ਪੰਜਾਬ ਦੇ ਲੋਕ-ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ। ਪੰਜਾਬ ਦਾ ਲੋਕ ਜੀਵਨ ਇਨ੍ਹਾਂ 'ਚ ਧੜਕਦਾ ਸਾਫ਼ ਨਜ਼ਰ ਆਉਂਦਾ ਹੈ। ਇਨ੍ਹਾਂ 'ਚ ਐਨੀ ਵੰਨ-ਸੁਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ, ਜਿਸ ਬਾਰੇ ਪੰਜਾਬੀ ਵਿਚ ਲੋਕ-ਗੀਤ ਨਾ ਮਿਲਦੇ ਹੋਣ। ਇਹ ਹਜ਼ਾਰਾਂ ਦੀ ਗਿਣਤੀ ਵਿਚ ਹਨ। ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ- ਗਾਉਂਦੇ ਬਤੀਤ ਕਰਦੇ ਹਨ। ਇਸੇ ਕਰਕੇ ਹਰ ਪੰਜਾਬੀ ਤੁਹਾਨੂੰ ਖੁਸ਼ੀਆਂ ਵੰਡਦਾ ਖਿੜੇ ਮੱਥੇ ਮਿਲੇਗਾ। ਡਾ. ਬਲਦੇਵ ਸਿੰਘ ਬੱਦਨ ਅਨੁਸਾਰ 'ਲੋਕ' ਸ਼ਬਦ ਦੇ ਅਰਥ ਹਨ ਜਨਤਾ, ਪਰਜਾ, ਆਮ ਮਨੁੱਖ ਸਮੂਹ ਆਦਿ।

ਭਾਈ ਕਾਹਨ੍ਹ ਸਿੰਘ ਨਾਭਾ ਅਨੁਸਾਰ ਗਾਉਣ ਯੋਗ ਛੰਦ ਅਥਵਾ ਵਾਕ ਨੂੰ ਗੀਤ ਕਿਹਾ ਜਾਂਦਾ ਹੈ। ਰਾਜਸਥਾਨੀ ਸ਼ਬਦ ਕੋਸ਼ ਅਨੁਸਾਰ, 'ਗੀਤ' ਗਾਇਆ ਜਾ ਸਕਣ ਵਾਲਾ ਪਦ ਜਾਂ ਵਾਕ ਹੈ।'ਲੋਕ' ਤੇ 'ਗੀਤ' ਦੋਵਾਂ ਦੇ ਸੰਕਲਪਾਂ ਨੂੰ ਸਮਝਣ ਤੋਂ ਬਾਅਦ 'ਲੋਕ-ਗੀਤ' ਨੂੰ ਇਕ ਸੰਯੁਕਤ ਸੰਕਲਪ ਵਿਚ ਬੰਨ੍ਹਣਾ ਸਹਿਜ ਤੇ ਆਸਾਨ ਹੋ ਜਾਂਦਾ ਹੈ। ਗੀਤ ਦੇ ਰੂਪਾਕਾਰ ਦਾ ਮੂਲ ਲੋਕ-ਗੀਤ ਨੂੰ ਮੰਨਿਆ ਗਿਆ ਹੈ।

ਡਾ. ਵਣਜਾਰਾ ਬੇਦੀ ਅਨੁਸਾਰ, 'ਲੋਕ-ਗੀਤ' ਕਿਸੇ ਜਾਤੀ ਦੇ ਸਮੂਹਿਕ ਜਜ਼ਬਿਆਂ ਦੇ ਪ੍ਰਕਾਸ਼ ਹਨ। ਜਾਤੀ ਦੀ ਲੋਕ ਸੰਸਕ੍ਰਿਤੀ ਦੇ ਚਿਹਨ ਚੱਕਰ ਵਿਚ ਉਤਰੀ ਉਸ ਦੀ ਮੂਲ ਨੁਹਾਰ ਹਨ। ਇਹ ਕਿਸੇ ਜਾਤੀ ਦੇ ਹਿਰਦੇ 'ਚੋਂ ਸੰਸਕ੍ਰਿਤੀ ਦੇ ਪ੍ਰਵਾਹ 'ਚੋਂ ਸੁਤੇ ਸਿੱਧ ਉਭਰੀਆਂ ਉਹ ਛੱਲਾਂ ਹਨ, ਜਿਹੜੀਆਂ ਪਰੰਪਰਾ ਦੇ ਕੰਢਿਆਂ ਨਾਲ ਟਕਰਾ ਕੇ ਰੂਪਮਾਨ ਹੁੰਦੀਆਂ ਹਨ।

ਲੋਕ-ਗੀਤਾਂ 'ਚ ਭਰੀ ਹੋਈ ਹੈ ਵੰਨ-ਸੁਵੰਨਤਾ

ਪੰਜਾਬੀ ਲੋਕ-ਗੀਤਾਂ 'ਚ ਵਿਸ਼ੇ ਤੇ ਰੂਪ ਪੱਖੋਂ ਬਹੁਤ ਵੰਨ-ਸੁਵੰਨਤਾ ਹੈ। ਪੰਜਾਬੀ ਲੋਕ-ਗੀਤਾਂ ਦਾ ਵਰਗੀਕਰਨ ਵੀ ਭਿੰਨ-ਭਿੰਨ ਵਿਦਵਾਨਾਂ ਨੇ ਵੱਖੋ-ਵੱਖਰਾ ਕੀਤਾ ਹੈ। ਇਨ੍ਹਾਂ 'ਚ ਕਪੂਰ ਸਿੰਘ, ਨਰੇਂਦਰ ਸਿੰਘ, ਡਾ. ਵਣਜਾਰਾ ਬੇਦੀ, ਡਾ. ਕਰਨੈਲ ਸਿੰਘ ਥਿੰਦ ਦੇ ਨਾਂ ਵੀ ਜ਼ਿਕਰਯੋਗ ਹਨ। ਇੱਥੇ ਗੱਲ ਕਰ ਰਹੇ ਹਾਂ ਪ੍ਰਸਿੱਧ ਪੰਜਾਬੀ ਲੋਕ-ਗੀਤਾਂ ਦੀ, ਜਿਨ੍ਹਾਂ ਦਾ ਸਾਡੇ ਜੀਵਨ ਦੇ ਵੱਖ-ਵੱਖ ਪੱਖਾਂ ਨਾਲ ਵਧੇਰੇ ਸੰਬੰਧ ਹੈ।

ਪੰਜਾਬੀ ਲੋਕ-ਗੀਤਾਂ ਦਾ ਜਨਮ ਬੱਚੇ ਦੇ ਜਨਮ ਨਾਲ ਹੀ ਹੋ ਜਾਂਦਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਦਾਈ ਤੇ ਬਾਕੀ ਸਾਰੇ ਰਿਸ਼ਤੇਦਾਰ ਬੱਚੇ ਦੇ ਜਨਮ ਦੀ ਖ਼ੁਸ਼ੀ ਮਨਾਉਂਦੇ ਹਨ ਤਾਂ ਉਨ੍ਹਾਂ ਵੱਲੋਂ ਆਪ ਮੁਹਾਰੇ ਲੋਕ-ਗੀਤ ਸਿਰਜੇ ਜਾਂਦੇ ਹਨ :

ਧੰਨ ਤੇਰੀ ਮਾਂ ਭਲੀ ਵੇ ਮਹਾਰਾਜ, ਜਿਨ ਤੂੰ ਬੇਟੜਿਆ ਜਾਇਆ।

ਧੰਨ ਤੇਰੀ ਚਾਚੀ ਭਲੀ ਵੇ ਮਹਾਰਾਜ, ਜਿਨ ਤੇਰਾ ਛੱਜ ਰਖਾਇਆ।

ਧੰਨ ਤੇਰੀ ਭੈਣ ਭਲੀ ਵੇ ਮਹਾਰਾਜ, ਜਿਨ ਤੈਨੂੰ ਕੁੱਛੜ ਖਿਡਾਇਆ ।

ਧੰਨ ਤੇਰੀ ਮਾਮੀ ਭਲੀ ਵੇ ਮਹਾਰਾਜ, ਜਿਨ ਤੇਰਾ ਸੋਹਲੜਾ ਗਾਇਆ।

ਘਰ ਦਾ ਕੰਮ ਕਰਦੇ ਸਮੇਂ ਬੱਚੇ ਨੂੰ ਵਰਚਾਉਣ ਤੇ ਪਾਲਣ -ਪੋਸ਼ਣ ਦੇ ਵਿਚ ਲੋਕ-ਗੀਤ 'ਲੋਰੀਆਂ' ਰਾਹੀਂ ਮਾਂ ਦੀ ਸਹਾਇਤਾ ਕਰਦੇ ਹਨ :

ਸੌਂ ਜਾ ਕਾਕਾ ਤੂੰ ,

ਤੇਰੇ ਬੋਦੇ ਲੜ ਗਈ ਜੂੰ।

ਕੱਢਣ ਤੇਰੀਆਂ ਮਾਮੀਆਂ,

ਕਢਾਉਣ ਵਾਲਾ ਤੂੰ।

ਗੱਭਰੂ ਤੇ ਕੁੜੀਆਂ ਕਰਦੇ ਨੇ ਦਿਲ ਹੌਲੇ

ਪੰਜਾਬੀ ਲੋਕ-ਗੀਤਾਂ 'ਚ ਪੰਜਾਬ ਦੀਆਂ ਰੁੱਤਾਂ, ਤਿਉਹਾਰਾਂ ਤੇ ਮੇਲਿਆਂ ਬਾਰੇ ਅਨੇਕਾਂ ਗੀਤ ਮਿਲਦੇ ਹਨ। ਲੋਹੜੀ, ਤੀਆਂ, ਹੋਲੀ, ਵਿਸਾਖੀ, ਬਸੰਤ ਆਦਿ ਮੌਕਿਆਂ 'ਤੇ ਵੀ ਗੀਤ ਗਾਏ ਜਾਂਦੇ ਹਨ। ਪੰਜਾਬ ਦੇ ਬਹੁਤੇ ਤਿਉਹਾਰ ਤੇ ਮੇਲੇ ਰੁੱਤਾਂ ਦੀ ਤਬਦੀਲੀ ਸਮੇਂ ਹੁੰਦੇ ਹਨ :

ਤੇਰੀ ਵੇ ਸੰਧੂਰੀ ਪੱਗ ਦੇ

ਸਾਨੂੰ ਮੱਸਿਆ 'ਤੇ ਪੈਣ ਭੁਲੇਖੇ।

ਮੇਲੇ ਦੇ ਭੰਗੜੇ ਵਿਚ ਗੱਭਰੂ ਵੰਨ-ਸੁਵੰਨੀਆਂ ਬੋਲੀਆਂ ਪਾਉਂਦੇ ਤੇ ਆਪਣੇ ਦਿਲ ਹੌਲੇ ਕਰਦੇ ਹਨ :

ਅੰਬਰਸਰ ਦੇ ਮੁੰਡੇ ਸੁਣੀਂਦੇ, ਪੱਗਾਂ ਬੰਨ੍ਹਦੇ ਹਰੀਆਂ।

ਮਾੜੀ ਕੁੜੀ ਨਾਲ ਵਿਆਹ ਨਾ ਕਰਾਉਦੇਂ,

ਵਿਆਹ ਕੇ ਲਿਆਉਂਦੇ ਪਰੀਆਂ।

ਕੋਲ ਵਿਚੋਲੇ ਦੇ, ਦੋ ਮੁਟਿਆਰਾਂ ਖੜ੍ਹੀਆਂ।

ਤੀਆਂ ਵਿਚ ਜਾਣ ਸਮੇਂ ਕੁੜੀਆਂ ਘਰਾਂ ਤੋਂ ਨਿੱਕਲ ਕੇ ਝੁੰਡ ਬਣਾ ਕੇ ਤੁਰੀਆਂ ਜਾਂਦੀਆਂ, ਇਕ- ਦੂਜੇ ਨੂੰ ਬੋਲੀ ਦੇ ਰੂਪ ਵਿਚ ਆਵਾਜ਼ਾਂ ਮਾਰਦੀਆਂ ਹਨ:

ਆਉੁਂਦੀ ਕੁੜੀਏ ਜਾਂਦੀਏ ਕੁੜੀਏ,

ਚੱਕ ਲਿਆ ਬਾਜ਼ਾਰ ਵਿੱਚੋਂ ਝਾਵੇਂ।

ਨੀ ਕਾਹਲੀ -ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।

ਲੋਕ-ਗੀਤਾਂ 'ਚ ਰਿਸ਼ਤਿਆਂ ਦੀ ਗੱਲ

ਰਿਸ਼ਤਿਆਂ ਨਾਲ ਸਬੰਧਿਤ ਵੀ ਬਹੁਤ ਸਾਰੇ ਲੋਕ-ਗੀਤ ਮਿਲਦੇ ਹਨ। ਪਿਓ-ਧੀ, ਮਾਂ-ਧੀ, ਭੈਣ-ਭਰਾ, ਨਣਦ-ਭਰਜਾਈ, ਨੂੰਹ-ਸੱਸ, ਪਤੀ-ਪਤਨੀ, ਜੇਠ-ਜੇਠਾਣੀ, ਨੂੰਹ-ਸਹੁਰਾ ਆਦਿ ਰਿਸ਼ਤਿਆਂ ਬਾਰੇ ਬਹੁਤ ਗੀਤ ਗਾਏ ਜਾਂਦੇ ਹਨ।

ਪਿਓ-ਧੀ ਨਾਲ ਸੰਬੰਧਿਤ ਲੋਕ-ਗੀਤ:

ਧੀਆਂ ਹੁੰਦੀਆਂ ਜੇ ਦੌਲਤਾਂ ਬੇਗਾਨੀਆਂ,

ਹੱਸ-ਹੱਸ ਤੋਰੀ ਬਾਬਲਾ।

ਭੈਣ-ਭਰਾ ਨਾਲ ਸੰਬੰਧਿਤ ਲੋਕ-ਗੀਤ:

ਮੇਰੇ ਵੀਰ ਜਿਹਾ ਨਾ ਕੋਈ, ਦੁਨੀਆ ਲੱਖ ਵਸਦੀ।

ਦਿਓਰ-ਭਰਜਾਈ ਨਾਲ ਸੰਬੰਧਿਤ ਲੋਕ-ਗੀਤ:

ਬਾਰੀ ਬਰਸੀ ਖੱਟਣੇ ਨੂੰ ਘੱਲਿਆ, ਖੱਟ ਕੇ ਲਿਆਂਦਾ ਆਰਾ।

ਨੌਕਰ ਹੋ ਜਾਊਂਗਾ,

ਭਾਬੀ ਤੇਰਿਆਂ ਦੁੱਖਾਂ ਦਾ ਮਾਰਾ।

ਸੱਸ-ਨੂੰਹ ਨਾਲ ਸਬੰਧਿਤ ਲੋਕ-ਗੀਤ:

ਸੱਸ ਕੁੱਟਣੀ ਸੰਦੂਕਾਂ ਓਹਲੇ,

ਨਿੰਮ ਦਾ ਬਣਾ ਦੇ ਘੋਟਣਾ।

ਵਿਆਹ ਵਾਲੇ ਘਰ 'ਚ ਗੂੰਜਦੇ ਲੋਕ-ਗੀਤ

ਪੰਜਾਬੀ ਜੀਵਨ ਦੇ ਸਭ ਤੋਂ ਚੰਗੇਰੇ ਸੱਭਿਆਚਾਰਕ ਪ੍ਰੋਗਰਾਮ ਮੁੰਡਿਆਂ -ਕੁੜੀਆਂ ਦੇ ਵਿਆਹ ਤੇ ਮੰਗਣੇ ਦੇ ਸਮੇਂ ਹੁੰਦੇ ਹਨ। ਵਿਆਹ ਦੇ ਨਿਸ਼ਚਿਤ ਦਿਨ ਤੋਂ ਪਹਿਲਾਂ ਵਿਆਹ ਵਾਲੇ ਘਰ ਗੀਤ ਗਾਏ ਜਾਣ ਲੱਗ ਪੈਂਦੇ ਹਨ। ਵਿਆਹ ਵਿਚ ਜੰਝ ਤੇ ਲਾੜੇ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਕੁੜੀ ਵਾਲਿਆਂ ਦੇ ਘਰ ਸੁਹਾਗ ਗਾਏ ਜਾਂਦੇ ਹਨ:

ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?

ਮੈ ਤਾਂ ਖੜੀ ਸਾਂ ਬਾਬਲ ਜੀ ਦੇ ਦੁਆਰ

ਬਾਬਲ, ਵਰ ਲੋੜੀਏ।

ਲੜਕੇ ਦੇ ਘਰ ਘੋੜੀਆਂ ਗਾਈਆਂ ਜਾਂਦੀਆ ਹਨ:

ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵਰ੍ਹੇ।

ਮਾਤਾ ਬੁਲਾਵੇ ਨਿੱਕਿਆ ਆਓ ਘਰੇ।

ਪੰਜਾਬੀਆਂ ਦੀ ਬਹਾਦਰੀ ਦਾ ਝਲਕਾਰਾ

'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਲਾ ਅਖਾਣ ਪੰਜਾਬੀਆਂ ਦੀ ਬਹਾਦਰੀ ਦੀ ਹਾਮੀ ਭਰਦਾ ਹੈ। ਸ਼ੁਰੂ ਤੋਂ ਹੀ ਪੰਜਾਬ ਦੀ ਧਰਤੀ ਦੇ ਬੀਰ ਸਪੂਤ ਬਾਹਰਲੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਰਹੇ ਹਨ, ਜਿਸ ਕਾਰਨ ਇਨ੍ਹਾਂ ਵਿਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਹਰ ਹਮਲਾਵਰ ਦਾ ਇਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ ਹੈ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਇਨ੍ਹਾਂ ਨੇ ਮੂੰਹ ਤੋੜ ਜਵਾਬ ਦਿੱਤਾ। ਇਸੇ ਟਾਕਰੇ ਸਦਕਾ ਹੀ ਪੰਜਾਬੀਆਂ 'ਚ ਸੂਰਬੀਰਤਾ, ਬਹਾਦਰੀ ਤੇ ਦੇਸ਼ ਭਗਤੀ ਘਰ ਕਰ ਗਈ। ਲੋਕ-ਗੀਤਾਂ ਵਿਚ ਵੀ ਬੀਰ ਭਾਵਨਾ ਚੋਖੀ ਮਾਤਰਾ ਵਿਚ ਮਿਲਦੀ ਹੈ। ਪੰਜਾਬਣਾਂ ਆਪਣੇ ਢੋਲ ਸਿਪਾਹੀਆਂ ਨੂੰ ਬੜੇ ਚਾਅ ਨਾਲ ਲੜਾਈਆਂ 'ਚ ਭੇਜਦੀਆਂ ਆਖ ਰਹੀਆਂ ਹਨ :

ਜਾ ਵੇ ਸਿਪਾਹੀਆ ਜਾਵੀਂ ਛੇਤੀ, ਬਹੁਤੀ ਦੇਰ ਨਾ ਲਾਈਂ।

ਸ਼ੇਰਾ ਵਾਂਗੂੰ ਪਾਲੀ ਅਣਖ ਨੂੰ,

ਪਿੱਠ ਨਾ ਕਦੇ ਵਿਖਾਈਂ।

ਧਾਰਮਿਕ ਸਾਂਝ ਦਾ ਪ੍ਰਗਟਾਵਾ

ਪੰਜਾਬ ਵਿਚ ਅਨੇਕਾਂ ਧਰਮ, ਸੰਪ੍ਰਦਾਵਾਂ ਤੇ ਪੀਰ- ਫਕੀਰ ਹੋਏ ਹਨ, ਜਿਨ੍ਹਾਂ ਦੀਆਂ ਰਹੁ-ਰੀਤਾਂ ਪੂਜਾ ਵਿਧੀਆਂ ਨਿਵੇਕਲੀਆਂ ਹਨ।

ਵੱਖੋ-ਵੱਖ ਧਰਮਾਂ ਦੇ ਲੋਕ ਸਾਰਿਆਂ ਧਰਮਾਂ ਦੇ ਦਿਨ-ਤਿਓਹਾਰ ਸਾਂਝੇ ਤੌਰ 'ਤੇ ਮਨਾਉਂਦੇ ਆਏ ਹਨ। ਪੰਜਾਬੀ ਲੋਕ-ਗੀਤਾਂ 'ਚ ਵੀ ਇਹ ਸਾਂਝ ਦੇਖਣ ਨੂੰ ਮਿਲਦੀ ਹੈ :

ਦੇਵੀ ਦੀ ਮੈਂ ਕਰਾਂ ਕੜਾਹੀ ਪੀਰ ਫਕੀਰ ਧਿਆਵਾਂ।

ਹੈਦਰ ਸ਼ੇਖ ਦਾ ਦੇਵਾਂ ਬੱਕਰਾ

ਨੰਗੇ ਪੈਰੀਂ ਜਾਵਾਂ।

ਹਨੂੰਮਾਨ ਦੀ ਦੇਵਾਂ ਮੰਨੀ,

ਰਤੀ ਫ਼ਰਕ ਨਾ ਪਾਵਾਂ।

ਨੀ ਮਾਤਾ ਭਗਤੀਏ,

ਮੈਂ ਤੇਰਾ ਜਸ ਗਾਵਾਂ।

ਉਪਰੋਕਤ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਲੋਕ-ਗੀਤ ਪੰਜਾਬੀਆਂ ਦੇ ਰੋਮ-ਰੋਮ ਵਿਚ ਰਚੇ ਹੋਏ ਹਨ। ਉਨ੍ਹਾਂ ਦਾ ਕੋਈ ਅਜਿਹਾ ਮੌਕਾ ਨਹੀਂ, ਜਿੱਥੇ ਲੋਕ-ਗੀਤ ਨਾ ਗਾਏ ਜਾਂਦੇ ਹੋਣ। ਪੰਜਾਬੀ ਲੋਕ-ਗੀਤ ਪੰਜਾਬੀ ਜੀਵਨ ਤੇ ਸੱਭਿਆਚਾਰ ਦਾ ਦਰਪਣ ਹਨ। ਪੰਜਾਬ ਦੇ ਲੋਕਾਂ ਦੀ ਇਹ ਆਤਮਾ ਹਨ।

ਡਾ. ਜਸਵਿੰਦਰ ਸਿੰਘ ,65 98951996

Posted By: Harjinder Sodhi