ਉਸਦੀ ਸ਼ਾਇਰੀ ਦੇ ਹੁਨਰ ਦਾ ਕਮਾਲ ਵੀ ਪੜ੍ਹਣ 'ਤੇ ਬਣਦਾ ਹੈ। ਉਹ ਲੋਕ-ਪੱਖੀ ਸ਼ਾਇਰੀ ਕਰਦਾ ਹੈ। ਇਸ ਗੱਲ ਦੀ ਗਵਾਹੀ ਉਸ ਦੀਆਂ ਗ਼ਜ਼ਲਾਂ...

ਬਰਨਾਲੇ ਦੀ ਧਰਤੀ ਨੂੰ ਸਾਹਿਤਕਾਰਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ। ਇਸ ਧਰਤੀ ਨੇ ਅਨੇਕਾਂ ਨਾਮਵਰ ਲੇਖਕ ਪੈਦਾ ਕੀਤੇ ਹਨ। ਬਰਨਾਲੇ ਦਾ ਸਾਹਿਤਕ ਪਰਿਵਾਰ ਬੜਾ ਵੱਡਾ ਹੈ। ਇਸ ਪਰਿਵਾਰ ਦਾ ਇੱਕ ਜਾਣਿਆ ਪਹਿਚਾਣਿਆ ਨਾਂ ਹੈ ਮੇਜਰ ਸਿੰਘ ਰਾਜਗੜ੍ਹ। ਮੇਜਰ ਸਿੰਘ ਰਾਜਗੜ੍ਹ ਇੱਕ ਬਹੁ ਵਿਧਾਵੀ ਲੇਖਕ ਹੈ। ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਕਰਕੇ ਉਸ ਦੀ ਕਲਮੀਂ ਸਾਂਝ ਦੂਰ-ਦੁਰਾਡੇ ਤੱਕ ਫੈਲੀ ਹੋਈ ਹੈ। ਹੁਣ ਤੱਕ ਉਸਦੀਆਂ ,ਬਚਪਨ ਦੀ ਕਿਲਕਾਰੀ ‘ਖੁਸ਼ੀਆਂ ਦੇ ਵਣਜਾਰੇ’, ‘ਅੱਖਰਾਂ ਦਾ ਘਰ ’ ਬਾਲ ਪੁਸਤਕਾਂ ਤੋਂ ਇਲਾਵਾ ਦਰਜਨ ਦੇ ਕਰੀਬ ਸਾਂਝੇ ਕਾਵਿ ਸੰਗ੍ਰਹਿ ਆਏ ਹੋਏ ਹਨ। ਮੇਜਰ ਸਿੰਘ ਰਾਜਗੜ੍ਹ ਮਿਹਨਤਕਸ਼ ਕਿਰਤ ਨਾਲ ਜੁੜਿਆ ਇੱਕ ਸਾਧਾਰਨ ਇਨਸਾਨ ਹੈ। ਇਸੇ ਕਰਕੇ ਉਸ ਵਾਗੂੰ ਉਸ ਦੀਆਂ ਰਚਨਾਵਾਂ ਵੀ ਸਰਲ, ਸਪੱਸ਼ਟ ਤੇ ਸਾਦਗੀ ਭਰਪੂਰ ਹਨ ਜੋ ਸਿੱਧੀਆਂ ਪਾਠਕ ਦੇ ਧੁਰ ਅੰਦਰ ਲਹਿੰਦੀਆਂ ਹਨ। ਰਾਜਗ੍ਹੜ ਦੀ ਸ਼ਾਇਰੀ ਸੱਚ ਦੇ ਨੇੜੇ ਹੈ, ਅਤੇ ਉਸਦੀ ਸੱਚ ਨੂੰ ਸ਼ਬਦਾਂ ਵਿਚ ਬੰਨਣ ਦੀ ਕਲਾ ਉਸ ਤੋਂ ਵੀ ਉੱਤਮ ਹੈ। ਉਹ ਗ਼ਜ਼ਲ ਸਿਨਫ਼ ਦੇ ਆਰੂਜ਼ ਦੀ ਸਿਰਫ ਪਾਲਣਾ ਹੀ ਨਹੀਂ ਕਰਦਾ ਸਗੋਂ ਉਸਦੀ ਸ਼ਾਇਰੀ ਦੇ ਹੁਨਰ ਦਾ ਕਮਾਲ ਵੀ ਪੜ੍ਹਣ 'ਤੇ ਬਣਦਾ ਹੈ। ਉਹ ਲੋਕ-ਪੱਖੀ ਸ਼ਾਇਰੀ ਕਰਦਾ ਹੈ। ਇਸ ਗੱਲ ਦੀ ਗਵਾਹੀ ਉਸ ਦੀਆਂ ਗ਼ਜ਼ਲਾਂ...
ਰੁੱਤਾਂ ਵਾਂਗੂੰ ਅਉਧ ਮੇਰੀ ਦਾ, ਬਦਲ ਗਿਆ ਸਿਰਨਾਵਾਂ।
ਲੋਚ ਰਿਹਾ ਮਨ ਫੁੱਲਾਂ ਵਰਗਾ, ਜੀਵਨ ਫੇਰ ਹੰਢਾਵਾਂ ।
ਦਿਲ ਦਰਿਆ ਸੀ ਜੋਬਨ ਰੁੱਤੇ,ਸਿਖ਼ਰ ਦੁਪਹਿਰੇ ਵਰਗਾ,
ਕਾਲੀ ਰਾਤ ’ਚ ਛੱਡ ਤੁਰ ਜਾਵੇ,ਮੇਰਾ ਹੁਣ ਪਰਛਾਵਾਂ।
ਤਿੜਕੇ ਸ਼ੀਸ਼ੇ ਵਰਗੇ ਰਿਸ਼ਤੇ,ਕੌਣ ਕਿਸੇ ਦੀ ਸੁਣਦਾ,
ਪੁੱਤ ਸੁਲੱਗ ਜਿੰਨਾ ਦੇ ਹੋਵਣ, ਭਾਗਾਂ ਵਾਲੀਆਂ ਮਾਂਵਾਂ ।
ਹੱਥ ਨੂੰ ਹੱਥ ਹੈ ਖਾਂਦਾ ਹੁਣ ਤਾਂ, ਯੁੱਗ ਮਾਇਆ ਮੋਹ ਖੋਰਾ,
ਅੱਖੀਂ ਘੱਟਾ ਪਾ ਕੇ ਲੁੱਟਣ, ਬੀਤੀ ਗੱਲ ਸੁਣਾਵਾਂ ।
ਪਾਰ ਸਮੁੰਦਰੋਂ ਚੋਗੇ ਖਾਤਰ, ਛੱਡ ਕੇ ਆਲ੍ਹਣਾ ਤੁਰ ਗਏ,
ਵਿਰਸਾ ਬੋਲੀ ਚੇਤੇ ਰੱਖਿਓ,ਮਿੱਟੀ ਦਾ ਸਿਰਨਾਵਾਂ ।
ਧਰਮ ਕਰਮ ਦੋਏ ਛੁਪ ਖਲੋਏ,ਸਿਰ ਤੋਂ ਲਹਿ ਗਈ ਲੋਈ,
ਜਿੱਧਰ ਦੇਖੋ ਹਫੜਾ ਦਫੜੀ, ਕੂਕਣ ਨਾਵਾਂ ਨਾਵਾਂ।
ਹੇਠ ਪੁਲਾਂ ਦੇ ਲੰਘਿਆ ਪਾਣੀ, ਮੁੜ ਵਾਪਸ ਨਾ ਆਵੇ,
ਭੋਲਾ ਬਚਪਨ ਜ਼ੋਰ ਜਵਾਨੀ, ਲੰਘੇ ਵਾਂਗ ਹਵਾਵਾਂ।
ਦਰਦ ਮੇਰਾ ਹੈ ਇਸ਼ਕ ਹਕੀਕੀ,ਚੋਟ ਇਸ਼ਕ ਦੀ ਲੱਗੀ,
ਪਰਬਤ ਵਰਗਾ ਜ਼ੇਰਾ ਕਰਕੇ,ਗੀਤ ਗ਼ਮਾਂ ਵਿਚ ਗਾਵਾਂ ।
ਇਸ਼ਕ ਹਕੀਕੀ ਦਿਲ ਵਿਚ ਮੇਰੇ,ਰਮ ਗਿਆ ਪਾਰਾ ਬਣ ਕੇ,
ਸੀਨੇ ਵਿੱਚ ਛੁਪਾ ਕੇ ਦੁੱਖੜੇ,ਗਮ ਪੀਵਾਂ ਗ਼ਮ ਖਾਵਾਂ ।
ਹੱਦਾਂ ’ਤੇ ਹੈ ਧਰਤੀ ਕੰਬੇ,ਅੰਬਰ ਕਾਲਾ ਹੋਇਆ,
ਦੁੱਲਾ ਜੈਮਲ ਵੈਰੀ ਬਣ ਗਏ,ਸਿਆਸਤ ਖੇਡੀ ਕਾਵਾਂ ।
ਪੱਥਰ ਵਰਗਾ ਇਹ ਦਿਲ ਪਿਘਲੇ, ਨੈਣੋਂ ਹੰਝੂ ਕਿਰਦੇ,
ਦਰਦ ਇਹ ਦਿਲ ਵਿਚ ਰੱਸਦੇ ਰਹਿੰਦੇ,ਦੱਸੋ ਕਿੰਝ ਛੁਪਾਵਾਂ।
***
ਹੱਦ ਉੱਪਰ ਡੁੱਲਿਆ ਜੋ,
ਖ਼ੂਨ ਮੇਰਾ ਵੇਖਿਆ ਸੀ।
ਨਫ਼ਰਤਾਂ ਉਹ ਡੋਲਿਆ !
ਮੇਰਾ ਨਾ ਤੇਰਾ ਵੇਖਿਆ ਸੀ।
ਬਣ ਗਏ ਮਾਲੀ ਲੁਟੇਰੇ,
ਜਿਸਮ ਵਿੱਚੋਂ ਲੈ ਗਏ ਦਿਲ,
ਜ਼ਾਲਿਮਾਂ ਦਾ ਤਿੜਕਦਾ ਸ਼ੀਸ਼ੇ ਨੇ,
ਚਿਹਰਾ ਵੇਖਿਆ ਸੀ।
ਦੇ ਗਈ ਸਰਹੱਦ ਜਿਸਨੂੰ,
ਤੜਫ਼ਦੇ ਹੀ ਦਾਗ਼ ਸੀਨੇ,
ਚੰਨ ਤੋਂ ਬਿਨ ਜਾਗ ਰਾਤੀਂ,
ਉਸ ਨੇ ਹਨੇਰਾ ਵੇਖਿਆ ਸੀ।
ਨਾ ਚਮਕ ਚਿਹਰੇ ’ਤੇ ਕੋਈ,
ਨਾ ਰਹੀ ਸਾਹਾਂ ’ਚ ਖੁਸ਼ਬੂ,
ਆਸ ਦਾ ਸੂਰਜ ਨਾ ਚੜਿ੍ਹਆ,
ਜਦ ਸਵੇਰਾ ਵੇਖਿਆ ਸੀ।
ਹਮਸਫਰ ਹੁਣ ਜ਼ਿੰਦਗੀ ਦੇ,
ਬਣ ਗਏ ਨੇ ਦਰਦ ਤਾਹੀਂ,
ਚਹੁੰ ਚੁਫੇਰੇ ਨੇਰਿਆਂ ਦਾ,
ਓਸ ਘੇਰਾ ਵੇਖਿਆ ਸੀ।
ਪੁੰਨਿਆਂ ਦੇ ਚੰਨ ਬਾਝੋਂ,
ਰਾਤ ਭਾਵੇਂ ਸ਼ੂਕਦੀ ਹੈ,
ਸਰਦਲਾਂ ’ਤੇ ਹੈ ਖੜ੍ਹੀ
ਨੈਣਾਂ ’ਚ ਜ਼ੇਰਾ ਵੇਖਿਆ ਸੀ।
ਮੁਰਝਾਏ ਨੇ ਫੁੱਲ ਸੂਹੇ,
ਯਾਦ ਉਸ ਦੀ ਗੋਦ ਵਿਚ ! ਪਰ,
ਹੌਸਲੇ ਤੇ ਸਿਦਕ ਦਾ ‘‘ਕਿਰਤੀ’’ ਬਨੇਰਾ ਵੇਖਿਆ ਸੀ।