ਬੁੱਧ ਧਰਮ ਦਾ ਵੱਡਾ ਕੇਂਦਰ ਸੀ। ਇਨ੍ਹਾਂ ਦੀ ਬੋਲੀ ਵੀ ਬਾਹਲੀਕੀ ਸੀ ਜਿਸ ਤੋਂ ਪੰਜਾਬੀ ਦਾ ਨਿਕਾਸ ਮੰਨਿਆ ਜਾਂਦਾ ਹੈ। ਬਰਮਕ ਸ਼ਬਦ ਸੰਸਕ੍ਰਿਤ ਪ੍ਰਮੁੱਖ ਤੋਂ ਬਣਿਆ ਮੰਨਿਆ ਜਾਂਦਾ ਹੈ ਜਿਸ ਦਾ ਸਥਾਨਕ ਰੂਪ ਪਰਮੁਖੀਆ ਤੇ ਫਿਰ ਬਰਮਖ ਤੋਂ ਹੁੰਦਾ ਬਰਮਕ ਬਣਿਆ। ਪ੍ਰਮੁੱਖ ਸ਼ਬਦ ਬਣਿਆ ਹੈ-/ਪ੍ਰ+ ਮੁਖ / ਇਸ ਵਿਚ ਮੁਖੀਏ ਜਾਂ ਸਰਬ-ਉਚ ਦੇ ਭਾਵ ਹਨ। ਇਹੀ ਭਾਵ ਅੱਗੇ ਜਾ ਕੇ ਪੀਰ ਦਾ ਆਧਾਰ ਬਣੇ। ਅਜਿਹੇ ਉੱਚ ਭਾਵਾਂ ਕਰਕੇ ਹੀ ਪੀਰ ਦੀ ਸੱਤਾ ਅੱਜ ਤੱਕ ਕਾਇਮ ਹੈ।

ਭਾਰਤੀ ਪਰੰਪਰਾ ਵਿਚ ‘ਪ’ ਧੁਨੀ ਦੀ ਬੜੀ ਮਹੱਤਤਾ ਹੈ। ਇਹਦੇ ਵਿਚ ਜ਼ਿੰਮੇਵਾਰੀ, ਉਤਮਤਾ ਤੇ ਮਾਰਗਦਰਸ਼ਨ ਵਰਗੇ ਭਾਵ ਪਏ ਹਨ। ਇਸ ਤੋਂ ਹੀ ਪੀਰ ਸ਼ਬਦ ਬਣਿਆ ਹੈ। ਫ਼ਾਰਸੀ ਮੂਲ ਦੇ ਇਸ ਸ਼ਬਦ ਦਾ ਅਰਥ ਹੈ-ਮਹਾਤਮਾ, ਧਰਮਾਤਮਾ, ਉੱਤਮ, ਪ੍ਰਮੁੱਖ ਆਦਿ। ਜਿਸ ਤਰ੍ਹਾਂ ਗੁਰੂ ਸ਼ਬਦ ਗੁਰੂ ਘੰਟਾਲ ਦੇ ਰੂਪ ਵਿਚ ਨੀਵੇਂ ਅਰਥਾਂ ਦਾ ਧਾਰਨੀ ਹੋ ਗਿਆ ਹੈ ਓਸੇ ਤਰ੍ਹਾਂ ਚਲਾਕ ਵਿਅਕਤੀ ਲਈ ਪੀਰ ਸ਼ਬਦ ਨੀਵੇਂ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸ ਸ਼ਬਦ ਦੀ ਵਿਓਤਪਤੀ ਬਾਰੇ ਕਈ ਮੱਤ ਹਨ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹਦੀ ਸਕੀਰੀ ਸੰਸਕ੍ਰਿਤ ਦੇ ‘ਪਰਮ ‘ ਤੇ ‘ਪਿੱਤਰ’ ਸ਼ਬਦ ਨਾਲ ਜੁੜਦੀ ਹੈ ਕਿਓਂਕਿ ਦੋਹਾਂ ਵਿਚ ਸਰਬ-ਉੱਚ ਤੇ ਸਨਮਾਨ ਦੇ ਭਾਵ ਜੁੜੇ ਹੋਏ ਹਨ ਜੋ ਪੀਰ ਨਾਲ ਵੀ ਜੁੜਦੇ ਹਨ। ਜਾੱਨ ਪਲੈਟਸ ਦੇ ਕੋਸ਼ ਵਿਚ ਵੀ ਇਸ ਦੀ ਪੁਸ਼ਟੀ ਹੁੰਦੀ ਹੈ ਜਿਸ ਵਿਚ ਫ਼ਾਰਸੀ ਮੂਲ ਦੇ ਇਸ ਸ਼ਬਦ ਦੀ ਵਿਓਤਪਤੀ ‘ਪਿੱਤਰ’ ਸ਼ਬਦ ਤੋਂ ਹੋਣ ਦੀ ਸੰਭਾਵਨਾ ਦਸੀ ਗਈ ਹੈ। ਅਸਲ ਵਿਚ ਇਹ ਪ੍ਰਚੀਨ ਭਰੋਪੀ ਭਾਸ਼ਾ ਪਰਿਵਾਰ ਦਾ ਸ਼ਬਦ /pa-t-er/ ਹੈ, ਜਿਸ ਤੋਂ ਯੋਰਪੀਅਨ ਭਾਸ਼ਾਵਾਂ ਵਿਚ ਪਿੱਤਰਵਾਚੀ ਸ਼ਬਦ ਬਣੇ। ਅੰਗਰੇਜ਼ੀ ਵਿਚ ਇਹਦਾ ਰੂਪ ਫਾਦਰ /father/ ਹੈ। ਪ੍ਰਾਚੀਨ ਗਰੀਕ ਵਿਚ ਇਹ ਪੇਟਰ ਜਾਂ ਪੇਤਰੋਸ /patros/ ਹੈ। ਪੁਰਤਗੇਜ਼ੀ ਤੇ ਸਪੈਨਿਸ਼ ਵਿਚ ਇਹਦਾ ਰੂਪ ਪੇਡਰੇ /padre/ਹੈ। ਇਨ੍ਹਾਂ ਸਾਰੇ ਸ਼ਬਦਾਂ ਦਾ ਅਰਥ ਪਿਤਾ, ਬਜ਼ੁਰਗ ਜਾਂ ਸੰਤ ਹੈ। ਇਸਾਈ ਚਰਚ ਦੇ ਪ੍ਰਮੁੱਖ ਧਰਮ ਉਪਦੇਸ਼ਕ ਜਾਂ ਪੁਜਾਰੀ ਨੂੰ ਵੀ ਆਮ ਤੌਰ ‘ਤੇ ਪਾਦਰੀ ਕਿਹਾ ਜਾਂਦਾ ਹੈ। ਇਹ ਫ਼ਾਰਸੀ, ਉਰਦੂ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਪ੍ਰਚਲਤ ਹੈ ਤੇ padre ਦਾ ਹੀ ਰੂਪਾਂਤਰ ਹੈ। ‘ਪੈਟਰਨ’ ਸ਼ਬਦ ਵੀ ਏਸੇ ਮੂਲ ਦਾ ਹੈ ਜਿਸਦਾ ਭਾਵ ਹੈ ਪ੍ਰਮੁੱਖ। ਮੱਧਕਾਲ ਵਿਚ ਇਹਦਾ ਅਰਥ ਪ੍ਰਭੂ ਜਾਂ ਮਾਲਕ ਸੀ। ਇਸ ਵਿਚ ਸੁਰਖਿਆ ਕਰਨ ਵਾਲੇ ਤੇ ਪਾਲਣਹਾਰ ਦੇ ਭਾਵ ਪਏ ਹਨ। ਯੋਰਪੀਅਨ ਫੌਜੀ ਛਾਉਣੀਆਂ ਵਿਚ ‘ਮਿਲਟਰੀ ਚੈਪਲਿਨ’ ਦਾ ਅਹੁਦਾ ਹੁੰਦਾ ਸੀ ਜਿਸ ‘ਤੇ ਪਾਦਰੀ ਦੀ ਨਿਯੁਕਤੀ ਹੁੰਦੀ ਸੀ ਤਾਂ ਜੋ ਧਾਰਮਕ ਪ੍ਰਵਚਨਾਂ ਰਾਹੀਂ ਉਹ ਫੌਜੀਆਂ ਦਾ ਮਨੋਬਲ ਵਧਾ ਕੇ ਜ਼ਿੰਦਗੀ ਵਿਚ ਉਨ੍ਹਾਂ ਦੀ ਆਸਥਾ ਨੂੰ ਬਰਕਰਾਰ ਰੱਖੇ। ਏਸੇ ਪੈਟਰਨ ‘ਤੇ ਅੱਜ ਵੀ ਭਾਰਤੀ ਫੌਜਾਂ ਵਿਚ ਪੁਜਾਰੀਆਂ ਤੇ ਗ੍ਰੰਥੀਆਂ ਦੀਆਂ ਨਿਯੁਕਤੀਆਂ ਹੁੰਦੀਆਂ ਹਨ। ਸਪੇਨੀ ਤੇ ਪੁਰਤਗਾਲੀ ਨੇਵੀ ਵਿਚ ਇਸਨੂੰ ਪੇਡਰੋ ਕਿਹਾ ਜਾਂਦਾ ਹੈ। ਅੰਗਰੇਜ਼ੀ ਦੇ ਪੀਟਰ ਤੇ ਪੈਟ੍ਰਿਕ ਵਰਗੇ ਨਾਂ ਵੀ ਏਸੇ ਮੂਲ ਦੇ ਹਨ। ਪੋਪ ਦਾ ਅਰਥ ਪਿਤਾ ਹੁੰਦਾ ਹੈ ਤੇ ਪਾਪਾ ਤਾਂ ਪਿਤਾ ਲਈ ਸਰਬਵਿਆਪਕ ਸ਼ਬਦ ਹੈ। ਸੰਸਕ੍ਰਿਤ ਦਾ ਪਿੱਤਰ ਫ਼ਾਰਸੀ ਦਾ ਪਿਸਰ ਵੀ ਹੈ ਤੇ ਪਿਦਰ ਵੀ। ਪੁਰਾਤਨ ਫ਼ਾਰਸੀ ਵਿਚ ਇਹਦਾ ਰੂਪ ‘ਪਿਅਰ’ /piyar/ ਸੀ ਜਿਸ ਵਿਚ ‘ਤ’ ਵਰਨ ਦਾ ਲੋਪ ਹੋ ਕੇ ‘ਅ’ ਦੀ ਧੁਨੀ ਬਚੀ ਰਹਿ ਗਈ। ਇਹਦਾ ਰੂਪਾਂਤਰ ਅੱਗੇ ਜਾ ਕੇ ਪੀਰ ਦੇ ਰੂਪ ਵਿਚ ਪ੍ਰਚਲਤ ਹੋਇਆ। ਇਹਦੇ ਕਈ ਅਰਥ ਕੀਤੇ ਜਾਂਦੇ ਹਨ ਜਿਵੇਂ- ਬਜ਼ੁਰਗ, ਸੰਤ,ਮਹਾਤਮਾ, ਧਰਮ ਉਪਦੇਸ਼ਕ, ਪੰਥ ਪ੍ਰਮੁਖ, ਮਾਇਆਨਾਜ਼ ਹਸਤੀ, ਅਧਿਆਤਮਕ ਸ਼ਕਤੀ ਰੱਖਣ ਵਾਲਾ ਵਿਅਕਤੀ ਆਦ। ਇਸਲਾਮ ਵਿਚ ਪੀਰ ਦਾ ਰੁੱਤਬਾ ਬੜਾ ਵੱਡਾ ਤੇ ਮਹੱਤਵਪੂਰਨ ਹੈ। ਮਹਾਨ ਕੋਸ਼ ਵਿਚ ਇਹਦੇ ਕਈ ਅਰਥ ਕੀਤੇ ਗਏ ਹਨ- ਪੀਰ ਸੰਗਯਾ ਪੀੜ,ਸੰ. ਪੀੜਾ ‘ਸਤਿਗੁਰੁ ਭੇਟੈ ਤਾ ਉਤਰੈ ਪੀਰ’ (ਆਸਾ ਮ: ੩) ਪੀੜਨਾ, ਪੀਡਨ ਕਰਕੇ ‘ਕੋਲੂ ਪੀਰ ਦੀਪ ਦਿਪਤ ਅੰਧਾਰ ਮੇ’ (ਭਾਗੁਕ) ਕੋਹਲੂ ਪੀੜ ਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ। ਫ਼ਾ. ਬੁੱਢਾ, ਵ੍ਰਿਧ,ਕਮਜ਼ੋਰ-’ਹਮਜ਼ ਪੀਰ ਮੋਰੋ ਹਮਜ਼ ਪੀਲਤਨ’(ਜਫਰ) ਧਰਮ ਦਾ ਅਚਾਰੀਆ ਗੁਰੂ ‘ਪੀਰ ਪੈਕਾਬਰ ਅਉਲੀਏ’ (ਵਾਰ ਮਾਰੂ ੨ ਮ:੫) ਪੀਰਜ਼ਾਦਾ-ਪੀਰ ਦਾ ਪੁੱਤਰ, ਗੁਰਪੁਤ੍ਰ,ਸਾਹਿਬਜ਼ਾਦਾ ,ਪੀਰਪਰਸ-ਪੀਰ ਪੂਜਕ, ਪੀਰ ਪੰਜਾਲ-ਕਸ਼ਮੀਰ ਵੱਲ ਪ੍ਰਸਿੱਧ ਦੱਰਾ, ਪੀਰਾਨਪੀਰ-ਪੀਰਾਂ ਦਾ ਪੀਰ,ਗੁਰੂਆਂ ਦਾ ਗੁਰੂ। ਫ਼ਾਰਸੀ ਕੋਸ਼ਾਂ ਅਨੁਸਾਰ ਪੀਰ-ਬੁੱਢਾ, ਵੱਡੀ ਉਮਰ ਦਾ ਬਜ਼ੁਰਗ, ਮੁਰਸ਼ਦ, ਪੱਥ-ਪ੍ਰਦਰਸ਼ਕ, ਵਲੀ, ਸ਼ਰਾਰਤੀਆਂ ਦਾ ਉਸਤਾਦ। ਇਸ ਨਾਲ ਜੁੜੇ ਹੋਰ ਵੀ ਕਈ ਸ਼ਬਦ ਮਿਲਦੇ ਹਨ ਜਿਵੇਂ- ਪੀਰ-ਅਫ਼ਸਾਨੀ : ਬੁਢਾਪੇ ਵਿਚ ਜਵਾਨਾਂ ਵਾਲੇ ਕੰਮ ਕਰਨਾ, ਕਾਮ ਪੂਰਤੀ ; ਪੀਰਾਨ-ਸਰ: ਬੁਢਾਪੇ ਦੇ ਦਿਨ ; ਪੀਰਾਨਾ - ਸਰੀ : ਬੁਢਾਪਾ ; ਪੀਰ-ਏ-ਬਰਨਾਵਸ਼ : ਸੰਸਾਰ, ਅਸਮਾਨ ; ਪੀਰ-ਏ-ਪੰਥਾ : ਸਫ਼ੈਦ ਵਾਲਾਂ ਵਾਲਾ ; ਪੀਰ-ਏ-ਤਅਲੀਮ : ਧਾਰਮਕ ਵਿਦਿਆ ਦਾ ਅਧਿਆਪਕ ; ਪੀਰ-ਏ-ਚਿਹਲ : ਪ੍ਰਬੀਨ ਬੁੱਧੀ, ਜਿਬਰਾਈਲ, ਹਜ਼ਰਤ ਆਦਮ, ਇਕ ਪ੍ਰਕਾਰ ਦਾ ਫ਼ੀਰੋਜ਼ਾ ; ਪੀਰ-ਏ-ਖ਼ੁਦਾ :ਹਜ਼ਰਤ ਉਸਮਾਨ ; ਪੀਰ-ਏ-ਖਿਰਦ : ਬੁਧੀਮਾਨ, ਸਿਆਣਾ ; ਪੀਰ-ਏ-ਦੋ-ਮੂ : ਦਿਨ ਤੇ ਰਾਤ ਕਾਰਨ, ਸਮਾਂ ; ਪੀਰ-ਏ-ਦਹਕਾਨ- ਬਹੁਤ ਪੁਰਾਣੀ ਸ਼ਰਾਬ,ਪੀਰ-ਏ-ਸਰਾਂਦੀਪ : ਹਜ਼ਰਤ ਆਦਮ ; ਪੀਰ-ਏ-ਜ਼ਾਲ : ਬੁੱਢੀ ਔਰਤ ; ਪੀਰ ਸਨਆ : ਪ੍ਰਸਿੱਧ ਤਪੱਸਵੀ ਸ਼ੈਖ ਸਨਆਨ ; ਪੀਰ-ਏ- ਤਰੀਕਤ : ਧਾਰਮਕ ਆਗੂ ; ਪੀਰ -ਏ- ਫ਼ਲਕ : ਸਨਿਚਰ ਤਾਰਾ ; ਪੀਰ-ਏ-ਮੁਗ਼ਾਂ : ਅੱਗ ਪੂਜਕਾਂ ਦਾ ਨੇਤਾ, ਗੁਰੂ, ਮੁਰਸ਼ਦ ; ਪੀਰ-ਏ-ਨਾਬਾਲਗ : ਬੇਵਕੂਫ ਬੁੱਢਾ ; ਪੀਰ -ਏ - ਹਸ਼ਤ- ਫ਼ਲਕ : ਮੁਸ਼ਤਰੀ ਸਿਤਾਰਾ ਆਦ। ਅਰਬੀ ਕੋਸ਼ਾਂ ਅਨੁਸਾਰ- ਪੀਰ- ਬੁੱਢਾ, ਫਿਰਕੇ ਦਾ ਬਾਨੀ, ਮੁਖੀ, ਗੁਰੂ, ਮੁਰਸ਼ਦ ਆਦ। ਪੀਰਜ਼ਾਦੀ -ਮੁਰਸ਼ਦ ਦੀ ਬੇਟੀ, ਪੀਰਪ੍ਰਸਤ= /ਫ਼ਾ. ਪੀਰ + ਫ਼ਾ. ਪ੍ਰਸਤ= ਪੂਜਣ ਵਾਲਾ/, ਪੀਰ-ਮੁਰੀਦ, ਪੀਰੀ -ਮੁਰੀਦੀ। ਪੰਜਾਬੀ ਕੋਸ਼ਾਂ ਵਿਚ ਵੀ ਅਜਿਹੇ ਅਰਥ ਮਿਲਦੇ ਹਨ- ਮੁਸਲਮਾਨਾਂ ਦੇ ਧਾਰਮਕ ਅਗੂ, ਸੋਮਵਾਰ, ਚਲਾਕ ਆਦ। ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ- ਪੀਰ ਹੋ ਕੇ ਟਕਰਨਾ- ਤਕੜੇ ਨਾਲ ਵਧੇਰੇ ਤਕੜੇ ਦਾ ਮੁਕਾਬਲਾ, ਪੀਰ ਕਰਨਾ-ਗੁਰੂ ਬਣਾਉਣਾ, ਘਰ ਦੇ ਪੀਰਾਂ ਨੂੰ ਤੇਲ ਦੇ ਪਰੌਂਠੇ, ਪੀਰ ਮਨਾਉਣਾ-ਪੈਗੰਬਰਾਂ ਨੂੰ ਖ਼ੁਸ਼ ਕਰਨਾ ‘ ਗਲ ਘੱਤ ਪੱਲਾ ਮੂੰਹ ਘਾਹੁ ਲੈ ਕੇ, ਪੈਰੀਂ ਲੱਗ ਕੇ ਪੀਰ ਮਨਾਈਏ ਨੀ’ (ਹੀਰ ਵਾਰਿਸ),ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਇਸ ਨਾਲ ਜੁੜੇ ਕਈ ਹੋਰ ਸ਼ਬਦ ਵੀ ਮਿਲਦੇ ਹਨ- ਪੀਰਖ਼ਾਨਾ - ਪੀਰ ਦੇ ਰਹਿਣ ਦੀ ਥਾਂ, ਲਾਲਾਂ ਵਾਲੇ ਪੀਰ ਦਾ ਸਥਾਨ, ਪੀਰਨੀ- ਪੀਰ ਦੀ ਇਸਤਰੀ ਲਿੰਗ, ਪੀਰ ਭਾਈ- ਇਕੋ ਪੀਰ ਦੇ ਮੁਰੀਦ, ਪੀਰੀ - ਪੀਰ ਨਾਲ ਸੰਬੰਧਿਤ, ਪੀਰੇਂ ਦਾ ਵੇਲਾ-ਪ੍ਰਭਾਤ,ਪਹੁ ਫੁਟਾਲਾ, ਪੀਰਹੀ- ਇਕ ਪ੍ਰਕਾਰ ਦੀ ਝਾੜੀ, ਪੰਜ ਪੀਰ, ਮੀਰੀ ਪੀਰੀ- ਅਮੀਰੀ ਤੇ ਫਕੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉੱਚ ਦੇ ਪੀਰ - ਉੱਚ ਸ਼ਰੀਫ਼ ਦਾ ਵੱਡਾ ਗੱਦੀਦਾਰ, 7 ਦਸੰਬਰ, 1705 ਵਿਚ ਅੱਧੀ ਰਾਤ ਵੇਲੇ ਗੁਰੂ ਗੋਬਿੰਦ ਸਿੰਘ ਦਾ ਉਹ ਰੂਪ ਜੋ ਉਨ੍ਹਾਂ ਨੇ ਮਾਛੀਵਾੜੇ ਵਿਚੋਂ ਨਿਕਲਣ ਵੇਲੇ ਧਾਰਨ ਕੀਤਾ। ਉਨ੍ਹਾਂ ਦੇ ਚਾਰ ਮੁਰੀਦ ਇਸ ਰੂਪ ਵਿਚ ਉਨ੍ਹਾਂ ਨੂੰ ਮਾਛੀਵਾੜੇ ਤੋਂ ਲੈ ਕੇ ਅਜਨੇਰ ਵੱਲ ਚਲ ਪਏ। ਇਸ ਤਰ੍ਹਾਂ ਪੀਰ ਦਾ ਲੰਮਾ ਚੌੜਾ ਵਿਸਥਾਰ ਤੇ ਕੁਨਬਾ ਮਿਲਦਾ ਹੈ। ਪੀਰ ਦੀ ਗੁਰੂ ਸ਼ਬਦ ਨਾਲ ਵੀ ਇਕਮਿਕਤਾ ਨਜ਼ਰ ਆਉਂਦੀ ਹੈ। ਗੁਰਬਾਣੀ ਵਿਚ ਇਹ ਦੋਵੇਂ ਸ਼ਬਦ ਇਕੱਠੇ ਵੀ ਆਏ ਹਨ- ‘ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। (੧੧੩੯) ; ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ।। (੧੪੨੨) ; ਗੁਰੁ ਪੀਰੁ ਸਦਾਏ ਮੰਗਣ ਜਾਇ।। (੧੨੪੫) ; ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।। (੧੪੧) ਪੀਰ ਦੇ ‘ਪ’ ਵਿਚ ਪਰਮ ਦੀ ਵੀ ਮਹਿਮਾ ਹੈ ਜਿਸਦਾ ਅਰਥ ਹੈ-ਸਰਬ-ਉਚ, ਸਨਮਾਨਤ, ਪਾਲਣਹਾਰ, ਪ੍ਰਭੂ, ਈਸ਼ਵਰ, ਮਹਾਨ, ਵੱਡਾ ਆਦ। ਪ੍ਰਮੁੱਖ ਵੀ ਏਸੇ ਕੜੀ ਦਾ ਸ਼ਬਦ ਹੈ। ਬੁੱਧ ਧਰਮ ਰਾਹੀਂ ਇਹ ਹਿੰਦੂਕੁਸ਼ ਲੰਘ ਕੇ ਖੁਰਾਸਾਨ ਪਹੁੰਚਿਆ। ਅਰਬਾਂ ਵਿਚ ਇਕ ਤਬਕਾ ਬਰਮਕ ਨਾਂ ਦਾ ਹੈ ਜਿਨ੍ਹਾਂ ਨੂੰ ਬਰਮਕੀ ਕਿਹਾ ਜਾਂਦਾ ਹੈ। ਇਨ੍ਹਾਂ ਬਰਮਕਾਂ ਦੀ ਅਬਾਸੀਆਂ ਦੇ ਸ਼ਾਸਨ ਕਾਲ ਵਿਚ ਕਾਫੀ ਚੜ੍ਹਤ ਸੀ। ਬਰਮਕ ਕੁਲ ਦੇ ਲੋਕ ਮੂਲ ਰੂਪ ਵਿਚ ਇਰਾਨ ਦੇ ਸਨਮਾਨਤ ਤੇ ਸ਼ਾਸਕ ਵਰਗ ਵਿਚੋਂ ਸਨ। ਇਸ ਲਈ ਇਨ੍ਹਾਂ ਦੀ ਪਛਾਣ ਕੁਲੀਨ ਵਰਗ ਕਰਕੇ ਸੀ। ਬਰਮਕ ਭਾਰਤ ਦੇ ਉਤਰ-ਪੱਛਮੀ ਖੁਰਾਸਾਨ ਪ੍ਰਾਂਤ ਦੇ ਮੂਲ ਨਿਵਾਸੀ ਮੰਨੇ ਜਾਂਦੇ ਹਨ ਤੇ ਇਸਲਾਮ ਤੋਂ ਪਹਿਲਾਂ ਸਦੀਆਂ ਤੱਕ ਇਸ ਖੇਤਰ ਵਿਚ ਬੋਧੀ ਸੰਘਾਂ ਤੇ ਮੱਠਾਂ ਦੀ ਦੇਖ ਭਾਲ ਕਰਦੇ ਸਨ। ਬੁਖਾਰਾ ਕਿਸੇ ਜ਼ਮਾਨੇ ਵਿਚ ਸਿਲਕ ਰੂਟ ਦਾ ਪ੍ਰਸਿੱਧ ਸ਼ਹਿਰ ਸੀ ਤੇ ਵਿਹਾਰ ਨਾਂ ਨਾਲ ਜਾਣਿਆ ਜਾਂਦਾ ਸੀ। ਇਹੀ ਵਿਗੜ ਕੇ ਬਹਾਰ ਤੇ ਫਿਰ ਬੁਖਾਰਾ ਬਣਿਆ। ਇਸ ਤੋਂ ਬਾਅਦ ਇਸ ਇਲਾਕੇ ਦੇ ਬੁੱਧ ਸੰਘਾਰਾਮ ਬਣੇ ਤੇ ਇਨ੍ਹਾਂ ਨੂੰ ਨਵ-ਵਿਹਾਰ ਕਿਹਾ ਜਾਂਦਾ ਸੀ। ਉਜ਼ਬੇਕਿਸਤਾਨ ਵਿਚ ਅੱਜ ਵੀ ਇਨ੍ਹਾਂ ਨੂੰ ਨੌਬਹਾਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਬਲਖ ਨੂੰ ਪੁਰਾਤਨ ਕਾਲ ਵਿਚ ਬਾਹਲੀਕ ਕਿਹਾ ਜਾਂਦਾ ਸੀ, ਜੋ ਬੁੱਧ ਧਰਮ ਦਾ ਵੱਡਾ ਕੇਂਦਰ ਸੀ। ਇਨ੍ਹਾਂ ਦੀ ਬੋਲੀ ਵੀ ਬਾਹਲੀਕੀ ਸੀ ਜਿਸ ਤੋਂ ਪੰਜਾਬੀ ਦਾ ਨਿਕਾਸ ਮੰਨਿਆ ਜਾਂਦਾ ਹੈ। ਬਰਮਕ ਸ਼ਬਦ ਸੰਸਕ੍ਰਿਤ ਪ੍ਰਮੁੱਖ ਤੋਂ ਬਣਿਆ ਮੰਨਿਆ ਜਾਂਦਾ ਹੈ ਜਿਸ ਦਾ ਸਥਾਨਕ ਰੂਪ ਪਰਮੁਖੀਆ ਤੇ ਫਿਰ ਬਰਮਖ ਤੋਂ ਹੁੰਦਾ ਬਰਮਕ ਬਣਿਆ। ਪ੍ਰਮੁੱਖ ਸ਼ਬਦ ਬਣਿਆ ਹੈ-/ਪ੍ਰ+ ਮੁਖ / ਇਸ ਵਿਚ ਮੁਖੀਏ ਜਾਂ ਸਰਬ-ਉਚ ਦੇ ਭਾਵ ਹਨ। ਇਹੀ ਭਾਵ ਅੱਗੇ ਜਾ ਕੇ ਪੀਰ ਦਾ ਆਧਾਰ ਬਣੇ। ਅਜਿਹੇ ਉੱਚ ਭਾਵਾਂ ਕਰਕੇ ਹੀ ਪੀਰ ਦੀ ਸੱਤਾ ਅੱਜ ਤੱਕ ਕਾਇਮ ਹੈ।
-ਪਰਮਜੀਤ ਢੀਂਗਰਾ
94173-58120
-----------------------