ਕੈਨੇਡਾ ਰਹਿ ਰਹੇ ਮਾਸਟਰ ਜਸਮੇਲ ਸਿੰਘ ਗੁਰਬਾਣੀ ਰਸੀਏ ਇਨਸਾਨ ਹਨ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਡੂੰਘਾ ਅਧਿਐਨ ਕੀਤਾ ਹੈ। ਆਪਣਾ ਅਨੁਭਵ ਹੋਰ ਸੰਸਾਰਿਕ ਪ੍ਰਾਣੀਆਂ ਨਾਲ ਸਰਬੱਤ ਦੇ ਭਲੇ ਦੇ ਸਿਧਾਂਤ ਸਨਮੁਖ ਉਨ੍ਹਾਂ ਨੇ ਲੇਖਣੀ ਰਾਹੀਂ ਸਾਂਝਾ ਕਰਨ ਦਾ ਉੱਦਮ ਕੀਤਾ ਹੈ।‘ਪ੍ਰੀਤਿ ਪ੍ਰੀਤਿ ਗੁਰੀਆ’ ਮਾਸਟਰ ਜਸਮੇਲ ਸਿੰਘ ਦੀ ਗੁਰਬਾਣੀ ਆਧਾਰਿਤ ਅੱਠ ਲੇਖਾਂ ਦੀ ਪੁਸਤਕ ਹੈ।

ਪੁਸਤਕ : ਪ੍ਰੀਤਿ ਪ੍ਰੀਤਿ ਗੁਰੀਆ (ਵਾਰਤਕ)
ਲੇਖਕ : ਜਸਮੇਲ ਸਿੰਘ
ਪੰਨੇ : 118, ਮੁੱਲ : 250/-
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਕੈਨੇਡਾ ਰਹਿ ਰਹੇ ਮਾਸਟਰ ਜਸਮੇਲ ਸਿੰਘ ਗੁਰਬਾਣੀ ਰਸੀਏ ਇਨਸਾਨ ਹਨ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਡੂੰਘਾ ਅਧਿਐਨ ਕੀਤਾ ਹੈ। ਆਪਣਾ ਅਨੁਭਵ ਹੋਰ ਸੰਸਾਰਿਕ ਪ੍ਰਾਣੀਆਂ ਨਾਲ ਸਰਬੱਤ ਦੇ ਭਲੇ ਦੇ ਸਿਧਾਂਤ ਸਨਮੁਖ ਉਨ੍ਹਾਂ ਨੇ ਲੇਖਣੀ ਰਾਹੀਂ ਸਾਂਝਾ ਕਰਨ ਦਾ ਉੱਦਮ ਕੀਤਾ ਹੈ।‘ਪ੍ਰੀਤਿ ਪ੍ਰੀਤਿ ਗੁਰੀਆ’ ਮਾਸਟਰ ਜਸਮੇਲ ਸਿੰਘ ਦੀ ਗੁਰਬਾਣੀ ਆਧਾਰਿਤ ਅੱਠ ਲੇਖਾਂ ਦੀ ਪੁਸਤਕ ਹੈ। ਸਾਰੇ ਹੀ ਮਾਨਵ ਕਲਿਆਣ, ਸੁਖੀ ਜੀਵਨ ਜਿਉਣ ਅਤੇ ਮੁਕਤੀ ਪ੍ਰਾਪਤ ਕਰਨ ਦੀ ਜਾਚ ਦੱਸਣ ਵਾਲੇ ਹਨ। ਗੁਰਬਾਣੀ ਦੇ ਪ੍ਰਮਾਣ ਅਤੇ ਗੁਰੂ ਬਾਣੀ ਵਿੱਚ ਆਈਆਂ ਪ੍ਰਮਾਣ ਹਿੱਤ ਸਾਖੀਆਂ ਨਾਲ ਸਾਰੇ ਲੇਖ ਭਰਪੂਰ ਹਨ।
ਪਹਿਲਾ ਨਿਬੰਧ ‘ਗੁਰਮਤਿ ਵਿਚ ਨਾਮ ਕੀ ਹੈ’ ਹੈ। ਇਸ ਵਿੱਚ ਸੁਯੋਗ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਤੋਂ ਪਹਿਲਾ ਸ਼ਬਦ ਹੁਕਮ ਮੰਨਿਆ ਹੈ ਉਹ ਹੀ ਨਾਮੁ ਹੈ। ਉਹ ਹੀ ‘ਜਪੁ’। ਜਪਣਾ ਸੱਚ ਹੈ, ਸੱਚ ਹੀ ਪ੍ਰਮਾਤਮਾ ਹੈ। ਉਸ ਨੂੰ ਸ਼ਬਦ ਵੀ ਕਹਿੰਦੇ ਹਨ। ਨਾਮ ਰਸ ਤੇ ਅੰਮ੍ਰਿਤ ਰਸ - ਨਾਮੁ ਦੇ ਹੀ ਲਖਾਇਕ ਹਨ। ਦੂਜੇ ਨਿਬੰਧ ਵਿਚ ‘ਡਿੱਠਾ ਸਭ ਸੰਸਾਰ ਸੁਖ ਨ ਨਾਮ ਬਿਨੁ’ ਦੀ ਵਿਆਖਿਆ ਹੈ। ਤੀਸਰੇ ਵਿੱਚ ‘ਹਉਮੈ ਨਾਵੈ ਨਾਲ ਵਿਰੋਧ ਹੈ’ ਦਾ ਵਿਵਰਣ ਹੈ। ਚੌਥਾ ਗੁਰਮਤਿ ਆਧਾਰਿਤ ‘ਗੁਰਸਿਖੀ ਜੀਵਨ’ ਦੀ ਜਾਚ ਹੈ। ਪੰਜਵਾਂ ਟਾਈਟਲ ਵਿਸ਼ੇ ਦੀ ਗੁਰਬਾਣੀ ਤੁਕ ਦਾ ਵਖਿਆਨ ਹੈ। ‘ਜੀਵ ਮਰ ਕੇ ਕਿੱਥੇ ਜਾਂਦਾ ਹੈ’ ਦੀ ਜਾਣਕਾਰੀ ਛੇਵੇਂ ਨਿਬੰਧ ਵਿੱਚ ਹੈ। ‘ਗੁਰਬਾਣੀ ਨੂੰ ਗੁਰੂ ਦਾ ਰੁਤਬਾ’ ਵਿਚ ਗੁਰਬਾਣੀ ਦੀ ਉੱਚਤਾ ਦਰਸਾਈ ਹੈ। ਆਖ਼ਰੀ ਲੇਖ ‘ਨਾਨਕ ਦੁਖੀਆ ਸਭ ਸੰਸਾਰ’ ਹੈ ਜਿਸ ਵਿਚ ਸਾਰੇ ਦੁੱਖਾਂ ਦਾ ਨਿਵਾਰਣ ‘ਨਾਮੁ’ ਹੀ ਦੱਸਿਆ ਹੈ। ਗੁਰਬਾਣੀ ਆਧਾਰਿਤ ਨਿਬੰਧਾਂ ਵਿਚ ਦਸਮੇਸ਼ ਬਾਣੀ, ਭਾਈ ਗੁਰਦਾਸ ਦੇ ਬਚਨ ਅਤੇ ਕੁਝ ਬਾਹਰਲੇ ਪੁਰਖਾਂ ਦੇ ਸੁਖਨ ਵੀ ਹਨ। ਪੁਸਤਕ ਬੜੇ ਉੱਚ ਪਾਏ ਦੀ ਹੈ ਪਰੰਤੂ ਗੁਰਬਾਣੀ ਦੇ ਥਾਂ-ਥਾਂ ਅਸ਼ੁੱਧ ਵਾਕ ਵਧੇਰੇ ਸੁਧਾਈ ਦੀ ਮੰਗ ਕਰਦੇ ਹਨ। ਅਜਿਹੀ ਪੁਸਤਕ ਵਿਚ ਸ਼ਬਦ ਜੋੜਾਂ ਅਤੇ ਜ਼ਰੂਰ ਧਿਆਨ ਚਾਹੀਦਾ ਹੈ। ਗੁਰਬਾਣੀ ਵਿਚ ਅੱਧਕ ਦੀ ਵਰਤੋਂ ਅਤੇ ਕਾਮੇ ਦੀ ਵਰਤੋਂ ਨਹੀਂ ਹੁੰਦੀ। ਗੁਰਮਤਿ ਨਾਲ ਜੁੜਨ ਲਈ ਉਕਤ ਪੁਸਤਕ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ। ਗੁਰਬਾਣੀ ਪ੍ਰੇਮੀਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਪੁਸਤਕ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ।
- ਤੇਜਾ ਸਿੰਘ ਤਿਲਕ