦੋ ਭਾਗਾਂ ਵਿਚ ਵੰਡਿਆ ਹੈ ਸਰਦੀਆਂ ਦਾ ਮਹਿਲ ਤੇ ਗਰਮੀਆਂ ਦਾ ਮਹਿਲ। ਮਹਿਲ ਵਿਚ ਪਹੁੰਚ ਉਸ ਸਮੇਂ ਦੇ ਹਾਲਾਤ ਅੱਖਾਂ ਸਾਹਮਣੇ ਘੁੰਮਣ ਲੱਗਦੇ ਹਨ। ਉਹੀ ਦਰਵਾਜ਼ੇ ਉਹੀ ਖਿੜਕੀਆਂ ਉਹੀ ਬਾਗ਼-ਬਗੀਚੇ ਜਿਨ੍ਹਾਂ ਵਿਚ ਰਾਣੀ ਆਪਣੀਆਂ ਦਾਸੀਆਂ ਨਾਲ ਖੇਡਦੀ ਹੁੰਦੀ ਸੀ । ਗਰਮੀਆਂ ਦਾ ਖ਼ਾਸ ਮਹਿਲ ਜੋ ਤਲਾਬ ਦੇ ਵਿਚਕਾਰ ਬਣਿਆ ਹੋਇਆ ਹੈ ਜਿਸ ਦਰਵਾਜ਼ੇ ਰਾਹੀਂ ਰਾਣੀ ਉਸ ਮਹਿਲ ਵਿਚ ਜਾਂਦੀ ਸੀ ,ਉਹ ਹੁਣ ਬੰਦ ਹੈ।
ਤਲਾਬ ਵਿਚਕਾਰ ਬਣਿਆ ਮਹਿਲ ਵਿਚ ਹੁਣ ਨਹੀਂ ਜਾਣ ਦਿੱਤਾ ਜਾਂਦਾ । ਇਸੇ ਮਹਿਲ ਵਿੱਚੋਂ ਅਲਾਉਦੀਨ ਖਿਲਜੀ ਨੂੰ ਰਾਣੀ ਪਦਮਾਵਤੀ ਦੀ ਝਲਕ ਦਿਖਾਈ ਗਈ ਸੀ। ਰਾਣੀ ਦੀ ਪਰਛਾਈ ਤਲਾਬ ਵਿੱਚੋਂ ਦੀ ਸਾਹਮਣੇ ਬਣੇ ਸੀਸ਼ ਮਹਿਲ ਵਿਚ ਲੱਗੇ ਸ਼ੀਸ਼ਿਆਂ ਰਾਹੀਂ ਅਲਾਉਦੀਨ ਨੂੰ ਦਿਖਾਈ ਗਈ ਸੀ । ਪਹਿਲਾਂ ਉਹ ਸ਼ੀਸ਼ਾ ਵੀ ਇਥੇ ਮੌਜੂਦ ਸੀ ਜਿਸ ਰਾਹੀਂ ਰਾਣੀ ਦਿਖਾਈ ਗਈ ਸੀ ਪਰ ਹੁਣ ਉਹ ਦੇਖਣ ਨੂੰ ਨਹੀਂ ਮਿਲਿਆ। ਰਾਣੀ ਪਦਮਾਵਤੀ ਦੇ ਮਹਿਲ ਤੋਂ ਬਾਅਦ ਕਿਲ੍ਹ੍ੇ ਦਾ ਮੇਨ ਗੇਟ ਵੇਖਣਯੋਗ ਹੈ ਜਿਸਨੂੰ ਗਣੇਸ਼ ਪੋਲ ਵੀ ਕਿਹਾ ਜਾਂਦਾ ਹੈ।
ਇਸ ਗੇਟ ਰਾਹੀਂ ਹੀ ਅਲਾਉਦੀਨ ਖਿਲਜੀ ਇਸ ਕਿਲ੍ਹੇ ਵਿਚ ਦਾਖ਼ਲ ਹੋਇਆ ਸੀ. ਇਸ ਗੇਟ ਤੋਂ ਨੀਚੇ ਉਹ ਮੈਦਾਨ ਵੀ ਦੇਖਣ ਨੂੰ ਮਿਲਦਾ ਹੈ ਜਿੱਥੇ ਅਲਾਊਦੀਨ ਖਿਲਜੀ ਲਗਪਗ ਛੇ ਮਹੀਨੇ ਤੰਬੂ ਲਾ ਕੇ ਬੈਠਾ ਰਿਹਾ ਸੀ. ਇਸੇ ਮੈਦਾਨ ਵਿਚ ਅਲਾਉਦੀਨ ਖਿਲਜੀ ਅਤੇ ਰਾਵਲ ਰਤਨ ਸਿੰਘ ਦਾ ਯੁੱਧ ਹੋਇਆ ਸੀ।
ਚਿਤੌੜਗੜ੍ਹ ਦਾ ਕਿਲ੍ਹਾ ਅਜਿਹਾ ਕਿਲ੍ਹਾ ਹੈ ਜਿਸ ਵਿਚ 113 ਮੰਦਰ ਹਨ ਅਤੇ 84 ਕੁੰਡ ਹਨ। ਸੋ ਇਹ ਕਿਲ੍ਹਾ ਦੇਖਦੇ ਹੀ ਸ਼ਾਮ ਹੋ ਗਈ ਅਤੇ ਅਸੀਂ ਵਾਪਸ ਆ ਗਏ। ਇਸ ਕਿਲ੍ਹੇ ਨੂੰ ਦੇਖਣ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ। ਇੱਥੇ ਜਾ ਕੇ ਰਾਜਪੂਤ ਰਾਜਿਆਂ ਦੀ ਬਹਾਦਰੀ ਦੇ ਜੌਹਰ ਅਤੇ ਉਨ੍ਹਾਂ ਦੀਆਂ ਰਾਣੀਆਂ ਦੀਆਂ ਕੁਰਬਾਨੀਆਂ ਚੇਤੇ ਆਉਂਦੀਆਂ ਹਨ। ਜਦੋਂ ਵੀ ਮੌਕਾ ਿਮਲੇ, ਰਾਜਸਥਾਨ ਦਾ ਿਚਤੌੜਗੜ੍ਹ ਦਾ ਕਿਲ੍ਹਾ ਜ਼ਰੂਰ ਵੇਖਣ ਲਈ ਜਾਣਾ ਚਾਹੀਦਾ ਹੈ। ਇਹ ਆਪਣੇ-ਆਪ ਵਿਚ ਬੜਾ ਿਵਲੱਖਣ ਹੈ।
ਸੱਤਵੀਂ ਸਦੀ ’ਚ ਹੋਇਆ ਸੀ ਕਿਲ੍ਹੇ ਦਾ ਨਿਰਮਾਣ
ਚਿਤੌੜਗੜ੍ਹ ਕਿਲ੍ਹੇ ਦਾ ਨਿਰਮਾਣ ਸੱਤਵੀਂ ਸਦੀ ਵਿਚ ਮੋਰੀਆ ਸਾਮਰਾਜ ਦੇ ਰਾਜੇ ਚਿਤਰੰਗਦਾ ਮੋਰੀ ਦੁਆਰਾ ਕਰਵਾਇਆ ਗਿਆ। ਅੱਠਵੀਂ ਸਦੀ ਵਿਚ ਗੋਹੀਲਾ ਸਾਮਰਾਜ ਦੇ ਰਾਜੇ ਬੱਪਾ ਰਾਵਲ ਨੇ ਇਸ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ ਅਤੇ ਚਿਤੌੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ । ਗੋਹੀਲਾ ਰਾਜਿਆਂ ਨੇ ਚਿਤੌੜ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ ਅਤੇ ਵਿਕਸਿਤ ਮੇਵਾੜ ਰਾਜ ਸਥਾਪਿਤ ਕੀਤਾ । ਬੱਪਾ ਰਾਵਲ ਤੋਂ ਬਾਅਦ 1303 ਈਸਵੀ ਤੱਕ ਗੋਹੀਲਾ ਵੰਸ਼ ਦੇ ਰਾਜਿਆਂ ਨੇ ਚਿਤੌੜ ਉੱਪਰ ਰਾਜ ਕੀਤਾ, ਇਸ ਵੰਸ਼ ਦਾ ਆਖ਼ਰੀ ਰਾਜਾ ਸੀ ਰਾਵਲ ਰਤਨ ਸਿਮਾ ਜਿਸ ਨੂੰ ਰਾਵਲ ਰਤਨ ਸਿੰਘ ਵੀ ਕਿਹਾ ਜਾਂਦਾ ਹੈ। 1303 ਈਸਵੀ ਵਿਚ ਦਿੱਲੀ ਸਲਤਨਤ ਦੇ ਸੁਲਤਾਨ ਅਲਾਉਦੀਨ ਖਿਲਜੀ ਨੇ ਰਤਨ ਸਿੰਘ ਨੂੰ ਹਰਾ ਕੇ ਇਸ ਉੱਪਰ ਆਪਣਾ ਕਬਜ਼ਾ ਕਰ ਲਿਆ । ਅਲਾਊਦੀਨ ਨੇ ਚਿਤੌੜ ਦੀ ਗੱਦੀ ਉੱਪਰ ਆਪਣੇ ਪੁੱਤਰ ਖਿਜਰ ਖਾਨ ਨੂੰ ਬਿਠਾਇਆ ਅਤੇ ਇਸਦਾ ਨਾਮ ਖਿਜਰਾਬਾਦ ਰੱਖਿਆ। ਰਾਜਪੂਤ ਆਪਣੀ ਬਹਾਦਰੀ ਕਾਰਨ ਪੂਰੇ ਵਿਸ਼ਵ ਵਿਚ ਪ੍ਰਸਿੱਧ ਹਨ। ਸੋ ਖਿਜਰਖਾਨ ਨੂੰ ਬਹੁਤਾ ਸਮਾਂ ਮੇਵਾੜ ਉਪਰ ਰਾਜ ਨਾ ਕਰਨ ਦਿੱਤਾ। ਰਾਜਪੂਤਾਂ ਦੇ ਦਬਾਅ ਕਾਰਨ ਖਿਜਰਖਾਨ ਨੂੰ ਚਿਤੌੜ ਦਾ ਕਿਲ੍ਹਾ ਖਾਲੀ ਕਰਨਾ ਪਿਆ । ਇਸ ਤੋਂ ਬਾਅਦ ਕੁਝ ਸਮੇਂ ਲਈ ਮਾਲਦੇਵਾ ਮੇਵਾੜ ਦੀ ਗੱਦੀ ’ਤੇ ਬੈਠਿਆ ਪਰ ਉਸ ਤੋਂ ਸਿਸੋਦੀਆ ਵੰਸ਼ ਦੇ ਰਾਜੇ ਰਾਣਾ ਹਮੀਰ ਸਿੰਘ ਨੇ ਚਿਤੌੜ ਜਿੱਤ ਲਿਆ ਅਤੇ ਮੇਵਾੜ ਦੇ ਰਾਜ ਨੂੰ ਇਕ ਵਾਰ ਫਿਰ ਬੁਲੰਦੀਆਂ ’ਤੇ ਪਹੁੰਚਾਇਆ। ਸਿਸੋਦੀਆ ਵੰਸ਼ ਅਧੀਨ ਮੇਵਾੜ ਦਾ ਬਹੁਤ ਵਿਕਾਸ ਹੋਇਆ ਅਤੇ ਇਸ ਵੰਸ਼ ਨੇ ਕਈ ਬਹਾਦਰ ਯੋਧੇ ਪੈਦਾ ਕੀਤੇ ਜਿਨ੍ਹਾਂ ਵਿੱਚੋਂ ਰਾਣਾ ਸਾਂਘਾ, ਰਾਣਾ ਕੁੰਭਾ, ਮਹਾਰਾਣਾ ਪ੍ਰਤਾਪ ਦੇ ਨਾਮ ਪ੍ਰਮੁੱਖ ਹਨ ।
• ਜਸਵਿੰਦਰ ਮਹਿਲ