ਉਪਰੋਕਤ ਸਤਰਾਂ ਨੂੰ ਆਪਣੇ ਆਖ਼ਰੀ ਸਾਹਾਂ ਤਕ ਨਿਭਾਉਣ ਵਾਲਾ ਸਾਂਝੇ ਪੰਜਾਬ ਦੀ ਪੰਜਾਬੀਅਤ ਦਾ ਅਲੰਬਰਦਾਰ ਚਿਰਾਗ਼ ਦੀਨ ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸੀ। ਚਿਰਾਗ਼ ਦੀਨ ਨਾਂ ਦਾ ਇਹ ਸ਼ਖ਼ਸ ਪੂਰੀ ਦੁਨੀਆ ਵਿਚ ਪੰਜਾਬੀ ਬੋਲੀ ਦੇ ਇਕ ਦਲੇਰ ਪੁੱਤ ਉਸਤਾਦ ਦਾਮਨ ਦੇ ਤੌਰ ’ਤੇ ਆਪਣੀ ਕਲਮ ਰਾਹੀਂ ਚਰਚਾ ਵਿਚ ਆਇਆ।

ਮੇਰੇ ਖ਼ਿਆਲ ਅੰਦਰ
ਉਹ ਸ਼ਾਇਰ ਸ਼ਾਇਰ ਹੁੰਦਾ,
ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਜੋ ਕੁੱਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,
ਰਹਿਮ ਨੂੰ ਰਹਿਮ ਜੋ
ਕਹਿਰ ਨੂੰ ਕਹਿਰ ਆਖੇ।
ਉਪਰੋਕਤ ਸਤਰਾਂ ਨੂੰ ਆਪਣੇ ਆਖ਼ਰੀ ਸਾਹਾਂ ਤਕ ਨਿਭਾਉਣ ਵਾਲਾ ਸਾਂਝੇ ਪੰਜਾਬ ਦੀ ਪੰਜਾਬੀਅਤ ਦਾ ਅਲੰਬਰਦਾਰ ਚਿਰਾਗ਼ ਦੀਨ ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸੀ। ਚਿਰਾਗ਼ ਦੀਨ ਨਾਂ ਦਾ ਇਹ ਸ਼ਖ਼ਸ ਪੂਰੀ ਦੁਨੀਆ ਵਿਚ ਪੰਜਾਬੀ ਬੋਲੀ ਦੇ ਇਕ ਦਲੇਰ ਪੁੱਤ ਉਸਤਾਦ ਦਾਮਨ ਦੇ ਤੌਰ ’ਤੇ ਆਪਣੀ ਕਲਮ ਰਾਹੀਂ ਚਰਚਾ ਵਿਚ ਆਇਆ ਤੇ ਇਹੀ ਕਲਮ ਦੀ ਪਛਾਣ ਸਦਕਾ ਉਸਤਾਦ ਦਾਮਨ ਦਾ ਨਾਂ ਰਹਿੰਦੀ ਦੁਨੀਆ ਤਕ ਸਾਂਝੇ ਪੰਜਾਬ ਦੇ ਲੋਕ ਕਵੀ ਵਜੋਂ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ।
ਚਿਰਾਗ਼ ਦੀਨ ਦਾ ਜਨਮ 4 ਸਤੰਬਰ, 1911 ਨੂੰ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖ਼ਸ਼ ਦੇ ਘਰ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਅੰਮੀ ਨੇ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜ ਕੇ ਘਰ ਦਾ ਗੁਜ਼ਾਰਾ ਕੀਤਾ। ਘਰ ਦੇ ਹਾਲਾਤ ਨੂੰ ਸਮਝਦਿਆਂ ਪਿਤਾ ਨਾਲ ਦਰਜੀ ਦੇ ਕੰਮ ਵਿਚ ਆਪਣਾ ਸਾਥ ਦਿੱਤਾ। ਕੰਮ ਕਰਦਿਆਂ ਲੋਕਾਂ ਦੀ ਮੰਗ ’ਤੇ ਨਵੇਂ ਫ਼ੈਸ਼ਨ ਦੇ ਪੈਂਟ-ਕੋਟ ਆਦਿ ਸਿਉੂਂ ਕੇ ਦੇਣੇ ਪਰ ਖ਼ੁਦ ਹਮੇਸ਼ਾ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ-ਚਾਦਰਾ, ਸਿਰ ’ਤੇ ਪਰਨਾ ਅਤੇ ਮੋਢੇ ਚਾਦਰਾ ਰੱਖਿਆ। ਦਾਮਨ ਨਾਂ ਕਵਿਤਾ ਵਿਚ ਉਸ ਦੇ ਨਾਲ ਜੁੜਿਆ ਤੇ ਉਸਤਾਦ ਉਸਦੀ ਲੇਖਣੀ ਨੂੰ ਸਤਿਕਾਰ ਵਜੋਂ ਲੋਕਾਈ ਵੱਲੋਂ ਦਿੱਤਾ ਗਿਆ। ਚਿਰਾਗ਼ ਦੀਨ ਨੇ ਦਸਵੀਂ ਤਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਕੀਤੀ। ਉਸਤਾਦ ਦਾਮਨ ਉਰਦੂ, ਹਿੰਦ, ਅੰਗਰੇਜ਼ੀ, ਸੰਸਕਿ੍ਰਤ, ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ। ਬਹੁ-ਭਾਸ਼ਾਈ ਜਾਣਕਾਰ ਹੋਣ ਦੇ ਬਾਵਜੂਦ ਪੰਜਾਬੀ ਭਾਸ਼ਾ ਲਈ ਹੱਦ ਤੋਂ ਵੱਧ ਸ਼ੈਦਾਈ ਸਨ। ਪੰਜਾਬੀ ਬੋਲੀ ਲਈ ਉਸਤਾਦ ਦਾਮਨ ਦਾ ਮੋਹ ਦੇਖਣ ਲਈ ਇਹ ਕਵਿਤਾ ਤੋਂ ਹੀ ਸਮਝਿਆ ਜਾ ਸਕਦਾ ਹੈ :-
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਉਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,
ਜਿੱਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲਗਦੈ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਅਪਣੀ ਮਾਂ ਛੱਡ ਦੇ।
ਉਸਤਾਦ ਦਾਮਨ ਦੀ ਜ਼ਿੰਦਗੀ ਭਰ ਦੀ ਸਾਹਿਤਕ ਕਿਰਤ ਨੂੰ ਵਾਚਦਿਆਂ ਤੁਸੀਂ ਸੱਚਮੁੱਚ ਇਹ ਮਹਿਸੂਸ ਕਰੋਂਗੇ ਕਿ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਵਾਰਸ ਸ਼ਾਹ ਤੋਂ ਬਾਅਦ 20ਵੀਂ ਸਦੀ ਵਿਚ ਪੰਜਾਬੀ ਬੋਲੀ ਦੀਆਂ ਬਗ਼ਾਵਤੀ ਕਲਮਾਂ ਵਿਚ ਉਸਤਾਦ ਦਾਮਨ ਨੂੰ ਸਿਖ਼ਰ ’ਤੇ ਹੈ।
ਜਦੋਂ-ਜਦੋਂ ਵੀ ਦਾਮਨ ਨੂੰ ਪੰਜਾਬੀ ਵਿਚ ਲਿਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਉਦੋਂ ਹੀ ਨਾਲ ਦੀ ਨਾਲ ਉਨ੍ਹਾਂ ਨੇ ਆਪਣੀ ਕਲਮ ਰਾਹੀਂ ਇਸ ਦਾ ਜਵਾਬ ਦਿੱਤਾ :-
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤਰ ਹਾਂ
ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ
ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ
ਕੋਈ ਜਣਦੀ ਰਹੇਗੀ।
ਲੋਕਾਂ ਦੀ ਭਾਸ਼ਾ ਪੰਜਾਬੀ ਵਿਚ ਲੋਕ ਮਸਲਿਆਂ ’ਤੇ ਸਮੇਂ-ਸਮੇਂ ’ਤੇ ਲਿਖਦਿਆਂ ਉਸਤਾਦ ਦਾਮਨ ਨੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਰੁਤਬਾ ਹਮੇਸ਼ਾ ਬਣਾਈ ਰੱਖਿਆ। ਗੱਲ ਪੰਜਾਬੀ ਭਾਸ਼ਾ ਦੀ ਹੋਵੇ ਜਾਂ ਆਮ ਲੋਕਾਈ ਮਸਲਿਆਂ ਨਾਲ ਇਨਸਾਨੀਅਤ ਦੀ ਉਸਤਾਦ ਦਾਮਨ ਨੇ ਆਪਣੀ ਸ਼ਾਇਰੀ ਅਣਖ ਦੇ ਨਾਲ ਹੀ ਕੀਤੀ। ਜਦੋਂ ਵੀ ਉਸਤਾਦ ਦਾਮਨ ਨੂੰ ਉਰਦੂ ਵਿਚ ਲਿਖਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਮੌਕੇ ਆਪਣੀ ਕਵਿਤਾ ਰਾਹੀਂ ਹੀ ਜਵਾਬ ਦਿੱਤਾ :-
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ,
ਪੁੱਛਦੇ ਹੋ ਮੇਰੇ ਦਿਲ ਦੀ ਬੋਲੀ-ਹਾਂ ਜੀ ਹਾਂ ਪੰਜਾਬੀ ਏ
ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫ਼ਤਿਖ਼ਾਰਉੱਦੀਨ ਨੇ ਲਾਈ ਸੀ।
1930 ਵਿਚ ਉਸਤਾਦ ਦਾਮਨ ਦੀ ਸਾਇਰੀ ਸੁਣਨ ਦਾ ਸਬੱਬ ਮੀਆਂ ਇਫ਼ਤਿਖ਼ਾਰਉੱਦੀਨ ਲਈ ਉਦੋਂ ਬਣਿਆ ਜਦੋਂ ਉਹ ਆਪਣੇ ਇਕ ਸੂਟ ਦੀ ਸਿਲਾਈ ਲਈ ਉਨ੍ਹਾਂ ਦੀ ਦੁਕਾਨ ’ਤੇ ਆਇਆ ਸੀ। ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਮੀਆਂ ਵੱਲੋਂ ਇਕ ਜਲਸੇ ਲਈ ਕਵਿਤਾ ਸੁਣਾਉਣ ਲਈ ਦਾਮਨ ਨੂੰ ਸੱਦਾ ਦਿੱਤਾ ਗਿਆ। ਇਸ ਜਲਸੇ ਮੌਕੇ ਦਾਮਨ ਨੇ ਆਪਣੀ ਕਵਿਤਾ ਰਾਹੀਂ ਹਰ ਇਨਸਾਨੀਅਤ ਪਸੰਦ ਰੂਹ ਨੂੰ ਮੋਹ ਲਿਆ। ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ-ਵਿੱਚੀ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ
ਉਸ ਮੌਕੇ ਉੱਥੇ ਹਾਜ਼ਰ ਪੰਡਿਤ ਨਹਿਰੂ ਨੇ ਭਾਵੁਕ ਹੋ ਕੇ ਉਸਤਾਦ ਦਾਮਨ ਨੂੰ ਗਲਵੱਕੜੀ ਵਿਚ ਲੈ ਲਿਆ ਤੇੇ ‘ਆਜ਼ਾਦੀ ਦਾ ਸ਼ਾਇਰ’ ਕਹਿ ਕੇ ਉਨ੍ਹਾਂ ਦੀ ਕਲਮ ਨੂੰ ਮਾਣ ਵੀ ਬਖ਼ਸ਼ਿਆ। ਦਾਮਨ ਦਾ ਪੰਜਾਬੀ ਭਾਸ਼ਾ ਲਈ ਮੋਹ ਤਾਂ ਜੱਗ ਜਾਹਰ ਹੈ। ਉਸ ਦੀ ਬਾਗੀਆਨਾ ਕਲਮ ਜਿੱਥੇ ਸਿੱਧੇ ਰੂਪ ਵਿਚ ਸਮੇਂ ਦੀਆਂ ਹਕੂਮਤਾਂ ਨੂੰ ਜਵਾਬਦੇਹੀ ਕਰਦੀ ਰਹੀ ਹੈ ਉੱਥੇ ਉਨ੍ਹਾਂ ਦੀ ਕਲਮ ਵਿਅੰਗਮਈ ਰੂਪ ਵਿਚ ਵੀ ਚੋਟ ਕਰਦੀ ਰਹੀ ਹੈ। ਉਨ੍ਹਾਂ ਦੇ ਆਪਣੇ ਸਮੇਂ ਵਿਚ ਲਿਖੀਆਂ ਰਚਨਾਵਾਂ ਅੱਜ ਦੇ ਸਮੇਂ ’ਤੇ ਵੀ ਢੱੁਕਦੀਆਂ ਦਿਖਾਈ ਦਿੰਦੀਆਂ ਹਨ :-
ਇਹ ਕਾਲਜ ਏ ਕਿ
ਫ਼ੈਸ਼ਨ ਦੀ ਫੈਕਟਰੀ ਏ,
ਕੁੜੀਆਂ ਮੁੰਡਿਆਂ ਦੇ ਨਾਲ ਇੰਜ ਫਿਰਨ,
ਜਿਵੇਂ ਅਲਜ਼ੈਬਰੇ ਨਾਲ ਜਮੈਟਰੀ ਏ।
ਸਾਡੇ ਸੱਭਿਆਚਾਰ ਪੱਖ ਤੋਂ ਦਾਮਨ ਸਾਹਿਬ ਦੇ ਲਿਖੇ ਇਕ ਗੀਤ ਦੇ ਬੋਲ ‘ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ’ ਹਮੇਸ਼ਾ ਸਾਡੀਆਂ ਖ਼ੁਸ਼ੀਆਂ ਵਿਚ ਭਾਈਵਾਲ ਬਣਕੇ ਰਹੇ ਹਨ ਤੇ ਅੱਗੇ ਵੀ ਹਮੇਸ਼ਾ ਰਹਿਣਗੇ ਹੀ ਰਹਿਣਗੇ। ਅੱਜ ਦੇ ਦੌਰ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੀ ਪੀੜ੍ਹੀ ਤੇ ਸਾਡੇ ਪੰਜਾਬ ਦੀ ਧਰਤੀ ਨਾਲ ਜੁੜੇ ਵੱਡੇ ਸਾਹਿਤਕਾਰਾਂ ਨੂੰ ਵੀ ਦਾਮਨ ਸਾਹਿਬ ਦੀ ਕਲਮ ਤੇ ਪੰਜਾਬੀ ਭਾਸ਼ਾ ਲਈ ਮੋਹ ਤੋਂ ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ ਕਿ ਕਿਵੇਂ ਦਾਮਨ ਸਾਹਿਬ ਨੇ ਆਪਣੇ ਲੋਕਾਂ ਦੀ ਬੋਲੀ ਪੰਜਾਬੀ ਵਿਚ ਉਨ੍ਹਾਂ ਦੇ ਸ਼ਬਦਾਂ ਦਾ ਹਾਣੀ ਹੋ ਕੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਮਾਣ ਖੱਟਿਆ।
ਗੁਰਭਜਨ ਗਿੱਲ ਉਸਤਾਦ ਦਾਮਨ ਬਾਰੇ ਲਿਖਦੇ ਹਨ ਕਿ ਉਸਤਾਦ ਦਾਮਨ ਦਰਵੇਸ਼ ਸ਼ਾਇਰ ਸੀ। ਉਸ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ’ਚੋਂ ਪੀੜ ਨੁੱਚੜਦੀ ਹੈ, ਜਿਵੇਂ ਵੇਲਣੇ ’ਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ।
ਉਸਤਾਦ ਦਾਮਨ ਦੇ ਜਿਉਂਦੇ ਜੀਅ ਉਨ੍ਹਾਂ ਦੀ ਕੋਈ ਪੁਸਤਕ ਪ੍ਰਕਾਸ਼ਿਤ ਨਾ ਹੋਣ ਦੇ ਬਾਰੇ ਪਤਾ ਲੱਗਦਾ ਹੈ। ਉਹ ਹਮੇਸ਼ਾ ਜ਼ੁਬਾਨੀ ਹੀ ਯਾਦ ਰੱਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਲਈ ਕੁਝ ਉਪਰਾਲੇ ਜ਼ਰੂਰ ਹੋਏ ਹਨ।
ਉਸਤਾਦ ਦਾਮਨ ਬਾਰੇ ਜਿੰਨਾ ਵੀ ਲਿਖਿਆ ਜਾਵੇ ਓਨਾ ਹੀ ਥੋੜ੍ਹਾ ਹੈ।
ਉਨ੍ਹਾਂ ਦੀ ਸਾਹਿਤਕ ਦੇਣ ਹਮੇਸਾ ਹੀ ਪੰਜਾਬੀ ਭਾਸ਼ਾ ਵਿਚ ਧਰੂ ਤਾਰੇ ਵਾਂਗ ਚਮਕਦੀ ਰਹੇਗੀ।
ਪੂਰੀ ਦੁਨੀਆ ਵਿਚ ਬਾਬੇ ਨਾਨਕ ਦੇ ਆਸ਼ੀਰਵਾਦ ਸਦਕਾ ਉੱਜੜ ਕੇ ਗਏ ਕਿਰਤੀ ਪੰਜਾਬੀਆਂ ਲਈ ਉਨ੍ਹਾਂ ਦੇ ਆਪਣੇ ਸਮੇਂ ਲਿਖੇ ਇਹ ਢੁਕਵੇਂ ਬੋਲਾਂ ਨਾਲ ਅਸੀਂ ਉਨ੍ਹਾਂ ਦੇ ਸਤਿਕਾਰ ਵਿਚ ਸਿਜਦਾ ਕਰਦੇ ਹਾਂ।
ਬਿਖਰੇ ਵਰਕਿਆਂ ਦੀ
ਹੋ ਗਈ ਜਿਲਦਬੰਦੀ,
ਮੈਂ ਇਕ ਖੁੱਲ੍ਹੀ ਕਿਤਾਬ ਨੂੰ ਵੇਖਦਾ ਆਂ।
ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ,
ਬੰਬੇ ਵਿਚ ਵੀ ਪੰਜਾਬ ਨੂੰ ਵੇਖਦਾ ਆਂ।
- ਸੁਖਚੈਨ ਸਿੰਘ ਕੁਰੜ