ਪੰਜਾਬੀ ਸਾਹਿਤ ਦੇ ਨਵੀਨ ਰੂਪਾਂ ਵਿੱਚ ਜੀਵਨੀ ਲਿਖਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਹੱਥਲੀ ਪੁਸਤਕ ‘ਜੀਵਨੀ ਇੱਕ ਕਰਮਯੋਗੀ ਦੀ’ ਇਸੇ ਲੜੀ ਦਾ ਇੱਕ ਮਣਕਾ ਹੈ। ਇਹ ਜੀਵਨੀ ਨਾਇਕ ਬਲਵੰਤ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਵੜੈਚ ਦੀ ਤੀਜੀ ਪੁਸਤਕ ਹੈ। ਇਸ ਦੇ ਕੁੱਲ ਤੀਹ ਕਾਂਡ ਹਨ। ਅੰਤ ਵਿੱਚ ਰੰਗਦਾਰ ਪਰਿਵਾਰਕ ਚਿੱਤਰ ਹਨ।

ਪੁਸਤਕ : ਜੀਵਨੀ ਇੱਕ ਕਰਮਯੋਗੀ ਦੀ
ਲੇਖਕ : ਗੁਰਦੀਪ ਸਿੰਘ ਵੜੈਚ
ਪੰਨੇ : 108 ਮੁੱਲ : 160/-
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਪੰਜਾਬੀ ਸਾਹਿਤ ਦੇ ਨਵੀਨ ਰੂਪਾਂ ਵਿੱਚ ਜੀਵਨੀ ਲਿਖਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਹੱਥਲੀ ਪੁਸਤਕ ‘ਜੀਵਨੀ ਇੱਕ ਕਰਮਯੋਗੀ ਦੀ’ ਇਸੇ ਲੜੀ ਦਾ ਇੱਕ ਮਣਕਾ ਹੈ। ਇਹ ਜੀਵਨੀ ਨਾਇਕ ਬਲਵੰਤ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਵੜੈਚ ਦੀ ਤੀਜੀ ਪੁਸਤਕ ਹੈ। ਇਸ ਦੇ ਕੁੱਲ ਤੀਹ ਕਾਂਡ ਹਨ। ਅੰਤ ਵਿੱਚ ਰੰਗਦਾਰ ਪਰਿਵਾਰਕ ਚਿੱਤਰ ਹਨ। ਪੁਸਤਕ ਨੂੰ ਜੀਵਨੀ ਲੇਖਕ ਨੇ ਆਪਣੇ ਬਿਮਾਰ ਪਏ ਪਿਤਾ ਨਾਲ ਸੁਆਲਾਂ-ਜੁਆਬਾਂ ਦੁਆਰਾ ਅੱਗੇ ਵਧਾਇਆ ਹੈ। ਇਹ ਆਮ ਰੂਪ ਤੋਂ ਨਿਵੇਕਲਾ ਹੈ। ਪਿਤਾ-ਪੁੱਤਰ ਦੇ ਪ੍ਰਸ਼ਨੋਤਰ ਹੋਣ ਕਾਰਨ ਜੀਵਨੀ ਰੌਚਿਕ, ਯਥਾਰਥ ਅਤੇ ਸਜੀਵ ਬਣੀ ਹੈ। ਪੁਸਤਕ 1890 ਤੋਂ ਇੱਕੀਵੀਂ ਸਦੀ ਦੇ ਮੁੱਢ ਤੱਕ ਦੇ ਪੰਜਾਬ ਦਾ ਇਤਿਹਾਸ-ਭੂਗੋਲ ਤੇ ਸੱਭਿਆਚਾਰ ਕਹਿ ਗਈ ਹੈ। ਪੰਜਾਬੀਆਂ ਦੇ ਸਾਂਦਲ ਬਾਰ, ਲਾਇਲਪੁਰ ਚੱਕਾਂ ਵਿੱਚ ਬੰਜਰ ਭੂਮੀ ਆਬਾਦ ਕਰਨ ਤੋਂ ਸੰਤਾਲੀ ਦੇ ਉਜਾੜੇ ਦੌਰਾਨ ਏਧਰ ਆ ਵਸਣ ਦੇ ਬਿਰਤਾਂਤ ਇਸ ਛੋਟੀ ਪੁਸਤਕ ਦਾ ਵਿਸ਼ਾ ਬਣੇ ਹਨ।
ਵਾਰਤਕਕਾਰ ਨੇ ਸੰਖੇਪ ਪਰ ਭਾਵਪੂਰਤ ਵੇਰਵੇ ਦੱਸਦਿਆਂ ਸਾਂਦਲ ਬਾਰ, ਲਾਇਲਪੁਰ, ਜੜ੍ਹਾਂਵਾਲਾ, ਨਨਕਾਣਾ ਸਾਹਿਬ, ਪਿਸ਼ਾਵਰ ਅਤੇ ਲਾਹੌਰ ਦੇ ਇਤਿਹਾਸ ਬਾਰੇ ਪ੍ਰਸਿੱਧ ਅਤੇ ਡੂੰਘੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਗੱਲਾਂਬਾਤਾਂ ’ਚ ਬੜੇ ਸੰੁਦਰ ਲਤੀਫ਼ੇ, ਅਖ਼ੌਤਾਂ ਤੇ ਮੁਹਾਵਰੇ ਵਰਤੇ ਗਏ ਹਨ। ਪੁਸਤਕ ਵਿਚ ਵਿਆਹਾਂ ਦੇ ਰਸਮ-ਰਿਵਾਜ, ਕੁੱਤੇ, ਬੈਲ ਪਾਲਣ ਤੇ ਟਰੱਕ ਡਰਾਇਵਰੀ, ਟੈਕਸੀ ਮਾਲਕੀ ਦੇ ਧੰਦੇ ਬਾਰੀਕੀ ਨਾਲ ਬਿਆਨੇ ਹਨ। ਸੰਤਾਲੀ ਦਾ ਹਾਲ ਆਪ-ਬੀਤੀ ਰੂਪ ਵਿੱਚ ਖੱਟੇ-ਮਿੱਠੇ ਅਨੁਭਵ, ਭਲੇ-ਬੁਰੇ ਇਨਸਾਨ ਯਾਦ ਕੀਤੇ ਹਨ। ਆਜ਼ਾਦੀ ਪਿੱਛੋਂ ਏਧਰ ਆ ਕੇ ਵਸਣ, ਸਥਾਪਤ ਹੋਣ, ਤਰੱਕੀ ਕਰਨ, ਸਮਾਜ ਪਿੰਡ ਨੂੰ ਸਰਪੰਚ ਬਣ ਕੇ ਅੱਗੇ ਲਿਜਾਣ ਦੀ ਖ਼ੁਸ਼ਨੁਮਾ ਪ੍ਰੇਰਕ ਕਹਾਣੀ ਹੈ। ਰਾਹ ਦੇ ਰੋੜੇ, ਆਪਣੇ-ਪਰਾਏ ਬਣਨ ਦੇ ਵੇਰਵੇ ਹਨ।
ਸਮੁੱਚੇ ਤੌਰ ’ਤੇ ਬਲਵੰਤ ਸਿੰਘ ਦੀ ਜੀਵਨੀ ਪ੍ਰੇਰਕ ਤੇ ਮਾਰਗਦਰਸ਼ਕ ਹੈ। ਉਹ ਕਰਮਯੋਗੀ ਹੈ ਤੇ ਆਸ਼ਾਵਾਦੀ ਮਨੁੱਖ ਹੈ। ਲੇਖਕ ਉਸ ਦੇ ਪੁੱਤਰ ਗੁਰਦੀਪ ਸਿੰਘ ਵੜੈਚ ਨੇ ਉਸ ਦੇ ਕਰਮਾਂ ਦਾ ਲਿਖਤੀ ਲੇਖਾ-ਜੋਖਾ ਦੇ ਕੇ ਆਪਣਾ ਕਰਤੱਵ ਪੂਰਾ ਕੀਤਾ ਹੈ ਜੋ ਪੰਜਾਬੀ ਭਾਈਚਾਰੇ ਲਈ ਸ਼ੁਭ ਸ਼ਗਨ ਹੈ। ਲੇਖਕ ਨੇ ਪੁਸਤਕ ’ਚ ਜਿੱਥੇ ਇਤਿਹਾਸਕ ਵੇਰਵੇ ਦਿੱਤੇ ਹਨ, ਉੱਥੇ ਪਾਠਕ ਦੀ ਦਿਲਚਸਪੀ ਬਣਾਈ ਰੱਖਣ ’ਚ ਵੀ ਉਹ ਸਫਲ ਰਿਹਾ ਹੈ।
- ਤੇਜਾ ਸਿੰਘ ਤਿਲਕ