ਗਰਨੇਡ ਦੇ ਕੁਝ ਸ਼ਰੇ ਮੇਰੇ ਬਾਕੀ ਦੇ ਸਰੀਰ ਨੂੰ ਵੀ ਲੱਗੇ। ਉਨ੍ਹਾਂ ਨਾਲ ਮਾਮੂਲੀ ਚੋਟਾਂ ਹੀ ਆਈਆਂ ਸਨ ਪਰ ਮੈਂ ਬੇਹੋਸ਼ ਨਹੀਂ ਹੋਇਆ ਸਾਂ। ਧਮਾਕਾ ਬਹੁਤ ਦੂਰ ਤੱਕ ਖੇਤਾਂ ਵਿਚ ਕੰਮ ਕਰਦੇ ਲੋਕਾਂ ਨੇ ਸੁਣਿਆ। ਉਨ੍ਹਾਂ ਵੀ ਉਠ ਕੇ ਦੇਖਿਆ। ਕਿਸੇ ਨੂੰ ਕੁਝ ਸਮਝ ਨਹੀਂ ਆਇਆ।

ਮੈਨੂੰ ਪਤਾ ਹੀ ਨਹੀਂ ਚਲਿਆ ਕਿ ਹੋਇਆ ਕੀ ਹੈ? ‘ਓਏ! ਮਰ ਗਿਆ ਬੇਬੇ’ , ਬਸ ਇਹੀ ਬੋਲ ਮੇਰੇ ਮੂੰਹੋਂ ਨਿਕਲੇ। ਮੇਰੀਆਂ ਅੱਖਾਂ ਅੱਗੇ ਅਚਾਨਕ ਕਈ ਸਾਰੇ ਭੰਬੂਤਾਰੇ ਨੱਚ ਗਏ। ਧਮਾਕੇ ਵਾਲੀ ਥਾਂ ਉਪਰ ਧੂੰਆਂ ਫੈਲ ਗਿਆ। ਹੱਥ ਦੇ ਕੁਝ ਚਿਥੜੇ ਵੀਣੀ ਨਾਲ ਲਮਕ ਰਹੇ ਸਨ। ਖ਼ੂਨ ਦੀਆਂ ਤਤੀਰੀਆਂ ਫੁਟ ਰਹੀਆਂ ਸਨ। ਪੂਰੀ ਬਾਂਹ ਤੇ ਕੱਪੜੇ ਖ਼ੂੂਨ ਨਾਲ ਲਾਲ ਹੋ ਗਏ ਸਨ। ਬਹੁਤ ਭਿਆਨਕ ਦਿ੍ਰਸ਼। ਗਰਨੇਡ ਦੇ ਕੁਝ ਸ਼ਰੇ ਮੇਰੇ ਬਾਕੀ ਦੇ ਸਰੀਰ ਨੂੰ ਵੀ ਲੱਗੇ। ਉਨ੍ਹਾਂ ਨਾਲ ਮਾਮੂਲੀ ਚੋਟਾਂ ਹੀ ਆਈਆਂ ਸਨ ਪਰ ਮੈਂ ਬੇਹੋਸ਼ ਨਹੀਂ ਹੋਇਆ ਸਾਂ। ਧਮਾਕਾ ਬਹੁਤ ਦੂਰ ਤੱਕ ਖੇਤਾਂ ਵਿਚ ਕੰਮ ਕਰਦੇ ਲੋਕਾਂ ਨੇ ਸੁਣਿਆ। ਉਨ੍ਹਾਂ ਵੀ ਉਠ ਕੇ ਦੇਖਿਆ। ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਬਹੁਤਿਆਂ ਨੂੰ ਪਤਾ ਸੀ ਕਿ ਕਈ ਫ਼ੌਜੀ ਇਸ ਤਰ੍ਹਾਂ ਦੇ ਧਮਾਕੇ ਅਕਸਰ ਕਰਦੇ ਰਹਿੰਦੇ ਹਨ। ਸੋ, ਉਹ ਮੁੜ ਕੇ ਆਪਣੇ ਕੰਮਾਂ ’ਚ ਰੁੱਝ ਗਏ। ਮੈਂ ਤੌਲੀਆ ਜ਼ਖ਼ਮੀ ਬਾਂਹ ਦੁਆਲੇ ਲਪੇਟਿਆ ਤੇ ਘਰ ਨੂੰ ਤੁਰ ਪਿਆ।
ਮੇਰੀ ਪਤਨੀ(ਬਚਨੋ) ਤੇ ਮਾਂ(ਬੇਬੇ) ਦੀਆਂ ਚੀਕਾਂ ਨਿਕਲ ਗਈਆਂ। ਸਾਰਾ ਪਰਿਵਾਰ ਇਕੱਠਾ ਹੋ ਗਿਆ। ਕਿਸੇ ਨੂੰ ਕੁਝ ਸਮਝ ਨਾ ਆਵੇ ਕਿ ਹੋਇਆ ਕੀ ਹੈ। ਸਾਰਿਆਂ ਦੇ ਚਿਹਰਿਆਂ ਉਪਰ ਕਈ ਸਾਰੇ ਸਵਾਲ ਨੱਚਣ ਲੱਗ ਪਏ। ਮੈਂ ਛੇਤੀ ਹੀ ਇੱਕ ਹੱਥ ਨਾਲ ਵਰਦੀ ਵਾਲੀ ਪੈਂਟ ਪਾਈ।ਕਮੀਜ਼ ਮੋਢੇ ਉਪਰ ਰੱਖੀ ਤੇ ਰੇਲਵੇ ਸਟੇਸ਼ਨ ਨੂੰ ਤੁਰ ਪਿਆ। ਮੇਰੇ ਪਿੱਛੇ ਮੇਰੀ ਬੇਬੇ ਤੇ ਭਰਾ ਬਾਬੂ ਰਾਮ ਵੀ ਪਹੁੰਚ ਗਏ। ਪਿੰਡ ਦਾ ਇੱਕ ਹੋਰ ਸੇਵਾ-ਮੁਕਤ ਫ਼ੌਜੀ ਵੀ ਨਾਲ ਹੋ ਗਿਆ। ਅਸੀਂ ਗਿਆਰਾਂ ਵਜੇ ਵਾਲੀ ਗੱਡੀ ਫੜ ਕੇ ਪਠਾਨਕੋਟ ਮਿਲਟਰੀ ਹਸਪਤਾਲ ਪਹੁੰਚ ਗਏ। ਹਸਪਤਾਲ ਵਿਚ ਦਾਖ਼ਲ ਹੁੰਦੇ ਹੀ ਮੈਂ ਬੇਹੋਸ਼ ਹੋ ਗਿਆ। ਜਦੋਂ ਹੋਸ਼ ਆਈ ਤਾਂ ਸਵੇਰ ਦੇ ਪੰਜ ਵਜੇ ਹੋਏ ਸਨ। ਮੈਂ ਬਹੁਤ ਸਾਰੇ ਮਰੀਜ਼ਾਂ ਨੂੰ ਦੇਖ ਕੇ ਹੈਰਾਨ ਹੋ ਗਿਆ। ਕੋਈ ਕੋਈ ਨਰਸ ਵੀ ਵਿਖਾਈ ਦੇ ਰਹੀ ਸੀ। ਸਾਡੇ ਘਰ ਦਾ ਕੋਈ ਵੀ ਜੀਅ ਮੈਨੂੰ ਵਿਖਾਈ ਨਹੀਂ ਦਿੱਤਾ।ਮੈਨੂੰ ਪਿੱਛਲੇ ਕੱਲ੍ਹ ਵਾਲੀ ਵਾਪਰੀ ਘਟਨਾ ਵੀ ਭੁੱਲ ਗਈ ਹੋਈ ਸੀ।ਮੈਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਕੱਲ੍ਹ ਦਾ ਮੇਰੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਚੁੱਕਾ ਹੈ। ਇਹ ਸ਼ਾਇਦ ਦਵਾਈਆਂ ਦਾ ਅਸਰ ਸੀ। ਮੇਰੀਆਂ ਅੱਖਾਂ ਫਿਰ ਆਪ ਮੁਹਾਰੇ ਬੰਦ ਹੋ ਗਈਆਂ। ਦਸ ਕੁ ਵਜੇ ਘਰ ਦੇ ਕੁਝ ਜੀਅ ਮੈਨੂੰ ਮਿਲਣ ਵਾਸਤੇ ਆਏ। ਉਨ੍ਹਾਂ ਵਿਚ ਬਚਨੋ ਤੇ ਮੇਰਾ ਵੱਡਾ ਭਰਾ ਵੀ ਸਨ।ਉਨ੍ਹਾਂ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਬਚਨੋ ਦਾ ਹਾਲ ਕੁਝ ਜ਼ਿਆਦਾ ਹੀ ਮਾੜਾ ਸੀ।ਚਿਹਰੇ ਉਪਰ ਕਈ ਸਾਰੇ ਸਵਾਲ ਤਾਂਡਵ ਨਾਚ ਕਰ ਰਹੇ ਸਨ।ਇੱਕ ਦਮ ਡਰਾਵਣੇ। ਸਿਵਾਏ ਰੋਣ ਦੇ ਉਸ ਕੋਲੋਂ ਕੁਝ ਵੀ ਨਹੀਂ ਹੋ ਪਾ ਰਿਹਾ ਸੀ। ਨਰਸਾਂ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ ਕਿਉਂਕਿ ਡਾਕਟਰਾਂ ਦੇ ਆਉਣ ਦਾ ਸਮਾਂ ਹੋ ਗਿਆ ਸੀ। ।ਡਾਕਟਰ ਆਏ, ਮੇਰਾ ਹਾਲਚਾਲ ਪੁੱਛਿਆ, ਟੀਕਾ ਲਗਾਇਆ ਤੇ ਚਲੇ ਗਏ।ਮੈਨੂੰ ਨੀਂਦ ਆ ਗਈ। 12 ਵਜੇ ਤੋਂ 2 ਵਜੇ ਤਕ ਦਾ ਸਮਾਂ ਮਰੀਜ਼ਾਂ ਨੂੰ ਮਿਲਣ ਵਾਲਿਆਂ ਦਾ ਸੀ।ਬਸ ਫਿਰ ਤਾਂ ਇਨ੍ਹਾਂ ਦੋ ਘੰਟਿਆਂ ਵਿਚ ਰਿਸ਼ਤੇਦਾਰ ਆਈ ਜਾਣ,। ਰੋਈ ਜਾਣ। ਕਈ ਕਹਿਣ ਕਿ ਤੈਨੂੰ ਸਮਝ ਕਿਉਂ ਨਹੀਂ ਆਈ? ਤੂੰ ਕਿਉਂ ਗਿਆ ਉਧਰ ਨਾਲੇ ਵਾਲੇ ਪਾਸੇ,ਤੇਰੀ ਆਪਣੀ ਮੱਤ ਕਿਵੇਂ ਮਾਰੀ ਗਈ..? ”ਬੋਲਦੇ ਹੋਏ ਵੱਡੇ ਭਰਾ ਦੀ ਭੁੱਬ ਨਿਕਲ ਗਈ।
ਮੈਂ ਸਾਰਿਆਂ ਦੀਆਂ ਗੱਲਾਂ, ਨਸੀਹਤਾਂ ਸੁਣੀ ਗਿਆ। 2 ਵਜੇ, ਮਿਲਣ ਦਾ ਸਮਾਂ ਖ਼ਤਮ ਹੋਇਆ। ਸਾਰੇ ਰਿਸ਼ਤੇਦਾਰ ਚਲੇ ਗਏ। ਕੁਝ ਦੇਰ ਬਾਅਦ ਮੈਂ ਨਿਗ੍ਹਾ ਆਪਣੀ ਜ਼ਖਮੀ ਬਾਂਹ ਵੱਲ ਮਾਰੀ। ਮੇਰਾ ਖੱਬਾ ਹੱਥ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ। ਡਾਕਟਰਾਂ ਨੇ ਟਾਂਕੇ ਆਦਿ ਲਗਾ ਕੇ ਜ਼ਖ਼ਮਾਂ ਨੂੰ ਸੀਉਂ ਦਿੱਤਾ ਸੀ। ਬਹੁਤ ਅਜੀਬ ਲੱਗਾ ਸੀ ਮੈਨੂੰ ਆਪਣੇ ਹੱਥ ਨੂੰ ਦੇਖ ਕੇ।ਮੈਂ ਹੁਣ ਪੂਰਨ ਤੋਂ ਅਪੂਰਨ ਹੋ ਚੁੱਕਾ ਸਾਂ, ਅੰਗਹੀਣ ਪੂਰਨ। ਕੇਵਲ ਇੱਕ ਹੱਥ ਦਾ ਮਾਲਕ ਜੇ ਹੋਰ ਭਾਰਾ ਬੋਲ ਬੋਲਣਾ ਹੋਵੇ ਤਾਂ ਇੱਕ ਟੁੰਡਾ, ਅਪਾਹਜ। ਸਵਾਲ ਮਨ ਵਿਚ ਆ ਰਿਹਾ ਸੀ ਕਿ ਹੁਣ ਅੱਗੇ ਕੀ ਹੋਵੇਗਾ? ਪਰਿਵਾਰ ਦਾ..? । ਫਿਰ ਅਚਾਨਕ ਮੇਰੀ ਅੱਖ ਲੱਗ ਗਈ। ਸਮਾਂ ਤਾਂ ਆਪਣੀ ਚਾਲ ਕਦੇ ਨਹੀਂ ਭੁੱਲਦਾ। ਮੇਰਾ ਇਲਾਜ ਸ਼ੁਰੂ ਹੋ ਗਿਆ।
(31 ਅਕਤੂਬਰ ਮੇਰੇ ਕਰਮਯੋਗੀ ਪਿਤਾ ਪੂਰਨ ਚੰਦ ਦੀ ਗਿਆਰਵੀਂ ਬਰਸੀ ਹੈ। ਦੁਨੀਆ ਤੋਂ ਰੁਖ਼ਸ਼ਤ ਹੋਣ ਤੋਂ ਪਹਿਲਾਂ ਉਹ ਆਪਣੀਆਂ ਯਾਦਾਂ ਲਿਖ ਗਏ ਸਨ। ਜਿਸ ਨੂੰ ਮੈਂ ਸਾਹਿਤਕ ਮਾਲਾ ਵਿੱਚ ਪਿਰੋ ਕੇ ਉਸਨੂੰ ‘ਪੂਰਨ ਕਥਾ’ ਕਿਤਾਬ ਦੇ ਰੂਪ ਵਿੱਚ ਛਾਪਿਆ ਅਤੇ ਹੁਣ ਜਲਦ ਇੱਕ ‘ਅੰਤਰ ਰਾਸ਼ਟਰੀ ਪ੍ਰਕਾਸ਼ਨ ਘਰ’ ਉਸਦਾ ਅੰਗਰੇਜ਼ੀ ਅਨੁਵਾਦ ਛਾਪ ਰਿਹਾ ਹੈ। ਉਸੇ ਕਿਤਾਬ ਦਾ ਇੱਕ ਬਿਰਤਾਂਤ ਪਾਪਾ ਜੀ ਦੀ ਜ਼ੁਬਾਨ ਤੇ ਕਲਮ ਤੋਂ) J
-ਗੋਵਰਧਨ ਗੱਬੀ
9417173700