ਭਾਰਤ-ਪਾਕਿ ਸਰਹੱਦ ’ਤੇ ਲੱਗੀ ਹੋਈ ਕੰਡਿਆਲੀ ਤਾਰ ਉਨ੍ਹਾਂ ਦੇ ਜੀਵਨ ਦੌਰਾਨ ਉਨ੍ਹਾਂ ਦੀ ਰੂਹ ਨੂੰ ਕੰਡਿਆਂ ਵਾਂਗ ਚੁੱਭਦੀ ਰਹੀ ਜਿਸ ਬਾਰੇ ਉਹ ਅਕਸਰ ਆਖਿਆ ਕਰਦੇ ਸਨ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਇਹ ਤਾਰ ਪੁੱਟੀ ਜਾਵੇਗੀ ਪਰ ਅਫ਼ਸੋਸ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਉਹ ਦਿਨ ਨਹੀ ਆਇਆ ਅਤੇ 2005 ਵਿਚ ਉਹ ਪੰਜਾਬੀ ਕਵੀਸ਼ਰੀ ’ਤੇ ਆਪਣੇ ਸੁਨਹਿਰੀ ਹਸਤਾਖ਼ਰ ਕਰ ਕੇ ਸਾਥੋਂ ਸਦਾ ਲਈ ਵਿੱਛੜ ਗਏ।

ਤਹਿਸੀਲ ਪੱਟੀ ਦੇ ਪਿੰਡ ਘਰਿਆਲਾ ਦਾ ਪੁਰਾਣਾ ਨਾਂ ਘੜਿਆਲਾ ਸੀ। ਅੱਜ ਇਹ ਪਿੰਡ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ, ਉਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਉਸ ਤੋਂ ਵੀ ਪਹਿਲਾਂ ਜ਼ਿਲ੍ਹਾ ਲਹੌਰ ਦੇ ਅਧੀਨ ਆਉਂਦਾ ਸੀ। ਮੁਸਲਮਾਨਾਂ ਦੇ ਰਾਜ ਵਿਚ ਇਸ ਦਾ ਨਾਂ ਘੜਿਆਲਾ ਇਸ ਕਰਕੇ ਸੀ ਕਿ ਉਸ ਸਮੇਂ ਉਨ੍ਹਾਂ ਵੱਲੋਂ ਮੁਕੱਰਰ ਕੀਤਾ ਗਿਆ। ਇਕ ਮੁਨਸਿਫ਼ ਇੱਥੇ ਲੋਕਾਂ ਦੇ ਦੁੱਖ ਦਰਦ ਸੁਣਨ, ਉਨ੍ਹਾਂ ਦਾ ਹੱਲ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਅਦਾਲਤ ਲਗਾ ਕੇ ਬੈਠਿਆ ਕਰਦਾ ਸੀ। ਉਸ ਦੀ ਅਦਾਲਤ ਦੇ ਬਾਹਰ ਇਕ ਘੜਿਆਲ ਲੱਗਾ ਹੁੰਦਾ ਸੀ ਅਤੇ ਫ਼ਰਿਆਦੀ ਉਹ ਘੜਿਆਲ ਖੜਕਾ ਕੇ ਮੁਨਸਿਫ਼ ਦੇ ਹਜ਼ੂਰ ਆਪਣੀ ਫ਼ਰਿਆਦ ਲੈ ਕੇ ਦਿਨ ਜਾਂ ਰਾਤ ਕਿਸੇ ਸਮੇਂ ਵੀ ਪੇਸ਼ ਹੋ ਸਕਦੇ ਸਨ।
ਅੰਗਰੇਜ਼ਾਂ ਦੇ ਰਾਜ ਵਿਚ ਵੀ ਉਨ੍ਹਾਂ ਵੱਲੋਂ ਨਿਯੁਕਤ ਕੀਤਾ ਗਿਆ ਆਨਰੇਰੀ ਮਜਿਸਟ੍ਰੇਟ ਇੱਥੇ ਅਦਾਲਤ ਲਗਾ ਕੇ ਬੈਠਿਆ ਕਰਦਾ ਸੀ ਅਤੇ ਉਸ ਦੀ ਅਦਾਲਤ ਦੇ ਬਾਹਰ ਵੀ ਘੜਿਆਲ ਲਮਕਦਾ ਰਹਿੰਦਾ ਸੀ। ਇਹ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਸੰਤਾਲੀ ਦੀ ਵੰਡ ਤੋਂ ਬਾਅਦ ਉਹ ਇੱਥੋਂ ਉੱਜੜ ਕੇ ਪਾਕਿਸਤਾਨ ਵਿਚ ਚਲੇ ਗਏ ਤੇ ਉੱਧਰੋਂ-ਉੱਜੜੇ ਹੋਏ ਲੋਕ ਇਸ ਪਿੰਡ ਵਿਚ ਆ ਕੇ ਵੱਸ ਗਏ। ਇਸ ਪਿੰਡ ਵਿਚ ਵੱਸਦੇ ਪਰਿਵਾਰਾਂ ਵਿੱਚੋਂ ਕੋਈ ਵੀ ਪਰਿਵਾਰ ਇੱਥੋਂ ਦਾ ਜੱਦੀ ਵਸਨੀਕ ਨਹੀਂ ਹੈ। ਉੱਧਰਲੇ ਹੋਰਨਾਂ ਪਿੰਡਾਂ ਵਿੱਚੋਂ ਉੱਜੜ ਕੇ ਇੱਥੇ ਵੱਸਣ ਵਾਲੇ ਬਹੁਤੇ ਲੋਕ ਲਹਿੰਦੇ ਪੰਜਾਬ ਦੇ ਪਿੰਡ ਰਾਜਾ ਜੰਗ ਵਿੱਚੋਂ ਉੱਜੜ ਕੇ ਇੱਥੇ ਆ ਵੱਸੇ ਹਨ।
ਪੰਡਿਤ ਮੋਹਨ ਸਿੰਘ ਕਵੀਸ਼ਰ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ ਜਿਹੜਾ ਉਜਾੜੇ ਦਾ ਸੱਲ੍ਹ ਸੀਨੇ ਵਿਚ ਦਬਾ ਕੇ ਇੱਥੇ ਆ ਵੱਸਿਆ ਅਤੇ ਆਪਣੀ ਕਵੀਸ਼ਰੀ ਰਾਹੀਂ ਪੂਰੇ ਪੰਜਾਬ ਵਿਚ ਨਾਮਵਰ ਕਵੀਸ਼ਰ ਵਜੋਂ ਪ੍ਰਸਿੱਧ ਹੋਇਆ। ਉਜਾੜੇ ਦੇ ਸੰਤਾਪ ਨੂੰ ਬਿਆਨ ਕਰਦੀ ਉਨ੍ਹਾਂ ਦੀ ਕਵੀਸ਼ਰੀ ‘ਸਾਂਵੇਂ’ ਕੋਈ ਵੀ ਦਿਲ ਵਿਚ ਦਰਦ ਰੱਖਣ ਵਾਲਾ ਮਨੁੱਖ ਸੁੱਕੀਆਂ ਅੱਖਾਂ ਨਾਲ ਨਹੀਂ ਸੁਣ ਸਕਦਾ। ਉਸ ਕਵੀਸ਼ਰੀ ਦੀਆਂ ਕੁੱਝ ਸਤਰਾਂ ਵੇਖੋ :
ਡਿੱਠਾ ਇਕ ਝੁਰਮਟ ਕੁੜੀਆਂ ਦਾ
ਉਹ ਤ੍ਰਿਝੰਣਾਂ ਅੰਦਰ ਗਾਉਂਦੀਆਂ ਸਨ
ਕਈ ਪਿੱਪਲੀਂ ਪੀਂਘਾਂ ਪਾ ਕੇ ਤੇ
ਰੱਜ ਰੱਜ ਕੇ ਪੀਂਘ ਚੜ੍ਹਾਉਂਦੀਆਂ ਸਨ।
ਨੱਚਦੀ ਟੱਪਦੀ ਢਾਣੀ ਤੋਂ
ਬੈਠੀ ਇਕ ਪਰ੍ਹੇ ਨਿਆਣੀ ਸੀ
ਉਸ ਮੂਰਤ ਜ਼ਮੀਂ ਵਿਚ ਗੱਡੀ ਸੀ
ਤੇ ਬੈਠੀ ਨਿਮੋਝਾਣੀ ਸੀ।
ਮੈਂ ਪੁੱਛਿਆ ਉਸ ਨੂੰ ਦੱਸ ਬੀਬੀ
ਕਿਉਂ ਬੈਠੀ ਪਰ੍ਹਾਂ ਦੁਰੇਡੇ ਨੀਂ
ਸਭ ਕੁੜੀਆਂ ਸਾਂਵੇਂ ਖੇਡਦੀਆਂ
ਪਰ ਤੂੰ ਨਾ ਸਾਵੇਂ ਖੇਡੇ ਨੀਂ।
ਉਹ ਬੋਲੀ ਵੇ ਵੀਰਾ ਸਾਵੇਂ ਨੇ ਸਾਂਵੀਆਂ ਦੇ
ਮੈਨੂੰ ਰੱਬ ਨਾ ਸਾਵੀਂ ਛੱਡਿਆ ਏ
ਪਿਉ ਦਾਦਾ ਵੱਸਦਾ ਸੀ ਜਿੱਥੇ
ਉਸ ਘਰ ਵਿੱਚੋਂ ਸਾਨੂੰ ਕੱਢਿਆ ਏ।
ਉਹ ਕਿੱਕਲੀ ਪਾਵਣ ਵੀਰੇ ਦੀ
ਮੇਰੇ ਵੀਰੇ ਘੱਤ ਵਹੀਰ ਗਏ
ਮੇਰੀ ਮਾਂ ਵੀ ਪਿੱਛਾ ਦੇ ਗਈ
ਮੇਰੇ ਸੁਖ ਦੇ ਦਿਨ ਅਖ਼ੀਰ ਗਏ।
ਇਨ੍ਹਾਂ ਖ਼ਸਮਾਂ ਖਾਣਿਆਂ ਲੀਡਰਾਂ ਨੇ
ਜਦੋਂ ਵੰਡ ਦੇਸ਼ ਦੀ ਪਾਈ ਸੀ
ਮੇਰੀ ਜਮਾਂਤਰ ਭੂਮੀ ਜੋ
ਉਹ ਹੱਥ ਮੋਮਨਾਂ ਆਈ ਸੀ ।
ਉਹ ਸਾਰੇ ਇੱਕ ਦਿਨ ’ਕੱਠੇ ਹੋ
ਆ ਸਾਡੇ ਪਿੰਡ ’ਤੇ ਟੁੱਟ ਪਏ
ਲੋਹੇ ਨਾਲ ਨਾਲ ਵੱਜਿਆ ਜਾਂ
ਸਾਡੇ ਵੀ ਅੱਗੋਂ ਜੁੱਟ ਪਏ ।
ਕਰੀਬ ਵੀਹ ਪੰਝੀ ਵਰ੍ਹੇ ਪਹਿਲਾਂ ਜਦੋਂ ਦੋਹਾਂ ਪੰਜਾਬਾਂ ਦੇ ਸ਼ਾਇਰ ਤੇ ਅਦੀਬ ਪੱਟੀ ਵਿਖੇ ਇੱਕਤਰ ਹੋਏ ਸਨ ਤਾਂ ਸਾਹਿਤ ਸਭਾ ਪੱਟੀ ਦੇ ਬਾਨੀ ਨਿਰਮਲ ਅਰਪਨ ਹੁਰਾਂ ਨੇ ਉਸ ਪ੍ਰਭਾਵਸ਼ਾਲੀ ਸਮਾਰੋਹ ਵਿਚ ਪੰਡਿਤ ਮੋਹਨ ਸਿੰਘ ਕਵੀਸ਼ਰ ਨੂੰ ਸਭਾ ਵੱਲੋਂ ਸਨਮਾਨਿਤ ਕਰਦਿਆਂ ਹੋਇਆਂ ਹਾਜ਼ਰ ਅਦੀਬਾਂ ਵਿਚ ਉਨ੍ਹਾਂ ਦੀ ਇਸ ਕਵਿਤਾ ਦੀ ਤੁਲਨਾ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਨਾਲ ਕੀਤੀ ਸੀ। ਇਸ ਤੋਂ ਪਹਿਲਾਂ ਕਵੀਸ਼ਰੀ ਦੇ ਸੁਨਹਿਰੀ ਹਸਤਾਖ਼ਰ ਸੋਹਣ ਸਿੰਘ ਸੀਤਲ ਨੇ ਵੀ ਉਨ੍ਹਾਂ ਦੀ ਇਸ ਕਵੀਸ਼ਰੀ ਨੂੰ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ਼ ਸ਼ਾਹ’ ਦੇ ਬਰਾਬਰ ਰੁਤਬਾ ਦੇ ਕੇ ਨਿਵਾਜਿ਼ਆ ਸੀ।
ਪੰਡਿਤ ਮੋਹਨ ਸਿੰਘ ਕਵੀਸ਼ਰ ਦਾ ਜਨਮ ਬ੍ਰਹਾਮਣ ਪਰਿਵਾਰ ਵਿਚ 1918 ਨੂੰ ਲਹੌਰ ਦੇ ਜ਼ਿਲ੍ਹਾ ਰਾਜਾ ਜੰਗ ਵਿਚ ਪਿਤਾ ਪੂਰਨ ਸਿੰਘ ਅਤੇ ਮਾਤਾ ਗੁਲਾਬ ਕੌਰ ਦੇ ਘਰ ਹੋਇਆ। ਉਨ੍ਹਾਂ ਦੀ ਸਕੂਲੀ ਵਿੱਦਿਆ ਭਾਵੇਂ ਅੱਠ ਜਮਾਤਾਂ ਤੱਕ ਸੀਮਤ ਰਹੀ ਪਰ ਉਨ੍ਹਾਂ ਦੀ ਕਵੀਸ਼ਰੀ ’ਤੇ ਅੱਜ-ਕੱਲ੍ਹ ਦੇ ਵਿਦਿਆਰਥੀ ਪੀਐੱਚ ਡੀ ਕਰ ਰਹੇ ਹਨ।
ਪੰਡਿਤ ਮੋਹਨ ਸਿੰਘ ਨੇ ਹੁਰਾਂ ਨੇ ਜਦੋਂ ਆਪਣੇ ਪਿੰਡ ਰਾਜਾ ਜੰਗ ਦੇ ਪੰਡਿਤ ਬੀਰਬਲ ਹੁਰਾਂ ਨੂੰ ਕਵੀਸ਼ਰੀ ਗਾਉਂਦਿਆਂ ਹੋਇਆ ਸੁਣਿਆ ਤਾਂ ਉਹ ਉਨ੍ਹਾਂ ਤੋਂ ਐਨਾ ਪ੍ਰਭਾਵਿਤ ਹੋਏ ਕਿ ਉਸ ਨੂੰ ਆਪਣਾ ਉਸਤਾਦ ਧਾਰ ਲਿਆ ਅਤੇ ਆਪਣੇ ਘਰ ਲੈ ਆਏ। ਪਿੰਡ ਰਾਜਾ ਜੰਗ ਦੇ ਨੇੜਲੇ ਪਿੰਡ ਜਿਊਣੇ ਕੇ ਦਾ ਚਿਰਾਗ਼ ਦੀਨ ਉਰਦੂ ਵਿਚ ਕਿੱਸਾਕਾਰੀ ਕਰਦਾ ਅਤੇ ਕਵਿਤਾ ਲਿਖਦਾ ਹੁੰਦਾ ਸੀ ਜਿਸ ਤੋਂ ਮੁਤਾਸਿਰ ਹੋ ਕੇ ਪੰਡਿਤ ਮੋਹਨ ਸਿੰਘ ਨੇ ਕਵਿਤਾ ਲਿਖਣੀ ਅਤੇ ਕਿੱਸਾਕਾਰੀ ਕਰਨੀ ਸ਼ੁਰੂ ਕਰ ਦਿੱਤੀ ।
ਕਵਿਤਾ ਤੇ ਕਵੀਸ਼ਰੀ ਲਿਖਣ ਤੋਂ ਇਲਾਵਾ ਉਨ੍ਹਾਂ ਨੇ ‘ਲਤੀਫ਼ਾ ਜਾਨਵਰਾਂ’, ‘ਆਟੇ ਦਾ ਕਿੱਸਾ’ ਅਤੇ ‘ਬਟਵਾਰਾ’ ਕਿੱਸੇ ਵੀ ਲਿਖੇ । ਵੰਡ ਤੋਂ ਪਹਿਲਾਂ ਕਸੂਰ ਦੀ ਅਦਾਲਤ ਦੇ ਇਕ ਜੱਜ ਨੇ ਉਨ੍ਹਾਂ ਕੋਲੋਂ ‘ਕਿੱਸਾ ਜਾਨਵਰਾਂ’ ਦਾ ਸੁਣ ਕੇ ਉਨ੍ਹਾਂ ਦਾ ਸਾਰੇ ਪੰਜਾਬ ਵਿਚ ਰੇਲ ਗੱਡੀ ਦਾ ਕਿਰਾਇਆ ਮਾਫ਼ ਕਰ ਦਿੱਤਾ ਸੀ।
ਵੰਡ ਤੋਂ ਬਾਅਦ 1956 ਵਿਚ ਉਨ੍ਹਾਂ ਦਾ ਵਿਆਹ ਮਾਤਾ ਮਨਜੀਤ ਕੌਰ ਪੁੱਤਰੀ ਪੰਡਿਤ ਪੂਰਨ ਸਿੰਘ ਨਿਵਾਸੀ ਕੁੱਲਾ ਨਾਲ ਅੰਮ੍ਰਿਤਸਰ ਵਿਖੇ ਹੋਇਆ ਅਤੇ ਉਨ੍ਹਾਂ ਦੇ ਘਰ ਤਿੰਨ ਪੁੱਤਰਾਂ, ਸੁਰਿੰਦਰਪਾਲ ਸਿੰਘ ਘਰਿਆਲਾ, ਜਗਦੀਸ਼ ਸਿੰਘ ਤੇ ਭੁਪਿੰਦਰ ਸਿੰਘ ‘ਲਾਲ’ ਅਤੇ ਇਕ ਪੁੱਤਰੀ ਦਵਿੰਦਰ ਕੌਰ ਨੇ ਜਨਮ ਲਿਆ।
ਪੰਡਿਤ ਮੋਹਨ ਸਿੰਘ ਕਵੀਸ਼ਰ ਦੇ ਪੰਜਾਹ ਦੇ ਕਰੀਬ ਸ਼ਗਿਰਦ ਹਨ ਜਿਨ੍ਹਾਂ ਰਾਹੀਂ ਉਨ੍ਹਾਂ ਦੀ ਕਵੀਸ਼ਰੀ ਦਾ ਦਰਿਆ ਅੱਜ ਵੀ ਨਿਰੰਤਰ ਵਹਿ ਰਿਹਾ ਹੈ। ਉਨ੍ਹਾਂ ਦੇ ਸ਼ਗਿਰਦਾਂ ਵਿੱਚੋਂ ਅਜੋਕੇ ਦੌਰ ਦੇ ਸਿਰਮੌਰ ਕਵੀਸ਼ਰ ਸਰੂਪ ਸਿੰਘ ਸੂਰ ਵਿੰਡ, ਬਲਦੇਵ ਸਿੰਘ ਬੈਂਕਾ, ਜਰਨੈਲ ਸਿੰਘ ਸਭਰਾ, ਹਰਭਜਨ ਸਿੰਘ ਸਭਰਾ ਅਤੇ ਬਲਦੇਵ ਸਿੰਘ ਘਰਿਆਲੀ ਤੋਂ ਇਲਾਵਾ ਹੋਰ ਅਨੇਕਾਂ ਨਾਮਵਰ ਕਵੀਸ਼ਰ ਹਨ ਪਰ ਵੰਡ ਤੋਂ ਬਾਅਦ ਇੱਧਰ ਆ ਕੇ ਉਨ੍ਹਾਂ ਨੇ ਆਪਣੀ ਕਵੀਸ਼ਰੀ ਦੀ ਸ਼ੁਰੂਆਤ ਦਰਸ਼ਨ ਸਿੰਘ ਆਸਲ ਅਤੇ ਲਾਲ ਸਿੰਘ ਲਾਲ ਨਾਲ ਜਥਾ ਬਣਾ ਕੇ ਕੀਤੀ ਸੀ।
ਪੰਡਿਤ ਮੋਹਨ ਸਿੰਘ ਕਵੀਸ਼ਰ ਨੇ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ, ਸ਼ਹਾਦਤਾਂ ਅਤੇ ਉਨ੍ਹਾਂ ਦੇ ਤਿਆਗ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਲੜ੍ਹੀਆਂ ਗਈਆਂ ਜੰਗਾਂ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬਿਧੀ ਚੰਦ ਦੇ ਘੋੜੇ, ਭਾਈ ਬੋਤਾ ਸਿੰਘ ਗਰਜਾ ਸਿੰਘ, ਮਹਾਂਰਾਣੀ ਜਿੰਦਾਂ, ਕੂਕਾ ਲਹਿਰ ਦੇ ਸ਼ਹੀਦਾਂ, ਭਗਤ ਸਿੰਘ ਅਤੇ ਊਧਮ ਸਿੰਘ ਦੀ ਦੀ ਕਵੀਸ਼ਰੀ ਤੋਂ ਇਲਾਵਾ ਹੋਰ ਦੇਸ਼ ਭਗਤਾਂ ਵਾਸਤੇ ਵੀ ਕਵੀਸ਼ਰੀ ਕੀਤੀ ਹੈ। ਉਨ੍ਹਾਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਕੀਤੀ ਗਈ ਇੱਕ ਕਵੀਸ਼ਰੀ ਦਾ ਨਮੂਨਾ ਵੇਖੋ :
ਭਗਤ ਰੱਬ ਦਾ ਬਣਨਾ ਬਹੁਤ ਸੌਖਾ
ਔਖਾ ਦੇਸ਼ ਦਾ ਭਗਤ ਅਖਵਾਵਣਾ ਜੇ।
ਜਿਉਂਦੀ ਜਾਨ ਨੂੰ ਚਿਖ਼ਾ ’ਤੇ ਚਾੜ੍ਹ ਦੇਣਾ
ਸੜ ਵਾਂਗ ਪੰਤਗਿਆਂ ਦੇ ਜਾਵਨਾ ਜੇ ।
ਕਾਲੇ ਪਾਣੀਆਂ ਦੀ ਸਜ਼ਾ ਮੰਨ ਲੈਣੀ
ਭਉਂਕੇ ਪਰਤ ਨਾ ਘਰ ਨੂੰ ਆਵਣਾ ਜੇ।
ਵਿਛੜ ਜਾਣਾ ਪਰਿਵਾਰ ਦੀ ਲੜੀ ਵਿੱਚੋਂ
ਜਾਇਦਾਤ ਨੂੰ ਕੁਰਕ ਕਰਾਵਣਾ ਜੇ।
ਊਧਮ ਸਿੰਘ ਵਾਲਾਇਤ ਦੇ ਵਿਚ ਪੁੱਜਾ
ਮਾਰ ਉਡਵਾਇਰ ਨੂੰ ਹਿਸਾਬ ਚੁਕਾਵਣਾ ਜੇ।
ਗ਼ਦਰੀ ਬਾਬਿਆਂ ਹੱਦ ਮੁੱਕਾ ਦਿੱਤੀ
ਕਾਮਾਗਾਟਾ ਜਹਾਜ਼ ਡੁੱਬ ਜਾਵਣਾ ਜੇ।
ਇਕ-ਇਕ ਨੂੰ ਜੇ ਮੈਂ ਲਿਖਣ ਲੱਗਾਂ
ਮਜ਼ਮੂਨ ਕਵਿਤਾ ਦਾ ਵਧ ਫੇਰ ਜਾਵਣਾ ਜੇ।
ਮੋਹਨ ਸਿੰਘਾਂ ਗਦਾਰਾਂ ਨੂੰ ਚੁੱਕ ਛੇਤੀ
ਅੱਗੇ ਗੁਰੂ ਦੇ ਮੇਰੀ ਇਹ ਭਾਵਨਾ ਜੇ।
ਭਾਰਤ-ਪਾਕਿ ਸਰਹੱਦ ’ਤੇ ਲੱਗੀ ਹੋਈ ਕੰਡਿਆਲੀ ਤਾਰ ਉਨ੍ਹਾਂ ਦੇ ਜੀਵਨ ਦੌਰਾਨ ਉਨ੍ਹਾਂ ਦੀ ਰੂਹ ਨੂੰ ਕੰਡਿਆਂ ਵਾਂਗ ਚੁੱਭਦੀ ਰਹੀ ਜਿਸ ਬਾਰੇ ਉਹ ਅਕਸਰ ਆਖਿਆ ਕਰਦੇ ਸਨ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਇਹ ਤਾਰ ਪੁੱਟੀ ਜਾਵੇਗੀ ਪਰ ਅਫ਼ਸੋਸ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਉਹ ਦਿਨ ਨਹੀ ਆਇਆ ਅਤੇ 2005 ਵਿਚ ਉਹ ਪੰਜਾਬੀ ਕਵੀਸ਼ਰੀ ’ਤੇ ਆਪਣੇ ਸੁਨਹਿਰੀ ਹਸਤਾਖ਼ਰ ਕਰ ਕੇ ਸਾਥੋਂ ਸਦਾ ਲਈ ਵਿੱਛੜ ਗਏ। ਅਸੀਂ ਇਹ ਆਸ ਕਰਦੇ ਹਾਂ ਕਿ ਉਹ ਦਿਨ ਜ਼ਰੂਰ ਆਵੇਗਾ ਜਦੋਂ ਸਰਹੱਦ ‘ਤੇ ਲੱਗੀ ਹੋਈ ਇਹ ਬੇਲੱਛਣੀ ਕੰਡਿਆਲੀ ਤਾਰ ਸਦਾ ਲਈ ਪੁੱਟ ਦਿੱਤੀ ਜਾਵੇਗੀ ਅਤੇ ਪੰਡਿਤ ਮੋਹਨ ਸਿੰਘ ਕਵੀਸ਼ਰ ਦੀ ਰੂਹ ਨੂੰ ਸਕੂਨ ਮਿਲੇਗਾ। ਪਿੰਡ ਘਰਿਆਲਾ ਵਿਚ ਵੱਜਦੇ ਰਹੇ ਘੜਿਆਲ ਦੀ ਅਵਾਜ ਭਾਵੇਂ ਖ਼ਮੋਸ਼ ਹੋ ਗਈ ਹੈ ਪਰ ਪੰਡਿਤ ਮੋਹਨ ਸਿੰਘ ਕਵੀਸ਼ਰ ਘਰਿਆਲਾ ਦੀ ਕਵੀਸ਼ਰੀ ਦੀ ਮਹਿਕ ਜੁਗਾਂ ਜੁਗਾਂਤਰਾਂ ਤੱਕ ਪੰਜਾਬ ਦੀਆਂ ਫਿਜ਼ਾਵਾਂ ਤੇ ਹਵਾਵਾਂ ਵਿਚ ਮਹਿਕਦੇ ਰਵੇਗੀ ।
-ਬਰਕਤ ਸਿੰਘ ਵੋਹਰਾ।
94651-07071