ਇਸ ਹਫ਼ਤੇ ਦਾ ਸੁਖਨਵਰ ਹਰਮਨਜੀਤ ਸਿੰਘ ਸੈਣੀ
ਹਰਮਨਜੀਤ ਸਿੰਘ ਸੈਣੀ ਦੀਆਂ ਕਵਿਤਾਵਾਂ ਅਤ੍ਰਿਪਤ ਆਤਮਾ ਦੀ ਆਵਾਜ਼ ਹਨ। ਕਾਇਆ, ਰੂਹ ਅਤੇ ਅਗੰਮੀ ਸੁਰਾਂ ਨਾਲ ਆਲਾਪ ਹਨ। ਵਿਛੜੀਆਂ ਰੂਹਾਂ ਦਾ ਸੰਤਾਪ ਹਨ।
Publish Date: Sun, 24 Aug 2025 11:12 AM (IST)
Updated Date: Sun, 24 Aug 2025 11:16 AM (IST)
ਹਰਮਨਜੀਤ ਸਿੰਘ ਸੈਣੀ ਦੀਆਂ ਕਵਿਤਾਵਾਂ ਅਤ੍ਰਿਪਤ ਆਤਮਾ ਦੀ ਆਵਾਜ਼ ਹਨ। ਕਾਇਆ, ਰੂਹ ਅਤੇ ਅਗੰਮੀ ਸੁਰਾਂ ਨਾਲ ਆਲਾਪ ਹਨ। ਵਿਛੜੀਆਂ ਰੂਹਾਂ ਦਾ ਸੰਤਾਪ ਹਨ। ਪ੍ਰੇਮ ਪਰੁਨੇ ਪਲਾਂ ਦੀ ਤਲਾਸ਼ ਹਨ। ਪ੍ਰਕਿਰਤੀ ਅਤੇ ਜੀਵਾਂ ਦੇ ਗੂੜ੍ਹੇ ਰਿਸ਼ਤਿਆਂ ਦਾ ਪ੍ਰਗਟਾਅ ਹਨ। ਇਨ੍ਹਾਂ ਵਿਚਲੀ ਭਾਵਨਾਵਾਂ ਦੀ ਕੋਮਲਤਾ ਅਤੇ ਤਰਲਤਾ ਪਾਠਕ ਮਨ ਨੂੰ ਅੰਦਰ ਤੀਕ ਭਿਉਂ ਦੇਣ ਸੀ ਸਮਰੱਥਾ ਰੱਖਦੀ ਹੈ। ਸ਼ਬਦਾਂ ਦੀ ਪ੍ਰਤੀਕਾਤਮਕਤਾ ਕਲਾਤਮਿਕਤਾ ਪੈਦਾ ਕਰਦੀ ਹੈ। ਸ਼ਬਦਾਂ ਅਤੇ ਵਿਚਾਰਾਂ ਦੀ ਲਯਾਤਮਕਤਾ ਅਰਥਾਂ ਦੇ ਨਾਲ ਨਾਲ ਕਾਵਿਕ ਤ੍ਰਿਪਤੀ ਕਰਾਉਣ ਵਿਚ ਸਫ਼ਲ ਹੈ। ਵਧੀਆ ਕਵਿਤਾਵਾਂ ਦੀ ਸਿਰਜਣਾ ਲਈ ਹਰਮਨਜੀਤ ਸਿੰਘ ਸੈਣੀ ਵਧਾਈ ਦਾ ਹੱਕਦਾਰ ਹੈ।
98761-56964
ਕਵਿਤਾਵਾਂ
ਦੀਦੇ ਦੇਣ ਦੁਆ
ਪਿਆਸ ਹੈ ਰੂਹ ਦੀ
ਥਲਾਂ ਦਾ ਸਫ਼ਰ ਹੈ
ਮ੍ਰਿਗ ਤ੍ਰਿਸ਼ਨਾ ਬੁੱਕਲ ’ਚ
ਆਪਾ ਰਿਹਾ ਭਟਕ ਹੈ।
ਸੁੰਨਾਪਣ ਦਿਲ ਦਾ
ਹੈ ਮੌਨ ਹਰਿੱਕ ਸਾਜ਼
ਇਸ ਖਾਮੋਸ਼ੀ ਦੇ ਵਿਚ
ਦਰਦ ਕੋਈ ਬੇ-ਆਵਾਜ਼।
ਅਗਨ ਕੁਆਰੇ ਜਿਸਮ ਦੀ
ਲੂੰ-ਲੂੰ ਹੈ ਸਾੜਦੀ
ਉਡੀਕ ਤੇਰੇ ਪਿਆਰ ਦੀ
ਸਾਹ-ਸਾਹ ਮਾਰਦੀ।
ਸੁਰ-ਸਰਗਮ ਇਸ਼ਕ ਦੀ
ਬੋਲਾਂ ਦੀ ਆਬਸ਼ਾਰ
ਮਹਿਕੇ ਵਿਹੜਾ ਦਿਲ ਦਾ
ਜੇ ਆ ਸੁਣਾਵੇਂ ਇਕ ਵਾਰ।
ਆ ਪ੍ਰੀਤਮ ਪਿਆਰਿਆ !
ਮੋਹ ਦਾ ਦਰਸ਼ ਵਿਖਾ
ਹੰਝ ਦੀ ਰੁੱਤ ਮੁੱਕਜੇ
ਇਹ ਦੀਦੇ ਦੇਣ ਦੁਆ।
****
ਮਨ ਦਾ ਸੰਸਾ
ਚਾਨਣ ਦੀ ਸੀ ਤਲਾਸ਼
ਜੋ ਨਿਕਲੇ
ਕਰ ਕੇ ਭੋਰਾ ਜੇਰ੍ਹਾ
ਗੁੰਮ ਗਏ ਉਹ
ਪਰਤੇ ਨਾ,
ਖੌਰੇ ਖਾ ਗਿਆ
ਸੁੰਞ ਹਨੇਰਾ।
ਪੀੜ ਪਰੁੱਚਾ
ਦਰ ਤੇਰੇ ਬੈਠਾ
ਆਣ ਕੋਈ ਪਿਆਸਾ
ਆਸ ਭਲਕ ਦੀ
ਨਾ ਬੱਝੇ ਮਨ ਨੂੰ
ਦੇ ਕੋਈ ਧਰਵਾਸਾ।
ਸਹਿਜ ਸੁਭਾਵਕ
ਤੇਰੇ ਮਨ ਦੀ ਇੱਛਾ
ਜਦ ਸ਼ਬਦਾਂ ’ਚੋਂ ਬੋਲੀ...
ਦੇਹ ਮੇਰੀ ਦੇ
ਸੈਆਂ ਸਾਗਰ
ਸੁੱਕ ਗਏ ਹੌਲੀ-ਹੌਲੀ।
ਆਤਮਾ ਦਾ ਦੁੱਖੜਾ
ਮਨ ਦਾ ਸੰਸਾ
ਹੋਠੀਂ ਮੌਨ ਦਾ ਪਹਿਰਾ...
ਇਸ਼ਕ ਤੇਰੇ ਦੀਆਂ
ਕੋਟਿ ਸੁਗਾਤਾਂ
ਬਿਰਹੋਂ ਬੱਦਲ ਗਹਿਰਾ।
ਰੁੱਤ ਬਸੰਤੀ
ਮੌਲੇ ਕੁਦਰਤ
ਸੱਧਰਾਂ ਅੱਖਾਂ ਖੋਲ੍ਹਣ
ਹਿਜ਼ਰ ਤੇਰਾ
ਅੰਗੀਂ ਬਲਦਾ
ਹਰ ਚਾਅ ਮੇਰਾ ਰੋਲਣ।
ਮੇਰੇ ਵੀ ਦਰ
ਚੜ੍ਹ ਆਏਗਾ
ਨੂਰ ਨਾਤ੍ਹਾ ਸਵੇਰਾ...
ਆਪਣੇ ਚਾਨਣ ਦੀ
ਇੱਕੋ ਰਿਸ਼ਮ ’ਤੇ
ਉੱਕਰ ਦੇ ਨਾਉਂ ਮੇਰਾ।
-ਹਰਮਨਜੀਤ ਸਿੰਘ ਸੈਣੀ
98725-35444
***