ਅੰਮ੍ਰਿਤਸਰ ਦੇ ਹੀ ਲਾਗੇ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਵੱਲੋਂ ਵਸਾਏ ਪ੍ਰੀਤਨਗਰ ਤੋਂ ‘ਪ੍ਰੀਤਲੜੀ’ ਰਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਲੋਕ ਪ੍ਰੀਤਲੜੀ ਨੂੰ ਪੜ੍ਹਨ ਵਾਸਤੇ ਉਡੀਕ ਕਰਦੇ ਸਨ। ਸਦਾਚਾਰਕ, ਸਾਫ਼-ਸੁਥਰੀ ਰਹਿਣੀ-ਬਹਿਣੀ ਵਾਲੇ ਵਿਚਾਰ ਜੋ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪ੍ਰਗਟਾਉਂਦੇ ਸਨ|

ਸਾਹਿਤ ਤੇ ਪੱਤਰਕਾਰੀ ਦਾ ਸਬੰਧ ਸ਼ਬਦ-ਸਾਧਨਾ ਨਾਲ ਹੈ| ਸਾਹਿਤ, ਪੱਤਰਕਾਰੀ ਭਾਵ ਜਰਨਲਇਜ਼ਮ ਨੂੰ ਜਨਰਲਇਜ਼ਮ ਬਣਨ ਤੋਂ ਬਚਾਉਂਦਾ ਹੈ। ‘ਫੋਕਸ’, ਸਾਹਿਤਕ ਪੱਤਰਕਾਰੀ ਦਾ ਇਕ ਹੋਰ ਜ਼ਰੂਰੀ ਤੱਤ ਹੈ| ਸੰਸਥਾਵਾਂ ’ਤੇ ਬੱਲ ਦੇਣ ਦੀ ਬਜਾਏ ਇਹ ਉਨ੍ਹਾਂ ਜ਼ਿੰਦਗੀਆਂ ਨੂੰ ਖੋਜਦੀ/ਪੜ੍ਹਦੀ ਹੈ ਜਿਨ੍ਹਾਂ ਨੇ ਇਨ੍ਹਾਂ ਸੰਸਥਾਵਾਂ/ਸੱਤਾਵਾਂ ਦੀ ਮਾਰ ਝੱਲੀ ਹੁੰਦੀ ਹੈ| ਤੱਥਾਂ ਦਾ ਸਹੀਪਨ, ਘਟਨਾਤਮਕ ਵੇਰਵਿਆਂ ਦੀ ਸੁਚੇਤਨਾ ਅਤੇ ਭਾਸ਼ਾ ਦੀ ਸੁਚੇਤਤਾ ਦੇ ਨਾਲ ਨਾਲ ਪ੍ਰਗਟਾਵੇ ਦੀ ਨੈਤਿਕਤਾ ਇਸ ਦੇ ਦੂਜੇ ਅਹਿਮ ਮਹੱਤਵਪੂਰਣ ਤੱਤ ਹਨ| ਸਾਹਿਤਕ ਪੱਤਰਕਾਰ ਉਹ ਕਲਾਕਾਰ-ਲੇਖਕ ਹੁੰਦਾ ਹੈ ਜਿਸ ਨੂੰ ਇਮਾਨਦਾਰੀ ਤੇ ਸਹਾਨਭੂਤੀ ਤੇ ਸਹਿਨਭੂਤੀ ਰਾਹੀਂ ਆਪਣੀ ਵਸਤੂਪਰਕਤਾ ਤੇ ਆਤਮਪਰਕਤਾ ’ਚ ਸੰਤੁਲਨ ਬਣਾਉਣਾ ਹੁੰਦਾ ਹੈ| ਮਾਰਕ ਕਰਾਮੇਰ ‘ਲਿਟਰੇਰੀ ਜਰਨਲਿਸਟ: ਬਰੇਕੇਬਲ ਰੂਲਜ਼’ ’ਚ ਸਾਹਿਤਕ ਪੱਤਰਕਾਰਾਂ ਦੇ ਵਿਅਕਤੀਤਵ ਬਾਰੇ ਲਿਖਦਾ ਹੈ ਕਿ ‘ਇਹ ਪੱਤਰਕਾਰ ਆਪਣੇ ਵਿਸ਼ੇ ਦੇ ਜਗਤ ’ਚ ਆਪਣੇ ਆਪ ਨੂੰ ਸਿਰ ਤੋਂ ਪੈਰਾਂ ਤੱਕ ਡੋਬ ਲੈਂਦੇ ਹਨ ਅਤੇ ਆਪਣੇ ਵਿਸ਼ੇ-ਵਸਤੂ ਪ੍ਰਤਿ ਸ਼ੁੱਧਤਾ, ਨਿਰਪੱਖਤਾ, ਨਿਰਛੱਲਤਾ ਤੇ ਨਿਝੱਕਤਾ ਦੀ ਅਸੀਮਤਾ ਤੱਕ ਪ੍ਰਤਿਗਿਆਬੱਧ ਹੁੰਦੇ ਹਨ|’ ਸਾਹਿਤਕ ਪੱਤਰਕਾਰੀ ਅੰਤਰੀਵੀ ਰੂਪ ’ਚ ਅਰਾਜਨੀਤਕ ਹੁੰਦੀ ਹੈ ਭਾਵ ਅਰਾਜਨੀਤਕ ਹੋਣਾ ਹੀ ਇਸ ਦੀ ਰਾਜਨੀਤੀ ਹੈ| ਇਹ ਸਸ਼ਕਤ ਰੂਪ ’ਚ ਲੋਕਤਾਂਤਰਿਕ ਤੇ ਬਹੁਵਾਦੀ ਹੋਣ ਦੇ ਨਾਲ-ਨਾਲ ਨਿੱਜ ਤੇ ਇਲੀਟ/ਕੈਂਟ ਵਿਰੋਧੀ ਹੁੰਦੀ ਹੈ| ਇਨ੍ਹਾਂ ਵਿਸ਼ੇਸ਼ਤਾਵਾਂ ਕਾਰਣ ਹੀ ਸਾਹਿਤਕ ਪੱਤਰਕਾਰੀ ਦਾ ਉੱਚ/ਵਿਰਾਟ ਸੱਚ ਨਾਲ ਨਾੜੂ-ਸਬੰਧ ਹੁੰਦਾ ਹੈ| ਜੌਹਨ ਮੈਕਫ਼ੀ ਅਨੁਸਾਰ ‘ਸਾਹਿਤਕ ਪੱਤਰਕਾਰ ਆਪਣੀ ਦ੍ਰਿਸ਼ਕਾਰੀ/ਪੇਸ਼ਕਾਰੀ ਰਾਹੀਂ ਪਾਠਕ ਨਾਲ ਸ਼ਾਬਦਿਕ-ਸੰਵਾਦ ਪੈਦਾ ਕਰਦਾ ਹੈ|’ ਬੈਂਜਾਮਿਨ ਫਰੈਂਕਲਿਨ ਸਾਹਿਤਕ ਪੱਤਰਕਾਰੀ ਦੇ ਬਹੁਤ ਮਹੱਤਵਪੂਰਣ ਤੱਤ ਵੱਲ ਸੰਕੇਤ ਕਰਦਾ ਹੈ ਕਿ ‘ਇਹ ਆਮ ਫ਼ਹਿਮ ਜਗਤ ਪਿੱਛੇ ਸਥਿਤ ਲੰਮੇ ਸਮਿਆਂ ਤੋਂ ਬੋਲਦੀ ‘ਚੁੱਪ’ ਦੀ ਤਲਾਸ਼ ਕਰਦੀ ਹੈ|’
ਪੰਜਾਬੀ ਪੱਤਰਕਾਰੀ ਦਾ ਆਰੰਭ
ਪੰਜਾਬੀ ਪੱਤਰਕਾਰੀ ਦਾ ਆਰੰਭ 1913 ’ਚ ਅਮਰੀਕਾ ਦੇ ਸਾਨਫਰਾਂਸਿਸਕੋ ਤੋਂ ਗ਼ਦਰ ਪਾਰਟੀ ਵੱਲੋਂ ਕੱਢੇ ਅਖ਼ਬਾਰ ‘ਗ਼ਦਰ’ ਨਾਲ ਹੋਇਆ| ਇਸ ’ਚ ਛਪੀ ਕਵਿਤਾ ਦੀ ਸਤਰ ‘ਸੇਵਾ ਦੇਸ਼ ਦੀ ਕਰਨੀ ਹੈ ਬੜੀ ਔਖੀ’ ਪੂਰੇ ਪੰਜਾਬ ’ਚ ਬੜੀਆਂ ਮਸ਼ਹੂਰ ਹੋਈਆਂ| ਦੇਸ਼ ’ਚ ਆਜ਼ਾਦੀ ਦਾ ਸੰਘਰਸ਼ ਆਪਣਾ ਰੂਪ ਲੈ ਰਿਹਾ ਸੀ। ਗ਼ਦਰ ਪਾਰਟੀ ਦੇ ਕਾਰਕੁੰਨ ਅਮਰੀਕਾ ਤੋਂ ਨਵੀਂ ਰਾਜਨੀਤਕ ਸੇਧ ਅਤੇ ਜਾਗਰਤੀ ਲਿਆ ਰਹੇ ਸਨ| ਕਹਿ ਸਕਦੇ ਹਾਂ ਅਖ਼ਬਾਰ ‘ਗ਼ਦਰ’ ਪੰਜਾਬੀ ਨਵ ਜਾਗਰਤੀ ਦਾ ਪ੍ਰਗਟਾਵਾ ਸੀ ਜੋ ਆਪਣੀ ਰਾਜਨੀਤਕ, ਸਭਿਆਚਾਰਕ ਅਤੇ ਭਾਸ਼ਕ ਸੂਝ ਆਪਣੀ ਧਰਤੀ ਦੀਆਂ ਜੜ੍ਹਾਂ ’ਚੋਂ ਲੈ ਕੇ ਸੰਸਾਰ ਪੱਧਰ ‘ਤੇ ਪੈਦਾ ਰਾਜਨੀਤਕ ਸਮਝਾਂ ਨਾਲ ਜੋੜ ਰਿਹਾ ਸੀ। ਇਸ ਦਾ ਅਗਲਾ ਪੜਾਅ ਭਾਈ ਸੰਤੋਖ ਸਿੰਘ ਦਾ ‘ਕਿਰਤੀ’ ਅਖ਼ਬਾਰ ਸੀ|
ਇਸ ਰਾਹੀਂ ਪੰਜਾਬ ’ਚ ਮਾਰਕਸਵਾਦ, ਲੈਨਿਨਵਾਦ ਰਾਹੀਂ ਖੱਬੇ-ਪੱਖੀ ਵਿਚਾਰਧਾਰਾ ਦਾ ਪਿੜ ਬੱਝਦਾ ਹੈ| ਇਸ ਦੇ ਨਾਲ ਨਾਲ ਹੀ ਸਿੰਘ ਸਭਾ ਲਹਿਰ ਦੇ ਅਧੀਨ ਭਾਈ ਵੀਰ ਸਿੰਘ ਨੇ ‘ਖ਼ਾਲਸਾ ਸਮਾਚਾਰ’ ਕੱਢਿਆ ਜੋ ਕਿ ਸਿੱਖਾਂ ਦੀ ਰਾਜਨੀਤਕ, ਧਾਰਮਿਕ, ਫ਼ਲਸਫ਼ਾਈ, ਸਾਹਿਤਕ ਅਤੇ ਰਾਜਨੀਤਕ ਪਹਿਚਾਣ ਅਤੇ ਅਕਾਂਖਿਆ ਦੇ ਵਿਚਾਰਾਂ ਦਾ ਵਾਹਕ ਬਣਿਆ ਇਸ ਦਾ ਹੀ ਦੀਰਘਕਾਲੀ ਪ੍ਰਤੌਅ ‘ਅਕਾਲੀ ਪਤ੍ਰਿੱਕਾ’ ਅਖ਼ਬਾਰ ਰਾਹੀਂ ਸਾਹਮਣੇ ਆਇਆ| ਇਨ੍ਹਾਂ ’ਚ ਹੋਰ ਵਿਚਾਰਾਂ ਦੇ ਨਾਲ ਨਾਲ ਸਾਹਿਤਕ ਸਿਰਜਣਾਵਾਂ ਅਤੇ ਰਚਨਾਵਾਂ ਨੂੰ ਵੀ ਭਰਪੂਰ ਥਾਂ ਮਿਲਦੀ| ਇਹ ਰਚਨਾਵਾਂ ਆਪਣੀ ਭਾਸ਼ਾ ਅਤੇ ਸਿੱਖ ਰਾਜਨੀਤੀ, ਧਰਮ ਅਤੇ ਪਛਾਣ ਦੇ ਪਰਿਪੇਖਾਂ ’ਚੋਂ ਤਲਾਸ਼ਦੀਆਂ।ਮਸ਼ਹੂਰ ਕਵੀ ਹੀਰਾ ਸਿੰਘ ਦਰਦ ਨੇ ‘ਕੇਂਦਰੀ ਪੰਜਾਬੀ ਲੇਖਕ ਸਭਾ’ ਵੱਲੋਂ ‘ਫੁੱਲਵਾੜੀ’ ਨਾਮ ਦੀ ਮਾਸਿਕ ਸਾਹਿਤਕ ਪਤ੍ਰਿੱਕਾ ਕੱਢੀ ਜੋ ਕਈ ਵਰ੍ਹੇ ਨਿਰੰਤਰਤਾ ਨਾਲ ਛੱਪਦੀ ਰਹੀ| ਅੰਮ੍ਰਿਤਸਰ ਤੋਂ ਹੀ ਕਵੀ ਕਰਤਾਰ ਸਿੰਘ ਬਲੱਗਣ ‘ਕਵਿਤਾ’ ਨਾਮ ਦੀ ਪਤ੍ਰਿੱਕਾ ਕੱਢਦੇ ਰਹੇ। ‘ਕਵਿਤਾ’ ’ਚ ਕਿਸੇ ਕਵੀ ਦੀ ਕਵਿਤਾ ਛਪਣਾ ਉਨ੍ਹਾਂ ਦਿਨਾਂ ’ਚ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਇਹ ਸਾਰੇ ਸੰਪਾਦਕ ਇਨ੍ਹਾਂ ਰਸਾਲਿਆਂ ਦੀ ਛਪਵਾਈ ਆਪਣੇ ਵਸੀਲਿਆਂ ਤੋਂ ਹੀ ਕਰਦੇ ਸਨ।
‘ਪ੍ਰੀਤਲੜੀ’ ਦਾ ਆਗਾਜ਼
ਅੰਮ੍ਰਿਤਸਰ ਦੇ ਹੀ ਲਾਗੇ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਵੱਲੋਂ ਵਸਾਏ ਪ੍ਰੀਤਨਗਰ ਤੋਂ ‘ਪ੍ਰੀਤਲੜੀ’ ਰਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇਸ ਦਾ ਪਾਠਕ ਵਰਗ ਏਨਾ ਵਿਸ਼ਾਲ ਸੀ ਕਿ ਲੋਕ ਪ੍ਰੀਤਲੜੀ ਨੂੰ ਪੜ੍ਹਨ ਵਾਸਤੇ ਉਡੀਕ ਕਰਦੇ ਸਨ। ਸਦਾਚਾਰਕ, ਸਾਫ਼-ਸੁਥਰੀ ਰਹਿਣੀ-ਬਹਿਣੀ ਵਾਲੇ ਵਿਚਾਰ ਜੋ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪ੍ਰਗਟਾਉਂਦੇ ਸਨ| ਉਸ ਤੋਂ ਕਈ ਪਾਠਕਾਂ ਨੇ ਤਾਂ ਆਪਣੀ ਜੀਵਨ ਵਿਧੀ ਹੀ ਬਦਲ ਲਈ| ਅੰਮ੍ਰਿਤਸਰ ਤੋਂ ਹੀ ਅਨਵੰਤ ਕੌਰ ‘ਕੰਵਲ’ ਨਾਮੀ ਮਾਸਿਕ ਰਸਾਲਾ ਆਪਣੇ ਬਲਬੂਤੇ ਕਈ ਵਰ੍ਹੇ ਲਗਾਤਾਰ ਛਾਪਦੇ ਰਹੇ| ਪ੍ਰਮਿੰਦਰਜੀਤ ਨੇ ਗ਼ਜ਼ਲਗੋ ਅਮਰੀਕ ਅਮਨ ਨਾਲ ਮਿਲ ਕੇ ਬਹੁਤ ਸਾਲ ‘ਲੋਅ’ ਨਾਮੀ ਮੈਗ਼ਜ਼ੀਨ ਕੱਢਿਆ। ਇਸ ਰਸਾਲੇ ਦੇ ਕਈ ਵਿਸ਼ੇਸ਼ ਅੰਕ ਜਿਵੇਂ ਪਾਕਿਸਤਾਨੀ ਸਾਹਿਤ ਬਾਰੇ, ਉਰਦੂ ਗ਼ਜ਼ਲ ਬਾਰੇ, ਅਤੇ ਵਿਦੇਸ਼ੀ ਕਵਿਤਾ ਵਾਰੇ ਅੰਕ ਬੜੇ ਪੜ੍ਹੇ ਗਏ| ਅਮਰੀਕ ਅਮਨ ਜਿਸਦੇ ਆਰਥਿਕ ਸਹਿਯੋਗ ਨਾਲ ‘ਲੋਅ’ ਛਪਦਾ ਸੀ ਉਸ ਦੀ ਵਫ਼ਾਤ ਤੋਂ ਬਾਅਦ ਬੰਦ ਹੋ ਗਿਆ। ਪ੍ਰਮਿੰਦਰਜੀਤ ਨੇ ਫਿਰ ਕਈ ਸਾਲਾਂ ਬਾਅਦ ਵਿਸ਼ੇਸ਼ ਰੂਪ ’ਚ ਕਵਿਤਾ ਰੂਪ ਵਿਧਾ ਨੂੰ ਸਮਰਪਿਤ ਮੈਗ਼ਜ਼ੀਨ ‘ਅੱਖਰ’ ਕੱਢਿਆ ਜੋ ਕਈ ਵਰ੍ਹੇ ਉਸਦੇ ਦੋਸਤਾਂ ਦੀ ਸਹਾਇਤਾ ਨਾਲ ਛਪਦਾ ਰਿਹਾ| ਪ੍ਰਮਿੰਦਰਜੀਤ ਦੀ ਵਫ਼ਾਤ ਤੋਂ ਬਾਅਦ ਅੱਜ ਕੱਲ੍ਹ ਵਿਸ਼ਾਲ ਤੇ ਉਸਦੇ ਦੋਸਤ ਮਿਲ ਕੇ ‘ਅੱਖਰ’ ਛਾਪ ਰਹੇ ਹਨ|
-ਮਨਮੋਹਨ
82839-48811