ਇਸ ਲਾਇਬ੍ਰੇਰੀ ’ਚ ਸ਼ੋਭਾ ਸਿੰਘ ਵੱਲੋਂ ਪੇਂਟ ਕੀਤੀ ਹੋਈ ਮੇਜਰ ਜਨਰਲ ਆਤਮਾ ਸਿੰਘ ਦੀ ਰੰਗੀਨ ਫੋਟੋ ਸਭ ਤੋਂ ਵੱਧ ਆਕਰਸ਼ਿਤ ਸੀ, ਜਿਸ ’ਤੇ ਭੇਟਾ ਪੰਜ ਸੌ ਰੁਪਏ ਲਿਖਿਆ ਮੇਰੇ ਚੰਗੀ ਤਰ੍ਹਾਂ ਯਾਦ ਹੈ। ਕੈਨਵਸ ’ਤੇ ਤੇਲ ਰੰਗ ਵਿਚ ਬਣਿਆ ਪੋਰਟਰੇਟ ਅੱਜ ਵੀ ਅੱਖਾਂ ਬੰਦ ਕੀਤਿਆਂ ਆਇਨੇ ’ਤੇ ਸਪੱਸ਼ਟ ਹੋ ਜਾਂਦਾ ਹੈ। ਸ਼ਾਇਦ ਇਹੀ ਉਹ ਰੰਗ ਹਨ, ਜਿਹੜੇ ਹਰ ਪਲ ਮੈਨੂੰ ਅੱਜ ਵੀ ਰੰਗਾਂ ਸੰਗ ਖੇਡਣ ਦਾ ਬਲ ਬਖ਼ਸ਼ਦੇ ਰਹਿੰਦੇ ਹਨ।

ਪੇਂਟਿੰਗ ’ਚ ਦਿਖਾਈ ਦੇ ਰਹੀ ਇਹ ਇਮਾਰਤ ਬਚਪਨ ਤੋਂ ਹੁਣ ਤਕ ਮੇਰੀ ਪ੍ਰੇਰਨਾਸਰੋਤ ਰਹੀ ਹੈ। ਸਕੂਲ ਤੋਂ ਘਰ ਆਉਂਦਿਆਂ ਸਾਰ ਬਸਤਾ ਸੁੱਟ, ਫੱਟੀ ਰੱਖ, ਖੱਦਰ ਦੇ ਪੋਣੇ ’ਚ ਪਈਆਂ ਰੋਟੀਆਂ ਨੂੰ ਮੱਖਣ ਲਾ ਲੂਣ ਛਿੜਕ ਕੇ ਪੂਣੀ ਬਣਾ ਦੰਦੀ ਵੱਢਦਿਆਂ ਭੱਜ ਜਾਣਾ। ਪਿੱਛੋਂ ਮਾਂ ਦੀ ਆਵਾਜ਼ ਹਰ ਰੋਜ਼ ਦੀ ਤਰ੍ਹਾਂ ਹੁੰਦੀ, ‘ਘਰੇ ਰਹੀਂ, ਮੈਂ ਸਾਗ ਤੋੜਨ ਜਾਣਾ, ਲਾਇਬ੍ਰੇਰੀ ਨਾ ਜਾਵੀਂ।’ ਮਾਂ ਦੇ ਰੌਲਾ ਪਾਉਂਦਿਆਂ ਤੇ ਰੋਕਦਿਆਂ ਮੈਂ ਰੋਜ਼ ਦੀ ਤਰ੍ਹਾਂ ਲਾਇਬ੍ਰੇਰੀ ਵਿਚ ਖੇਡਣ ਚਲੇ ਜਾਣਾ। ਕਿੰਨਾ ਸੁਭਾਗਾ ਸੀ ਬਚਪਨ, ਜਿੱਥੇ ਖੇਡਣ ਲਈ ਪਿੰਡ ਵਿਚ ਬਾਗ਼ ,ਵਾੜੇ, ਖਲਵਾੜੇ, ਬੋਹੜਾਂ ਪਿੱਪਲਾਂ ਦੀ ਛਾਂ, ਚੱਲਦੇ ਹਲਟਾਂ ਦੀ ਟਿਕ-ਟਿਕ ਅਤੇ ਬੁੱਧਕੀ ਨਦੀ ਦਾ ਵਿਸ਼ਾਲ ਤੱਟ ਸੀ। ਇਸ ਦੇ ਨਾਲ ਹੀ ਪਿੰਡ ਵਿਚ ਸੁੰਦਰ ਵਿਸ਼ਾਲ ਚਾਰਦੀਵਾਰੀ ਵਾਲੀ ਫੁੱਲਾਂ ਤੇ ਫ਼ਲਦਾਰ ਬੂਟਿਆਂ ’ਚ ਘਿਰੀ ਲਾਇਬ੍ਰੇਰੀ ਵੀ ਸੀ।
ਸ਼ੋਭਾ ਸਿੰਘ ਦੀ ਪੇਂਟਿੰਗ
ਇਸ ਲਾਇਬ੍ਰੇਰੀ ’ਚ ਸ਼ੋਭਾ ਸਿੰਘ ਵੱਲੋਂ ਪੇਂਟ ਕੀਤੀ ਹੋਈ ਮੇਜਰ ਜਨਰਲ ਆਤਮਾ ਸਿੰਘ ਦੀ ਰੰਗੀਨ ਫੋਟੋ ਸਭ ਤੋਂ ਵੱਧ ਆਕਰਸ਼ਿਤ ਸੀ, ਜਿਸ ’ਤੇ ਭੇਟਾ ਪੰਜ ਸੌ ਰੁਪਏ ਲਿਖਿਆ ਮੇਰੇ ਚੰਗੀ ਤਰ੍ਹਾਂ ਯਾਦ ਹੈ। ਕੈਨਵਸ ’ਤੇ ਤੇਲ ਰੰਗ ਵਿਚ ਬਣਿਆ ਪੋਰਟਰੇਟ ਅੱਜ ਵੀ ਅੱਖਾਂ ਬੰਦ ਕੀਤਿਆਂ ਆਇਨੇ ’ਤੇ ਸਪੱਸ਼ਟ ਹੋ ਜਾਂਦਾ ਹੈ। ਸ਼ਾਇਦ ਇਹੀ ਉਹ ਰੰਗ ਹਨ, ਜਿਹੜੇ ਹਰ ਪਲ ਮੈਨੂੰ ਅੱਜ ਵੀ ਰੰਗਾਂ ਸੰਗ ਖੇਡਣ ਦਾ ਬਲ ਬਖ਼ਸ਼ਦੇ ਰਹਿੰਦੇ ਹਨ। ਉਦੋਂ ਮੈਂ ਛੋਟਾ ਸੀ ਅਤੇ ਲਾਇਬ੍ਰੇਰੀ ’ਚ ਪੜ੍ਹਨ ਲਈ ਨਹੀਂ ਸਗੋਂ ਉੱਥੇ ਲੱਗੀਆਂ ਸੰਨ 1947 ਦੀ ਕਸ਼ਮੀਰ ਜੰਗ ਸਮੇਂ ਦੀਆਂ ਫੋਟੋਆਂ ਦੇਖਣ ਜਾਂਦਾ ਸੀ। ਵੱਡੇ ਹਾਲ ਕਮਰੇ ’ਚ ਚੁਫ਼ੇਰੇ ਕੰਧਾਂ ਉੱਤੇ ਅਖਰੋਟ ਦੀ ਲੱਕੜ ਦੀਆਂ ਚੁਗਾਠਾਂ ਵਿਚ ਮੇਰੇ ਪਿੰਡ ਦੇ ਮਹਾਨ ਯੋਧੇ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲੱਗੀਆਂ ਸਨ। ਮੈਂ ਕਿੰਨੀ-ਕਿੰਨੀ ਦੇਰ ਮਸ਼ੀਨ ਗੰਨਾਂ, ਟੈਂਕਾਂ, ਫ਼ੌਜੀ ਜਵਾਨਾਂ, ਜੰਗ-ਏ-ਮੈਦਾਨ ਵਿਚ ਫ਼ੌਜੀ ਅਫ਼ਸਰਾਂ ਅਤੇ ਵੱਖ-ਵੱਖ ਨੇਤਾਵਾਂ ਨਾਲ ਉਤਰੀਆਂ ਫੋਟੋਆਂ ਦੇਖਦਾ ਰਹਿੰਦਾ। ਇਹ ਫੋਟੋਆਂ ਮੈਨੂੰ ਹਰ ਰੋਜ਼ ਨਵੀਆਂ ਲੱਗਦੀਆਂ । ਇਹ ਸਥਾਨ ਮੇਰੇ ਲਈ ਅਜਿਹਾ ਸੰਸਾਰ ਸੀ, ਜਿੱਥੇ ਜਾ ਕੇ ਮੈਂ ਆਪਣੇ ਭਵਿੱਖ ਨੂੰ ਸਿਰਜਦਾ ਸੁਪਨੇ ਦੇਖਦਾ ਤੇ ਕੁਝ ਬਣਨਾ ਲੋਚਦਾ, ਇਹ ਮੇਰੇ ਬਚਪਨ ਦਾ ਚਾਨਣ ਮੁਨਾਰਾ ਸੀ। ਅਲਮਾਰੀਆਂ ’ਚ ਪਈਆਂ ਕਿਤਾਬਾਂ ਮੇਰੇ ਮਨ ਅੰਦਰ ਪੜ੍ਹਨ ਦੀ ਲਾਲਸਾ ਕਾਰਨ ਉਦੋਂ ਮੈਨੂੰ ਛੇਤੀ ਵੱਡਾ ਹੋ ਜਾਣ ਦੀ ਲੋਚਾ ਜਗਾਉਂਦੀਆਂ। ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਬੱਚਾ ਉਦੋਂ ਕਿੰਨਾ ਕੁ ਪੜ੍ਹ ਸਕਦਾ ਸੀ ਪਰ ਵਿਚਕਾਰ ਵੱਡੇ ਮੇਜ਼ ’ਤੇ ਪਈਆਂ ਅਖ਼ਬਾਰਾਂ ਦੀਆਂ ਫੋਟੋਆਂ ਦੇ ਪੰਨੇ ਪਲਟ ਜੀਅ ਜ਼ਰੂਰ ਪਰਚਾ ਲਈ’ਦਾ ਸੀ।
ਮਹਿੰਦਰ ਸਿੰਘ ਰੰਧਾਵਾ ਦੀ ਅਗਾਂਹਵਧੂ ਸੋਚ ਦਾ ਪ੍ਰਤੱਖ ਪ੍ਰਮਾਣ
ਇਹ ਲਾਇਬ੍ਰੇਰੀ ਪੰਜਾਬ ਦੇ ਮਹਾਨ ਸਪੂਤ ਮਹਿੰਦਰ ਸਿੰਘ ਰੰਧਾਵਾ ਦੀ ਉਸ ਸੋਚ ਦਾ ਪ੍ਰਤੱਖ ਪ੍ਰਮਾਣ ਸੀ, ਜਿਸ ਨੇ ਅਨੇਕ ਖੇਤਰਾਂ ਵਿਚ ਮਾਣਮੱਤਾ ਕੰਮ ਕਰਨ ਦੇ ਨਾਲ-ਨਾਲ ਪੰਜਾਬ ਦੇ ਹਰ ਪਿੰਡ ਵਿਚ ਲਾਇਬ੍ਰੇਰੀ ਬਣਾ ਕੇ ਪੰਜਾਬੀਆਂ ਨੂੰ ਕਿਤਾਬਾਂ ਨਾਲ ਜੋੜਨ ਦੀ ਸੋਚ ਪਾਲ੍ਹੀ ਸੀ। ਇਸ ਲਾਇਬ੍ਰੇਰੀ ਦਾ ਨੀਂਹ ਪੱਥਰ ਮਹਿੰਦਰ ਸਿੰਘ ਰੰਧਾਵਾ ਨੇ ਰੱਖਿਆ ਸੀ ਅਤੇ ਇਸ ਨੂੰ ਖੋਲ੍ਹਣ ਦੀ ਰਸਮ ਜੀਓਸੀ ਈਸਟ ਪੰਜਾਬ ਜੇਸੀ ਕਟੋਚ ਨੇ 24 ਨਵੰਬਰ 1951 ਨੂੰ ਨਿਭਾਈ ਸੀ। ਅਜਿਹੀਆਂ ਤਿੰਨ ਲਾਈਬ੍ਰੇਰੀਆਂ ਉਦੋਂ ਪੁਰਾਣੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਲਾਂਡਰਾਂ, ਸਿੰਘਪੁਰੇ ਤੇ ਮੇਰੇ ਪਿੰਡ ਬਹਿਰਾਮਪੁਰ ਜਿਮੀਂਦਾਰਾ ਵਿਖੇ ਬਣੀਆਂ ਸਨ। ਇਸ ਲਾਇਬ੍ਰੇਰੀ ਦੀਆਂ ਚੌੜੀਆਂ ਦੀਵਾਰਾਂ ’ਤੇ ਦੌੜਨਾ, ਛੂਹ-ਛੁਆਈ ਖੇਡਣਾ, ਅਨਾਰ ਤੋੜਨੇ, ਅੰਬਾਂ ’ਤੇ ਚੜ੍ਹਨਾ ਤਾਂ ਮੇਰੇ ਯਾਦ ਹੈ ਪਰ ਮੇਰੀ ਬਦਕਿਸਮਤੀ ਹੈ ਕਿ ਜਦੋਂ ਮੇਰੀਆਂ ਲਲਸਾਈਆਂ ਅੱਖਾਂ ਦੇ ਕਿਤਾਬਾਂ ਪੜ੍ਹਨ ਦੇ ਦਿਨ ਆਏ ਤਾਂ ਜ਼ਿਲ੍ਹਾ ਬੋਰਡ ਟੁੱਟਣ ਕਾਰਨ ਇਸ ਲਾਇਬ੍ਰੇਰੀ ਨੂੰ ਤਾਲੇ ਵੱਜ ਗਏ। ਜਦੋਂ ਕਾਫ਼ੀ ਦੇਰ ਬਾਅਦ ਇਹ ਲਾਇਬ੍ਰੇਰੀ ਖੋਲ੍ਹੀ ਗਈ ਤਾਂ ਉਦੋਂ ਤਕ ਕਿਤਾਬਾਂ ਸਿਓਂਕ ਨੇ ਖਾ ਲਈਆਂ ਸਨ। ਫਿਰ ਹੌਲੀ-ਹੌਲੀ ਇਸ ਇਮਾਰਤ ਦੀ ਹਾਲਤ ਖਸਤਾ ਹੁੰਦੀ ਗਈ। ਇਕ ਜੰਗੀ ਯੋਧੇ ਦੀ ਲਾਸਾਨੀ ਯਾਦ ਵਿਚ ਬਣੀ ਇਮਾਰਤ ਵਿਚ ਚਾਨਣ ਵੰਡਣ ਤੇ ਮਨੁੱਖੀ ਦਿਮਾਗ ਰੋਸ਼ਨ ਕਰਨ ਵਾਲੀ ਉਪਜੀ ਚਾਨਣ ਦੀ ਕਿਰਨ ਨੂੰ ਘਣੇ ਬੱਦਲਾਂ ਨੇ ਘੇਰ ਲਿਆ। ਇਕ-ਇਕ ਕਰਕੇ ਯਾਦਗਾਰੀ ਫੋਟੋਆਂ ਟੁੱਟਦੀਆਂ ਗਈਆਂ। ਫਰਨੀਚਰ ਕਿੱਥੇ ਗਿਆ ਕੁਝ ਪਤਾ ਨਹੀਂ। ਸ਼ੋਭਾ ਸਿੰਘ ਦੀ ਬਣਾਈ ਹੋਈ ਫੋਟੋ ਜਿਸ ਥਾਂ ਟੰਗੀ ਹੋਈ ਸੀ, ਉਸ ਥਾਂ ਕਬੂਤਰਾਂ ਨੇ ਆਲ੍ਹਣੇ ਪਾ ਲਏ ਸਨ। ਕਿਸ ਨੂੰ ਦੋਸ਼ੀ ਠਹਿਰਾਇਆ ਜਾਂਦਾ, ਲਾਵਾਰਸ ਹੋ ਗਈ ਸੀ ਇਹ ਲਾਇਬ੍ਰੇਰੀ।
ਕੀ ਸਾਡੀ ਵਿੱਦਿਅਕ ਸੋਚ ਨੂੰ ਆ ਲੱਗੀ ਇਹ ਸਿਓਂਕ
ਜਦੋਂ ਮੈਂ ਇਸ ਇਮਾਰਤ ਦੇ ਅੱਗਿਓਂ ਲੰਘਦਾ ਤਾਂ ਸਾਲਾਂ ਪਹਿਲਾਂ ਕਿਤਾਬਾਂ ਨੂੰ ਲੱਗੀ ਸਿਓਂਕ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੰਦੀ ਕਿ ਅਸਲੀਅਤ ਵਿਚ ਇਹ ਸਿਓਂਕ ਉਨ੍ਹਾਂ ਮਹਾਨ ਲੋਕਾਂ ਦੀ ਸੋਚ ਨੂੰ ਲੱਗੀ ਸੀ, ਜਿਸ ਸੋਚ ਨੇ ਕਿਤਾਬਾਂ ਨੂੰ ਨਹੀਂ ਸਗੋਂ ਸਾਡੇ ਦੇਸ਼ ਦੇ ਮਹਾਨ ਉਸਰਈਏ ਲੋਕਾਂ ਦੀ ਸੋਚ ਨੂੰ ਖਾ ਲਿਆ ਸੀ, ਜੋ ਸਾਨੂੰ ਕਿਤਾਬੀ ਗਿਆਨ ਨਾਲ ਜੋੜ ਕੇ ਨਵੇਂ-ਨਵੇਂ ਆਜ਼ਾਦ ਹੋਏ ਭਾਰਤ ਦੇਸ਼ ਦੇ ਲੋਕਾਂ ਦੀ ਸੋਚ ਨੂੰ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ। ਅਫਸੋਸ! ਅਸੀਂ ਬਹੁਤ ਗਿਣਤੀ ਲੋਕ ਅੱਜ ਵੀ ਕਿਤਾਬੀ ਗਿਆਨ ਦੀ ਥਾਂ ਆਪਣੀ ਆਸਥਾ ਉਨ੍ਹਾਂ ਸਥਾਨਾਂ ਨਾਲ ਜੋੜੀ ਫਿਰਦੇ ਹਾਂ, ਜਿੱਥੋਂ ਅੰਧ-ਵਿਸ਼ਵਾਸ ਹੀ ਉਪਜਦਾ ਹੈ।
ਮੁੜ ਚਾਲੂ ਹੋਈ ਲਾਇਬ੍ਰੇਰੀ
ਸਾਲ 1984-85 ਦੀ ਗੱਲ ਹੈ ਕਿ ਮੇਰੇ ਪਿੰਡ ਦੇ ਕੁਝ ਇਸ ਇਮਾਰਤ ਨਾਲ ਪਿਆਰ ਰੱਖਣ ਵਾਲੇ ਨੌਜਵਾਨਾਂ ਨੇ ਪਿੰਡ ਦੇ ਯੂਥ ਕਲੱਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਇਸ ਇਮਾਰਤ ਦੀ ਛੱਤ ਤੋਂ ਮਿੱਟੀ ਉਤਾਰ ਕੇ ਅਤੇ ਕੁਝ ਪੈਸਿਆਂ ਦਾ ਪ੍ਰਬੰਧ ਕਰ ਕੇ ਇਸ ਦੀ ਛੱਤ ਨੂੰ ਠੀਕ ਕਰਵਾਇਆ। ਪਰਨਾਲੇ ਬੰਦ ਹੋ ਜਾਣ ਕਰਕੇ ਮੀਂਹ ਪੈਣ ਤੋਂ ਬਾਅਦ ਵੀ ਇਸ ਦੀ ਲੈਂਟਰ ਵਾਲੀ ਛੱਤ ਤਿਪਕਦੀ ਰਹਿੰਦੀ ਸੀ। ਇਸ ਲਾਇਬ੍ਰੇਰੀ ਦੀ ਇਮਾਰਤ ਦੀ ਹਾਲਤ ਬਣਾਈ ਰੱਖਣ ਦੀ ਕੋਸ਼ਿਸ਼ ਅਧੀਨ ਪੰਚਾਇਤ ਵੱਲੋਂ ਇਸ ਨੂੰ ਪ੍ਰਾਈਵੇਟ ਅੰਗਰੇਜ਼ੀ ਸਕੂਲ ਨੂੰ ਸੌਂਪ ਦਿੱਤਾ ਗਿਆ। ਕਿੰਨੇ ਸਾਲ ਇਹ ਇਮਾਰਤ ਉਸ ਸਕੂਲ ਕਾਰਨ ਸਾਂਭੀ ਗਈ। ਸਕੂਲ ਪ੍ਰਬੰਧਕਾਂ ਵੱਲੋਂ ਆਪਣੀ ਇਮਾਰਤ ’ਚ ਚਲੇ ਜਾਣ ਉਪਰੰਤ ਇਸ ਮੁੜ ਲਾਵਾਰਿਸ ਇਮਾਰਤ ਨੂੰ ਸਾਂਭਣ ਦੀ ਜ਼ਿੰਮੇਵਾਰੀ ਪੰਚਾਇਤ ’ਤੇ ਆ ਪਈ। ਅੱਜ ਇਸ ਇਮਾਰਤ ਨੂੰ ਉਨ੍ਹਾਂ ਉਚਿਤ ਪ੍ਰਬੰਧ ਅਧੀਨ ਸਾਂਭਿਆ ਹੋਇਆ ਹੈ। ਅੱਜ ਇੱਥੇ ਕਿਤਾਬਾਂ ਦੇ ਨਾਲ ਰੋਜ਼ਾਨਾ ਅਖ਼ਬਾਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸ਼ੋਭਾ ਸਿੰਘ ਦੀ ਪੇਂਟਿੰਗ ਦੀ ਥਾਂ ਉਸ ਮਹਾਨ ਯੋਧੇ ਮੇਜਰ ਜਨਰਲ ਆਤਮਾ ਸਿੰਘ ਜੀ ਦੀ ਵੱਡੀ ਫੋਟੋ ਲੱਗੀ ਹੈ। ਪਿੰਡ ਵਾਲਿਆਂ ਵੱਲੋਂ ਚੁਫ਼ੇਰੇ ਕੰਧਾਂ ਉੱਤੇ ਸੁਹਜਮਈ ਢੰਗ ਨਾਲ ਪਿੰਡ ਦੇ ਸ਼ਹੀਦਾਂ ਅਤੇ ਸਮਾਜਿਕ ਸ਼ਖ਼ਸੀਅਤਾਂ ਦੀਆਂ ਫੋਟੋਆਂ ਲਗਾ ਕੇ ਉਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਗਿਆ ਹੈ। ਵਿਚਕਾਰ ਵੱਡਾ ਟੇਬਲ ਅਤੇ ਚੁਫ਼ੇਰੇ ਲੱਗੀਆਂ ਕੁਰਸੀਆਂ ਪੁਰਾਣੀ ਯਾਦ ਤਾਜ਼ਾ ਕਰਵਾ ਰਹੀਆਂ ਹਨ।
ਸਰਕਾਰੀ ਅਣਗੌਲੇ ਦਾ ਸ਼ਿਕਾਰ ਕਿਉਂ
ਅਨੇਕਾਂ ਵਾਰ ਪੰਚਾਇਤ ਦੀਆਂ ਕੋਸ਼ਿਸ਼ਾਂ ਅਤੇ ਰਾਜਨੀਤਕ ਲੀਡਰਾਂ ਦੇ ਵਾਅਦਿਆਂ ਦੇ ਬਾਵਜੂਦ ਇਸ ਲਾਇਬ੍ਰੇਰੀ ਨੂੰ ਸਰਕਾਰ ਨੇ ਚਲਾਉਣ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ, ਵੱਡੇ ਸਵਾਲ ਪੈਦਾ ਕਰਦੀ ਹੈ ਇਹ ਗੱਲ। ਕੀ ਸਿੱਖਿਆ ਤੇ ਮੈਡੀਕਲ ਸਹੂਲਤਾਂ ਦੇ ਨਾਲ ਹੀ ਲੋਕਾਂ ’ਚ ਬੌਧਿਕ ਵਿਕਾਸ ਲਈ ਪਿੰਡ ਵਿਚ ਲਾਇਬ੍ਰੇਰੀਆਂ ਅਤਿ ਜ਼ਰੂਰੀ ਨਹੀਂ। ਸਕੂਲੀ ਸਿੱਖਿਆ ਪੂਰੀ ਹੋ ਜਾਣ ਉਪਰੰਤ ਚੇਤਨ ਅਤੇ ਅਗਾਂਹਵਧੂ ਸੋਚ ਦੀ ਸ਼ਕਤੀ ਨੂੰ ਤਰਕ ਦੇ ਸਾਣ੍ਹ ’ਤੇ ਲਾ ਕੇ ਹੀ ਤੇਜ਼ ਧਾਰ ਕੀਤਾ ਜਾ ਸਕਦਾ ਹੈ। ਇਹ ਕਹਿ ਕੇ ਇਸ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਣਾ ਕਿ ਅੱਜ-ਕੱਲ੍ਹ ਤਾਂ ਪੜ੍ਹਨ ਦਾ ਰੁਝਾਨ ਖ਼ਤਮ ਹੋ ਗਿਆ ਹੈ। ਰੁਝਾਨ ਤਾਂ ਬਹੁਤ ਸਾਰੇ ਬਦਲ ਗਏ। ਰੂਪਨਗਰ ਜ਼ਿਲ੍ਹੇ ਦੇ ਐਡਮਿਨਸਟ੍ਰੇਟਰ ਅਤੇ ਰਾਜਨੇਤਾਵਾਂ ਲਈ ਇਹ 75 ਸਾਲ ਪਹਿਲਾਂ ਬਣੀ ਇਮਾਰਤ ਅੱਜ ਵੀ ਦੇਸ਼-ਵਿਦੇਸ਼ ਵਿਖੇ ਇਕ ਉਦਾਹਰਨ ਤੇ ਸਨਮਾਨ ਚਿੰਨ੍ਹ ਹੁੰਦੀ, ਜੇ ਇਸ ਵਿਰਾਸਤ ਨੂੰ ਸੰਭਾਲਣ ਉਪਰੰਤ ਇੱਥੋਂ ਅੱਗੇ ਤੋਰਦੇ।
- ਇੰਦਰਜੀਤ ਸਿੰਘ ਬਾਲਾ