ਹੁਣ ਚਾਹੇ ਪੜ੍ਹਾਈ ਲਿਖਾਈ ਦਾ ਯੁੱਗ ਹੋਣ ਕਾਰਨ ਰੀਤੀ ਰਿਵਾਜ ਬਦਲ ਗਏ ਹਨ ਪਰ ਪਹਿਲਾਂ ਪਿੰਡ ਦੀਆਂ ਨੂੰਹਾਂ ਨੂੰ, ਚਾਹੇ ਉਹ ਕਿਸੇ ਵੀ ਉਮਰ ਦੀਆਂ ਹੋਣ, ਘੁੰਡ ਕੱਢੇ ਅਤੇ ਘੱਗਰਾ ਪਾਏ ਬਿਨਾਂ ਸੱਥ ਵਿੱਚੋਂ ਲੰਘਣ ’ਤੇ ਮਨਾਹੀ ਹੁੰਦੀ ਸੀ...

ਸੱਥ ਸ਼ਬਦ ਹੀ ਆਪਣੇ ਆਪ ਵਿੱਚ ਸਾਡੇ ਸੱਭਿਆਚਾਰ ਦੀਆਂ ਸਮਾਜਿਕ ਸਾਂਝਾਂ ਤੇ ਕਦਰਾਂ ਕੀਮਤਾਂ ਦਾ ਪ੍ਰਤੀਕ ਜਾਪਦਾ ਹੈ| ਸੱਥ ਸ਼ਬਦ ਬਿਨਾਂ ਜਿਵੇਂ ਪੰਜਾਬ ਦੇ ਪਿੰਡਾਂ ਦੀ ਹੋਂਦ ਹੀ ਅਧੂਰੀ ਜਾਪਦੀ ਹੈ| ਸੱਥਾਂ ਦੀ ਸ਼ਾਨ ਅਤੇ ਮਾਣ ਜਿਵੇਂ ਸਾਡੇ ਪਿੰਡਾਂ ਦੀ ਰੂਹ ਹੋਵੇ, ਆਤਮਾ ਹੋਵੇ| ਪਿੰਡਾਂ ਦੀ ਸੱਥ ਇੱਕ ਅਜਿਹਾ ਕੇਂਦਰ ਹੁੰਦਾ ਹੈ ਜਿੱਥੇ ਪਿੰਡ ਦੀਆਂ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਪਰਿਵਾਰਕ ਸਾਂਝਾਂ ਨੂੰ ਸਹਿਜ ਅਤੇ ਸੁਚੱਜੇ ਢੰਗ ਨਾਲ ਕਾਇਮ ਰੱਖਣ ਲਈ ਪਿੰਡ ਦੇ ਮੋਹਤਬਰਾਂ ਅਤੇ ਸਿਆਣੇ ਬਜ਼ੁਰਗਾਂ ਵੱਲੋਂ ਸਮੇਂ-ਸਮੇਂ ਸਿਰ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ| ਚੁਣੀਆਂ ਹੋਈਆਂ ਪੰਚਾਇਤਾਂ ਦੇ ਨਾਲ-ਨਾਲ ਪਿੰਡ ਦੇ ਹਰ ਧਰਮ,ਹਰ ਵਰਗ,ਹਰ ਪੱਤੀ,ਹਰ ਕਬੀਲੇ ਦੇ ਬਾਸ਼ਿੰਦੇ ਅਤੇ ਸਿਆਣੇ ਆਦਮੀ ਨੂੰ ਇਨ੍ਹਾਂ ਸੱਥਾਂ ਦਾ ਹਿੱਸਾ ਬਣਨ ਦਾ ਮਾਣ ਹੁੰਦਾ ਹੈ| ਪੁਰਾਣੇ ਸਮਿਆਂ ਵਿੱਚ ਜਦੋਂ ਜਦੋਂ ਵੀ ਕੋਈ ਨਵਾਂ ਪਿੰਡ ਬੱਝਦਾ ਹੋਵੇਗਾ, ਉਸ ਪਿੰਡ ਦੀ ਸੱਥ ਆਪਣੇ ਆਪ ਹੀ ਹੋਂਦ ਵਿੱਚ ਆ ਜਾਂਦੀ ਹੋਵੇਗੀ|
ਆਮ ਪਿੰਡਾਂ ਵਿੱਚ ਸੱਥ ਪਿੰਡ ਦੇ ਬਿਲਕੁਲ ਵਿਚਕਾਰ ਸਾਂਝੇ ਥਾਂ ਵਿੱਚ ਹੁੰਦੀ ਹੈ ਅਤੇ ਬਹੁਤੇ ਪਿੰਡਾਂ ਵਿੱਚ ਇਹ ਕੱਚੇ ਜਾਂ ਪੱਕੇ ਦਰਵਾਜ਼ੇ ਦੇ ਰੂਪ ਵਿੱਚ ਹੁੰਦੀ ਹੈ ਤਾਂ ਕਿ ਪਿੰਡ ਵਾਸੀਆਂ ਨੂੰ ਗਰਮੀ ਸਰਦੀ, ਮੀਂਹ ਕਣੀ ਅਤੇ ਹੋਰ ਮਾੜੇ ਮੌਸਮਾਂ ਵਿੱਚ ਸੱਥ ਵਿੱਚ ਬੈਠਣ ਸਮੇਂ ਕੋਈ ਮੁਸ਼ਕਿਲ ਨਾ ਆਵੇ| ਆਮ ਤੌਰ ’ਤੇ ਸੱਥਾਂ ਪਿੰਡ ਦੇ ਧਾਰਮਿਕ ਸਥਾਨ, ਛੱਪੜਾਂ ਜਾਂ ਖੂਹਾਂ ਦੇ ਨੇੜੇ ਹੀ ਹੁੰਦੀਆਂ ਹਨ ਅਤੇ ਬੋਹੜਾਂ ਅਤੇ ਪਿੱਪਲਾਂ ਦੇ ਵੱਡੇ-ਵੱਡੇ ਰੁੱਖ ਵੀ ਸੱਥਾਂ ਦਾ ਸ਼ਿੰਗਾਰ ਹੁੰਦੇ ਹਨ| ਜਿਹੜੇ ਪਿੰਡਾਂ ਵਿੱਚ ਦਰਵਾਜ਼ੇ ਨਹੀਂ ਹੁੰਦੇ ਹਨ, ਉਹ ਪਿੰਡ ਦੇ ਵਿਚਕਾਰ ਸਾਂਝੀ ਥਾਂ ’ਤੇ ਥੜ੍ਹਾ ਬਣਾ ਕੇ ਅਤੇ ਖੁੰਢਾਂ ’ਤੇ ਹੀ ਬੈਠ ਕੇ ਸੱਥ ਦਾ ਕੰਮ ਚਲਾ ਲੈਂਦੇ ਹਨ| ਆਮ ਤੌਰ ’ਤੇ ਪਿੰਡ ਦੇ ਵੱਡੇ ਬਜ਼ੁਰਗ ਸੁਬਾਹ ਰੋਟੀ ਟੁੱਕ ਖਾ ਕੇ ਆਪਣੇ ਮੰਜੇ ਚੁੱਕ ਕੇ ਸੱਥ ਵਿੱਚ ਆ ਜਾਂਦੇ ਸਨ ਅਤੇ ਕੰਮ ਧੰਦੇ ਵਾਲੇ ਲੋਕ ਆਪਣੇ ਵਿਹਲੇ ਸਮੇਂ ਵਿੱਚ ਸੱਥ ਵਿੱਚ ਆ ਬੈਠਦੇ ਸਨ| ਤਾਸ਼ ਜਾਂ ਬਾਰਾਂ ਬੀਟੀ ਖੇਡਣ ਵਾਲੇ ਪਾਸੇ ਆਪਣੀ ਪੱਲੀ ਜਾਂ ਦਰੀ ਵਿਛਾ ਕੇ ਆਪਣਾ ਖੇਡਣ ਦਾ ਝੱਸ ਪੂਰਾ ਕਰ ਲੈਂਦੇ ਸਨ| ਕਿਸੇ ਹਿੰਮਤੀ ਜਿਹੇ ਬੰਦੇ ਵੱਲੋਂ ਸਾਰਾ ਸਾਲ ਅਤੇ ਖਾਸ ਤੌਰ ’ਤੇ ਗਰਮੀਆਂ ਵਿੱਚ ਪਾਣੀ ਦੇ ਘੜੇ ਭਰ ਕੇ ਪੀਣ ਲਈ ਪਾਣੀ ਦਾ ਇੰਤਜ਼ਾਮ ਵੀ ਕਰ ਦਿੱਤਾ ਜਾਂਦਾ ਸੀ|
ਪੁਰਾਣੇ ਸਮਿਆਂ ਵਿੱਚ ਜਦੋਂ ਆਮ ਤੌਰ ’ਤੇ ਘਰ ਬਹੁਤੇ ਖੁੱਲ੍ਹੇ ਡੁੱਲ੍ਹੇ ਨਹੀਂ ਹੁੰਦੇ ਸਨ ਅਤੇ ਪੱਖਿਆਂ, ਕੂਲਰਾਂ,ਏਸੀਆਂ ਦੀਆਂ ਸਹੂਲਤਾਂ ਨਹੀਂ ਹੁੰਦੀਆਂ ਸਨ ਤਾਂ ਲੋਕ ਗਰਮੀਆਂ ਵਿੱਚ ਪਿੰਡ ਦੇ ਬੋਹੜਾਂ, ਪਿੱਪਲਾਂ ਥੱਲੇ ਜਾਂ ਸੱਥ ਵਾਲੇ ਦਰਵਾਜ਼ੇ ਵਿੱਚ ਦੁਪਹਿਰਾਂ ਕੱਟਦੇ ਸਨ ਅਤੇ ਸਰਦੀਆਂ ਦੀ ਰੁੱਤ ਵਿੱਚ ਸੱਥ ਵਿੱਚ ਮਘਦੀ ਧੂਣੀ ਕੋਲ ਹੀ ਸੁਬਾਹ ਅਤੇ ਸ਼ਾਮ ਦੇਰ ਰਾਤ ਤੱਕ ਗੱਲਾਂਬਾਤਾਂ ਕਰਦਿਆਂ ਸਮਾਂ ਲੰਘਾਉਂਦੇ ਸਨ| ਸਾਰੇ ਮਹਿਕਮਿਆਂ ਦੇ ਸਰਕਾਰੀ ਅਫ਼ਸਰ, ਮੁਲਾਜ਼ਮ ਅਤੇ ਰਾਜਸੀ ਲੋਕ ਵੀ ਪਿੰਡ ਵਾਸੀਆਂ ਨਾਲ ਆਪਣਾ ਰਾਬਤਾ ਰੱਖਣ ਲਈ ਸੱਥਾਂ ’ਚ ਹੀ ਆਉਂਦੇ ਹਨ|
ਹੁਣ ਚਾਹੇ ਪੜ੍ਹਾਈ ਲਿਖਾਈ ਦਾ ਯੁੱਗ ਹੋਣ ਕਾਰਨ ਰੀਤੀ ਰਿਵਾਜ ਬਦਲ ਗਏ ਹਨ ਪਰ ਪਹਿਲਾਂ ਪਿੰਡ ਦੀਆਂ ਨੂੰਹਾਂ ਨੂੰ, ਚਾਹੇ ਉਹ ਕਿਸੇ ਵੀ ਉਮਰ ਦੀਆਂ ਹੋਣ, ਘੁੰਡ ਕੱਢੇ ਅਤੇ ਘੱਗਰਾ ਪਾਏ ਬਿਨਾਂ ਸੱਥ ਵਿੱਚੋਂ ਲੰਘਣ ’ਤੇ ਮਨਾਹੀ ਹੁੰਦੀ ਸੀ| ਪਿੰਡ ਦੀ ਸੱਥ ਸੰਚਾਰ ਦਾ ਵੀ ਕੇਂਦਰ ਹੁੰਦੀ ਸੀ| ਪਿੰਡ ਵਿੱਚ ਹਰ ਖ਼ਬਰ ਸੱਥ ਰਾਹੀਂ ਹੀ ਘਰ-ਘਰ ਪੁੱਜਦੀ ਸੀ ਤੇ ਇਲਾਕੇ ਦੀਆਂ ਖਬਰਾਂ ਵੀ ਸੱਥ ਵਿੱਚ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਸਨ| ਕਿਸੇ ਦੂਰ ਨੇੜੇ ਦੇ ਰਿਸ਼ਤੇਦਾਰ ਨੇ ਘਰ ਪੁੱਛਣਾ ਹੁੰਦਾ ਤਾਂ ਉਹ ਵੀ ਪਹਿਲਾਂ ਸੱਥ ਵਿੱਚ ਆਉਂਦਾ ਸੀ| ਸੱਥ ਵਿੱਚ ਖੜ੍ਹ ਕੇ ਝੂਠ ਬੋਲਣਾ ਵੀ ਪਾਪ ਸਮਝਿਆ ਜਾਂਦਾ ਸੀ ਕਿਉਂਕਿ ਲੋਕਾਂ ਸਾਹਮਣੇ ਬੋਲੇ ਸ਼ਬਦ ਪਿੰਡ ਲਈ ਅਣਲਿਖਿਆ ਦਸਤਾਵੇਜ਼ ਹੁੰਦੇ ਸਨ| ਪਿੰਡਾਂ ਦੇ ਆਮ ਮਸਲੇ ਮੋਹਤਬਰ ਤੇ ਸਿਆਣੇ ਬੰਦਿਆਂ ਵੱਲੋਂ ਪਿੰਡ ਵਿੱਚ ਹੀ ਮੁਕਾਏ ਜਾਂਦੇ ਸਨ|
ਪਰ ਹੁਣ ਘਰਾਂ ਵਿੱਚ ਮਿਲੀਆਂ ਸਹੂਲਤਾਂ ਨੇ ਲੋਕਾਂ ਨੂੰ ਬੰਦ ਕਮਰਿਆਂ ਵਿੱਚ ਰਹਿਣ ਦੀ ਆਦਤ ਪਾ ਦਿੱਤੀ ਹੈ| ਹਰ ਵਿਅਕਤੀ ਜ਼ਿਆਦਾ ਸਮਾਂ ਟੀਵੀ ਜਾਂ ਮੋਬਾਈਲ ’ਤੇ ਹੀ ਬਿਤਾਉਣ ਦਾ ਆਦੀ ਹੋ ਗਿਆ| ਸੱਥਾਂ ਦੀਆਂ ਰੌਣਕਾਂ ਦਿਨ-ਬ-ਦਿਨ ਘੱਟ ਰਹੀਆਂ ਹਨ| ਰਾਜਨੀਤਿਕ ਧੜੇਬੰਦੀਆਂ, ਪੜ੍ਹਾਈਆਂ ਲਿਖਾਈਆਂ ਨਾਲ ਅਖੌਤੀ ਸਿਆਣਪਾਂ ਦੇ ਫਤੂਰ, ਨਿੱਕੇ ਮੋਟੇ ਲਾਲਚਾਂ ਵੱਸ ਸ਼ਰੀਕੇਬਾਜ਼ੀਆਂ ਤੇ ਵੱਡ-ਵਡੇਰਿਆਂ ਦੀਆਂ ਨਸੀਹਤਾਂ ਨੂੰ ਅੱਖੋਂ-ਪਰੋਖੇ ਕਰਨ ਜਿਹੇ ਕਾਰਨਾਂ ਕਰਕੇ ਸੂਝਵਾਨ ਲੋਕ ਇਕੱਠ ਦੇ ਰੌਲਿਆਂ ਤੋਂ ਦੂਰ ਰਹਿਣ ਦੇ ਆਦੀ ਹੋ ਗਏ ਹਨ| ਹੁਣ ਲੋਕ ਸੱਥ ਵਿੱਚ ਮਸਲੇ ਨਿਬੇੜਨ ਨਾਲੋਂ ਆਪਣੀ ਪਹੁੰਚ ਵਿਖਾਉਣ ਖ਼ਾਤਰ ਸਰਕਾਰੀ ਦਫ਼ਤਰਾਂ ਤੇ ਠਾਣੇ ਤਹਿਸੀਲਾਂ ਵੱਲ ਜ਼ਿਆਦਾ ਭੱਜਦੇ ਹਨ ਪਰ ਫਿਰ ਵੀ ਕਈ ਪਿੰਡਾਂ ਨੇ ਆਪਣੀਆਂ ਸੱਥਾਂ ਦੀ ਸ਼ਾਨ ਨੂੰ ਬਣਾ ਕੇ ਰੱਖਿਆ ਹੈ| ਪੰਜਾਬ ਦੀਆਂ ਸਾਰੀਆਂ ਸੱਥਾਂ ਸਲਾਮਤ ਰਹਿਣ, ਭਾਈਚਾਰਕ ਸਾਂਝਾਂ ਬਣੀਆਂ ਰਹਿਣ, ਦਿਲੀ ਦੁਆਵਾਂ ਹਨ|
-ਨਿਰਮਲ ਸਿੰਘ ਦਿਓਲ
+61-481-321-926