ਰਿਵਾਜ ਵੀ ਬਦਲਦੇ ਗਏ। ਸੰਦੂਕ ਦੀ ਥਾਂ ਪੇਟੀ ਪ੍ਰਧਾਨ ਹੋ ਗਈ। ‘ਪੇਟੀ ਖੁਲ੍ਹਾਈ ਦਾ ਸੂਟ’ ਦੀ ਪਰਚੀ ਲੱਗਿਆ ਸੂਟ ਪੇਟੀ ਦਾ ਢੱਕਣ ਖੋਲ੍ਹਣ ਸਾਰ ਉੱਤੇ ਹੀ ਪਿਆ ਦਿੱਸਣ ਲੱਗਾ। ਸੂਟ ਵਧੀਆ ਹੀ ਹੁੰਦਾ ਪਰ ਨਣਦ ਦੇ ਮਨ ਪਸੰਦ ਸੂਟ ਲੈਣ ਦਾ ਚਾਅ ਮਨ ਮਸੋਸ ਕੇ ਰਹਿ ਜਾਂਦਾ...

ਕਿਸੇ ਵੀ ਦੇਸ਼, ਸੂਬੇ ਜਾਂ ਖਿੱਤੇ ਦੇ ਰੀਤੀ-ਰਿਵਾਜ ਉਥੋਂ ਦੇ ਸੱਭਿਆਚਾਰ ਦਾ ਪ੍ਰਤੱਖ ਦਰਸ਼ਨ ਹੁੰਦੇ ਹਨ। ਪੰਜਾਬ, ਪੁਆਧ, ਮਾਲਵਾ ਤੇ ਹਰਿਆਣਾ ਦੇ ਬਹੁਤ ਸਾਰੇ ਰਸਮੋਂ- ਰਿਵਾਜ ਮਿਲਦੇ- ਜੁਲਦੇ ਹਨ। ਕਿਤੇ ਥੋੜ੍ਹਾ-ਬਹੁਤਾ ਫ਼ਰਕ ਹੋ ਸਕਦਾ ਹੈ ਪਰ ਮੂਲ ਰੂਪ ਉਹੀ ਹੁੰਦਾ ਹੈ। ਅੱਜ ਤਾਂ ਵਿਆਹ ਦੀਆਂ ਰਸਮਾਂ ਇਕ-ਦੋ ਦਿਨਾਂ ਵਿਚ ਸਿਮਟ ਕੇ ਰਹਿ ਗਈਆਂ ਹਨ। ਦਿਖਾਵੇ ਲਈ ਕੁਝ ਬੇਲੋੜੇ ਰਿਵਾਜ ਵੀ ਬਣ ਗਏ ਹਨ ਜਿਵੇਂ ‘ਪਰੀ ਵੈਡਿੰਗ।’
ਬੀਤੇ ਸਮੇਂ ਅਰਥ ਭਰਪੂਰ ਤੇ ਰੌਣਕ ਭਰੀਆਂ ਰਸਮਾਂ ਮਹੀਨੇ ਤੋਂ ਵੀ ਵੱਧ ਸਮਾਂ ਚੱਲਦੀਆਂ ਰਹਿੰਦੀਆਂ ਸਨ। ਸਾਹੇ ਚਿੱਠੀ ਤੋਰ ਕੇ ਜਾਂ ਮੰਗਵਾ ਕੇ ਵਿਆਹ ਦੇ ਕੰਮ ਸ਼ੁਰੂ ਕੀਤੇ ਜਾਂਦੇ। ਮਾਂਹ ਹੱਥ ਲਾਉਣ ਦਾ ਸ਼ਗਨ ਕਰਕੇ ਪੀਹਣ ਕਰਨਾ,ਆਟਾ ਪਿਹਾਉਣਾ, ਦਾਲ-ਚੌਲ ਚੁੱਗਣੇ ਜਾਂ ਛੱਟਣੇ ਤੇ ਆਟਾ ਛਾਣਨਾ।ਇਹ ਸਾਰੇ ਕੰਮ ਸ਼ਰੀਕੇ -ਭਾਈਚਾਰੇ ਦੀਆਂ ਔਰਤਾਂ ਰਲ ਕੇ ਕਰਦੀਆਂ। ਕੰਮ ਕਰਦੀਆਂ ਔਰਤਾਂ ਮੁੰਡੇ ਦੇ ਵਿਆਹ ਮੌਕੇ ਘੋੜੀਆਂ ਤੇ ਵਿਢੜੇ ਗਾਉਂਦੀਆਂ। ਕੁੜੀ ਦੇ ਵਿਆਹ ਮੌਕੇ ਸੁਹਾਗ ਗਾਏ ਜਾਂਦੇ। ਵਿੱਢੜੇ ਤੇ ਸਿੱਠਣੀਆਂ ਲੋਕ-ਕਾਵਿ ਦੀ ਅਜਿਹੀ ਵਿਧਾ ਹੈ ਜੋ ਮੁੰਡੇ-ਕੁੜੀ ਦੋਵਾਂ ਦੇ ਵਿਆਹ ਵਿਚ ਲਾਗੂ ਹੁੰਦੀ ਹੈ। ਕੰਮ ਕਰਦੀਆਂ ਔਰਤਾਂ ਕੋਲੋਂ ਕੋਈ ਦਿਓਰ-ਜੇਠ ਲੰਘਦਾ ਜੇ ਸਹਿਜ ਸੁਭਾਅ ਵੀ ਉਨ੍ਹਾਂ ਵੱਲ ਝਾਤੀ ਮਾਰ ਲੈਂਦਾ ਤਾਂ ਉਸਦੀ ਖੈਰ ਨਾ ਹੁੰਦੀ। ਮਸਤੀ ਵਿਚ ਆਈਆਂ
ਭਰਜਾਈਆਂ ਉਹਨੂੰ ਸਿੱਠਣੀ ਦਿੰਦੀਆਂ :
ਬਲਵਿੰਦਰ ਸਿਉਂ ਇਉਂ ਝਾਕੇ ਜਿਵੇਂ ਚਾਮਚੜਿਕ ਦੇ ਡੇਲੇ,
ਅਸੀਂ ਨਹੀਂ ਲੈਣੇ ਪੱਤਾਂ ਬਾਂਝ ਕਰੇਲੇ।
ਬਲਵਿੰਦਰ ਸਿਉਂ ਵਿਚਾਰਾ ਪੱਤਰੇ ਵਾਚ ਜਾਂਦਾ ਪਿੱਛੇ ਮੁੜ ਕੇ ਨਾ ਦੇਖਦਾ। ਹੱਸਦੀਆਂ -ਖੇਡਦੀਆਂ ਔਰਤਾਂ ਔਖੇ ਕੰਮ ਵੀ ਸੌਖਿਆਂ ਨਬੇੜ ਲੈਂਦੀਆਂ। ਇਨ੍ਹਾਂ ਰੰਗਲੀਆਂ ਤੇ ਰੌਣਕ ਭਰੀਆਂ ਰਸਮਾਂ ਨਾਲ ਕੇਵਲ ਵਿਆਹ ਵਾਲੇ ਘਰ ਹੀ ਨਹੀਂ ਬਲਕਿ ਗਲੀ-ਗੁਆਂਢ ਤੇ ਸ਼ਰੀਕੇ-ਕਬੀਲੇ ਵਿਚ ਵੀ ਵਿਆਹ ਬੀਤਦਾ। ਵਿਆਹ ਤੋਂ ਘੱਟੋ ਘੱਟ ਪੰਦਰਾਂ ਜਾਂ ਇੱਕੀ ਦਿਨ ਪਹਿਲਾਂ ਗੌਣ ਬਿਠਾਇਆ ਜਾਂਦਾ। ਰਾਤ ਦੇ ਰੋਟੀ- ਟੁੱਕ ਤੋਂ ਵਿਹਲੀਆਂ ਹੋ ਕੇ ਗੁਆਂਢਣਾਂ ਕਾਰਜ ਵਾਲੇ ਘਰ ਆ ਜੁੜਦੀਆਂ ਤੇ ਖੁੱਲ੍ਹੇ ਵਿਹੜੇ ਜਾਂ ਛੱਤ ਉੱਤੇ ਬੈਠ ਕੇ ਦੇਰ ਰਾਤ ਤੱਕ ਗੀਤ ਗਾਉਂਦੀਆਂ ਰਹਿੰਦੀਆਂ।
ਕੁੜੀਆਂ ਦੇ ਵਿਆਹ ਵੇਲੇ ਖੁਸ਼ੀ ਦੇ ਨਾਲ ਧੀ ਨੂੰ ਘਰੋਂ ਵਿਦਾਅ ਕਰਨ ਦਾ ਵੈਰਾਗ ਵੀ ਮਾਹੌਲ ’ਚ ਰਲਿਆ ਹੁੰਦਾ। ਪੁੱਤਰ ਦੇ ਵਿਆਹ ਸਮੇਂ ਪਰਿਵਾਰ ਦੇ ਧਰਤੀ ’ਤੇ ਪੈਰ ਨਾ ਲੱਗਦੇ। ਭਰਾ ਦੇ ਵਿਆਹ ਦਾ ਚਾਅ ਸਭ ਤੋਂ ਵੱਧ ਭੈਣ ਨੂੰ ਹੁੰਦਾ। ਜੇ ਭੈਣ ਛੋਟੀ ਤੇ ਕੁਆਰੀ ਹੁੰਦੀ ਇਸ ਚਾਅ ’ਚ ਹੋਰ ਵੀ ਇਜਾਫ਼ਾ ਹੋ ਜਾਂਦਾ ਕਿਉਂਕਿ ਨਣਦ ਆਪਣੀ ਭਰਜਾਈ ਨੂੰ ਸਹੇਲੀ ਦੇ ਰੂਪ ਵਿਚ ਵੀ ਦੇਖਦੀ। ਇਹ ਸਹੇਲੀਆਂ ਕਈ ਵਾਰ ਸਮਾਜਿਕ ਬੰਧਨ ਤੋੜ ਕੇ ਕੋਈ ਪੁੱਠਾ- ਸਿੱਧਾ ਕਦਮ ਵੀ ਉਠਾ ਲੈਂਦੀਆਂ। ਲੋਕ-ਕਾਵਿ ਗਵਾਹੀ ਭਰਦਾ ਹੈ:
ਮੂਹਰੇ ਨਣਦ ਪਿੱਛੇ ਭਰਜਾਈ
ਦੋਵੇਂ ਘਰ ਪੱਟ ਚੱਲੀਆਂ।
ਕਈ ਵਾਰ ਦੋਵਾਂ ਵਿਚ ਐਨਾ ਇੱਟ ਖੜੱਕਾ ਹੁੰਦਾ ਕਿ ਤੰਗ ਆਈ ਭਰਜਾਈ ਕਹਿੰਦੀ :
ਨਣਦੇ ਜਾਹ ਸਹੁਰੇ
ਭਾਵੇਂ ਲੈ ਜਾ ਕੰਨਾਂ ਦੇ ਬਾਲੇ ।
ਗੱਲ ਵਿਆਹ ਮੌਕੇ ਰੀਤੀ- ਰਿਵਾਜਾਂ ਦੀ ਚੱਲ ਰਹੀ ਸੀ। ਸੰਦੂਕ ਜਾਂ ਪੇਟੀ ਖੁਲ੍ਹਾਈ ਦੀ ਰਸਮ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ। ਵਹੁਟੀ ਦੇ ਦਾਜ ਦੇ ਕੱਪੜਿਆਂ ਵਿਚ ਜਿੱਥੇ ਸੱਸ, ਦਾਦਸ (ਦਾਦੀ ਸੱਸ), ਦਰਾਣੀ, ਜੇਠਾਣੀ ਨਾਨਕਿਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਕੱਪੜੇ ਦਿੱਤੇ ਜਾਂਦੇ ਹਨ ਉੱਥੇ ਨਣਦਾਂ ਨੂੰ ਵੀ ਬਰਾਬਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਛੋਟੀ ਨਣਦ ਨੂੰ ਸੰਦੂਕ ਜਾਂ ਪੇਟੀ ਖੋਲ੍ਹਣ ਦੇ ਸ਼ਗਨ ਵਜੋਂ ਇਕ ਸੂਟ ਵੱਖਰਾ ਦਿੱਤਾ ਜਾਂਦਾ। ਨਣਦ ਕੁਆਰੀ ਹੋਵੇ ਜਾਂ ਵਿਆਹੀ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ। ਛੋਟੀ ਨਣਦ ਨੂੰ ਭਰਜਾਈ ਦੇ ਪੇਕਿਆਂ ਤੋਂ ਆਉਣ ਵਾਲੇ ਸੰਦੂਕ ਜਾਂ ਪੇਟੀ ਖੁਲ੍ਹਾਈ ਦੇ ਸੂਟ ਦਾ ਭਰਜਾਈ ਦੇ ਆਉਣ ਜਿਨ੍ਹਾਂ ਹੀ ਚਾਅ ਹੁੰਦਾ। ਕੋਈ ਛੇ ਕੁਝ ਦਹਾਕੇ ਪਹਿਲਾਂ ਇਸ ਰਸਮ ਦਾ ਰੂਪ ਕੁਝ ਹੋਰ ਸੀ। ਸਮੇਂ੍ਹ ਦੇ ਨਾਲ ਬਾਕੀ ਵਰਤਾਰਿਆਂ ਵਾਂਗ ਇਹ ਰਿਵਾਜ ਵੀ ਬਦਲ ਗਿਆ। ਵਿਆਹ ਮੌਕੇ ਕੁੜੀ ਨੂੰ ਸੰਦੂਕ ਦਿੱਤਾ ਜਾਂਦਾ ਸੀ, ਜਿਵੇਂ:
‘ਨਿੰਮ ਦੇ ਸੰਦੂਕ ਵਾਲੀਏ
ਕਿਹੜੇ ਪਿੰਡ ਮੁਕਲਾਵੇ ਜਾਣਾ।’
‘ਗੱਡੇ ਉੱਤੇ ਆ ਗਿਆ
ਸੰਦੂਕ ਮੁਟਿਆਰ ਦਾ।’
ਸਮ੍ਹਾਂ ਪਾ ਕੇ ਲੱਕੜ ਜਾਂ ਲੋਹੇ-ਇਸਪਾਤ ਦੀਆਂ ਪੇਟੀਆਂ ਦੇਣ ਦਾ ਰੁਝਾਨ ਹੋ ਗਿਆ। ਕੁੜੀ ਨੂੰ ਦਾਜ ਵਿਚ ਦਿੱਤੇ ਸੰਦੂਕ ਜਾਂ ਪੇਟੀ ਨੂੰ ਤਾਲਾ ਨਹੀਂ ਸੀ ਲਗਾਇਆ ਜਾਂਦਾ। ਉਸ ਦੇ ਕੁੰਡੇ ਨੂੰ ਮੌਲੀ (ਖੰਮ੍ਹਣੀ) ਦਾ ਜੋੜਾ ਬੰਨ੍ਹਿਆ ਜਾਂਦਾ। ਸਹੁਰੇ ਘਰ ਪੁੱਜਣ ’ਤੇ ਗੁਆਂਢਣਾਂ ਤੇ ਭਾਈਚਾਰੇ ਦੀਆਂ ਔਰਤਾਂ ਨੂੰ ਸੱਦ ਕੇ ਸੰਦੂਕ ਜਾਂ ਪੇਟੀ ਖੋਲ੍ਹਣ ਦੀ ਰਸਮ ਕੀਤੀ ਜਾਂਦੀ। ਛੋਟੀ ਨਣਦ ਕੁੰਡੇ ਨੂੰ ਬੰਨ੍ਹੀ ਮੌਲੀ ਖੋਲ੍ਹਦੀ। ਦਾਜ ਦਾ ਸਾਰਾ ਸਾਮਾਨ ਵਿਹੜੇ ਜਾਂ ਸਵਾਤ ਵਿਚ ਡਾਹੇ ਮੰਜਿਆਂ ਉੱਤੇ ਸਲੀਕੇ ਨਾਲ ਰੱਖਿਆ ਜਾਂਦਾ। ਵਹੁਟੀ ਦੇ ਸੂਟ ਅਲੱਗ ਰੱਖੇ ਜਾਂਦੇ। ਇਕੱਠੀਆਂ ਹੋਈਆਂ ਔਰਤਾਂ ਜਾਂ ਵਹੁਟੀ ਨਣਦ ਨੂੰ ਵਹੁਟੀ ਵਾਲੇ ਸੂਟਾਂ ਵਿਚੋਂ ਇਕ ਮਨਪਸੰਦ ਸੂਟ ਚੁੱਕਣ ਲਈ ਕਹਿੰਦੀਆਂ। ਜੇ ਉਹ ਝਿਜਕਦਿਆਂ ਸੂਟ ਨਾ ਚੁੱਕਦੀ ਤਾਂ ਕੋਈ ਹੋਰ ਸਿਆਣੀ ਔਰਤ ਜਾਂ ਨਵੀਂ ਆਈ ਭਰਜਾਈ ਆਪ ਹੀ ਆਪਣੀ ਨਣਦ ਨੂੰ ਕੋਈ ਵੀ ਸੂਟ ਚੁੱਕ ਕੇ ਫੜਾ ਦਿੰਦੀ। ਵਿਆਹੀ ਨਣਦ ਨੂੰ ਭਰਜਾਈ ਆਪਣੇ ਦਾਜ ਵਿਚ ਲਿਆਂਦੀਆਂ ਹੱਥੀਂ ਬੁਣੀਆਂ ਪੱਖੀਆਂ, ਕਢਾਈ ਕੀਤੇ ਰੁਮਾਲ, ਝੋਲੇ,ਮੇਜ਼ਪੋਸ਼, ਬੁਣੇ ਹੋਏ ਨਾਲੇ ਤੇ ਕਢਾਈ ਕੀਤੀ ਕੋਈ ਫੋਟੋ ਜਾਂ ਸੀਨਰੀ ਵੀ ਸੌਗਾਤ ਵਜੋਂ ਦੇ ਦਿੰਦੀ। ਇਹ ਰਸਮਾਂ-ਰੀਤਾਂ ਮੋਹ-ਪਿਆਰ ਦੀਆਂ ਪ੍ਰਤੀਕ ਹੁੰਦੀਆਂ। ਦਾਜ ਦਾ ਦਿਖਾਵਾ ਦੇਖਣ ਆਈਆਂ ਕੁੜੀਆਂ- ਬੁੜ੍ਹੀਆਂ ਆਈ ਨੂੰਹ ਦੀ ਵਡਿਆਈ ਕਰਦੀਆਂ।
ਰਿਵਾਜ ਵੀ ਬਦਲਦੇ ਗਏ। ਸੰਦੂਕ ਦੀ ਥਾਂ ਪੇਟੀ ਪ੍ਰਧਾਨ ਹੋ ਗਈ। ‘ਪੇਟੀ ਖੁਲ੍ਹਾਈ ਦਾ ਸੂਟ’ ਦੀ ਪਰਚੀ ਲੱਗਿਆ ਸੂਟ ਪੇਟੀ ਦਾ ਢੱਕਣ ਖੋਲ੍ਹਣ ਸਾਰ ਉੱਤੇ ਹੀ ਪਿਆ ਦਿੱਸਣ ਲੱਗਾ। ਭਾਵੇਂ ਸੂਟ ਵਧੀਆ ਹੀ ਹੁੰਦਾ ਪਰ ਨਣਦ ਦੇ ਮਨ ਪਸੰਦ ਸੂਟ ਲੈਣ ਦਾ ਮਾਣ ਤੇ ਚਾਅ ਮਨ ਮਸੋਸ ਕੇ ਰਹਿ ਜਾਂਦਾ। ਨਵੀਂ ਭਰਜਾਈ ਆਪਣੇ ਸਾਰੇ ਸੂਟ ਸਲਾਈ ਕਰਵਾ ਕੇ ਲਿਆਉਣ ਲੱਗੀ। ਹੱਥ ਦੀਆਂ ਬਣਾਈਆਂ ਪੱਖੀਆਂ ਤੇ ਹੋਰ ਕਸੀਦਾਕਾਰੀਆਂ ਬਿਜਲਈ ਸਾਮਾਨ, ਕੈਸ਼ ਜਾਂ ਚੈੱਕ ਵਿਚ ਬਦਲ ਗਈਆਂ। ਸੰਦੂਕ ਜਾਂ ਪੇਟੀ ਖੁਲ੍ਹਾਈ ਦਾ ਸੂਟ ਚਕਾਚੌਂਧ ’ਚ ਕਿਤੇ ਰੁੱਲ ਕੇ ਰਹਿ ਗਿਆ।ਇਨ੍ਹਾਂ ਪੁਰਾਣੇ ਸੰਦੂਕਾਂ, ਪੇਟੀਆਂ, ਚਰਖਿਆਂ ਤੇ ਚੱਕੀਆਂ ਦਾ ਅੱਜ ਦੇ ਸਮ੍ਹੇਂ ਨਾਲ ਮੇਲ ਨਹੀਂ, ਫਿਰ ਵੀ ਉਹ ਪੁਰਖਿਆਂ ਵਾਂਗ ਚੇਤਿਆਂ ’ਚ ਵੱਸਦੇ ਹਨ।
-ਪਰਮਜੀਤ ਕੌਰ ਸਰਹਿੰਦ
98728-98599