ਮਹਾਨ ਕੋਸ਼ ਅਨੁਸਾਰ ਗੱਦੀ ਦਾ ਅਰਥ ਹੈ ਛੋਟਾ ਗਦੇਲਾ, ਰਾਜੇ ਦਾ ਸਿੰਘਾਸਨ, ਮਹੰਤ ਦਾ ਆਸਣ, ਪਹਾੜੀ ਇਲਾਕੇ ਵਿਚ ਇਕ ਦਿਵਜ ਜਾਤੀ ਜੋ ਜਨੇਊ ਦਾ ਅਧਿਕਾਰ ਰੱਖਦੀ ਹੈ। ਗੁਰਪ੍ਰਤਾਪ ਸੂਰਜ ਵਿਚ ਇਸ ਜਾਤੀ ਦਾ ਨਾਂ ‘ਗਧੀਲਾ’ ਲਿਖਿਆ ਹੈ। ਇਕ ਨੀਚ ਜਾਤ ਜੋ ਭੇਡਾਂ, ਗਧੇ ਪਾਲਦੀ ਹੈ ਤੇ ਖਾਨਾ ਬਦੋਸ਼ ਹੈ।

ਮਹਾਨ ਕੋਸ਼ ਅਨੁਸਾਰ ਗੱਦੀ ਦਾ ਅਰਥ ਹੈ ਛੋਟਾ ਗਦੇਲਾ, ਰਾਜੇ ਦਾ ਸਿੰਘਾਸਨ, ਮਹੰਤ ਦਾ ਆਸਣ, ਪਹਾੜੀ ਇਲਾਕੇ ਵਿਚ ਇਕ ਦਿਵਜ ਜਾਤੀ ਜੋ ਜਨੇਊ ਦਾ ਅਧਿਕਾਰ ਰੱਖਦੀ ਹੈ। ਗੁਰਪ੍ਰਤਾਪ ਸੂਰਜ ਵਿਚ ਇਸ ਜਾਤੀ ਦਾ ਨਾਂ ‘ਗਧੀਲਾ’ ਲਿਖਿਆ ਹੈ। ਇਕ ਨੀਚ ਜਾਤ ਜੋ ਭੇਡਾਂ, ਗਧੇ ਪਾਲਦੀ ਹੈ ਤੇ ਖਾਨਾ ਬਦੋਸ਼ ਹੈ। ਲੋਕਧਾਰਾ ਵਿਸ਼ਵ ਕੋਸ਼ ਅਨੁਸਾਰ ਗੱਦੀ ਕਬੀਲੇ ਦੇ ਲੋਕ ਧੌਲੀਧਾਰ ਦੇ ਦੋਹੀਂ ਪਾਸੇ ਵਸਦੇ ਹਨ। ਉਹ ਲਾਹੌਰ ਦੇ ਉਨ੍ਹਾਂ ਖੱਤਰੀਆਂ ਦੀ ਵੰਸ਼ ਦੱਸੇ ਜਾਂਦੇ ਹਨ, ਜਿਨ੍ਹਾਂ ਨੇ ਮੁਸਲਮਾਨੀ ਰਾਜ ਵੇਲੇ ਕਤਲੋਗਾਰਤ ਤੋਂ ਡਰਦਿਆਂ ਕਾਂਗੜੇ ਅਤੇ ਚੰਬੇ ਵਿਚ ਜਾ ਕੇ ਪਨਾਹ ਲਈ ਸੀ।
ਇਹ ਅਰਧ-ਖਾਨਾਬਦੋਸ਼, ਅਰਧ-ਪਸ਼ੂ ਪਾਲਕ ਤੇ ਅਰਧ-ਕਿਸਾਨ ਹਨ। ਗੱਦੀਆਲ- ਹੁਸ਼ਿਆਰਪੁਰ ਜ਼ਿਲੇ ਦੇ ਥਾਣੇ ਨੂਰਪੁਰ ਦਾ ਇਕ ਪਿੰਡ ਜੋ ਗੜਸ਼ੰਕਰ ਰੇਲਵੇ ਸਟੇਸ਼ਨ ਤੋਂ 13 ਮੀਲ ਪੂਰਬ ਵਲ ਹੈ। ਗੁਰੂ ਗੋਬਿੰਦ ਸਿੰਘ ਕੁਝ ਸਮਾਂ ਏਥੇ ਠਹਿਰੇ ਸਨ। ਗੱਦੀ ਨਸ਼ੀਨ- ਗੱਦੀ ਉਪਰ ਬੈਠਣ ਵਾਲਾ ਮਹੰਤ, ਰਾਜਾ ਆਦ। ਦਿਲਗੀਰ ਕੋਸ਼ ਵਿਚ ਇਨ੍ਹਾਂ ਤੋਂ ਇਲਾਵਾ ਵੀ ਕੁਝ ਅਰਥ ਦਿੱਤੇ ਹਨ ਜਿਵੇਂ ਦੂਹਰਾ ਕਪੜਾ ਜਿਸ ਵਿਚ ਰੂੰ ਭਰੀ ਹੋਵੇ ਜਾਂ ਫੋਮ। ਧਰਮ, ਸੰਪਰਦਾ, ਡੇਰੇ ਦੇ ਮੁਖੀ ਦਾ ਅਹੁਦਾ, ਕਿਸੇ ਵਾਹਣ ਸਾਈਕਲ, ਕਾਰ, ਸਕੂਟਰ ਆਦ ’ਤੇ ਬੈਠਣ ਲਈ ਨਰਮ ਥਾਂ, ਕਿਸੇ ਦੁਕਾਨ ਦੇ ਮਾਲਕ ਜਾਂ ਖ਼ਜ਼ਾਨਚੀ ਦੇ ਬੈਠਣ ਦੀ ਥਾਂ, ਤਖਤਪੋਸ਼, ਸੋਫਾ, ਚਾਰਪਾਈ ਆਦਿ। ਪੰਜਾਬੀ ਕੋਸ਼ਾਂ ਅਨੁਸਾਰ ਗੱਦੀ-ਢਾਲ ਦਾ ਵਿਚਲਾ ਹਿੱਸਾ, ਢਾਲ ਨੂੰ ਫੜਣ ਲਈ ਬਣੀ ਥਾਂ ਜਿਵੇਂ ਨਜਾਬਤ ਲਿਖਦਾ ਹੈ ‘ਕਰ ਕ੍ਰੜ ਕੜਕ ਕੜਕ, ਕੜਕ ਢਾਲੀਂ ਬਲਕਾਰੇ, ਹੱਥੀਂ ਰਹੀਆਂ ਗੱਦੀਆਂ, ਉਡ ਗਏ ਕਿਨਾਰੇ।’
ਪਹਾੜੀ ਭੇਡਾਂ ਚਰਾਉਣ ਵਾਲੀ ਇਕ ਜਾਤੀ। ਇਸ ਨਾਲ ਕਈ ਸ਼ਬਦ ਬਣੇ ਹਨ ਜਿਵੇਂ- ਗੱਦੀਦਾਰ, ਗੱਦੀਦਾਰੀ, ਗੱਦੀ ਨਸ਼ੀਨ, ਗੱਦੀ ਨਸ਼ੀਨੀ। ਕਈ ਮੁਹਾਵਰੇ ਵੀ ਇਸ ਨਾਲ ਜੁੜੇ ਹੋਏ ਹਨ ਜਿਵੇਂ ਗੱਦੀਓਂ ਉਤਾਰਨਾ ਰਾਜ ਭਾਗ ਖੋਹਿਆ ਜਾਣਾ, ਗੱਦੀ ਉਤੇ ਬੈਠਣਾਰਾਜਾ ਬਣਨਾ; ਗੱਦੀਓਂ ਲਾਹੁਣਾਰਾਜ ਅਧਿਕਾਰ ਖੋਹ ਲੈਣਾ; ਗੱਦੀ ਹਰੀ ਰਹਿਣਾ ਰਾਜ ਭਾਗ ਕਾਇਮ ਰਹਿਣਾ; ਗੱਦੀ ਖੁਸਣਾ ਰਾਜ ਚਲੇ ਜਾਣਾ; ਗੱਦੀ ਨਾਲ ਚਿੰਬੜੇ ਰਹਿਣਾ ਜਾਂ ਚਿਪਕੇ ਰਹਿਣਾ-ਗੱਦੀ ਨਾ ਛੱਡਣਾ; ਗੱਦੀ ਚਲਣਾ- ਬੰਸ ਪੰਰਪਰਾ ਚਲਣੀ; ਗੱਦੀ ’ਤੇ ਬਿਠਾਉਣਾਤਿਲਕ ਲਾਉਣਾ, ਗੱਦੀ ਮਿਲਣਾਕੋਈ ਉਚਾ ਪਦ ਮਿਲਣਾ, ਗੱਦੀ ਮਾਰਨਾ ਗੱਦੀ ਨਾਲ ਕੋਈ ਚੀਜ਼ ਚਮਕਾਉਣਾ; ਗੱਦੀ ਲੱਗਣਾ-ਲਿਸ਼ਕ ਜਾਣਾ, ਚਮਕ ਜਾਣਾ, ‘ਵਾਰੇਸ਼ਾਹ ਜਾਂ ਸ਼ੌਕ ਦੀ ਲੱਗੇ ਗੱਦੀ, ਜੌਹਰ ਨਿਕਲੇ ਅਮਲ ਤਲਵਾਰ ਦੇ ਨੀ’ (ਹੀਰ ਵਾਰਿਸ), ਗੱਦੀ ਲਾਉਣਾ-ਦੁਕਾਨ ’ਤੇ ਬੈਠਣ ਦੀ ਥਾਂ ਤਿਆਰ ਕਰਨੀ। ਗੱਦੇਦਾਰਗੱਦੇ ਵਾਲਾ, ਗੱਦੇਦਾਰ ਕੁਰਸੀ, ਸੋਫਾ ਆਦਿ। ਗੱਦਾ ਜਾਂ ਗੱਦੀ ਬਿਸਤਰੇ ਤੋਂ ਇਲਾਵਾ ਵੀ ਇਨ੍ਹਾਂ ਦੇ ਵਿਆਪਕ ਅਰਥ ਮਿਲਦੇ ਹਨ।
ਸੰਸਿਤ ਦੇ ਸ਼ਬਦ ‘ਗਰਦ’ ਵਿਚ ਗੱਦੀ ਦੇ ਭਾਵ ਪਏ ਹਨ। ਜਦੋਂ ਕਬਾਇਲੀ ਸਭਿਆਚਾਰ ਤੋਂ ਬਾਅਦ ਰਾਜਾ ਸ਼੍ਰੇਣੀ ਬਣੀ ਤਾਂ ਉਹ ਉੱਚੇ ਸਿੰਘਾਸਣਾਂ ’ਤੇ ਬਿਰਾਜਮਾਨ ਹੋਣ ਲੱਗੀ। ਇਹ ਸਿੰਘਾਸਣ ਪੱਥਰਾਂ ਦੀਆਂ ਸ਼ਿਲਾਂ ’ਤੇ ਵੀ ਬਣਾਏ ਜਾਂਦੇ ਸਨ ਪਰ ਉਨ੍ਹਾਂ ’ਤੇ ਬੈਠਣ ਲਈ ਉਹਨੂੰ ਅਰਾਮਦਾਇਕ ਬਣਾਇਆ ਜਾਂਦਾ ਸੀ। ਅਜਿਹਾ ਹੀ ਇਕ ਇਤਿਹਾਸਕ ਸਿੰਘਾਸਣ ‘ਤਖਤੇ ਤਾਊਸ’ ਹੈ। ਗਰਦ ਵਿਚ ਉੱਚੇ ਸਿੰਘਾਸਣ ਦੇ ਗੱਦੇਦਾਰ ਅਰਥ ਪਏ ਹਨ। ਜਿਸ ਉੱਚੇ ਸਿੰਘਾਸਣ ਦੇ ਅਰਥ ਗਰਦ ਵਿਚ ਪਏ ਹਨ ਉਹਨੂੰ ਮੁਲਾਇਮ ਪੱਤੀਆਂ, ਫੁੱਲਾਂ ਤੇ ਰੇਸ਼ਿਆਂ ਨਾਲ ਦੋਹਰੀ ਤੀਹਰੀ ਪਰਤ ਬਣਾ ਕੇ ਸਜਾਇਆ ਜਾਂਦਾ ਸੀ। ਇਸ ਗਰਦ ਦੇ ਉਚੇ ਆਸਣ ਵਿਚ ਜੋ ਭਾਵ ਹਨ ਫਿਰ ਉਨ੍ਹਾਂ ਵਿਚ ਗੁਦਗੁਦਾਪਨ, ਨਰਮਾਹਟ, ਗਰਮਾਹਟ ਦੇ ਭਾਵ ਵੀ ਜੁੜ ਗਏ। ਹੌਲੀ ਹੌਲੀ ਗੱਦਾ, ਗੱਦੀ, ਗਦੇਲੇ ਵਿਚ ਬਿਸਤਰੇ ਦੇ ਭਾਵ ਰੂੜ੍ਹ ਹੋ ਗਏ। ਗੱਦੇ ਵਿਚ ਉਚਾਈ ਦਾ ਭਾਵ ਸੀ ਜੋ ਹੌਲੀ ਹੌਲੀ ਜਾਂ ਗੁਦਗੁਦਾਣ ਵਾਲੇ ਭਾਵ ਵਿਚ ਵਟ ਗਿਆ।
ਗੁਦਗੁਦੀ, ਗੁਦਗੁਦਾਣਾ, ਗਦਬਦਾ ਵਰਗੇ ਸ਼ਬਦ ਇਸ ਤੋਂ ਬਣੇ। ਅੱਜ ਵੀ ਵੱਡੇ ਲੋਕ, ਸੰਤ, ਬਾਬੇ, ਸਰਪੰਚ, ਮੰਤਰੀ, ਸੰਤਰੀ ਉੱਚੀਆਂ ਗੱਦੀਆਂ ਅਥਵਾ ਗਦੇਲਿਆਂ ਆਸਣਾਂ ’ਤੇ ਬਹਿੰਦੇ ਹਨ। ਏਥੇ ਇਹ ਵੀ ਦਿਲਚਸਪ ਹੈ ਕਿ ਗ਼ਰੀਬ ਦਾ ਬਿਸਤਰਾ ਗੁਦੜੀ, ਗੋਦੜੀ ਹੈ।
ਪੰਜਾਬੀ ਕੋਸ਼ ਅਨੁਸਾਰ-ਗੁਦੜੀ-ਗੋਦੜੀ, ਜੁੱਲੀ, ਗੁਦੜੀ ਦਾ ਲਾਲ- ਛੁਪਿਆ ਰੁਸਤਮ, ਗੁੱਦੜ, ਗੁਦੜਾ, ਗੁੱਦੜ ਕੂੜਾ ਸ਼ਬਦ ਏਸੇ ਤੋਂ ਬਣੇ ਹਨ। ਫਰੀਦਕੋਟ ਵਿਚ ਬਾਬਾ ਫਰੀਦ ਦੇ ਨਾਂ ’ਤੇ ਗੋਦੜੀ ਸਾਹਿਬ ਗੁਰਦਵਾਰਾ ਵੀ ਹੈ। ਕਈ ਵਾਰ ਸ਼ਬਦਾਂ ਵਿਚ ਹੀਨਤਾ ਜਾਂ ਲਾਡ ਨਾਲ ‘ੜੀ’ ਲਾਉਣ ਦਾ ਰਿਵਾਜ ਹੈ ਜੋ ਗੋਦੜੀ, ਗੁੱਦੜ ਵਿਚੋਂ ਨਜ਼ਰ ਆਉਦਾ ਹੈ।
ਅਜਿਹੇ ਕਈ ਸ਼ਬਦ ਮਿਲਦੇ ਹਨ ਜਿਵੇਂ ਛਕੜਾ, ਜੋਗੜਾ, ਸਹੇਲੜੀ ਆਦ। ਗੁਦੜੀ ਵਾਂਗ ਭਾਰਤੀ ਭਾਸ਼ਾਵਾਂ ਵਿਚ ਕਥਰੀ/ਕਥੜੀ/ਕਥਲੀਆ ਵਰਗੇ ਸ਼ਬਦ ਬਿਸਤਰੇ ਲਈ ਮਿਲਦੇ ਹਨ। ਆਮ ਤੌਰ ’ਤੇ ਕਥੜੀ ਜਾਂ ਗੁੱਦੜ ਬਚੇ, ਫਟੇ, ਚੀਥੜਿਆਂ ਤੋਂ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ ਗੱਦੇ ਵਾਂਗ ਹੇਠਾਂ ਵਿਛਾਇਆ ਜਾਂਦਾ ਸੀ। ਕਥਰੀ ਸ਼ਬਦ ਸੰਸਿਤ ਦੇ ‘ਕੰਥਾ’ ਤੋਂ ਬਣਿਆ ਹੈ ਜਿਸ ਵਿਚ ਟਾਕੀਆਂ ਲੱਗੇ ਉਸ ਕਪੜੇ ਦੇ ਭਾਵ ਹਨ ਜੋ ਭਿਕਸ਼ੂ ਧਾਰਨ ਕਰਦੇ ਸਨ ਭਾਵ ਗੁਦੜੀ।
‘ਕੰਥਾਧਾਰਨੀ’ ਦਾ ਅਰਥ ਹੀ ਭਿਖਸ਼ੂ ਜਾਂ ਸੰਨਿਸਾਨੀ ਹੈ। ਮੱਧ ਕਾਲ ਵਿਚ ਗਰਦ ਤੋਂ ਗੱਦਾ, ਗੱਦੀ ਵਰਗੇ ਸ਼ਬਦ ਬਣੇ ਤੇ ਫਿਰ ਗਦੇਲਾ, ਗੱਦੇਦਾਰ। ਅੱਗੇ ਜਾ ਕੇ ਦਗਲਾ, ਵਾਸਕਟ ਜਾਂ ਜੈਕੇਟ ਨੂੰ ਵੀ ਗੱਦੀਦਾਰ ਰੂਪ ਮਿਲਿਆ। ਅੱਜ ਗੱਦੀ ਸ਼ਬਦ ਅਨੇਕਾਂ ਨਵੇਂ ਰੂਪਾਂ ਵਿਚ ਵੀ ਵਰਤਿਆ ਜਾਣ ਲੱਗਾ ਹੈ। ਇਹਦੇ ਇਕ ਅਰਥ ਤਹਿਦਾਰ ਵੀ ਹੋ ਗਏ ਹਨ। ਇਸ ਤਰ੍ਹਾਂ ਸ਼ਬਦ ਜਿਥੇ ਆਪਣੇ ਰੂਪ ਬਦਲਦੇ ਹਨ ਓਥੇ ਨਵੇਂ ਨਵੇਂ ਭਾਵਾਂ ਵਿਚ ਆਪਣਾ ਵਿਸਥਾਰ ਵੀ ਕਰਦੇ ਹਨ।
- ਪਰਮਜੀਤ ਢੀਂਗਰਾ