ਉਹ ਵੀ ਦਿਨ ਸਨ ਜਦੋਂ ਪਾਸ਼ ਡਾਇਰੀ ਅਤੇ ਚਿੱਠੀਆਂ ਲਿਖਿਆ ਕਰਦਾ ਸੀ। ਇਹ ਚਿੱਠੀਆਂ ਸਾਹਿਤਕ ਪੱਤਿ੍ਰਕਾਵਾਂ ਸੰਸਥਾਵਾਂ ਅਤੇ ਵਿਅਕਤੀਆਂ ਦੇ ਨਾਂਅ ਲਿਖੀਆਂ ਹੁੰਦੀਆਂ ਪਰ ਇਨ੍ਹਾਂ ਚਿੱਠੀਆਂ ਦੇ ਸੀਨੇ ’ਚ ਸਮਾਜਕ ਸਰੋਕਾਰਾਂ ਦੀ ਸਾਂਝੀ ਤੰਦ ਪਰੋਈ ਹੁੰਦੀ। ਜਾਤੀ ਮੁਫ਼ਾਦਾਂ ਮੁੱਦਿਆਂ ਆਪਾ-ਲਿਸ਼ਕਾਊ ਦੀ ਬਜਾਏ ਸਮਾਜੀ ਫ਼ਿਕਰਾਂ ਨੂੰ ਪਰਨਾਏ ਸਰੋਕਾਰਾਂ ਦੀ ਸਾਰ ਲੈਣ ਵਾਲੇ ਵਡੇਰੇ ਪਰਿਵਾਰ ਦੀ ਸਿਰਜਣਾ ਨੂੰ ਪਰਨਾਈਆਂ ਹੁੰਦੀਆਂ, ਇਹ ਚਿੱਠੀਆਂ।

ਅੱਧੀ ਸਦੀ ਪਹਿਲਾਂ ਪਾਸ਼ ਨੂੰ ਨਾਮਵਰ ਵਿਦਵਾਨਾਂ ਤੋਂ ਲੈ ਕੇ ਪੁੰਗਰਦੀਆਂ ਕਲਮਾਂ ਦੁਆਰਾ ਲਿਖੀਆਂ ਚਿੱਠੀਆਂ ਦਾ ਇਕ-ਇਕ ਅੱਖਰ ਜੋੜ ਕੇ ਪਹਿਲੀ ਵਾਰ ਅਜੋਕੀ ਪੀੜ੍ਹੀ ਦੇ ਨਜ਼ਰ ਕਰਨ ਦਾ ਯਤਨ ਹੈ, ਤਾਂ ਜੋ ਪਹਿਚਾਣਿਆ ਅਤੇ ਨੇੜਿਓ ਜਾਣਿਆਂ ਜਾ ਸਕੇ, ਚਿੱਠੀਆਂ ’ਚ ਵਸਦਾ ਪਾਸ਼। ਜਦੋਂ ਮੈਂ ਪਾਸ਼ ਨੂੰ ਲਿਖੀਆਂ ਚਿੱਠੀਆਂ ਦੇ ਟੁਕੜੇ ਇਕੱਠੇ ਤਰਤੀਬਬੱਧ ਅਤੇ ਸੰਪਾਦਤ ਕਰ ਰਿਹਾ ਸੀ ਤਾਂ ਅਮਰੀਕਾ ਰਹਿੰਦੇ ਪਾਸ਼ ਦੇ ਜਿਗਰੀ ਬੇਲੀ ਅਤੇ ਭਣੋਈਏ ਹਰਸ਼ਰਨ ਗਿੱਲ ‘ਧੀਦੋ’ ਨਾਲ ਵਿਚਾਰਾਂ ਸਮੇਂ ਉਸਨੇ ਦੱਸਿਆ ਕਿ ਚਿੱਠੀਆਂ ਲਿਖਣ ਅਤੇ ਉਸਨੂੰ ਚਿੱਠੀਆਂ ਆਉਣ ਦਾ ਮਾਮਲਾ ਤਾਂ ਇਉਂ ਸੀ ਜਿਵੇਂ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਜਹਾਜ਼ਾਂ ਦੀਆਂ ਡਾਰਾਂ ਉਤਰਦੀਆਂ ਅਤੇ ਉਡਾਰੀ ਭਰਦੀਆਂ ਰਹਿੰਦੀਆਂ। ਇਉਂ ਜਾਪਿਆ ਜਿਵੇਂ ਧੀਦੋ ਕਹਿ ਰਿਹਾ ਹੋਵੇ ਕਿ ‘ਪਾਸ਼ ਦੇ ਅੰਬਰ ’ਤੇ ਚਿੱਠੀ ਇਕ ਆਵੇ ਇਕ ਜਾਵੇ।’
ਉਹ ਵੀ ਦਿਨ ਸਨ ਜਦੋਂ ਪਾਸ਼ ਡਾਇਰੀ ਅਤੇ ਚਿੱਠੀਆਂ ਲਿਖਿਆ ਕਰਦਾ ਸੀ। ਇਹ ਚਿੱਠੀਆਂ ਸਾਹਿਤਕ ਪੱਤਿ੍ਰਕਾਵਾਂ ਸੰਸਥਾਵਾਂ ਅਤੇ ਵਿਅਕਤੀਆਂ ਦੇ ਨਾਂਅ ਲਿਖੀਆਂ ਹੁੰਦੀਆਂ ਪਰ ਇਨ੍ਹਾਂ ਚਿੱਠੀਆਂ ਦੇ ਸੀਨੇ ’ਚ ਸਮਾਜਕ ਸਰੋਕਾਰਾਂ ਦੀ ਸਾਂਝੀ ਤੰਦ ਪਰੋਈ ਹੁੰਦੀ। ਜਾਤੀ ਮੁਫ਼ਾਦਾਂ ਮੁੱਦਿਆਂ ਆਪਾ-ਲਿਸ਼ਕਾਊ ਦੀ ਬਜਾਏ ਸਮਾਜੀ ਫ਼ਿਕਰਾਂ ਨੂੰ ਪਰਨਾਏ ਸਰੋਕਾਰਾਂ ਦੀ ਸਾਰ ਲੈਣ ਵਾਲੇ ਵਡੇਰੇ ਪਰਿਵਾਰ ਦੀ ਸਿਰਜਣਾ ਨੂੰ ਪਰਨਾਈਆਂ ਹੁੰਦੀਆਂ, ਇਹ ਚਿੱਠੀਆਂ।
ਉਨ੍ਹਾਂ ਸਮਿਆਂ ’ਚ ਅਕਸਰ ਹੀ ਘਰਾਂ ਨੂੰ ਚਿੱਠੀਆਂ ਆਉਂਦੀਆਂ ਅਤੇ ਉਨ੍ਵਾਂ ਵੱਲੋਂ ਲਿਖੀਆਂ ਜਾਂ ਕਿਸੇ ਤੋਂ ਲਿਖਾਈਆਂ ਜਾਂਦੀਆਂ। ਡਾਕ-ਤਾਰ ਦੇ ਸਮਿਆਂ ’ਚ ਚਿੱਠੀਆਂ ਲਿਖਣ ਡਾਕੀਏ ਦੀ ਉਡੀਕ ਕਰਨ ਅਤੇ ਡਾਕੀਏ ਦੇ ਸਾਈਕਲ ਦੀ ਘਰ ਦੇ ਬਾਰ ਮੂਹਰੇ ਘੰਟੀ ਵੱਜਣ ’ਤੇ ਚਿੱਠੀ ਫੜ ਕੇ ਪੜ੍ਹਨ ਲਈ ਧੜਕਣ ਤੇਜ਼ ਹੋਣ ਦਾ ਵੀ ਬਸ ਆਪਣਾ ਹੀ ਸਰੂਰ ਹੁੰਦਾ ਸੀ।
ਪਾਸ਼ ਨੂੰ ਲਿਖੀਆਂ ਚਿੱਠੀਆਂ ਦੀ ਸਮੀਖ਼ਿਆ ਕਰਦਿਆਂ ਸਮਾਜ ਦੀ ਨਬਜ਼ ਦੀ ਟੋਹ ਪੈਂਦੀ ਹੈ। ਆਮ ਸਮਾਜਕ ਵਰਤਾਰਾ ਚਿੱਠੀਆਂ ਵਿਚ ਦੀ ਦਿਸਦਾ ਹੈ। ਸਾਡਾ ਪਾਸ਼ ਉਸ ਵੇਲੇ ਕੀ ਲਿਖਦਾ ਹੈ ਅਤੇ ਪਾਸ਼ ਦੇ ਸੱਜਣ-ਬੇਲੀ ਉਸ ਨੂੰ ਕੀ ਲਿਖਦੇ ਹਨ। ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਪਾਸ਼ ਦੇ ਘਰ ਪਰਿਵਾਰ ਅੰਦਰ ਪਾਸ਼ ਨੂੰ ਖ਼ਤ ਲਿਖਣ ਵਾਲਿਆਂ ਦੇ ਘਰਾਂ ਅੰਦਰ ਆਮ ਲੋਕ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਸਨ। ਪਰ ਵਿਲੱਖਣ ਅਤੇ ਅਮੁੱਲੀ ਗੱਲ ਹੈ ਕਿ ਜਾਗਦੀ ਅੱਖ ਵਾਲਿਆਂ ਦੇ ਖ਼ਤਾਂ ਦੇ ਨੈਣਾਂ ਵਿਚ ਪੈਂਦੀ ਸਮਾਜੀ ਸਰੋਕਾਰਾਂ ਦੀ ਰੜਕ ਕਿੰਨੀ ਤਿੱਖੀ ਮਹਿਸੂਸ ਹੁੰਦੀ ਹੈ।
ਡਾਇਰੀ ਅਤੇ ਖ਼ਤ ਲਿਖਣਾ ਆਪਣੇ ਆਪ ਨੂੰ ਮੁਖ਼ਾਤਬ ਹੋਣਾ ਹੈ। ਆਪਣੇ ਮਨ ਦੀਆਂ ਗੱਲਾਂ ਆਪਣੇ ਆਪ ਨਾਲ ਕਰਨਾ ਹੈ। ਉਨ੍ਹਾਂ ਗੱਲਾਂ ਦੀ ਪੁਣ-ਛਾਣ ਕਰਦਿਆਂ ਕਿਸ ਮਸਲੇ ਨੂੰ ਦਰ-ਕਿਨਾਰ ਕਰਨਾ ਕਿਸ ਨਾਲ ਹੱਥ ਮਿਲਾਉਣਾ ਹੈ ਇਸਦਾ ਫ਼ੈਸਲਾ ਆਪਣੀ ਜ਼ਿੰਮੇਵਾਰਾਨਾ ਸਮਾਜਕ ਵਿਗਿਆਨਕ ਅਤੇ ਲੋਕ-ਪੱਖੀ ਦਿ੍ਰਸ਼ਟੀ ’ਤੇ ਨਿਰਭਰ ਕਰਦਾ ਹੈ।
ਪਾਸ਼ ਨੂੰ ਲਿਖੀਆਂ ਚਿੱਠੀਆਂ ਇਕ ਬੰਨੇ ਉਸਦੇ ਕਿਸੇ ਹੱਦ ਤਕ ਕੁੱਝ ਮਾਮਲਿਆਂ ’ਚ ਘੌਲੀ ਅਤੇ ਬੇਪਰਵਾਹ ਸੁਭਾਅ ਦੀ ਦਸਤਕ ਦਿੰਦੀਆਂ ਹਨ ਦੂਜੇ ਬੰਨੇ ਉਸਦੇ ਨਿੱਕੀ ਤੋਂ ਨਿੱਕੀ ਘਟਨਾ, ਵਰਤਾਰੇ ਅਤੇ ਰੁਝਾਨ ਬਾਰੇ ਅਣ-ਲਿਖੀਆਂ ਅਣ-ਕਹੀਆਂ ਬਾਤਾਂ ਵੀ ਬੁੱਝਣ ਬਾਰੇ ਤਤਪਰ ਸੂਖ਼ਮ ਸੁਹਿਰਦ ਅਤੇ ਪ੍ਰਤੀਬੱਧਤ ਇਨਕਲਾਬੀ ਕਲਮਕਾਰ ਹੋਣ ਦੀ ਗਵਾਹੀ ਦਿੰਦੀਆਂ ਹਨ। ਪਾਸ਼ ਨੂੰ ਲਿਖੀਆਂ ਚਿੱਠੀਆਂ ਵਿੱਚੋਂ ਪਾਸ਼ ਪ੍ਰਤੀ ਲੋਕਾਂ ਦੀ ਅਪਾਰ ਮੁਹੱਬਤ, ਗਹਿਰੇ ਰਿਸ਼ਤੇ ਅਤੇ ਵੱਡ-ਉਮੀਦੀ ਦੀ ਡੁੱਲ੍ਹ ਡੁੱਲ੍ਹ ਪੈਂਦੀ ਆਸ਼ਾ ਦੀ ਖੂਬਸੂਰਤ ਫੁਲਕਾਰੀ ਨਜ਼ਰੀਂ ਪੈਂਦੀ ਹੈ। ਪਾਸ਼ ਨੂੰ ਚਿੱਠੀਆਂ ਲਿਖਣ ਵਾਲਿਆਂ ਵਿਚ ਸਾਹਿਤ ਦੀਆਂ ਵੰਨ-ਸੁਵੰਨੀਆਂ ਵਿਧਾਵਾਂ ਵਿੱਚ ਮੀਲ ਪੱਥਰ ਗੱਡਣ ਵਾਲੇ ਕਲਮਕਾਰਾਂ ਦਾ ਸ਼ੁਮਾਰ ਹੋਣਾ ਪਾਸ਼ ਪ੍ਰਤੀ ਉਨ੍ਹਾਂ ਦੇ ਮਾਣਮੱਤੇ ਨਾਤੇ ਦੀ ਗਵਾਹੀ ਹੈ। ਚਿੱਠੀਆਂ ਲਿਖਣ ਵਾਲਿਆਂ ’ਚ ਆਮ ਨੌਜਵਾਨ ਵੀ ਸ਼ਾਮਲ ਹਨ।
ਚਿੱਠੀਆਂ ਨੂੰ ਬੀਤੇ ਸਮਿਆਂ ਦੀ ਗੱਲ ਸਮਝ ਬੈਠਣਾ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਕਿਨਾਰਾ ਕਰਨਾ ਹੈ। ਚਿੱਠੀ ਪੋਸਟ ਕਾਰਡ ਲਿਫ਼ਾਫ਼ੇ ’ਤੇ ਲਿਖਣਾ ਡਾਕ ’ਚ ਪਾਉਣਾ ਤਾਂ ਲਿਖਣ ਅਤੇ ਸੰਚਾਰ ਦਾ ਇਕ ਮਾਧਿਅਮ ਹੈ। ਅਸਲ ਨੁਕਤਾ ਉਨ੍ਹਾਂ ਸਰੋਕਾਰਾਂ ਦੀ ਧੜਕਣ ਮਹਿਸੂਸ ਕਰਨ ਦਾ ਹੈ ਜਿਹੜੇ ਸਰੋਕਾਰ ਜਿਹੜੀ ਚਿੰਤਾ ਜਿਹੜਾ ਚਿੰਤਨ ਆਪਣੇ ਮਿਹਨਤਕਸ਼ ਲੋਕਾਂ ਨੂੰ ਆਪਣਾ ਪਰਿਵਾਰ ਸਮਝਦਾ ਹੈ।
‘ਅੱਜ ਚਿੱਠੀਆਂ ਦਾ ਜ਼ਮਾਨਾ ਨਹੀਂ ਰਿਹਾ’ ਇਹ ਕਹਿਕੇ ਆਪਣੇ ਫਰਜ਼ਾਂ ਤੋਂ ਬੇਮੁੱਖ ਨਹੀਂ ਹੋਇਆ ਜਾ ਸਕਦਾ। ਇਹ ਤਾਂ ਇਕ ਵਿਧਾ ਸੀ ਜੋ ਸਮਿਆਂ ਦੀ ਤੋਰ ਨਾਲ ਬਦਲਦੀ ਰਹਿੰਦੀ ਹੈ। ਅੱਜ ਚਿੱਠੀਆਂ ਨਹੀਂ ਤਾਂ ਵ੍ਹਟਸਐਪ, ਫੇਸ ਬੁੱਕ ਕੰਪਿਊਟਰ ਇੰਟਰਨੈੱਟ ਇੰਸਟਰਾਗ੍ਰਾਮ ਟਵਿਟਰ ਆਦਿ ਬਹੁਤ ਕੁੱਝ ਹੈ। ਮੰਨਿਆ ਇਹ ਕੁਝ ਸਮਾਜ ਦੀ ਇਕ ਖ਼ਾਸ ਹੱਦ ਤਕ ਪਰਤ ਦੇ ਵਰਤੋਂ ਘੇਰੇ ਵਿਚ ਹੈ। ਖਤਾਂ ਦੇ ਜ਼ਮਾਨੇ ’ਚ ਵੀ ਕਈ ਵਾਰੀ ਸਾਰੇ ਪਿੰਡ ’ਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਹੀ ਚਿੱਠੀ ਲਿਖਣ ਦੇ ਸਮਰੱਥ ਹੁੰਦੇ ਸਨ ਆਮ ਲੋਕ ਉਨ੍ਹਾਂ ਕੋਲੋਂ ਹੀ ਲਿਖਵਾਉਂਦੇ ਸੀ। ਅੱਜ ਵੀ ਆਮ ਲੋਕਾਂ ਦੇ ਨੇੜੇ ਤਾਂ ਹੋਵੋ ਉਨ੍ਹਾਂ ਵਿਚ ਡੂੰਘੇ ਤਾਂ ਉੱਤਰੋ ਉਹ ਤੁਹਾਨੂੰ ਕਿੰਨੇ ਹੀ ਖ਼ਤ, ਕਵਿਤਾਵਾਂ, ਗੀਤ, ਕਹਾਣੀਆਂ ਅਤੇ ਨਾਟਕ ਲਿਖਾਉਣਗੇ। ਚਿਤਰਕਲਾ ਅਤੇ ਅਨੇਕਾਂ ਲੁਪਤ ਹੋ ਰਹੀਆਂ ਕਲਾਵਾਂ ਦੇ ਦੀਦਾਰ ਕਰਾਉਣਗੇ। ਮੰਨ ਲਿਆ ਲੋਕ ਚਿੱਠੀਆਂ ਹੁਣ ਨਹੀਂ ਲਿਖਦੇ ਪਰ ਹੁਣ ਹੋਰ ਬਹੁਤ ਕੁੱਝ ਲਿਖਦੇ ਨੇ। ਸੁਆਲਾਂ ਦਾ ਸੁਆਲ ਤਾਂ ਇਹ ਹੈ ਕਿ ਉਹ ਲਿਖਦੇ ਕੀ ਨੇ?
ਪਾਸ਼ ਨੂੰ ਲਿਖੀਆਂ ਚਿੱਠੀਆਂ ਸਾਡੇ ਮਨ ਦੀ ਖਿੜਕੀ ਖੋਲ੍ਹਣ ਦਾ ਕੰਮ ਕਰਦੀਆਂ ਹਨ। ਸਾਨੂੰ ਆਪਣੀ ਵਲਗਣ ’ਚ ਕੈਦ ਦੁਨੀਆਂ ਦੀਆਂ ਸਲਾਖ਼ਾਂ ਵਗਾਹ ਮਾਰਨ ਲਈ ਪ੍ਰੇਰਦੀਆਂ ਹਨ। ਨਵੇਂ ਰਿਸ਼ਤੇ, ਨਵੇਂ ਪਰਿਵਾਰ, ਨਵੇਂ ਵਿਚਾਰ ਅਤੇ ਸਾਂਝੇ ਸਰੋਕਾਰਾਂ ਦੀ ਬਾਤ ਪਾਉਣ ਦਾ ਵੱਲ ਸਿਖਾਉਂਦੀਆਂ ਹਨ। ਵਿਸ਼ਾਲ ਅਤੇ ਦੂਰ ਦਿ੍ਰਸ਼ਟੀ ਦੀ ਪਰਵਾਜ਼ ਭਰਾਉਂਦੀਆਂ ਹਨ। ਦੁੱਖਾਂ ਦੀ ਦਾਰੂ ਮਿਲਕੇ ਭਾਲਣ ਲਈ ਸਿਰ ਜੋੜਨ ਨੂੰ ਕਹਿੰਦੀਆਂ ਹਨ। ਰਿਸ਼ਤਿਆਂ ਦੇ ਨਿੱਘ ਦੀ ਬੁੱਕਲ ਖੋਲ੍ਹਦੀਆਂ ਹਨ। ਆਲੋਚਨਾ ਅਤੇ ਸਵੈ-ਆਲੋਚਨਾ ਦਾ ਮੰਤਰ ਸਿਖਾਉਂਦੀਆਂ ਹਨ। ਇਉਂ ਕਰਦਿਆਂ ਆਪਸੀ ਸਾਂਝ ਅਤੇ ਗਲਵੱਕੜੀ ਨੂੰ ਹੋਰ ਵੀ ਮਜ਼ਬੂਤ ਕਰਦੀਆਂ ਹਨ।
ਪਾਸ਼ ਨੂੰ ਲਿਖੀਆਂ ਚਿੱਠੀਆਂ ਕਈ ਰਹੱਸ ਬਣੀਆਂ ਬਾਤਾਂ ਤੇ ਵੀ ਰੌਸ਼ਨੀ ਪਾਉਂਦੀਆਂ ਹਨ :
ਉੱਡਣਾ ਸਿੱਖ ਮਿਲਖਾ ਸਿੰਘ ਦੀ ਸਵੈ-ਜੀਵਨੀ ਦਾ ਹਕੀਕੀ ਕਲਮਕਾਰ ਪਾਸ਼ ਸੀ। ਖੁਸ਼ੀ ਖੁਸ਼ੀ ਇਹ ਹਕੀਕਤ ਪ੍ਰਵਾਨ ਕਰਨ ਦੀ ਬਜਾਏ ਉਲਟਾ ਇਸ ਸੱਚਾਈ ਤੋਂ ਮੁਨਕਰ ਹੋਇਆ ਗਿਆ। ਹਥਲੀ ਕਿਤਾਬ ’ਚ ਦਰਜ ਤਰਸੇਮ ਪੁਰੇਵਾਲ ਦੀ ਸ਼ੁਰੂ ’ਚ ਹੀ ਛਪੀ ਚਿੱਠੀ ਗਵਾਹੀ ਦਿੰਦੀ ਹੈ ਕਿ ਮਿਲਖਾ ਸਿੰਘ ਦੀ ਸਵੈ-ਜੀਵਨੀ ਦਾ ਹਕੀਕੀ ਰਚਨਾਕਾਰ ਪਾਸ਼ ਹੀ ਹੈ।
ਪਾਸ਼ ਦੇ ਨਾਲ ਹੀ ਸ਼ਹੀਦੀ ਪਾਉਣ ਵਾਲੇ ਹੰਸ ਰਾਜ ਬਾਰੇ ਭਰਮ-ਭੁਲੇਖੇ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਤਾਂ ਆਮ ਵਿਅਕਤੀ ਸੀ। ਪਾਸ਼ ਦੇ ਨਾਲ ਐਵੇਂ ਮਾਰਿਆ ਗਿਆ। ਮਿਲੀਆਂ ਚਿੱਠੀਆਂ ’ਚ ਸ਼ਾਮਲ ਹੰਸ ਰਾਜ ਦੀ ਸਾਊਦੀ ਅਰਬ ਤੋਂ ਲਿਖੀ ਚਿੱਠੀ ਦਰਸਾਉਂਦੀ ਹੈ ਕਿ ਉਹ ਕਿੰਨੇ ਲੰਮੇ ਅਰਸੇ ਤੋਂ ਇਨਕਲਾਬੀ ਸਾਹਿਤ ਅਤੇ ਵਿਚਾਰਾਂ ਨਾਲ ਜੁੜਿਆ ਹੋਇਆ ਸੀ।
ਉਦਾਸੀ ਅਤੇ ਪਾਸ਼ ਨੂੰ ਦੋ ਵੱਖੋ ਵੱਖਰੇ ਥੜ੍ਹਿਆਂ ’ਤੇ ਖੜ੍ਹੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਇਸ ਪੁਸਤਕ ’ਚ ਸ਼ਾਮਲ ਚੋਟੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੁਆਰਾ ਪਾਸ਼ ਨੂੰ ਲਿਖੀਆਂ ਚਿੱਠੀਆਂ ਅਜੇਹੇ ਕੂੜ ਪ੍ਰਚਾਰ ਨੂੰ ਨਾਕਾਮ ਕਰਦੀਆਂ ਹਨ। ਉਦਾਸੀ, ਪਾਸ਼ ਦਾ ਕਿੰਨਾ ਸਨਮਾਨਿਤ ਅਤੇ ਸਾਥੀਆਨਾ ਰੁਤਬਾ ਸਮਝਦਾ ਹੈ ਉਹਦੀ ਪ੍ਰਾਪਤ ਹੋਈ ਹੱਥ-ਲਿਖਤ ਵਿਚ ਦਰਜ਼ ਹੈ।
- ਅਮੋਲਕ ਸਿੰਘ